1. Home
  2. ਪਸ਼ੂ ਪਾਲਣ

Dairy Business: ਡੇਅਰੀ ਕਿੱਤੇ ਨੂੰ ਕਿਫ਼ਾਇਤੀ ਅਤੇ ਫਾਇਦੇਮੰਦ ਬਣਾਉਣ ਲਈ ਝੋਨੇ ਦੀ ਪਰਾਲੀ ਨੂੰ ਪਸ਼ੂ ਖੁਰਾਕ ਵਜੋਂ ਵਰਤੋਂ: ਪਸ਼ੂ ਖੁਰਾਕ ਮਾਹਿਰ

ਡਾ. ਜਸਪਾਲ ਸਿੰਘ ਲਾਂਬਾ, ਪਸ਼ੂ ਖੁਰਾਕ ਮਾਹਿਰ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਵਧੀਆ ਜਾਣਕਾਰੀ ਸਾਂਝੀ ਕਰਦਿਆਂ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਝੋਨੇ ਦੀ ਪਰਾਲੀ ਨੂੰ ਪਸ਼ੂ ਖੁਰਾਕ ਵਜੋਂ ਵਰਤਿਆ ਜਾਵੇ ਤਾਂ ਇਸ ਨਾਲ ਡੇਅਰੀ ਕਿੱਤਾ ਕਿਫ਼ਾਇਤੀ ਅਤੇ ਫਾਇਦੇਮੰਦ ਬਣ ਸਕਦਾ ਹੈ।

Gurpreet Kaur Virk
Gurpreet Kaur Virk
ਪਰਾਲੀ ਨੂੰ ਪਸ਼ੂ ਖੁਰਾਕ ਵਜੋਂ ਵਰਤੋਂ - ਪਸ਼ੂ ਖੁਰਾਕ ਮਾਹਿਰ

ਪਰਾਲੀ ਨੂੰ ਪਸ਼ੂ ਖੁਰਾਕ ਵਜੋਂ ਵਰਤੋਂ - ਪਸ਼ੂ ਖੁਰਾਕ ਮਾਹਿਰ

Paddy Straw: ਪਰਾਲੀ ਨੂੰ ਸਾੜਨਾ ਇਕ ਖ਼ਤਰਨਾਕ ਵਰਤਾਰਾ ਅਤੇ ਗੰਭੀਰ ਚੁਣੌਤੀ ਬਣ ਚੁੱਕਾ ਹੈ। ਪੰਜਾਬ ਵਿੱਚ ਬਹੁਤ ਵੱਡੇ ਪੱਧਰ ’ਤੇ ਝੋਨੇ ਦੀ ਫ਼ਸਲ ਤੋਂ ਪਰਾਲੀ ਬਚ ਜਾਂਦੀ ਹੈ ਜੋ ਕਿ ਪਸ਼ੂ ਖੁਰਾਕ ਵਜੋਂ ਵਰਤ ਕੇ ਪਸ਼ੂ ਪਾਲਕ ਆਪਣੇ ਡੇਅਰੀ ਕਿੱਤੇ ਨੂੰ ਕਿਫ਼ਾਇਤੀ ਅਤੇ ਫਾਇਦੇਮੰਦ ਬਣਾ ਸਕਦੇ ਹਨ।

