ਡੇਅਰੀ ਫਾਰਮਿੰਗ ਦਾ ਕਿੱਤਾ ਅਪਨਾਉਣ ਵਾਲੇ ਨੌਜਵਾਨਾਂ ਲਈ ਖ਼ਬਰ, ਇਸ ਤਰ੍ਹਾਂ ਦੇ ਡੇਅਰੀ ਫਾਰਮ ਸ਼ੈੱਡ ਬਣਾ ਕੇ ਚੰਗਾ ਮੁਨਾਫਾ ਕਮਾਓ।
ਪਿੰਡਾਂ 'ਚ ਖੇਤੀ ਤੋਂ ਬਾਅਦ ਡੇਅਰੀ ਫਾਰਮਿੰਗ (Dairy Farming) ਨੂੰ ਸੱਭ ਤੋਂ ਵੱਡਾ ਕਮਾਈ ਦਾ ਸਾਧਣ ਮੰਨਿਆ ਜਾਂਦਾ ਹੈ। ਇਹੀ ਮੁੱਖ ਕਾਰਨ ਹੈ ਕਿ ਅੱਜ-ਕੱਲ੍ਹ ਲੋਕਾਂ ਦਾ ਰੁਝਾਨ ਡੇਅਰੀ ਫਾਰਮਿੰਗ ਵੱਲ ਵਧਦਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਡੇਅਰੀ ਉਦਯੋਗ ਵਿੱਚ ਕਦਮ ਰੱਖਣਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਬਹੁਤ ਲਾਭਦਾਇਕ ਹੈ। ਇਸ ਲੇਖ ਵਿੱਚ, ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿ ਡੇਅਰੀ ਫਾਰਮ ਸ਼ੈੱਡ (Dairy farm shed) ਬਣਾਉਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਬੇਰੁਜ਼ਗਾਰ ਨੌਜਵਾਨਾਂ (Unemployed youth) ਲਈ ਡੇਅਰੀ ਫਾਰਮਿੰਗ (Dairy Farming) ਇੱਕ ਲਾਹੇਵੰਦ ਕਿੱਤਾ ਹੈ ਜਾ ਇਵੇਂ ਕਹਿ ਲਓ ਕੀ ਨੌਜਵਾਨਾਂ ਲਈ ਇਹ ਉਮੀਦ ਦੀ ਕਿਰਨ ਅਤੇ ਭਵਿੱਖ 'ਚ ਰੋਜ਼ੀ-ਰੋਟੀ ਦਾ ਚੰਗਾ ਵਸੀਲਾ ਹੈ। ਕਾਬਿਲੇਗੌਰ ਹੈ ਕੀ ਇਸ ਧੰਦੇ ਨਾਲ ਲਗਾਤਾਰ ਆਮਦਨੀ (Consistent income with business) ਆਉਂਦੀ ਹੈ ਅਤੇ ਹੋਰਾਂ ਨੂੰ ਰੋਜ਼ਗਾਰ (employment) ਵੀ ਦਿੱਤਾ ਜਾ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਡੇਅਰੀ ਦੇ ਧੰਦੇ (Dairy business) ਵਿੱਚ ਹਰ ਰੋਜ਼ ਫਾਰਮ 'ਤੇ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਗੈਰ-ਹਾਜ਼ਰੀ ਵਿੱਚ ਡੇਅਰੀ ਫਾਰਮਿੰਗ (Dairy Farming) ਦਾ ਕਿੱਤਾ ਨਹੀਂ ਚੱਲ ਸਕਦਾ। ਲਵੇਰੀਆਂ ਨੂੰ ਦਾਣਾ ਪਾਉਣ ਸਮੇਂ ਅਤੇ ਚੁਆਈ ਕਰਨ ਵੇਲੇ ਹਾਜ਼ਰੀ ਬਹੁਤ ਜ਼ਰੂਰੀ ਹੈ।
