ਬੇਰੁਜ਼ਗਾਰ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਇੱਕ ਲਾਹੇਵੰਦ ਧੰਦਾ ਅਤੇ ਉਮੀਦ ਦੀ ਕਿਰਨ ਹੈ। ਜੇਕਰ ਤੁਸੀਂ ਵੀ ਇਹ ਧੰਦਾ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਤਾਂ ਇਸ ਲੇਖ ਰਾਹੀਂ ਜਾਣੋ ਲੋੜੀਂਦੀ ਵਿਉਂਤਬੰਦੀ...
Dairy Farming: ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। 1960 ਦੇ ਦਹਾਕੇ ਵਿੱਚ ਆਈ ਹਰੀ ਕਾਂਤੀ ਕਾਰਨ ਪੰਜਾਬ ਦੇ ਪੇਂਡੂ ਲੋਕਾਂ ਨੇ ਕਾਫੀ ਆਰਥਿਕ ਤਰੱਕੀ ਕੀਤੀ ਅਤੇ ਭਾਰਤ ਦੇ ਅੰਨ ਦਾਤਾ ਬਣ ਗਏ। ਪਰ ਹੌਲੀ-ਹੌਲੀ ਖੇਤੀ ਵਿੱਚ ਖੜੋਤ ਜਿਹੀ ਆ ਗਈ ਹੈ ਅਤੇ ਪੈਦਾਵਾਰ ਨੂੰ ਹੋਰ ਵਧਾਉਣਾ ਔਖਾ ਹੋ ਰਿਹਾ ਹੈ। ਜਿਸਦੇ ਚਲਦਿਆਂ ਕਿਸਾਨ ਵੀਰਾਂ ਦਾ ਧਿਆਨ ਡੇਅਰੀ ਦੇ ਕਿੱਤੇ ਵੱਲ ਮੁੜਿਆ ਹੈ ਅਤੇ ਹੁਣ ਉਹ ਇਸਨੂੰ ਸਹਾਇਕ ਧੰਦੇ ਅਤੇ ਇਥੋਂ ਤੱਕ ਕਿ ਇਸ ਨੂੰ ਮੁੱਖ ਧੰਦੇ ਦੇ ਤੌਰ ਤੇ ਵੀ ਅਪਨਾਉਣ ਲੱਗੇ ਹਨ। ਅਜਿਹੇ 'ਚ ਅੱਜ ਅੱਸੀ ਤੁਹਾਡੇ ਲਈ ਡੇਅਰੀ ਦੇ ਧੰਦੇ ਨਾਲ ਜੁੜੀ ਸੰਪੂਰਨ ਜਾਣਕਾਰੀ ਲੈ ਕੇ ਆਏ ਹਾਂ...
ਬੇਰੁਜ਼ਗਾਰ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਇੱਕ ਲਾਹੇਵੰਦ ਧੰਦਾ ਅਤੇ ਉਮੀਦ ਦੀ ਕਿਰਨ ਹੈ। ਇਸ ਧੰਦੇ ਨਾਲ ਲਗਾਤਾਰ ਆਮਦਨੀ ਆਉਂਦੀ ਹੈ ਅਤੇ ਹੋਰਾਂ ਨੂੰ ਰੋਜ਼ਗਾਰ ਵੀ ਦਿੱਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਡੇਅਰੀ ਦੇ ਧੰਦੇ ਵਿੱਚ ਹਰ ਰੋਜ਼ ਫਾਰਮ 