ਮੁੱਖ ਤੌਰ ’ਤੇ ਪਰਾਲੀ ਨੂੰ ਪਸ਼ੂਆਂ ਦੇ ਥੱਲੇ ਵਿਛਾਉਣ ਲਈ ਜਾਂ ਢਾਰੇ ਬਨਾਉਣ ਲਈ ਵਰਤਿਆ ਜਾਂਦਾ ਹੈ, ਪਰ ਯੂਰੀਆ ਅਤੇ ਸ਼ੀਰੇ ਜਾਂ ਰਾਬ ਨਾਲ ਸੋਧੀ ਪਰਾਲੀ ਪਸ਼ੂ ਖੁਰਾਕ ਲਈ ਬਹੁਤ ਮੁਫ਼ੀਦ ਹੈ। ਇਹ ਜਾਣਕਾਰੀ ਡਾ. ਜਸਪਾਲ ਸਿੰਘ ਲਾਂਬਾ, ਪਸ਼ੂ ਖੁਰਾਕ ਮਾਹਿਰ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕ ਇਕ ਕਿੱਲੋ ਯੂਰੀਆ ਅਤੇ ਤਿੰਨ ਕਿੱਲੋ ਸ਼ੀਰੇ ਨੂੰ 30 ਲੀਟਰ ਪਾਣੀ ਵਿੱਚ ਮਿਲਾ ਕੇ ਘੋਲ ਤਿਆਰ ਕਰ ਸਕਦਾ ਹੈ। ਇਹ ਘੋਲ ਇਕ ਕੁਇੰਟਲ ਪਰਾਲੀ ਉਪਰ ਛਿੜਕ ਕੇ ਤੰਗਲੀ ਨਾਲ ਹਿਲਾਇਆ ਜਾਵੇ ਜਾਂ ਫਿਰ ਟੋਟਲ ਮਿਕਸ ਰਾਸ਼ਨ ਮਸ਼ੀਨ ਵਿੱਚ ਪਾ ਕੇ ਘੁਮਾਇਆ ਜਾਵੇ ਜਿਸ ਨਾਲ ਕਿ ਸਾਰੀ ਪਰਾਲੀ ਗਿੱਲੀ ਹੋ ਜਾਵੇ। ਇਸ ਤੋਂ ਬਾਅਦ 15 ਮਿੰਟ ਵਿੱਚ ਇਹ ਪਸ਼ੂ ਨੂੰ ਖਵਾਉਣ ਵਾਸਤੇ ਤਿਆਰ ਹੋ ਜਾਂਦੀ ਹੈ। ਹਰੇ ਚਾਰੇ ਅਤੇ ਵੰਡ ਦਾਣੇ ਦੀ ਵਰਤੋਂ ਦੇ ਨਾਲ ਪ੍ਰਤੀ ਪਸ਼ੂ ਦੋ ਕਿੱਲੋ ਸੋਧੀ ਪਰਾਲੀ ਵਿੱਚ 25 ਗ੍ਰਾਮ ਨਮਕ ਅਤੇ 50 ਗ੍ਰਾਮ ਧਾਤਾਂ ਦਾ ਚੂਰਾ ਮਿਲਾ ਕੇ ਦੁਧਾਰੂ ਪਸ਼ੂ ਨੂੰ ਖਵਾਈ ਜਾ ਸਕਦੀ ਹੈ। ਦੁੱਧੋਂ ਭੱਜੇ ਪਸ਼ੂ ਨੂੰ ਹਰੇ ਚਾਰੇ ਦੇ ਨਾਲ-ਨਾਲ ਲੂਣ ਅਤੇ ਧਾਤਾਂ ਦਾ ਚੂਰਾ ਮਿਲਾ ਕੇ ਇਹ ਸੋਧੀ ਪਰਾਲੀ 4-5 ਕਿੱਲੋ ਦਿੱਤੀ ਜਾ ਸਕਦੀ ਹੈ।

