Animal Feed: ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਥੇ ਮੁੱਖ ਤੌਰ 'ਤੇ ਕਣਕ ਅਤੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਘੱਟੋਂ-ਘੱਟ 35.2 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਅਤੇ 30.7 ਲੱਖ ਹੈਕਟੇਅਰ ਰਕਬੇ ਤੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ।
ਖੇਤੀ ਦਾ ਮਸ਼ੀਨੀਕਰਣ ਹੋਣ ਕਾਰਨ ਵਧੇਰੇ ਕਰਕੇ ਇਨ੍ਹਾਂ ਫ਼ਸਲਾਂ ਦੀ ਕਟਾਈ ਕੰਬਾਈਨ ਨਾਲ ਹੀ ਹੁੰਦੀ ਹੈ, ਜਿਸ ਕਾਰਨ ਕਣਕ ਦੇ ਨਾੜ ਜਾਂ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਢੇਰ ਲੱਗ ਜਾਂਦੇ ਹਨ।
ਕਿਸਾਨ ਇਨ੍ਹਾਂ ਦਾ ਨਿਪਟਾਰਾ ਕਰਨ ਲਈ ਅੱਗ ਦਾ ਸਹਾਰਾ ਲੈਂਦਾ ਹੈ ਅਤੇ ਪਰ ਕਣਕ ਦੇ ਨਾੜ, ਪਰਾਲੀ ਜਾਂ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਕਾਰਣ ਅਨੇਕ ਮਾੜੇ ਪ੍ਰਭਾਵ ਪੈਂਦੇ ਹਨ ਜਿਵੇਂਕਿ:
1. ਨਾੜ, ਪਰਾਲੀ ਜਾਂ ਘਾਹ ਫੂਸ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ।
2. ਅੱਗ ਲਾਉਣ ਕਾਰਣ ਵਾਤਾਵਰਣ ਵਿੱਚ ਫੈਲਦਾ ਜ਼ਹਿਰੀਲਾ ਧੂੰਆਂ ਅੱਖਾਂ ਅਤੇ ਫੇਫੜਿਆਂ ਦੀਆਂ ਗੰਭੀਰ ਬਿਮਾਰੀਆਂ ਦਾ ਕਾਰਣ ਬਣਦਾ ਹੈ।
3. ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਕਿੰਨੇ ਹੀ ਕਿਸਮ ਦੇ ਮਿੱਤਰ ਕੀੜੇ ਮਰ ਜਾਂਦੇ ਹਨ ਜਿਸਦੇ ਫਲਸਰੂਪ ਫ਼ਸਲਾਂ ਨੂੰ ਅਨੇਕ ਬਿਮਾਰੀਆਂ ਲੱਗਦੀਆਂ ਹਨ ਅਤੇ ਸਾਨੂੰ ਜ਼ਹਿਰਾਂ ਦਾ ਛਿੜਕਾਅ ਵਧੇਰੇ ਕਰਨਾ ਪੈਂਦਾ ਹੈ ਜਿਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ।
