ਵਿਸ਼ਵ ਪ੍ਰਸਿੱਧ ਪੰਛੀ ਕੜਕਨਾਥ ਹਰ ਤਰ੍ਹਾਂ ਦੇ ਮੌਸਮ ਲਈ ਤਾਂ ਅਨੁਕੂਲ ਹੈ ਹੀ, ਨਾਲ ਹੀ ਇਹ ਡੇਅਰੀ ਫਾਰਮਾਂ ਲਈ ਵੀ ਲਾਹੇਵੰਦ ਹੈ। ਆਓ ਜਾਣਦੇ ਹਾਂ ਕਿਵੇਂ?
ਕੜਕਨਾਥ (kadaknath) ਭਾਰਤ ਦੀ ਇੱਕੋ ਇੱਕ ਬਲੈਕ ਮੀਟ ਚਿਕਨ (ਭੰਛ) ਨਸਲ ਹੈ। ਇਹ ਮੱਧ ਪ੍ਰਦੇਸ਼ ਦਾ ਇੱਕ ਜੱਦੀ ਪੰਛੀ ਹੈ। ਵਿਸ਼ਵ ਵਿੱਚ ਕਾਲੇ ਚਿਕਨ ਦੀਆਂ ਹੋਰ ਵੀ ਨਸਲਾਂ ਹਨ ਜਿਵੇਂ ਕਿ ਚੀਨ ਵਿੱਚ ਸਿਲਕੀ ਚਿਕਨ ਅਤੇ ਇੰਡੋਨੇਸ਼ੀਆ ਵਿੱਚ ਅਯਾਮ ਸੇਮਾਨੀ। ਆਰ.ਆਈ.ਆਰ., ਪੰਜਾਬ ਰੈੱਡ, ਪ੍ਰਤਾਪਧਨ ਅਤੇ ਹੋਰ ਨਸਲਾਂ ਨਾਲ ਅਨ੍ਹੇਵਾਹ ਕ੍ਰਾਸ ਬ੍ਰੀਡਿੰਗ ਕਰਕੇ ਸ਼ੁੱਧ ਕੜਕਨਾਥ ਪੰਛੀ ਬਹੁਤ ਘੱਟ ਮਿਲਦੇ ਹਨ। ਵਿਦੇਸ਼ੀ ਨਸਲਾਂ ਦੇ ਪੰਛੀਆਂ ਦੇ ਮੁਕਾਬਲੇ, ਕੜਕਨਾਥ (kadaknath) ਪੰਛੀਆਂ ਵਿੱਚ ਆਪਣੇ ਕੁਦਰਤੀ ਨਿਵਾਸ ਖੇਤਰ ਵਿੱਚ ਰੋਗਾਂ ਨਾਲ ਲੜਣ ਦੀ ਸਮਰੱਥਾ ਵਧੇਰੇ ਹੁੰਦੀ ਹੈ।
ਕੜਕਨਾਥ ਪੰਛੀ (kadaknath bird) ਅੱਤ ਦੀ ਗਰਮੀ ਅਤੇ ਕੜਾਕੇ ਦੀ ਠੰਡ ਵਰਗੇ ਤਣਾਅਪੂਰਨ ਹਾਲਤਾਂ ਲਈ ਵੀ ਅਨੁਕੂਲ ਹਨ। ਇਹ ਮਾੜੇ ਰਹਿਣ-ਸਹਿਣ, ਮਾੜੇ ਪ੍ਰਬੰਧਨ ਅਤੇ ਮਾੜੀ ਖੁਰਾਕ ਵਰਗੇ ਵਾਤਾਵਰਣ ਵਿੱਚ ਵੀ ਚੰਗੀ ਤਰ੍ਹਾਂ ਪ੍ਰਫੁੱਲਤ ਹੋ ਸਕਦੇ ਹਨ। ਇਹ ਤਿੰਨ ਕਿਸਮ ਦੇ ਹੁੰਦੇ ਹਨ: ਜੈੱਟ ਬਲੈਕ, ਪੈਨਸਿੰਲਡ ਅਤੇ ਗੋਲਡਨ ਕੜਕਨਾਥ। ਕੜਕਨਾਥ ਨਸਲ ਅੰਡੇ ਦੇ ਉਤਪਾਦਨ ਦੀ ਸਮਰੱਥਾ ਵਿੱਚ ਬਹੁਤੀ ਚੰਗੀ ਨਹੀਂ, ਪਰ ਉਨ੍ਹਾਂ ਦਾ ਕਾਲਾ ਮਾਸ ਬਹੁਤ ਸੁਆਦੀ ਅਤੇ ਪ੍ਰਚੱਲਿਤ ਹੈ।
