ਹਰਾ ਚਾਰਾ ਦੁਧਾਰੂ ਪਸ਼ੂਆਂ ਲਈ ਖੁਰਾਕੀ ਤੱਤਾਂ ਦਾ ਪੌਸ਼ਟਿਕ ਅਤੇ ਸਸਤਾ ਜ਼ਰੀਆ ਹੈ।ਇਹ ਸੁਆਦਲਾ ਅਤੇ ਅਸਾਨੀ ਨਾਲ ਪਚਣਯੋਗ ਹੋਣ ਕਾਰਨ ਪਸ਼ੂਆਂ ਲਈ ਸਿਹਤਮੰਦ ਹੁੰਦਾ ਹੈ।
ਹਰੇ ਚਾਰੇ ਦੀ ਸਾਰਾ ਸਾਲ ਉਪਲਬਧਤਾ, ਵੰਡ/ਫੀਡ ਤੇ ਹੋਣ ਵਾਲਾ ਖਰਚਾ ਘਟਾਉਂਦੀ ਹੈ ਜਿਸ ਨਾਲ ਦੁੱਧ ਉਤਪਾਦਨ ਦੀ ਲਾਗਤ ਘਟਦੀ ਹੈ।ਚਾਰੇ ਦਾ ਅਚਾਰ/ਸਾਈਲੇਜ ਬਨਾਉਣ ਨਾਲ ਪਸ਼ੂਆਂ ਲਈ ਸਾਰਾ ਸਾਲ ਹਰੇ ਚਾਰੇ ਦੀ ਉਪਲਬਧਤਾ ਬਣੀ ਰਹਿੰਦੀ ਹੈ ਅਤੇ ਛੋਟੇ ਵੱਗ ਲਈ ਬੈਗ ਵਿੱਚ ਅਚਾਰ ਬਨਾਉਣਾ ਸੌਖਾ ਅਤੇ ਸੰਪੂਰਨ ਵਿਕਲਪ ਹੈ।
ਅਚਾਰ/ਸਾਈਲੇਜ ਕੀ ਹੈ?
ਇਹ ਹਰੇ ਚਾਰੇ ਤੋਂ ਤਿਆਰ ਕੀਤਾ ਅਚਾਰ/ ਉਤਪਾਦ ਹੈ ਜਿਸ ਨੂੰ ਹਵਾਬੰਦ/ਐਨਐਰੋਬਿਕ ਹਾਲਤ ਵਿੱਚ ਖਮੀਰੀਕਰਣ ਦੀ ਪ੍ਰਕਿਰਿਆ ਦੁਆਰਾ ਤਿਆਰ ਕੀਤਾ ਜਾਂਦਾ ਹੈ।ਚਾਰੇ ਦੀਆਂ ਫਸਲਾਂ ਜਿਹਨਾਂ ਵਿੱਚ ਨਿਸ਼ਾਸਤਾ ਜ਼ਿਆਦਾ ਅਤੇ ਪ੍ਰੋਟੀਨ ਘੱਟ ਮਾਤਰਾ ਵਿੱਚ ਹੁੰਦੀ ਹੈ, ਉਹਨਾਂ ਫਸਲਾਂ ਦਾ ਅਚਾਰ ਬਣਾ ਕੇ ਸਾਂਭਿਆ ਜਾ ਸਕਦਾ ਹੈ।ਚੰਗੇ ਅਚਾਰ ਦੀ PH (ਤੇਜ਼ਾਬੀਪਣ) 4.5 ਹੁੰਦੀ ਹੈ ਅਤੇ ਇਸ ਵਿੱਚ ਲੈਕਟਿਕ ਐਸਿਡ ਜ਼ਿਆਦਾ ਅਤੇ ਬਿਊਟੇਰਿਕ ਐਸਿਡ ਦਾ ਤੱਤ ਘੱਟ ਹੁੰਦਾ ਹੈ।।ਅਚਾਰ ਬਨਾਉਣ ਵੇਲੇ ਚਾਰੇ ਦੀ ਮੂਲ ਪੌਸ਼ਟਿਕਤਾ ਲਗਭਗ ਬਰਕਰਾਰ ਰਹਿੰਦੀ ਹੈ ਅਤੇ ਨਾਲ ਹੀ ਫਸਲਾਂ ਵਿਚਲੇ ਜ਼ਹਰੀਲੇ ਪਦਾਰਥ ਜਿਂਵੇ ਕਿ ਨਾਈਟ੍ਰੇਟ, ਆਕਸਲੇਟਸ ਅਤੇ ਪਰੁਸਿਕ ਐਸਿਡ ਦੀ ਮਾਤਰਾ ਵੀ ਘਟ ਜਾਂਦੀ ਹੈ।