ਡੇਅਰੀ ਦੇ ਧੰਦੇ (Dairy Business) ਵਿੱਚ ਜ਼ਮੀਨ ਦੋ ਕੰਮਾਂ ਵਾਸਤੇ ਚਾਹੀਦੀ ਹੈ। ਇਕ ਸ਼ੈੱਡ (Shed) ਬਨਾਉਣ ਵਾਸਤੇ ਦੂਸਰਾ ਹਰੇ ਚਾਰੇ ਦੀ ਕਾਸ਼ਤ ਵਾਸਤੇ। ਲਵੇਰੀਆਂ ਦਾ ਸ਼ੈੱਡ ਜਿੰਨਾਂ ਸ਼ਹਿਰ ਦੇ ਨੇੜੇ ਹੋਵੇਗਾ ਉਨਾਂ ਹੀ ਜ਼ਿਆਦਾ ਫਾਇਦਾ ਹੋਵੇਗਾ। ਇਕ ਤਾਂ ਦੁੱਧ ਨੂੰ ਪਹੁੰਚਾਉਣਾ ਆਸਾਨ ਹੋਵੇਗਾ ਦੂਸਰਾ ਲਵੇਰੀਆਂ ਦੀ ਖੁਰਾਕ ਜਾਂ ਫਾਰਮ (Farm) ਦਾ ਕੋਈ ਹੋਰ ਸਮਾਨ ਸ਼ਹਿਰ ਤੋ ਲੈ ਕੇ ਆਉਣ ਵਿੱਚ ਵੀ ਆਸਾਨੀ ਹੋਵੇਗੀ। ਪ੍ਰੰਤੂ ਸ਼ੈੱਡ ਹਰ ਹਾਲਤ ਵਿੱਚ ਮਨੁੱਖੀ ਵੱਸੋਂ ਤੋਂ ਦੂਰ ਹੋਣਾ ਚਾਹੀਦਾ ਹੈ।
ਸ਼ੈੱਡ ਬਨਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ:
● ਸ਼ੈੱਡ ਸੜਕ ਤੋਂ ਘੱਟੋ-ਘੱਟ 100 ਗਜ਼ ਹਟਵਾਂ ਹੋਣਾ ਚਾਹੀਦਾ ਹੈ।
● ਸ਼ਹਿਰ ਜਾਂ ਪਿੰਡ ਤੋਂ ਸ਼ੈੱਡ ਤੱਕ ਜਾਣ ਦਾ ਰਸਤਾ ਆਸਾਨ ਹੋਣਾ ਚਾਹੀਦਾ ਹੈ।
● ਸ਼ੈਡ ਉਪਰੋਂ ਬਿਜਲੀ ਦੀ ਤਾਰ ਨਾ ਲੰਘਦੀ ਹੋਵੇ।
● ਸ਼ੈੱਡ ਅਜਿਹੀ ਜਗ੍ਹਾ ਬਣਾਓ ਜਿੱਥੇ ਲਵੇਰੀਆਂ ਲਈ ਤਾਜ਼ੀ ਹਵਾ ਅਤੇ ਧੁੱਪ ਆਸਾਨੀ ਨਾਲ ਉਪਲਬਧ ਹੋਵੇ।
● ਲਵੇਰੀਆਂ ਦਾ ਅੱਗ, ਹੜ ਅਤੇ ਤੂਫਾਨ ਤੋਂ ਬਚਾਅ ਹੋ ਸਕੇ, ਅਜਿਹੇ ਥਾਂ 'ਤੇ ਸ਼ੈੱਡ ਹੋਵੇ।
● ਸ਼ੈੱਡ ਹਮੇਸ਼ਾਂ ਖੇਤ ਨਾਲੋਂ ਜਾਂ ਆਲੇ-ਦੁਆਲੇ ਦੀ ਜਗ੍ਹਾ ਨਾਲੋਂ ਉੱਚਾ ਬਣਾਓ।
● ਇਸ ਗੱਲ ਦਾ ਧਿਆਨ ਰੱਖੋ ਕਿ ਖੇਤ ਬਹੁਤ ਨੀਵੇਂ ਤਾਂ ਨਹੀ।
● ਅਜਿਹੀ ਨੀਵੀ ਥਾਂ ਤੇ ਜਿੱਥੇ ਬਰਸਾਤਾਂ ਦਾ ਪਾਣੀ ਇੱਕਠਾ ਹੋ ਜਾਂਦਾ ਹੋਵੇ ਉੱਥੇ ਸੈਂਡ ਬਿਲਕੁਲ ਨਾ ਬਣਾਓ ਕਿਉਕਿ ਉਥੇ ਗੰਦਗੀ ਜ਼ਿਆਦਾ ਹੁੰਦੀ ਹੈ ਜੋ ਕਿ ਬਿਮਾਰੀਆਂ ਦਾ ਕਾਰਨ ਬਣਦੀ ਹੈ।