ਜੇਕਰ ਕਣਕ ਦੇ ਨਾੜ ਨੂੰ ਸਾੜਨ ਦੀ ਬਜਾਏ ਇਸ ਦੀ ਤੂੜੀ ਬਣਾ ਲਈ ਜਾਵੇ ਤਾਂ ਇਸ ਦਾ ਪਸ਼ੂ ਖ਼ੁਰਾਕ ਵਿੱਚ ਉਪਯੋਗ ਹੋ ਸਕਦਾ ਹੈ । ਪਰ ਤੂੜੀ ਵਿੱਚ ਪ੍ਰੋਟੀਨ ਅਤੇ ਕੁੱਲ ਪੱਚਣਯੋਗ ਖ਼ੁਰਾਕੀ ਤੱਤ ਘੱਟ ਹੁੰਦੇ ਹਨ, ਇਸ ਨੂੰ ਇੱਕਲਿਆ ਖੁਆਉਣ ਨਾਲ ਪਸ਼ੂ ਦੀ ਜ਼ਰੂਰਤ ਪੂਰੀ ਨਹੀਂ ਹੁੰਦੀ, ਇਹ ਸਿਰਫ਼ ਪਸ਼ੂ ਦਾ ਢਿੱਡ ਹੀ ਭਰਦੀ ਹੈ। ਕਈ ਵਾਰ ਜ਼ਿਆਦਾ ਮਾਤਰਾ ਵਿੱਚ ਖੁਆਉਣ ਨਾਲ ਬੰਨ੍ਹ ਵੀ ਪੈ ਜਾਂਦਾ ਹੈ । ਪਰ ਵਿਗਿਅਨਿਕ ਢੰਗਾਂ ਨਾਲ ਤੂੜੀ ਨੂੰ ਸੋਧ ਕਿ ਇਸਦੀ ਗੁਣਵੱਤਾ ਵਧਾਈ ਜਾ ਸਕਦੀ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ:
1. ਯੂਰੀਏ ਨਾਲ ਤੂੜੀ ਨੂੰ ਸੋਧਣਾ
2. ਯੂਰੋਮੋਲ (ਯੂਰੀਆ + ਸ਼ੀਰਾ) ਨਾਲ ਤੂੜੀ ਨੂੰ ਸੋਧਣਾ
ਜਦੋਂ ਤੂੜੀ ਨੂੰ ਯੂਰੀਏ ਨਾਲ ਸੋਧਿਆ ਜਾਂਦਾ ਹੈ ਤਾਂ ਪਾਣੀ ਅਤੇ ਗਰਮੀ ਦੀ ਹੋਂਦ ਵਿੱਚ ਤੂੜੀ ਵਿੱਚ ਮੌਜੂਦ ਕੁਝ ਜੀਵਾਣੂ ਯੂਰੀਏ ਨੂੰ ਤੋੜ ਦਿੰਦੇ ਹਨ ਜਿਸ ਕਰਕੇ ਅਮੋਨੀਆ ਗੈਸ ਬਣਦੀ ਹੈ। ਇਹ ਗੈਸ ਤੂੜੀ ਦੇ ਸੈੱਲਾਂ ਦੀ ਦੀਵਾਰ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਕਰਕੇ ਤੂੜੀ ਜਿਆਦਾ ਪਚਣਯੋਗ ਬਣ ਜਾਂਦੀ ਹੈ ਅਤੇ ਖਰਚਾ ਵੀ ਬਹੁਤ ਘੱਟ (50 ਪੈਸੇ/ਕਿੱਲੋ) ਹੁੰਦਾ ਹੈ। ਸੋਧਣ ਤੋਂ ਬਾਅਦ ਤੂੜੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਦਾ ਵਾਧਾ ਹੁੰਦਾ ਹੈ। ਜਿਸ ਨੂੰ ਸੂਖਮ-ਜੀਵ ਵਰਤ ਕੇ ਅਪਣੀ ਪ੍ਰੋਟੀਨ ਬਣਾਉਂਦੇ ਹਨ ਇਸ ਨੂੰ ਜੀਵ ਪ੍ਰੋਟੀਨ ਕਿਹਾ ਜਾਂਦਾ ਹੈ। ਇਹ ਜੀਵ ਪ੍ਰੋਟੀਨ ਪਸ਼ੂਆਂ ਦੀ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰਦੀ ਹੈ।