ਇਸ ਦਾ ਮਾਸ ਉੱਚ ਗੁਣਵੱਤਾ ਵਾਲਾ ਹੈੈ ਅਤੇ ਇਹ ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਵਿੱਚ ਰਹਿਣ ਵਾਲੇ ਆਦਿਵਾਸੀਆਂ ਦੁਆਰਾ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਵਰਤਿਆ ਜਾ ਰਿਹਾ ਹੈ ਹਾਲਾਂਕਿ, ਇਸ ਨੂੰ ਸਹੀ ਵਿਗਿਆਨਕ ਮੁਲਾਂਕਣ ਦੀ ਜ਼ਰੂਰਤ ਹੈ। ਇਸ ਪੂਰੇ ਖੇਤਰ ਵਿੱਚ, ਕੜਕਨਾਥ ਪੰਛੀਆਂ ਦੀ ਬਹੁਤ ਮੰਗ ਹੈ ਅਤੇ ਇਸ ਲਈ ਇਹ ਬਹੁਤ ਮਹਿੰਗੇ ਹਨ। ਮੀਟ ਅਤੇ ਅੰਡੇ ਨੂੰ ਪ੍ਰੋਟੀਨ ਦਾ ਵੀ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ।
ਕੜਕਨਾਥ ਦੀ ਵਿਸ਼ੇਸ਼ਤਾਵਾਂ:
• ਇੱਕ ਦਿਨ ਦੇ ਚੂਚਿਆਂ ਦੀ ਪਿੱਠ ਉਤੇ ਨੀਲੇ ਜਾਂ ਕਾਲੇ ਰੰਗ ਦੇ ਅਨਿਯਮਿਤ ਧੱਬੇ ਹੁੰਦੇ ਹਨ।
• ਬਾਲਗਾਂ ਦੇ ਖੰਭ ਸਿਲਵਰ ਅਤੇ ਚਮਕੀਲੇ ਸੁਨਹਿਰੀ ਰੰਗ ਤੋਂ ਬਿਨਾਂ ਕਿਸੇ ਚਮਕ ਦੇ ਨੀਲੇ-ਕਾਲੇ ਹੁੰਦੇ ਹਨ।
• ਚਮੜੀ, ਚੁੰਝ, ਲੱਤਾਂ, ਪੈਰਾਂ ਦੀਆਂ ਉਂਗਲੀਆਂ ਅਤੇ ਪੈਰਾਂ ਦੇ ਤਲੇ ਕਾਲੇ ਰੰਗ ਦੇ ਹੁੰਦੇ ਹਨ। ਕਲਗੀ ਅਤੇ ਜੀਭ ਜਾਮਨੀ ਰੰਗ ਦੀ ਹੁੰਦੀ ਹੈ। ਜ਼ਿਆਦਾਤਰ ਅੰਦਰੂਨੀ ਅੰਗ ਗੂੜ੍ਹੇ ਕਾਲੇ ਰੰਗ ਦੇ ਹੁੰਦੇ ਹਨ।
• ਲਹੂ ਦਾ ਰੰਗ ਆਮ ਨਾਲੋਂ ਗੂੜ੍ਹਾ ਹੁੰਦਾ ਹੈ। ਕਾਲਾ ਰੰਗ ਮੈਲਾਨਿਨ ਜਮ੍ਹਾ ਹੋਣ ਦਾ ਨਤੀਜਾ ਹੈ।
• ਬਾਲਗ ਕੁੱਕੜ ਅਤੇ ਮੁਰਗੀ ਦਾ ਔਸਤਨ ਸਰੀਰ ਦਾ ਭਾਰ ਕ੍ਰਮਵਾਰ 2.5 ਅਤੇ 3.0 ਕਿੱਲੋ ਹੁੰਦਾ ਹੈ।
• ਅੰਡੇ ਦਾ ਸਾਲਾਨਾ ਉਤਪਾਦਨ 170-180 ਅੰਡੇ ਹੈ।
• ਅੰਡੇ ਲਾਲ ਛਿਲਕੇ ਵਾਲੇ ਹੁੰਦੇ ਹਨ ਅਤੇ ਅੰਡੇ ਦਾ ਔਸਤਨ ਭਾਰ 56 ਗ੍ਰਾਮ ਹੁੰਦਾ ਹੈ।
ਸਭਿਆਚਾਰਕ/ਆਰਥਿਕ ਮਹੱਤਵ:
• ਇਸ ਨਸਲ ਦਾ ਅਸਲ ਨਾਮ ਕਾਲਾਮਾਸੀ ਹੈ, ਜਿਸਦਾ ਅਰਥ ਕਾਲੇ ਮਾਸ ਵਾਲਾ ਇੱਕ ਪੰਛੀ ਹੈ ਜੋ ਹਾਲਾਂਕਿ ਸੁਣਨ ਨੂੰ ਭਾਵੇਂ ਬਹੁਤ ਚੰਗਾ ਨਹੀਂ ਲਗਦਾ, ਪਰ ਇਹ ਬਹੁਤ ਸਵਾਦ ਹੁੰਦਾ ਹੈ।
• ਕੜਕਨਾਥ ਦੇ ਜਾਨਵਰ ਡੇਅਰੀ ਫ਼ਾਰਮ ਵਿੱਚ ਖੁੱਲੇ ਛੱਡਕੇ ਜੂੰਆਂ ਅਤੇ ਚਿੱਚੜਾਂ ਦੇ ਖਾਤਮੇ ਲਈ ਬਹੁਤ ਸਹਾਈ ਸਿੱਧ ਹੁੰਦੇ ਹਨ।
• ਕੜਕਨਾਥ ਮੀਟ ਵਿੱਚ ਕਈ ਕਿਸਮਾਂ ਦੇ ਅਮੀਨੋ ਐਸਿਡ ਅਤੇ ਵਿਟਾਮਿਨ ਹੁੰਦੇ ਹਨ ਅਤੇ ਇਹ ਪ੍ਰੋਟੀਨ ਦਾ ਵੀ ਇੱਕ ਚੰਗਾ ਸਰੋਤ ਹੈ। ਇਹ ਬ੍ਰਾਇਲਰ ਚਿਕਨ ਦਾ ਇੱਕ ਚੰਗਾ ਵਿਕਲਪ ਹੈ।
• ਅਪਣੇ ਨਾਮ ਦੀ ਤਰ੍ਹਾ, ਇਸ ਮੁਰਗੀ ਦਾ ਮਾਸ, ਹੱਡੀਆਂ ਅਤੇ ਚਮੜੀ ਕਾਲੀ ਹੈ। ਨਾਲ ਹੀ, ਉਨ੍ਹਾਂ ਦਾ ਕੱਦ ਹੋਰ ਨਸਲਾਂ ਨਾਲੋਂ ਬਹੁਤ ਛੋਟਾ ਹੁੰਦਾ ਹੈ।
• ਹਾਲਾਂਕਿ, ਕਾਲੀ ਮੁਰਗੀ ਚੀਨ ਵਿੱਚ ਪਾਈ ਗਈ ਸੀ ਅਤੇ ਇਹ ਖਾਣੇ ਵਿੱਚ ਸਟੂ ਜਾਂ ਸੂਪ ਅਤੇ ਦਵਾਈਆਂ ਦੇ ਤੌਰ ਤੇ ਸ਼ਾਮਲ ਕੀਤੀ ਜਾਂਦੀ ਸੀ। ਪਰ ਹੁਣ ਇਹ ਅਮਰੀਕੀ ਪਕਵਾਨਾਂ ਵਿੱਚ ਵੀ ਪ੍ਰਸਿੱਧ ਹੋ ਗਈਆਂ ਹਨ।
ਇਹ ਵੀ ਪੜ੍ਹੋ: ਗਾਵਾਂ ਤੇ ਮੱਝਾਂ ਦੀਆਂ ਪ੍ਰਮੁੱਖ ਨਸਲਾਂ, ਜੋ ਦਿਨਾਂ ਵਿੱਚ ਕਰ ਦੇਣਗੀਆਂ ਮਾਲੋਮਾਲ
ਪੌਸ਼ਟਿਕ ਅਤੇ ਚਿਕਤਸਕ ਮੁੱਲ:
ਕੜਕਨਾਥ (kadaknath) ਇੱਕ ਰੋਗ ਪ੍ਰਤੀਰੋਧਕ ਅਤੇ ਮਜ਼ਬੂਤ ਪੰਛੀ ਹੈ। ਇਸ ਵਿੱਚ ਪ੍ਰੋਟੀਨ ਵੱਧ ਤੇ ਚਰਬੀ ਘੱਟ ਹੁੰਦੀ ਹੈ ਅਤੇ ਇਸ ਦੇ ਮੀਟ ਵਿੱਚ ਆਮ ਮੁਰਗੀ ਦੇ ਮੁਕਾਬਲੇ ਘੱਟ ਕੋਲੈਸਟ੍ਰੋਲ ਹੁੰਦਾ ਹੈ। ਕਾਲੇ ਚਿਕਨ ਵਿੱਚ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ ਜੋ ਇਸਨੂੰ ਸੁਪਰਫ਼ੂਡ ਦਾ ਰੁਤਬਾ ਦਿੰਦੇ ਹਨ। ਐਂਟੀਆਕਸੀਡੈਂਟ ਸਰੀਰ ਵਿੱਚ ਫ੍ਰੀ ਰੈਡੀਕਲਜ਼ ਨਾਲ ਲੜਦੇ ਹਨ ਅਤੇ ਤੁਹਾਨੂੰ ਸਰਦੀ-ਜੁੁਕਾਮ ਵਰਗੀਆਂ ਬਿਮਾਰੀਆਂ ਤੋਂ ਤੰਦਰੁਸਤ ਰੱਖਦੇ ਹਨ।
ਖੋਜ ਨੇ ਇਹ ਦਰਸਾਇਆ ਹੈ ਕਿ ਕੜਕਨਾਥ ਪ੍ਰਜਾਤੀ ਵਿੱਚ ਸਭ ਤੋਂ ਵੱਧ ਪ੍ਰੋਟੀਨ ਦੀ ਮਾਤਰਾ (22-26%) ਅਤੇ ਸਭ ਤੋਂ ਘੱਟ ਚਰਬੀ ਦੀ ਮਾਤਰਾ (0.73-1.05%) ਹੁੰਦੀ ਹੈ ਅਤੇ ਇਸ ਵਿੱਚ ਜ਼ਰੂਰੀ ਅਮੀਨੋ ਐਸਿਡ ਦੇ ਨਾਲ ਨਾਲ ਹਾਰਮੋਨ ਦੀ ਮਾਤਰਾ ਵੱਧ ਪੱਧਰ ਤੇ ਹੁੰਦੀ ਹੈ, ਜਿਸਦੀ ਮਨੁੱਖੀ ਸਰੀਰ ਨੂੰ ਜ਼ਰੂਰਤ ਹੁੰਦੀ ਹੈ।
ਪ੍ਰਯੋਗਸ਼ਾਲਾ ਟੈਸਟਾਂ ਤੋਂ ਵੀ ਇਹ ਸਪੱਸ਼ਟ ਹੁੰਦਾ ਹੈ ਕਿ ਕੜਕਨਾਥ ਚਿਕਨ ਵਿੱਚ ਕੁਝ ਅਜਿਹੇ ਹਾਰਮੋਨਜ਼ ਅਤੇ ਪਗਮੈਂਟ ਹੁੰਦੇ ਹਨ ਜੋ ਖੂਨ ਦੇ ਸੈੱਲਾਂ ਅਤੇ ਹੀਮੋਗਲੋਬਿਨ ਨੂੰ ਵਧਾਉਣ ਲਈ ਬਹੁਤ ਲਾਭਦਾਇਕ ਮੰਨੇ ਜਾਂਦੇ ਹਨ। ਇਹ ਕਾਲਾ ਮਾਸ ਪਲਮਨਰੀ ਸਮੱਸਿਆਵਾਂ ਜਿਵੇਂ ਕਿ ਟੀਬੀ, ਦਿਲ ਦੀਆਂ ਬਿਮਾਰੀਆਂ ਅਤੇ ਬੱਚਿਆਂ ਨੂੰ ਓਸਟੀਓਮੈਲਾਸੀਆ (ਹੱਡੀਆਂ ਦੇ ਨਰਮ ਹੋਣ ਦੀ ਹਾਲਤ) ਦੇ ਇਲਾਜ ਲਈ ਚੰਗਾ ਹੈ।
ਇਹ ਵੀ ਪੜ੍ਹੋ: ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਹ ਸੰਦ ਜ਼ਰੂਰ ਖਰੀਦੋ, ਇਨ੍ਹਾਂ ਤੋਂ ਬਿਨਾਂ ਨਹੀਂ ਚੱਲੇਗਾ ਕੰਮ!
ਕੜਕਨਾਥ ਦੇ ਅੰਡੇ:
ਕੜਕਨਾਥ ਦੇ ਅੰਡਿਆਂ ਨੂੰ ਸਿਰ ਦਰਦ, ਜਨਮ ਦੇਣ ਦੇ ਬਾਅਦ ਗੰਭੀਰ ਸਿਰ ਦਰਦ, ਬੇਹੋਸ਼ੀ, ਦਮਾ ਅਤੇ ਨੈਫਰਾਇਟਿਸ (ਗੁਰਦੇ ਦੀ ਗੰਭੀਰ ਸੋਜਸ਼) ਦੇ ਅਸਰਦਾਰ ਤਰੀਕੇ ਨਾਲ ਇਲਾਜ ਲਈ ਵਰਤਿਆ ਜਾ ਸਕਦਾ ਹੈ। ਕੜਕਨਾਥ ਦੇ ਅੰਡੇ ਬੁੱਢੇ ਲੋਕਾਂ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਪੀੜਤਾਂ ਲਈ ਵੀ ਇੱਕ ਸੰਪੂਰਨ ਭੋਜਨ ਹਨ, ਕਿਉਂਕਿ ਇੰਨ੍ਹਾ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਫ਼ਰੀ ਅਮੀਨੋ ਐਸਿਡ ਹੋਰ ਪੰਛੀਆਂ ਦੇ ਮੁਕਾਬਲੇ ਵੱਧ ਹੁੰਦੇ ਹਨ।
ਇਸ ਦੇ ਮਾਸ ਅਤੇ ਅੰਡੇ ਦੋਵਾਂ ਨੂੰ ਪ੍ਰੋਟੀਨ (ਮਾਸ ਵਿੱਚ 25.47%) ਅਤੇ ਆਇਰਨ ਦਾ ਇੱਕ ਭਰਭੂਰ ਸਰੋਤ ਮੰਨਿਆ ਜਾਂਦਾ ਹੈ। ਇਸ ਲਈ ਸਿੱਟਾ ਇਹ ਹੈ ਕਿ, ਕਾਲਾ ਚਿਕਨ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ। ਇਸ ਲਈ ਖਾਣੇ ਵਿੱਚ ਕਾਲੀ ਮੁਰਗੀ ਨੂੰ ਸ਼ਾਮਲ ਕਰਨਾ ਸਿਹਤਮੰਦ ਜ਼ਿੰਦਗੀ ਲਈ ਵਧੀਆ ਵਿਕਲਪ ਹੋ ਸਕਦਾ ਹੈ। ਅਜੋਕੇ ਸਮੇਂ ਵਿੱਚ 8-10 ਮੁਰਗੀਆਂ ਨਾਲ ਘਰ ਦੇ ਪਿਛਵਾੜੇ ਵਿੱਚ ਮੁਰਗੀ ਪਾਲਣ ਦੀ ਸ਼ੁਰੁਆਤ ਕੀਤੀ ਜਾ ਸਕਦੀ ਹੈ। ਇਹ ਸਸਤੀ ਖੁਰਾਕ ਮੁਹੱਇਆ ਕਰਵਾਉਣ ਦੇ ਨਾਲ ਨਾਲ ਪਰਿਵਾਰ ਦੀ ਖੁਰਾਕੀ ਪ੍ਰੋਟੀਨ ਦੀ ਲੋੜ ਵੀ ਪੂਰੀ ਕਰੇਗਾ। ਇਸ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕੇ.ਵੀ.ਕੇ. ਤੋਂ ਇਸ ਦੀ ਸਿਖਲਾਈ ਜ਼ਰੂਰ ਲਵੋ ਤਾਂ ਜੋ ਇਸ ਧੰਦੇ ਦਾ ਮੁਨਾਫ਼ਾ ਵਧਾਇਆ ਜਾ ਸਕੇ ਅਤੇ ਇਸਦੀ ਕਾਮਯਾਬੀ ਯਕੀਨੀ ਬਣਾਈ ਜਾ ਸਕੇ।
Summary in English: kadaknath, the world famous bird full of virtues, Know how this bird is beneficial for dairy farms?