● ਉੱਚੀ ਜਗ੍ਹਾ ਬਣਾਏ ਗਏ ਸ਼ੈੱਡ ਅੰਦਰੋਂ ਮਲ-ਮੂਤਰ ਦਾ ਨਿਕਾਸ ਵੀ ਆਸਾਨੀ ਨਾਲ ਹੋ ਸਕੇਗਾ।
● ਸ਼ੈੱਡ ਹਮੇਸ਼ਾਂ ਵਿਗਿਆਨਿਕ ਵਿਉਂਤਬੰਦੀ ਨਾਲ ਬਣਾਓ। ਸ਼ੈੱਡ ਦਾ ਅਕਾਰ ਲਵੇਰੀਆਂ ਦੀ ਗਿਣਤੀ ਮੁਤਾਬਕ ਹੀ ਬਣਾਓ ਪ੍ਰੰਤੂ ਇਸ ਵਿੱਚ ਵਿਸਥਾਰ ਕਰਨ ਦੀ ਗੁੰਜਾਇਸ਼ ਜ਼ਰੂਰ ਰੱਖੋ।
● ਸ਼ੈੱਡ ਲੰਬੇ ਰੁੱਖ ਵਿੱਚ ਚੜ੍ਹਦੇ-ਲਹਿੰਦੇ ਪਾਸੇ ਨੂੰ ਰੱਖੋ। ਖੁਰਲੀ ਉੱਤਰ ਵਾਲੇ ਪਾਸੇ ਬਣਾਓ ਅਤੇ ਦੱਖਣ ਵਾਲਾ ਪਾਸਾ ਖੁੱਲ੍ਹਾ ਰਹਿਣ ਦਿਓ। ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ।
● ਖੁਰਲੀ ਦੀ ਅੰਦਰਲੀ ਕੰਧ ਸਿਰਫ ਢਾਈ ਫੁੱਟ ਉੱਚੀ ਬਣਾਓ। ਖੁਰਲੀ ਅੰਦਰ ਇੱਕ ਫੁੱਟ ਦਾ ਭਰਤ ਪਾਓ। ਇਸ ਨਾਲ ਖੁਰਲੀ ਡੂੰਘਾਈ ਤਕਰੀਬਨ ਡੇਢ ਫੁੱਟ ਰਹਿ ਜਾਵੇਗੀ। ਅੰਦਰਲੇ ਪਾਸਿਓਂ ਖੁਰਲੀ ਨੂੰ ਹਮੇਸ਼ਾ ਗੋਲਾਈ ਵਿੱਚ ਬਣਾਓ।
● ਸ਼ੈੱਡ ਦਾ ਫਰਸ਼ ਪੱਕਾ, ਹੰਢਣਸਾਰ, ਮਜ਼ਬੂਤ ਤਿਲਕਣ ਰਹਿਤ ਅਤੇ ਜਲਦ ਸਾਫ ਹੋਣ ਯੋਗ ਹੋਵੇ।
● ਡੇਅਰੀ ਫਾਰਮ ਨਾਲ ਸੰਬੰਧਤ ਸਾਮਾਨ ਲਈ ਕਮਰਾ ਬਣਾਓ। ਪਸ਼ੂਆਂ ਦਾ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਹਰ ਕੀਮਤ ਤੇ ਸਲਾਬ ਤੌ ਰਹਿਤ ਹੋਣਾ ਚਾਹੀਦਾ ਹੈ।
● ਸ਼ੈਂਡ ਦੇ ਚਾਰੇ ਪਾਸੇ ਤਕਰੀਬਨ ਪੰਜ ਫੁੱਟ ਉੱਚੀ ਦੀਵਾਰ ਜ਼ਰੂਰ ਬਣਾਓ। ਇਸ ਨਾਲ ਆਵਾਰਾ ਪਸ਼ੂ, ਕੁੱਤੇ ਅਤੇ ਨਿਓਲੇ ਲਵੇਰੀਆਂ ਕੋਲ ਨਹੀਂ ਆ ਸਕਦੇ।
ਇਹ ਵੀ ਪੜ੍ਹੋ: ਬੇਰੋਜ਼ਗਾਰ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਲਾਹੇਵੰਦ ਕਿੱਤਾ, ਜਾਣੋ ਕਾਰੋਬਾਰ ਸ਼ੁਰੂ ਕਰਨ ਲਈ ਲੋੜੀਂਦੀ ਯੋਜਨਾ