ਯੂਰੀਏ ਨਾਲ ਤੂੜੀ ਨੂੰ ਸੋਧਣ ਦਾ ਤਰੀਕਾ:
1. ਸਭ ਤੋਂ ਪਹਿਲਾਂ 14 ਕਿੱਲੋ ਯੂਰੀਆ ਨੂੰ 200 ਲੀਟਰ ਪਾਣੀ ਵਿੱਚ ਘੋਲੋ ਲਵੋ।
2. ਫਿਰ 400 ਕਿੱਲੋ ਤੂੜੀ ਨੂੰ ਤਰਪਾਲ ਤੇ ਵਿਛਾਅ ਲਵੋ ਅਤੇ ਤਿਆਰ ਯੂਰੀਏ ਦੇ ਘੋਲ ਨੂੰ ਤੂੜੀ ਉੱਤੇ ਛਿੜਕੋਂ । ਛਿੜਕਾਅ ਸਾਰੀ ਤੂੜੀ ਉੱਤੇ ਇਕਸਾਰ ਹੋਣਾ ਚਾਹੀਦਾ ਹੈ ਤਾਂ ਕਿ ਸਾਰੀ ਤੂੜੀ ਯੂਰੀਏ ਦੇ ਘੋਲ ਦੇ ਸੰਪਰਕ 'ਚ ਆ ਜਾਵੇ ।
3. ਚੰਗੀ ਤਰ੍ਹਾਂ ਮਿਲਾਉਣ ਉਪਰੰਤ ਇਸ ਨੂੰ ਸ਼ੈਡ ਦੇ ਖੂੰਜੇ ਵਿੱਚ 9 ਦਿਨ ਲਈ ਤਰਪਾਲ ਨਾਲ ਢੱਕ ਦਿਉ ਜਾਂ ਕਿਸਾਨ ਵੀਰ ਇਸ ਦਾ ਕੁੱਪ ਵੀ ਬੰਨ ਸਕਦੇ ਹਨ।
4. ਇਸ ਦੌਰਾਨ ਢੱਕੀ ਹੋਈ ਤੂੜੀ ਦਾ ਅੰਦਰਲਾ ਤਾਪਮਾਨ 50-55 ਸੈਂਟੀਗਰੇਡ ਤੱਕ ਪਹੁੰਚ ਜਾਂਦਾ ਹੈ। ਇਸ ਤਾਪਮਾਨ ਨਾਲ ਰੇਸ਼ੇ ਅਤੇ ਲਿਗਨਿਨ ਵਿਚਲੇ ਬੰਧਣ ਟੁੱਟਣ ਨਾਲ ਰੇਸ਼ੇ ਦੀ ਪੱਚਣਯੋਗਤਾ ਵੱਧ ਜਾਂਦੀ ਹੈ।
5. ਪੂਰੇ 9 ਦਿਨਾਂ ਬਾਅਦ ਸੋਧੀ ਹੋਈ ਤੂੜੀ ਪਸ਼ੂ ਖੁਰਾਕ ਵਜੋਂ ਵਰਤਣਯੋਗ ਹੋ ਜਾਂਦੀ ਹੈ।
6. ਇਸ ਢੰਗ ਨਾਲ ਪਰਾਲੀ, ਮੱਕੀ, ਬਾਜਰਾ, ਚਰੀ ਦੇ ਟਾਂਡੇ, ਸੁੱਕੇ ਚਾਰੇ ਜਾਂ ਹੋਰ ਫਸਲਾਂ ਦੀ ਰਹਿੰਦ-ਖੂੰਹਦ ਵੀ ਸੋਧੀ ਜਾ ਸਕਦੀ ਹੈ।
ਯੂਰੋਮੋਲ (ਯੂਰੀਆ + ਸ਼ੀਰਾ) ਨਾਲ ਤੂੜੀ ਨੂੰ ਸੋਧਣ ਦਾ ਤਰੀਕਾ:
1. ਸਭ ਤੋਂ ਪਹਿਲਾਂ 1 ਕਿੱਲੋ ਯੂਰੀਆ ਨੂੰ 3 ਕਿੱਲੋ ਸ਼ੀਰੇ ਵਿੱਚ ਮਿਲਾਓ ਅਤੇ ਘੋਲ ਨੂੰ 30 ਮਿੰਟ ਲਈ 100 ਡਿਗਰੀ ਸੈਲਸੀਅਸ ਤੇ ਗਰਮ ਕਰੋ।