'ਤੇ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਗੈਰ-ਹਾਜ਼ਰੀ ਵਿੱਚ ਡੇਅਰੀ ਫਾਰਮਿੰਗ ਦਾ ਕਿੱਤਾ ਨਹੀਂ ਚੱਲ ਸਕਦਾ। ਲਵੇਰੀਆਂ ਨੂੰ ਦਾਣਾ ਪਾਉਣ ਸਮੇਂ ਅਤੇ ਚੁਆਈ ਕਰਨ ਵੇਲੇ ਹਾਜ਼ਰੀ ਬਹੁਤ ਜ਼ਰੂਰੀ ਹੈ।
ਡੇਅਰੀ ਦੇ ਧੰਦੇ ਲਈ ਹੇਠਾਂ ਲਿਖੀਆਂ ਚੀਜ਼ਾ ਵੱਲ ਧਿਆਨ ਦੇਣ ਦੀ ਲੋੜ:
1. ਲਵੇਰੀਆਂ:
ਸਭ ਤੋਂ ਪਹਿਲਾਂ ਤਾਂ ਇਹ ਵਿਚਾਰ ਬਣਾਉਣਾ ਪਵੇਗਾ ਕਿ ਮੱਝਾਂ ਰੱਖਣੀਆਂ ਹਨ ਜਾਂ ਗਾਵਾਂ। ਇਹ ਨਿਰਭਰ ਕਰੇਗਾ ਦੁੱਧ ਦੇ ਮੰਡੀਕਰਣ ਉੱਤੇ। ਜੇਕਰ ਦੁੱਧ ਦੋਧੀ ਨੂੰ ਪਾਉਣਾ ਹੋਵੇ ਤਾਂ ਮੱਝਾਂ ਰੱਖਣ ਵਿਚ ਫਾਇਦਾ ਹੈ ਕਿਉਂਕਿ ਉਹ ਦੁੱਧ ਫੈਟ ਦੇ ਆਧਾਰ ਤੇ ਲੈਂਦੇ ਹਨ। ਜੇਕਰ ਦੁੱਧ ਪਲਾਂਟ ਨੂੰ ਪਾਉਣਾ ਹੋਵੇ ਤਾਂ ਗਾਵਾਂ ਰੱਖਣ ਵਿਚ ਫਾਇਦਾ ਹੈ ਕਿੳਂਕਿ ਇਹ ਅਦਾਰੇ ਦੁੱਧ ਦਾ ਰੇਟ ਫੈਟ ਅਤੇ ਐਸ. ਐਨ. ਐਫ. ਦੇ ਆਧਾਰ ਤੇ ਮਿੱਥਦੇ ਹਨ। ਜੇਕਰ ਦੁੱਧ ਸਿੱਧਾ ਉਪਭੋਗਤਾ ਤੱਕ ਪਹੁੰਚਾਉਣ ਦੀ ਸਹੂਲਤ ਹੋਵੇ ਤਾਂ ਕੋਈ ਵੀ ਲਵੇਰਾ, ਗਾਵਾਂ ਜਾਂ ਮੱਝਾਂ ਰੱਖੀਆਂ ਜਾ ਸਕਦੀਆਂ ਹਨ। ਜਿਨ੍ਹੂਾਂ ਦਾ ਫਾਰਮ ਸ਼ਹਿਰੋ ਦੂਰ ਹੋਵੇ ਅਤੇ ਸਾਂਭ-ਸੰਭਾਲ ਵੀ ਮਾੜੀ ਹੋਵੇ, ਉਨਾਂ ਨੂੰ ਮੱਝਾਂ ਪਾਲਣੀਆਂ ਲਾਹੇਵੰਦ ਸਿੱਧ ਹੋ ਸਕਦੀਆਂ ਹਨ। ਜਦੋਂਕਿ, ਦੋਗਲੀਆਂ ਗਾਵਾਂ ਵਾਸਤੇ ਵਧੀਆ ਸਿਹਤ-ਸਹੂਲਤਾਂ ਵੀ ਲੋੜੀਂਦੀਆਂ ਹਨ।