● ਚੰਗਾ ਹੋਵੇਗਾ ਜੇ ਸ਼ੈੱਡ ਰਿਹਾਇਸ਼ ਦੇ ਨੇੜੇ ਹੋਵੇ ਤਾਂ ਜੋ ਘਰ ਦੇ ਸਾਰੇ ਜੀਅ ਕੁਝ ਨਾ ਕੁਝ ਡੇਅਰੀ ਫਾਰਮ ਦਾ ਕੰਮ ਕਰ ਸਕਦੇ ਹਨ।
● ਪਸ਼ੂਆਂ ਦੇ ਨਿਵਾਸ ਸਥਾਨ ਤੇ ਬਿਜਲੀ, ਟਿਊਬਲਵੈਲਾਂ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਪਸ਼ੂ ਘਰਾਂ ਵਿੱਚ ਰੋਸ਼ਨੀ, ਪੱਠੇ ਕੁਤਰਨੇ, ਪਸ਼ੂਆਂ ਨੂੰ ਪਾਣੀ ਪਿਲਾਉਣ, ਨਹਾਉਣਾ, ਸ਼ੈੱਡਾਂ ਦੀ ਸਫਾਈ ਕਰਨੀ ਅਤੇ ਡੇਅਰੀ ਦੇ ਸੰਦਾਂ ਦੀ ਸਫਾਈ ਆਦਿ ਕੰਮ ਆਸਾਨੀ ਨਾਲ ਕੀਤੀ ਜਾ ਸਕਣ।
● ਸ਼ੈੱਡ ਦੁਆਲੇ ਜ਼ਮੀਨ ਪੱਧਰੀ ਅਤੇ ਉਪਜਾਊ ਹੋਣੀ ਚਾਹੀਦੀ ਹੈ ਤਾਂ ਕਿ ਹਰੇ ਚਾਰੇ ਦੀ ਕਾਸ਼ਤ ਸੁਚੱਜੀ ਹੋ ਸਕੇ।
● ਹਰੇ ਚਾਰੇ ਦੀ ਕਾਸ਼ਤ ਲਈ ਪੰਜ ਪਸ਼ੂਆਂ ਪਿੱਛੇ ਇੱਕ ਏਕੜ ਜ਼ਮੀਨ ਚਾਹੀਦੀ ਹੈ। ਇਸ ਜ਼ਮੀਨ ਵਿੱਚ ਸਾਰੇ ਲੋੜੀਂਦੇ ਤੱਤ ਮੌਜੂਦ ਹੋਣੇ ਜ਼ਰੂਰੀ ਹਨ। ਪ੍ਰੰਤੂ ਪੰਜਾਬ ਦੇ ਬਹੁਤੇ ਪਸ਼ੂ-ਪਾਲਕ ਆਪਣੀ ਵਧੀਆ ਜ਼ਮੀਨ ਵਿੱਚ ਕਣਕ-ਝੋਨਾ ਲਗਾਉਂਦੇ ਹਨ ਅਤੇ ਪਸ਼ੂਆਂ ਲਈ ਹਰਾ ਚਾਰਾ ਹਮੇਸ਼ਾ ਮਾੜੀ ਜ਼ਮੀਨ ਵਿੱਚ ਕਾਸ਼ਤ ਕਰਦੇ ਹਨ।
● ਮਾੜੀ ਜ਼ਮੀਨ ਵਿੱਚ ਬੀਜੇ ਹਰੇ ਚਾਰੇ ਵਿੱਚ ਅਕਸਰ ਕਿਸੇ ਨਾ ਕਿਸੇ ਤੱਤ ਦੀ ਘਾਟ ਆ ਜਾਂਦੀ ਹੈ। ਅਜਿਹਾ ਹਰਾ ਚਾਰਾ ਖਾਣ ਨਾਲ ਲਵੇਰੀਆਂ ਵਿੱਚ ਵੀ ਉਹੀ ਘਾਟ ਆ ਜਾਵੇਗੀ ਅਤੇ ਉਹ ਆਪਣੀ ਯੋਗਤਾ ਮੁਤਾਬਕ ਦੁੱਧ ਨਹੀ ਦੇ ਸਕਦੀਆਂ।
● ਮਾੜੇ ਚਾਰੇ ਲਵੇਰੀਆਂ ਦੀ ਪ੍ਰਜਣਨ ਸ਼ਕਤੀ ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਹਰੇ ਚਾਰੇ ਦੀ ਕਾਸ਼ਤ ਕਰਨ ਤੋਂ ਪਹਿਲਾਂ ਉਸ ਖੇਤ ਦੀ ਮਿੱਟੀ ਦੀ ਪਰਖ ਜ਼ਰੂਰ ਕਰਵਾਓ ਤਾਂ ਕਿ ਇਹ ਪਤਾ ਲਗ ਸਕੇ ਉਸ ਖੇਤ ਵਿੱਚ ਕਿਹੜੇ ਕਿਹੜੇ ਤੱਤ ਦੀ ਘਾਟ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਉਸੇ ਤੱਤ ਵਾਲੀ ਖਾਦ ਦਾ ਇਸਤੇਮਾਲ ਕਰੋ।
● ਫਲੀਦਾਰ ਅਤੇ ਗੈਰ-ਫਲੀਦਾਰ ਚਾਰਿਆਂ ਦੀ ਇਕੱਠੇ ਬਿਜਾਈ ਕਰਨੀ ਨਾ ਭੁਲੋ।
● ਹਾੜੀ ਦੀ ਰੁੱਤ ਸਮੇਂ ਫਲੀਦਾਰ ਚਾਰਿਆਂ ਵਿਚ ਬਰਸੀਮ, ਸ਼ਫਤਲ, ਲੂਸਣ ਜਾਂ ਸੇਂਜੀ ਅਤੇ ਗ਼ੈਰ-ਫ਼ਲੀਦਾਰ ਚਾਰਿਆਂ ਵਿੱਚ ਜਵੀਂ ਜੌ ਜਾਂ ਰਾਈ ਘਾਹ ਬੀਜੋ।
● ਸਾਉਣੀ ਵੇਲੇ ਗੈ਼ਰ-ਫ਼ਲੀਦਾਰ ਚਾਰਿਆਂ ਵਿਚ ਮੱਕੀ, ਚਰੀ ਮੱਕ ਚਰੀ, ਸੂਡੈਕਸ ਚਰੀ, ਬਾਜਰਾ, ਨੇਪੀਅਰ ਬਾਜਰਾ ਜਾਂ ਗਿੰਨੀ ਘਾਹ ਅਤੇ ਫਲ਼ੀਦਾਰ ਚਾਰਿਆਂ ਵਿੱਚ ਹਰਵਾਂਹ (ਲੋਬੀਆ) ਜਾਂ ਗੁਆਰਾ ਉਗਾਏ ਜਾ ਸਕਦੇ ਹਨ।ਇਸ ਤਰ੍ਹਾਂ ਦਾ ਹਰਾ ਚਾਰਾ ਕੁਆਲਿਟੀ ਵਜੋਂ ਵਧੀਆ ਹੁੰਦਾ ਹੈ।
ਜ਼ਰੂਰੀ ਨੋਟ: ਉਮੀਦ ਕਰਦੇ ਹਾਂ ਕਿ ਸੂਝਵਾਨ ਕਿਸਾਨ ਡੇਅਰੀ ਦਾ ਕਿੱਤਾ (Dairy Business) ਸ਼ੁਰੂ ਕਰਨ ਤੋਂ ਪਹਿਲਾਂ ਸਿਖਲਾਈ ਲੈ ਕੇ, ਸਥਾਪਤ ਡੇਅਰੀ ਫਾਰਮਾਂ (Dairy Farms) ਦਾ ਦੌਰਾ ਕਰਕੇ, ਉਪਰੋਕਤ ਗੱਲਾਂ ਵੱਲ ਧਿਆਨ ਦੇ ਕੇ ਇਸ ਧੰਦੇ ਨੂੰ ਅਪਨਾ ਸਕਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ (KVK) ਅਤੇ ਡੇਅਰੀ ਵਿਕਾਸ ਵਿਭਾਗ ਵੱਲੋ ਪੇਂਡੂ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਸਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ ਲਗਾਏ ਜਾਂਦੇ ਹਨ। ਇਸ ਲਈ ਡੇਅਰੀ ਫਾਰਮਿੰਗ ਦਾ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਸੰਸਥਾਵਾਂ ਤੋਂ ਸਿਖਲਾਈ ਜ਼ਰੂਰ ਲੈਣੀ ਚਾਹੀਦੀ ਹੈ।
Summary in English: Dairy farm is a good source of livelihood, keep these things in mind before building a shed