2. ਫਿਰ ਇਸ ਘੋਲ ਵਿੱਚ 30 ਲੀਟਰ ਪਾਣੀ ਪਾ ਕੇ ਇਸ ਨੂੰ ਪਤਲਾ ਕਰ ਲਵੋ।
3. 100 ਕਿੱਲੋ ਤੂੜੀ ਨੂੰ ਤਰਪਾਲ ਉੱਪਰ ਵਿਛਾਅ ਲਵੋ ਅਤੇ ਇਸ ਘੋਲ ਨੂੰ ਤੂੜੀ ਉੱਤੇ ਇਕਸਾਰ ਛਿੜਕੋ ਤਾਂ ਕਿ ਸਾਰੀ ਤੂੜੀ ਯੂਰੋਮੋਲ ਯੁਕਤ ਘੋਲ ਦੇ ਸੰਪਰਕ 'ਚ ਆ ਜਾਵੇ, ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਰਲਾ ਲਵੋ।
4. ਤੂੜੀ ਨੂੰ ਯੂਰੀਏ ਨਾਲ ਸੋਧਣ ਉਪਰੰਤ ਕਿਸਾਨ ਵੀਰ ਇਸ ਨੂੰ ਧੁੱਪ ਵਿੱਚ ਸੁੱਕਾ ਕੇ ਪਸ਼ੂਆਂ ਦੇ ਖਾਣ ਲਈ ਵਰਤ ਸਕਦੇ ਹਨ।
ਇਹ ਵੀ ਪੜ੍ਹੋ : Animal Care: ਪਸ਼ੂਆਂ ਦੀ ਚੰਗੀ ਸਿਹਤ ਲਈ ਮਲ੍ਹੱਪਾਂ ਦੀ ਰੋਕਥਾਮ ਕਰਨਾ ਜ਼ਰੂਰੀ, ਜਾਣੋ ਲੱਛਣ ਅਤੇ ਬਚਾਅ ਦੇ ਤਰੀਕੇ
ਤੂੜੀ ਨੂੰ ਸੋਧਣ ਦੇ ਫਾਇਦੇ:
1. ਸੋਧੀ ਹੋਈ ਤੂੜੀ ਵਿੱਚ ਅਣਸੋਧੀ ਤੂੜੀ ਦੇ ਮੁਕਾਬਲੇ ਖ਼ੁਰਾਕੀ ਤੱਤ ਵੱਧ ਜਾਂਦੇ ਹਨ। (ਸਾਰਣੀ 1)
2. ਸੋਧੀ ਹੋਈ ਤੂੜੀ ਜਿਆਦਾ ਨਰਮ ਅਤੇ ਸਵਾਦੀ ਹੋ ਜਾਂਦੀ ਹੈ। ਜਿਸ ਕਰਕੇ ਪਸ਼ੂ ਦੀ ਤੂੜੀ ਖਾਣ ਦੀ ਸਮਰੱਥਾ ਵੱਧ ਜਾਂਦੀ ਹੈ। (ਸਾਰਣੀ 1)
3. ਖ਼ੁਰਾਕ ‘ਤੇ ਖਰਚਾ ਘੱਟ ਜਾਂਦਾ ਹੈ, ਕਿਉਂਕਿ ਸੋਧੀ ਹੋਈ ਤੂੜੀ ਤੋਂ ਪ੍ਰੋਟੀਨ ਮਿਲਣ ਲੱਗ ਜਾਂਦੀ ਹੈ, ਜਿਸ ਦੇ ਸਦਕਾ ਘੱਟ ਵੰਡ ਪਾ ਕਿ ਦੁੱਧ ਦੀ ਮਾਤਰਾ ਵਧਾਈ ਜਾ ਸਕਦੀ ਹੈ।
4. ਖੁੱਲੀ ਮਾਤਰਾ ਵਿੱਚ ਯੂਰੀਏ ਨਾਲ ਸੋਧੀ ਤੂੜੀ + 25 ਗ੍ਰਾਮ ਲੂਣ ਅਤੇ + 50 ਗ੍ਰਾਮ ਧਾਤਾਂ ਦਾ ਚੂਰਾ + ਵਿਟਾਮਿਨ ਏ ਅਤੇ 2 ਕਿੱਲੋ ਹਰਾ ਚਾਰਾ ਪਾਉਣ ਨਾਲ ਫੰਡਰ ਪਸ਼ੂ ਦੀਆਂ ਮੁੱਢਲੀਆਂ ਖ਼ੁਰਾਕੀ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ।
5. ਚਾਰੇ ਦੀ ਘਾਟ ਸਮੇਂ ਖੁਰਾਕੀ ਤੱਤਾਂ ਦਾ ਵਧੀਆ ਸ੍ਰੋਤ ਸਾਬਤ ਹੁੰਦੀ ਹੈ। ਇਹ ਤਰੀਕਾ ਕਿਸਾਨ ਆਪਣੇ ਫਾਰਮ ਤੇ ਅਸਾਨੀ ਨਾਲ ਅਪਣਾ ਸਕਦੇ ਹਨ।
ਧਿਆਨ ਦੇਣ ਯੋਗ ਗੱਲਾਂ:
1. 9 ਦਿਨਾਂ ਮਗਰੋਂ ਸਾਰਾ ਕੁੱਪ ਨਾ ਖੋਲੋ। ਲੋੜ ਅਨੁਸਾਰ ਇੱਕ ਪਾਸਿਓ ਸੋਧੀ ਹੋਈ ਤੂੜੀ ਕੱਢੋ।
2. ਪਸ਼ੂਆਂ ਨੂੰ ਸੋਧੀ ਹੋਈ ਤੂੜੀ ਪਾਉਣ ਤੋਂ ਪਹਿਲਾਂ ਫਰੋਲ ਦਿਉ ਤਾਂ ਕਿ ਅਮੋਨੀਆ ਗੈਸ ਨਿਕਲ ਜਾਵੇ ਅਤੇ ਪਸ਼ੂਆਂ ਦੀਆਂ ਅੱਖਾਂ ਨੂੰ ਨਾ ਲੱਗੇ।
3. 6 ਮਹੀਨੇ ਤੋਂ ਘੱਟ ਉਮਰ ਦੇ ਕਟੜੂਆਂ/ਵਛੜੂਆਂ ਨੂੰ ਯੂਰੀਏ ਨਾਲ ਸੋਧੀ ਹੋਈ ਤੂੜੀ ਨਹੀਂ ਖਿਲਾਉਣੀ ਚਾਹੀਦੀ।
4. ਪਸ਼ੂਆਂ ਨੂੰ ਸੋਧੀ ਹੋਈ ਤੂੜੀ, ਆਮ ਤੂੜੀ ਵਿੱਚ ਰਲਾ ਕੇ ਹੌਲੀ-ਹੌਲੀ ਗਿਝਾਉ।
ਸਾਰਣੀ 1:
ਖੁਰਾਕੀ ਤੱਤ |
ਅਣਸੋਧੀ/ਆਮ ਤੂੜੀ |
ਯੂਰੀਏ ਨਾਲ ਸੋਧੀ ਤੂੜੀ |
ਕੱਚੀ ਪ੍ਰੋਟੀਨ |
2.5-3.5 % |
6-8 % |
ਪਚਣਯੋਗ ਪ੍ਰੋਟੀਨ |
- |
3-4 % |
ਰੇਸ਼ੇ ਦੀ ਪਚਣਯੋਗ ਤਾਕਤ |
40-45 % |
70-75 % |
ਕੁੱਲ ਪਚਣਯੋਗ ਤੱਤ |
40-45 % |
50-55 % |
ਖਾਣ ਦੀ ਸਮਰੱਥਾ |
5-6 % |
10-12 % |
ਸਰੋਤ: ਕੰਵਰਪਾਲ ਸਿੰਘ ਢਿੱਲੋਂ, ਬਿਕਰਮਜੀਤ ਸਿੰਘ, ਰਮਿੰਦਰ ਕੌਰ ਹੁੰਦਲ, ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ
Summary in English: Animal Feed: Modify straw and increase its quality, adopt these scientific methods to use as animal feed, know methods of straw modification with Urea and Uromol