● ਆਰਥਿਕ ਪੱਖੋਂ ਡੇਅਰੀ ਦਾ ਧੰਦਾ ਘੱਟੋ-ਘੱਟ 10 ਲਵੇਰੀਆਂ ਤੋਂ ਸ਼ੁਰੂ ਕਰੋ। ਜਦੋਂ ਤਜ਼ਰਬਾ ਹੋ ਜਾਵੇ ਫਿਰ ਇਸ ਦਾ ਵਿਸਥਾਰ ਕਰੋ। ਲਵੇਰੀਆ ਹਮੇਸ਼ਾ ਵਧੀਆਂ ਨਸਲ ਦੀਆਂ ਹੀ ਰੱਖਣੀਆਂ ਚਾਹੀਦੀਆਂ ਹਨ। ਮੱਝਾਂ ਦਾ ਇੱਕ ਦਿਨ ਦਾ 12 ਲੀਟਰ ਅਤੇ ਗਾਵਾਂ ਦਾ ਦੁੱਧ 18-20 ਲਿਟਰ ਤੋਂ ਘੱਟ ਨਾ ਹੋਵੇ। ਲਵੇਰੀਆਂ ਖਰੀਦਣ ਸਮੇਂ ਵੀ ਧੋਖਾ ਹੋ ਸਕਦਾ ਹੈ। ਇਸ ਲਈ ਘੱਟੋ ਘੱਟ ਤਿੰਨ ਡੰਗ ਦੀ ਚੁਆਈ ਕਰਨ ਤੋਂ ਬਾਅਦ ਹੀ ਲਵੇਰੀ ਨੂੰ ਖਰੀਦੋ। ਮੰਡੀ ਵਿਚੋਂ ਲਵੇਰੀ ਖਰੀਦਣ ਦੀ ਥਾਂ ਕਿਸੇ ਪਸ਼ੂ ਪਾਲਕ ਤੋਂ ਖਰੀਦਣ ਨੂੰ ਤਰਜੀਹ ਦਿਓ।
● ਹਰੇ ਚਾਰੇ ਦੀ ਥੁੜ ਹੋਵੇ ਜਾਂ ਹਰਾ ਚਾਰਾ ਮਾੜੀ ਕੁਆਲਿਟੀ ਦਾ ਹੋਵੇ, ਉਸ ਸਮੇਂ ਲਵੇਰੀਆ ਨਾ ਖਰੀਦੋ। ਲਵੇਰੀ ਨੂੰ ਖਰੀਦਣ ਦਾ ਸਮਾਂ ਹੈ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ। ਇਸ ਸਮੇਂ ਮੌਸਮ ਵੀ ਸੁਖਾਵਾ ਹੁੰਦਾ ਹੈ ਅਤੇ ਹਰਾਂ ਚਾਰਾ ਵੀ ਖੁੱਲ੍ਹਾ ਹੁੰਦਾ ਹੈ। ਨਵੇ ਖਰੀਦੇ ਪਸ਼ੂ ਨੂੰ 10 ਦਿਨ ਵਗ ਤੋਂ ਵੱਖ ਰਖੋ ਅਤੇ ਫੇਰ ਵੱਗ ਵਿਚ ਰਲਾਉ। ਗਰਮੀਆਂ ਵਿੱਚ ਖਰੀਦੇ ਪਸ਼ੂਆਂ ਵਿੱਚ ਬੜੀ ਵਾਰ ਉਹਨਾਂ ਦੀ ਸਾਂਭ-ਸੰਭਾਲ ਵਿੱਚ ਆਈ ਤਬਦੀਲੀ ਕਾਰਣ ਲੁਕੀ ਹੋਈ ਬਿਮਾਰੀ ਜਾਗ ਪਂੈਦੀ ਹੈ। ਗਰਮੀ ਦੇ ਬੋਝ ਸਦਕਾਂ, ਕੀਟਾਣੂਆਂ/ਚਿੱਚੜਾਂ ਦੀ ਬਹੁਤਾਤ ਜਾਂ ਫਿਰ ਖੁਰਾਕੀ ਤੱਤਾਂ ਦੀ ਘਾਟ ਕਾਰਨ ਕਈ ਵਾਰ ਤਾਂ ਲਵੇਰੀ ਨੂੰ ਬਚਾਉਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਡੇਅਰੀ ਫਾਰਮ ਚੱਲਣ ਤੋ ਪਹਿਲਾਂ ਹੀ ਕਾਫ਼ੀ ਆਰਥਿਕ ਨੁਕਸਾਨ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਹ ਸੰਦ ਜ਼ਰੂਰ ਖਰੀਦੋ, ਇਨ੍ਹਾਂ ਤੋਂ ਬਿਨਾਂ ਨਹੀਂ ਚੱਲੇਗਾ ਕੰਮ!
2. ਜ਼ਮੀਨ:
ਡੇਅਰੀ ਦੇ ਧੰਦੇ ਵਿੱਚ ਜ਼ਮੀਨ ਦੋ ਕੰਮਾਂ ਵਾਸਤੇ ਚਾਹੀਦੀ ਹੈ। ਇਕ ਸ਼ੈੱਡ ਬਨਾਉਣ ਵਾਸਤੇ ਦੂਸਰਾ ਹਰੇ ਚਾਰੇ ਦੀ ਕਾਸ਼ਤ ਵਾਸਤੇ। ਲਵੇਰੀਆਂ ਦਾ ਸ਼ੈੱਡ ਜਿੰਨਾਂ ਸ਼ਹਿਰ ਦੇ ਨੇੜੇ ਹੋਵੇਗਾ ਉਨਾਂ ਹੀ ਜ਼ਿਆਦਾ ਫਾਇਦਾ ਹੋਵੇਗਾ। ਇਕ ਤਾਂ ਦੁੱਧ ਨੂੰ ਪਹੁੰਚਾਉਣਾ ਆਸਾਨ ਹੋਵੇਗਾ ਦੂਸਰਾ ਲਵੇਰੀਆਂ ਦੀ ਖੁਰਾਕ ਜਾਂ ਫਾਰਮ ਦਾ ਕੋਈ ਹੋਰ ਸਮਾਨ ਸ਼ਹਿਰ ਤੋ ਲੈ ਕੇ ਆਉਣ ਵਿੱਚ ਵੀ ਆਸਾਨੀ ਹੋਵੇਗੀ। ਪ੍ਰੰਤੂ ਸ਼ੈੱਡ ਹਰ ਹਾਲਤ ਵਿੱਚ ਮਨੁੱਖੀ ਵੱਸੋਂ ਤੋਂ ਦੂਰ ਹੋਣਾ ਚਾਹੀਦਾ ਹੈ।
3. ਡੇਅਰੀ ਫਾਰਮ ਦਾ ਸਮਾਨ:
ਡੇਅਰੀ ਫਾਰਮ ਲਈ ਕੁਝ ਕੁ ਸਮਾਨ ਵੀ ਖਰੀਦਣਾ ਪਵੇਗਾ। ਸ਼ੁਰੂ ਵਿੱਚ ਚਾਰਾ ਕੱਟਣ ਵਾਲੀ ਮਸ਼ੀਨ, ਬਾਲਟੀਆਂ, ਦਾਤੀਆਂ, ਕਹੀਆਂ, ਸੰਗਲ, ਦੁੱਧ ਦੇ ਕੈਨ, ਡਰੰਮ ਆਦਿ ਦੀ ਲੋੜ ਪਵੇਗੀ। ਪਰ ਡੇਅਰੀ ਫਾਰਮ ਵਿੱਚ ਵਿਸਥਾਰ ਕਰਨ ਨਾਲ ਲੋੜਾਂ ਵੀ ਵੱਧ ਜਾਣਗੀਆਂ। ਸਿੱਟੇ ਵਜੋਂ ਚੁਆਈ ਕਰਨ ਵਾਲੀ ਮਸ਼ੀਨ, ਦਾਣਾ ਪੀਸਣ ਵਾਲੀ ਚੱਕੀ, ਮਿਕਸਰ, ਦੁੱਧ ਠੰਡਾ ਕਰਨ ਵਾਲਾ ਟੈਂਕ, ਟਰੈਕਟਰ ਟਰਾਲੀ ਆਦਿ ਵੀ ਖਰੀਦਣਾ ਪੈ ਸਕਦਾ ਹੈ।
4. ਵੰਡ ਬਨਾਉਣ ਲਈ ਵਸਤਾਂ:
ਕਦੇ ਵੀ ਬਣੀ ਬਣਾਈ ਬਜਾਰੂ ਫੀਡ ਨਾ ਖਰੀਦੋ। ਲਵੇਰੀਆਂ ਲਈ ਸੰਤੁਲਿਤ ਖੁਰਾਕ ਬਨਾਉਣ ਲਈ ਵੱਖ-ਵੱਖ ਵਸਤਾਂ ਮਾਰਕੀਟ ਤੋਂ ਖਰੀਦਣੀਆਂ ਪੈਣਗੀਆਂ। ਵਸਤਾਂ ਉਸ ਮੰਡੀ ਵਿਚੋਂ ਖਰੀਦੋ ਜਿਹੜੇ ਇਲਾਕੇ ਵਿੱਚ ਉਸ ਜਿਣਸ ਦੀ ਪੈਦਾਵਾਰ ਜ਼ਿਆਦਾ ਹੋਵੇ ਜਿਵੇਂ ਮੱਕੀ ਹਿਮਾਚਲ ਪ੍ਰਦੇਸ਼ ਤੋਂ ਅਤੇ ਜੁਆਰ ਰਾਜਸਥਾਨ ਤੋਂ। ਇਹ ਵੀ ਕੋਸ਼ਿਸ਼ ਕਰੋ ਕਿ ਜਿਹੜੀ ਰੁੱਤ ਦੀ ਫ਼ਸਲ ਹੋਵੇ ਉਸੇ ਰੁੱਤ ਵਿਚ ਹੀ ਉਸ ਚੀਜ਼ ਨੂੰ ਖਰੀਦ ਕੇ ਸਟੋਰ ਕਰ ਲਿਆ ਜਾਵੇ। ਅਜਿਹਾ ਕਰਨ ਨਾਲ ਫੀਡ ਬਨਾਉਣ ਤੇ ਖਰਚਾ ਕਾਫ਼ੀ ਘਟ ਜਾਵੇਗਾ। ਲੋਕਲ ਸ਼ਹਿਰ ਵਿਚੋਂ ਕੋਈ ਚੀਜ਼ ਖਰੀਦਣ ਸਮੇਂ ਕਦੇ ਵੀ ਇਕ ਦੁਕਾਨਦਾਰ ਤੇ ਵਿਸ਼ਵਾਸ ਨਾ ਕਰੋ। ਤਿੰਨ ਚਾਰ ਦੁਕਾਨਾਂ ਤੋਂ ਉਸ ਚੀਜ਼ ਦਾ ਮੁੱਲ ਪਤਾ ਕਰੋ ਅਤੇ ਫਿਰ ਉਸਨੂੰ ਖਰੀਦੋ। ਚੀਜ਼ ਖਰੀਦਣ ਤੋਂ ਪਹਿਲਾਂ ਉਸ ਦੀ ਕੁਆਲਿਟੀ ਦਾ ਨਰੀਖਣ ਜ਼ਰੂਰ ਕਰੋ।
5. ਡੇਅਰੀ ਮਜ਼ਦੂਰ:
ਡੇਅਰੀ ਫਾਰਮ ਚਲਾਉਣ ਲਈ ਨੌਕਰਾਂ ਦੀ ਲੋੜ ਵੀ ਪਵੇਗੀ। ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ 10 ਪਸ਼ੂਆਂ ਲਈ ਇਕ ਨੌਕਰ ਰੱਖਣਾ ਚਾਹੀਦਾ ਹੈ। ਡੇਅਰੀ ਫਾਰਮ ਦੇ ਤਿੰਨ ਮੁੱਖ ਕੰਮ ਹੁੰਦੇ ਹਨ। ਹਰਾ ਵੱਢਣਾ ਅਤੇ ਕੁਤਰਨਾ, ਧਾਰਾਂ ਕੱਢਣੀਆਂ ਅਤੇ ਗੋਹਾ ਚੁੱਕਣਾ। ਇਹ ਕੰਮ ਪਿੰਡ ਦੇ ਕਿਸੇ ਕਾਮੇ ਜਾਂ ਪ੍ਰਵਾਸੀ ਮਜ਼ਦੂਰ ਤੋਂ ਲਏ ਜਾ ਸਕਦੇ ਹਨ। ਪ੍ਰਵਾਸੀ ਮਜ਼ਦੂਰ ਘੱਟ ਮਜ਼ਦੂਰੀ ਤੇ ਵੀ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਨ ਪਰ ਉਹਨਾਂ ਤੇ ਵਿਸ਼ਵਾਸ ਕਰਨਾ ਬਹੁਤ ਔਖਾ ਹੁੰਦਾ ਹੈ। ਜੇਕਰ ਡੇਅਰੀ ਫਾਰਮ ਵੱਡਾ ਹੈ ਤਾਂ ਮਜ਼ਦੂਰਾਂ ਤੋਂ ਪੂਰਾ ਕੰਮ ਲੈਣ ਲਈ ਇਕ ਸੁਪਰਵਾਈਜ਼ਰ ਵੀ ਰੱਖਣਾ ਪਵੇਗਾ। ਤੀਹ ਮਜ਼ਦੂਰਾਂ ਪਿੱਛੇ ਇਕ ਸੁਪਰਵਾਈਜ਼ਰ ਕਾਫ਼ੀ ਹੁੰਦਾ ਹੈ।
ਇਹ ਵੀ ਪੜ੍ਹੋ: ਖੂਬੀਆਂ ਨਾਲ ਭਰਪੂਰ ਵਿਸ਼ਵ ਪ੍ਰਸਿੱਧ ਪੰਛੀ ਕੜਕਨਾਥ, ਜਾਣੋ ਕਿਵੇਂ ਹੈ ਇਹ ਪੰਛੀ ਡੇਅਰੀ ਫਾਰਮਾਂ ਲਈ ਫਾਇਦੇਮੰਦ?
6. ਲਵੇਰੀਆਂ ਦਾ ਬੀਮਾ:
ਕਿਸੇ ਲਵੇਰੀ ਦੀ ਅਚਨਚੇਤ ਮੌਤ ਨਾਲ ਕਾਫ਼ੀ ਆਰਥਿਕ ਨੁਕਸਾਨ ਹੁੰਦਾ ਹੈ। ਅਜਿਹੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜ਼ਰੂਰ ਕਰਵਾਓ। ਬੀਮਾ ਕਰਵਾਉਣ ਲਈ ਡੇਅਰੀ ਵਿਭਾਗ ਨਾਲ ਸੰਪਰਕ ਕਰੋ ਅਤੇ ਸਰਕਾਰੀ ਸਕੀਮ ਦਾ ਫਾਇਦਾ ਉਠਾਓ।
7. ਸਰਮਾਇਆ ਤੇ ਕਰਜਾ:
ਡੇਅਰੀ ਦਾ ਕਿੱਤਾ ਸ਼ੁਰੂ ਕਰਨ ਲਈ ਜਾਂ ਪਹਿਲਾ ਤੋ ਚਲ ਰਹੇ ਡੇਅਰੀ ਫਾਰਮ ਵਿਚ ਵਿਸਥਾਰ ਕਰਨ ਲਈ ਕਾਫ਼ੀ ਪੈਸੇ ਦੀ ਲੋੜ ਪੈਂਦੀ ਹੈ। ਪਹਿਲਾਂ ਤੋਂ ਬਚਾ ਕੇ ਰੱਖੇ ਪੈਸੇ ਜਾਂ ਹੋਰ ਕੋਈ ਪਰਿਵਾਰਕ ਆਮਦਨ ਨਾਲ ਡੇਅਰੀ ਫਾਰਮ ਵਿੱਚ ਵਿਸਥਾਰ ਕੀਤਾ ਜਾ ਸਕਦਾ ਹੈ। ਜੇਕਰ ਜ਼ਿਆਦਾ ਪੈਸੇ ਦੀ ਲੋੜ ਹੋਵੇ ਤਾਂ ਇਲਾਕੇ ਦੇ ਬੈਕ ਤੋ ਲੋਨ ਲਿਆ ਜਾ ਸਕਦਾ ਹੈ। ਆੜਤੀਆਂ ਜਾਂ ਹੋਰ ਕਿਸੇ ਏਜੰਸੀ ਤੋਂ ਕਰਜ਼ਾ ਨਾ ਲਓ ਕਿਉਂਕਿ ਇਹਨਾਂ ਦੀ ਵਿਆਜ ਦਰ ਬੈਂਕ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੀ ਹੈ। ਡੇਅਰੀ ਦੇ ਧੰਦੇ ਲਈ ਜ਼ਰੂਰੀ ਹੈ ਕਿ ਬੈਂਕ ਤੋਂ ਲਿਆ ਗਿਆ ਕਰਜਾ ਡੇਅਰੀ ਦੇ ਕੰਮ ਵਿੱਚ ਹੀ ਲੱਗੇ। ਕਿਸੇ ਹੋਰ ਕੰਮ ਲਈ ਇਸਤੇਮਾਲ ਕਰਨ ਨਾਲ ਅਜਿਹੇ ਕਰਜ਼ੇ ਦੀ ਕਿਸ਼ਤ ਮੋੜਨ ਵਿੱਚ ਕਠਿਨਾਈ ਆ ਸਕਦੀ ਹੈ।
8. ਮੰਡੀਕਰਨ:
ਡੇਅਰੀ ਫਾਰਮ ਦਾ ਕੰਮ ਕਰਨ ਵੇਲੇ ਦੁੱਧ ਦੇ ਮੰਡੀਕਰਨ ਸਬੰਧੀ ਵੀ ਵਿਚਾਰ ਕਰਨਾ ਪਵੇਗਾ। ਕਣਕ, ਝੋਨਾ ਅਤੇ ਹੋਰ ਜਿਨਸਾਂ ਨੂੰ ਤਾਂ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਪ੍ਰੰਤੂ ਦੁੱਧ ਨੂੰ ਉਸੇ ਦਿਨ ਵੇਚਣਾ ਪਵੇਗਾ। ਦੁੱਧ ਕੋਅਪਰੇਟਿਵ ਸੋਸਾਇਟੀ, ਪ੍ਰਾਈਵੇਟ ਸੈਕਟਰ, ਦੋਧੀ, ਹਲਵਾਈ ਜਾਂ ਸਿੱਧਾ ਉਪਭੋਗਤਾ ਨੂੰ ਵੇਚਿਆ ਜਾ ਸਕਦਾ ਹੈ। ਦੁੱਧ ਸਿੱਧਾ ਉਪਭੋਗਤਾ ਤੱਕ ਪਹੁੰਚਾਉਣ ਨਾਲ ਜ਼ਿਆਦਾ ਪੈਸੇ ਦੀ ਬੱਚਤ ਹੋ ਸਕਦੀ ਹੈ। ਪਸ਼ੂ-ਪਾਲਕਾ ਨੂੰ ਇਕ ਲਿਟਰ ਦੁੱਧ ਪਿਛੇ ਲਗਭਗ ਡੇਢ-ਦੋ ਰੁਪਿਆ ਹੀ ਬਚਦਾ ਹੈ ਜਦਕਿ ਦੋਧੀ ਇਕ ਲਿਟਰ ਦੁੱਧ ਵਿੱਚੋ ਤਿੰਨ ਤੋਂ ਪੰਜ ਰੁਪਏ ਬਚਾ ਲੈਂਦੇ ਹਨ। ਇਸ ਲਈ ਪੰਜ ਸੱਤ ਪਰਿਵਾਰ ਮਿਲ ਕੇ ਇਕ ਛੋਟਾ ਜਿਹਾ ਕੋਆਪ੍ਰੇਵਿਵ ਗਰੁੱਪ/ਸੈਲਫ ਹੈਲਪ ਗਰੁੱਪ ਬਣਾ ਸਕਦੇ ਹਨ। ਅਜਿਹਾ ਕਰਨ ਨਾਲ ਇਕੱਠੇ ਕੀਤੇ ਦੁੱਧ ਨੂੰ ਸ਼ਹਿਰ ਤੱਕ ਪਹੁੰਚਾਇਆ ਜਾ ਸਕਦਾ ਹੈ ਅਤੇ ਬੱਚਤ ਵਿੱਚ ਚੋਖਾ ਵਾਧਾ ਹੋ ਸਕਦਾ ਹੈ। ਦੁੱਧ ਤੋਂ ਦੁੱਧ ਦੇ ਪਦਾਰਥ ਬਣਾ ਕੇ ਵੇਚਣ ਨਾਲ ਹੋਰ ਵੀ ਜ਼ਿਆਦਾ ਬੱਚਤ ਹੋ ਸਕਦੀ ਹੈ।
9. ਗੋਬਰ ਦਾ ਪ੍ਰਬੰਧ ਅਤੇ ਹੋਰ ਖਾਸ ਗੱਲਾਂ:
ਡੇਅਰੀ ਫਾਰਮ ਤੇ ਇਕੱਠੇ ਕੀਤੇ ਗੋਬਰ ਦੀ ਸੁੱਚਜੀ ਵਰਤੋਂ ਨਾਲ ਵੀ ਆਮਦਨ ’ਚ ਵਾਧਾ ਕੀਤਾ ਜਾ ਸਕਦਾ ਹੈ। ਗੋਬਰ ਤੋ ਗੋਬਰ ਗੈਸ ਬਣਾ ਕੇ ਚੁੱਲਾ ਜਲਾਇਆ ਜਾ ਸਕਦਾ ਹੈ। ਇਸ ਨਾਲ ਤੇਲ ਜਾਂ ਐਲ.ਪੀ.ਜੀ. ਗੈਸ ਜਾਂ ਕਿਸੇ ਹੋਰ ਬਾਲਣ ਤੇ ਆਉਣ ਵਾਲਾ ਖਰਚਾ ਬਚ ਸਕਦਾ ਹੈ। ਗੋਬਰ ਗੈਸ ਤੋਂ ਰੋਸ਼ਨੀ ਬਲਬ ਵੀ ਜਗਾਇਆ ਜਾ ਸਕਦਾ ਹੈ। ਗੋਬਰ ਗੈਸ ਤੋ ਪੈਦਾ ਹੋਈ ਸਲੱਰੀ ਨੂੰ ਸਿੱਧਾ ਖੇਤਾਂ ਵਿੱਚ ਵਰਤਿਆ ਜਾ ਸਕਦਾ ਹੈ।
● ਜੇਕਰ ਗੋਬਰ ਗੈਸ ਪਲਾਂਟ ਲਗਾਉਣ ਦਾ ਇਰਾਦਾ ਨਾ ਹੋਵੇ ਤਾਂ ਵੀ ਗੋਬਰ ਨੂੰ ਕਿਸੇ ਟੋਏ ਵਿੱਚ ਸੰਭਾਲ ਕੇ ਰੂੜੀ ਵਜੋਂ ਖੇਤਾਂ ਵਿੱਚ ਵਰਤਿਆ ਜਾ ਸਕਦਾ ਹੈ।
● ਡੇਅਰੀ ਫਾਰਮ ਤੇ ਫਸਟ ਏਡ ਸੰਬੰਧੀ ਜ਼ਰੂਰੀ ਸਾਜੋ ਸਮਾਨ ਅਤੇ ਦਵਾਦਾਰੂ ਜ਼ਰੂਰ ਰਖੋ। ਆਪਣੇ ਧੰਦੇ ਦਾ ਸੰਪੂਰਨ ਹਿਸਾਬ ਕਿਤਾਬ ਰੱਖਣਾ ਚਾਹੀਦਾ ਹੈ।
ਉਮੀਦ ਹੈ ਕਿ ਸੂਝਵਾਨ ਕਿਸਾਨ ਵੀਰ ਡੇਅਰੀ ਦਾ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਸਿਖਲਾਈ ਲੈ ਕੇ, ਸਥਾਪਤ ਡੇਅਰੀ ਫਾਰਮਾਂ ਦਾ ਦੌਰਾ ਕਰਕੇ, ਉਪਰੋਕਤ ਗੱਲਾਂ ਵੱਲ ਧਿਆਨ ਦੇ ਕੇ ਇਸ ਧੰਦੇ ਨੂੰ ਅਪਨਾ ਸਕਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਡੇਅਰੀ ਵਿਕਾਸ ਵਿਭਾਗ ਵੱਲੋ ਪੇਂਡੂ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਸਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ ਲਗਾਏ ਜਾਂਦੇ ਹਨ। ਇਸ ਲਈ ਡੇਅਰੀ ਫਾਰਮਿੰਗ ਦਾ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਸੰਸਥਾਵਾਂ ਤੋਂ ਸਿਖਲਾਈ ਜ਼ਰੂਰ ਲੈਣੀ ਚਾਹੀਦੀ ਹੈ।
Summary in English: Dairy Farming Profitable Business for Unemployed Youth, Know the Planning Needed to Start a Business