ਡਾ. ਲਾਂਬਾ ਨੇ ਦੱਸਿਆ ਕਿ ਇਸ ਢੰਗ ਨਾਲ ਸੋਧੀ ਪਰਾਲੀ ਦੇ ਪੌਸ਼ਟਿਕ ਗੁਣ ਵੱਧ ਜਾਂਦੇ ਹਨ ਕਿਉਂਕਿ ਪ੍ਰੋਟੀਨ ਦਾ ਵਾਧਾ ਹੋ ਜਾਂਦਾ ਹੈ। ਸੋਧੀ ਪਰਾਲੀ ਨਰਮ ਅਤੇ ਵਧੇਰੇ ਚਿੱਥਣਯੋਗ ਹੋ ਜਾਂਦੀ ਹੈ। ਪਰਾਲੀ, ਤੂੜੀ ਨਾਲੋਂ ਸਸਤੀ ਪੈਂਦੀ ਹੈ। ਇਹ ਜਵਾਨ ਹੋ ਰਹੇ ਪਸ਼ੂਆਂ ਦੇ ਵਿਕਾਸ ਵਿੱਚ ਸਹਾਈ ਹੁੰਦੀ ਹੈ ਅਤੇ ਦੁਧਾਰੂ ਪਸ਼ੂਆਂ ਦਾ ਦੁੱਧ ਵੱਧਦਾ ਹੈ। ਪਰਾਲੀ ਸਾੜਨ ਤੋਂ ਬਚਾਅ ਕਰਕੇ ਅਸੀਂ ਵਾਤਾਵਰਣ ਨੂੰ ਵੀ ਸਿਹਤਮੰਦ ਅਤੇ ਸਾਫ ਰੱਖ ਸਕਦੇ ਹਾਂ।

ਇਹ ਵੀ ਪੜ੍ਹੋ: Winter Care: ਨਵੰਬਰ ਤੋਂ ਫਰਵਰੀ ਮਹੀਨੇ ਦਰਮਿਆਨ ਰੱਖੋ ਗਾਵਾਂ-ਮੱਝਾਂ ਦਾ ਖ਼ਾਸ ਧਿਆਨ, ਇਸ ਤਰ੍ਹਾਂ ਕਰੋ ਆਪਣੇ ਪਸ਼ੂਆਂ ਦਾ ਸ਼ੈੱਡ ਡਿਜ਼ਾਈਨ, ਸਿਆਲ ਰੁੱਤੇ ਨਹੀਂ ਆਵੇਗੀ ਪਰੇਸ਼ਾਨੀ

ਡਾ. ਲਾਂਬਾ ਨੇ ਕੁਝ ਸਾਵਧਾਨੀਆਂ ਰੱਖਣ ਸੰਬੰਧੀ ਵੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸੋਧੀ ਪਰਾਲੀ 6 ਮਹੀਨੇ ਤੋਂ ਘੱਟ ਉਮਰ ਦੇ ਕੱਟੜੂ/ਵੱਛੜੂ ਨੂੰ ਨਹੀਂ ਖਵਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਪਸ਼ੂ ਦੇ ਕਿਸੇ ਹੋਰ ਖੁਰਾਕੀ ਤੱਤ ਵਿੱਚ ਯੂਰੀਆ ਦੀ ਬਹੁਤੀ ਮਾਤਰਾ ਨਾ ਹੋਵੇ। ਜੇ ਅਜਿਹੀ ਪਰਾਲੀ ਨੂੰ ਉੱਲੀ ਲੱਗ ਜਾਏ ਤਾਂ ਪਸ਼ੂ ਨੂੰ ਨਹੀਂ ਪਾਉਣੀ। ਘੋੜਿਆਂ ਅਤੇ ਸੂਰਾਂ ਨੂੰ ਅਜਿਹੀ ਸੋਧੀ ਪਰਾਲੀ ਨਹੀਂ ਪਾਈ ਜਾ ਸਕਦੀ। ਲੰਮਾਂ ਸਮਾਂ ਵਰਤੋਂ ਕਰਨ ਲਈ ਅਜਿਹੀ ਪਰਾਲੀ ਵਿੱਚ ਧਾਤਾਂ ਦਾ ਚੂਰਾ ਜ਼ਰੂਰ ਮਿਲਾਇਆ ਜਾਵੇ।

Summary in English: Dairy Business: Use of paddy straw as animal feed to make dairy farming economical and profitable: Animal nutrition expert

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters