ਲਹੂ-ਮੂਤਣਾ ਜਾਂ ਬਬੇਸ਼ੀਆ ਰੋਗ ਜਾਂ ਚਿੱਚੜਾਂ ਦਾ ਰੋਗ ਪਸ਼ੂਆਂ ਦਾ ਇੱਕ ਘਾਤਕ ਰੋਗ ਹੈ। ਦੇਸੀ ਗਾਵਾਂ ਦੇ ਮੁਕਾਬਲੇ ਦੋਗਲੀਆਂ ਗਾਵਾਂ ਇਸ ਰੋਗ ਤੋਂ ਜਿਆਦਾ ਪ੍ਰਭਾਵਿਤ ਹੁੰਦੀਆਂ ਹਨ। ਇਹ ਰੋਗ ਚਿੱਚੜਾਂ ਰਾਹੀਂ ਫੈਲਦਾ ਹੈ ਜੋ ਕਿ ਬਬੇਸ਼ੀਆ ਨਾਂ ਦੇ ਜੀਵਾਣੂੰ ਨੂੰ ਫੈਲਾਉਣ ਵਿੱਚ ਸਹਾਈ ਹੁੰਦੇ ਹਨ।
ਲਹੂ-ਮੂਤਣਾ ਬੀਮਾਰੀ ਵਿੱਚ ਜੀਵਾਣੂੰ ਖੂਨ ਵਾਲੇ ਸੈੱਲਾਂ ਤੇ ਹਮਲਾ ਕਰਕੇ ਉਹਨਾਂ ਨੂੰ ਨਸ਼ਟ ਕਰ ਦਿੰਦੇ ਹਨ ਜਿਸ ਕਰਕੇ ਪ੍ਰਭਾਵਿਤ ਪਸ਼ੂਆਂ ਵਿੱਚ ਲਹੂ ਮੂਤਨਾ ਆਮ ਦੇਖਿਆ ਜਾਂਦਾ ਹੈ। ਇਹ ਬਿਮਾਰੀ ਆਮਤੌਰ `ਤੇ ਗਰਮੀਆਂ ਦੇ ਮਹੀਨਿਆਂ ਵਿੱਚ ਦੇਖਣ ਨੂੰ ਮਿਲਦੀ ਹੈ ਕਿਉਂਕਿ ਇਹਨਾਂ ਮਹੀਨਿਆਂ ਵਿੱਚ ਚਿੱਚੜਾਂ ਦੀ ਭਰਮਾਰ ਹੁੰਦੀ ਹੈ।
ਬਿਮਾਰੀ ਦੇ ਲੱਛਣ:
ਇਸ ਬਿਮਾਰੀ ਦੌਰਾਨ ਪਸ਼ੂਆਂ ਨੂੰ ਬਹੁਤ ਤੇਜ਼ ਬੁਖਾਰ (105-106° ਫ਼ਾਰਨਹਾਈਟ) ਹੋ ਜਾਂਦਾ ਹੈ, ਪਿਸ਼ਾਬ ਦਾ ਰੰਗ ਕੌਫੀ ਵਰਗਾ ਜਾਂ ਗੂੜ੍ਹਾ ਭੂਰਾ ਹੋ ਜਾਂਦਾ ਹੈ ਅਤੇ ਇੰਜ ਪਰਤੀਤ ਹੁੰਦਾ ਹੈ ਕਿ ਜਿਵੇਂ ਪਿਸ਼ਾਬ ਵਿੱਚ ਲਹੂ ਆ ਰਿਹਾ ਹੋਵੇ ਅਤੇ ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ। ਜਿਆਦਾ ਗੰਭੀਰ ਸਥਿਤੀ ਵਿੱਚ ਲਾਲ ਰਕਤ ਕਣਾਂ ਦੇ ਨਸ਼ਟ ਹੋਣ ਕਰਕੇ ਪੀਲੀਆ ਹੋ ਜਾਂਦਾ ਹੈ। ਪਸ਼ੂ ਦਾ ਭਾਰ ਘਟ ਜਾਂਦਾ ਹੈ ਅਤੇ ਅੰਤ ਵਿੱਚ ਪਸ਼ੂ ਦੀ ਮੌਤ ਹੋ ਜਾਂਦੀ ਹੈ।
ਕਈ ਵਾਰ ਫਾਸਫੋਰਸ ਖਣਿਜ ਦੀ ਕਮੀ ਕਰਕੇ ਵੀ ਪਸ਼ੂਆਂ ਵਿੱਚ ਲਹੂ ਮੂਤਣ ਦੀ ਬੀਮਾਰੀ ਹੋ ਜਾਂਦੀ ਹੈ ਜਿਸ ਨੂੰ ਕਿਸਾਨ ਵੀਰ ਬਬੇਸ਼ੀਆ ਰੋਗ ਸਮਝ ਲੈਂਦੇ ਹਨ। ਕਿਸਾਨ ਵੀਰਾਂ ਨੂੰ ਇਸ ਸਬੰਧੀ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਇਸ ਅਲਾਮਤ ਵਿੱਚ ਪਸ਼ੂ ਨੂੰ ਬੁਖਾਰ ਨਹੀਂ ਚੜ੍ਹਦਾ ਜਦਕਿ ਬਬੇਸ਼ੀਆ ਰੋਗ ਵਿੱਚ ਪਸ਼ੂ ਨੂੰ ਤੇਜ਼ ਬੁਖਾਰ ਦੇ ਲੱਛਣ ਆਉਂਦੇ ਹਨ। ਇਸ ਲਈ ਬਬੇਸ਼ੀਆ ਰੋਗ ਦੀ ਪਛਾਣ ਕਰਨ ਦੇ ਲਈ ਲੈਬੋਰਟਰੀ ਵਿੱਚ ਪ੍ਰਭਾਵਿਤ ਪਸ਼ੂ ਦੇ ਖੂਨ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਅਤੇ ਡਾਕਟਰੀ ਸਲਾਹ ਨਾਲ ਦਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪਸ਼ੂਆਂ ਦੇ ਇਲਾਜ ਲਈ ਵਰਤੋਂ ਇਹ Homeopathic Medicines! ਦੁੱਧ ਵਿੱਚ ਹੋਵੇਗਾ ਵਾਧਾ!
ਬਿਮਾਰੀ ਦੀ ਰੋਕਥਾਮ:
● ਕਿਉਂਕਿ ਇਹ ਰੋਗ ਚਿੱਚੜਾਂ ਰਾਹੀ ਫੈਲਦਾ ਹੈ ਇਸ ਲਈ ਚਿੱਚੜਾਂ ਦੀ ਰੋਕਥਾਮ ਲਈ ਉਪਰਾਲੇ ਕਰਨੇ ਚਾਹੀਦੇ ਹਨ।
● ਚਿੱਚੜਾਂ ਦੀ ਰੋਕਥਾਮ ਲਈ ਦਵਾਈਆਂ ਦੀ ਵਰਤੋਂ ਕਰਦੇ ਵੇਲੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਪਸ਼ੂਆਂ ਦੇ ਨਾਲ ਨਾਲ ਉਹਨਾਂ ਦੇ ਢਾਰੇ/ਸ਼ੈਡਾਂ, ਸ਼ੈਡ ਦੇ ਫਰਸ਼ `ਤੇ ਵੀ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਫਰਸ਼ ਤੋਂ ਚੜ੍ਹਨ ਵਾਲੇ ਚਿੱਚੜਾਂ ਦਾ ਖਾਤਮਾ ਕੀਤਾ ਜਾ ਸਕੇ।
● ਜੇਕਰ ਸ਼ੈਡ ਵਿੱਚ ਕਿਤੇ ਦਰਾੜ ਦਿਖੇ ਤਾਂ ਉੱਥੇ ਵੀ ਕੀਟਨਾਸ਼ਕਾਂ ਦਾ ਛਿੜਕਾਅ ਕਰੋ ਕਿਉਂਕਿ ਚਿੱਚੜੀਆਂ ਆਮਤੌਰ `ਤੇ ਵਿਰਲਾਂ ਅਤੇ ਦਰਾੜਾਂ ਵਿੱਚ ਹੀ ਆਪਣੇ ਆਂਡੇ ਦਿੰਦੀਆਂ ਹਨ ਅਤੇ ਚਿੱਚੜਾਂ ਦੇ ਨਾਲ ਨਾਲ ਉਹਨਾਂ ਦਾ ਖਾਤਮਾ ਵੀ ਬਹੁਤ ਜ਼ਰੂਰੀ ਹੈ।
ਸਰੋਤ: ਵਿਵੇਕ ਸ਼ਰਮਾ ਅਤੇ ਕੰਵਰਪਾਲ ਸਿੰਘ ਢਿੱਲੋਂ, ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ
Summary in English: Get rid of hemorrhagic disease in animals, know its symptoms and preventive measures