ਅਚਾਰ ਬਨਾਉਣ ਦਾ ਸਿਧਾਂਤ
ਕੁਤਰੇ ਚਾਰੇ ਨੂੰ ਸਾਈਲੋ (ਬੈਗ) ਵਿੱਚ ਚੰਗੀ ਤਰਾਂ ਦੱਬ ਕੇ ਭਰਨ ਅਤੇ ਹਵਾਬੰਦ ਕਰਨ ਨਾਲ ਐਨਐਰੋਬਿਕ ਸਥਿਤੀ ਬਣਨੀ ਸ਼ੁਰੂ ਹੋ ਜਾਂਦੀ ਹੈ। ਅਚਾਰ ਵਿੱਚ ਦੋ ਤਰਾਂ ਦੇ ਤੇਜ਼ਾਬ, ਲੈਕਟਿਕ ਐਸਿਡ ਅਤੇ ਐਸੀਟਿਕ ਐਸਿਡ ਤਿਆਰ ਹੁੰਦੇ ਹਨ ਜੋ ਕਿ ਅਚਾਰ ਵਿੱਚ ਉੱਲੀ ਜਾਂ ਹੋਰ ਜੀਵਾਣੂਆਂ ਦੀ ਪੈਦਾਵਾਰ ਨੂੰ ਰੋਕਦੇ ਹਨ ਅਤੇ ਇਸਨੂੰ ਖਰਾਬ ਹੋਣ ਤੋਂ ਬਚਾਉਂਦੇ ਹਨ। ਇਹ ਐਸਿਡ/ਤੇਜ਼ਾਬ ਅਚਾਰ ਨੂੰ ਇਸਦੀ ਖਾਸ ਗੰਧ ਵੀ ਦਿੰਦੇ ਹਨ। ਸੀਲ ਕਰਨ ਤੋਂ ਬਾਅਦ ਅਚਾਰ ਲਗਭਗ 45 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ।
ਅਚਾਰ ਬਨਾਉਣ ਲਈ ਬੈਗ ਦੀ ਚੋਣ
ਸਹੀ ਕੁਆਲਟੀ ਦਾ ਅਚਾਰ ਬਨਾਉਣ ਲਈ ਪੌਲੀਪ੍ਰੋਪਾਇਲੀਨ ਦੇ ਬੈਗ ਉੱਤਮ ਰਹਿੰਦੇ ਹਨ।ਬਜ਼ਾਰ ਵਿੱਚ ਇਸ ਕਿਸਮ ਦੇ ਬੈਗ ਵੱਖ ਵੱਖ ਸਮਰੱਥਾ ਵਿੱਚ (1.0 ਅਤੇ 5.0 ਕੁਇੰਟਲ) ਉਪਲਬਧ ਹਨ।ਦੋਹਰੀ ਪਰਤ ਵਾਲੇ ਬੈਗ ਨਾ ਸਿਰਫ ਜ਼ਿਆਦਾ ਹੰਢਣਸਾਰ ਹੁੰਦੇ ਹਨ ਬਲਕਿ ਚਾਰੇ ਨੂੰ ਹਵਾਬੰਦ ਕਰਨ ਵਿੱਚ ਵੀ ਕਾਰਗਰ ਰਹਿੰਦੇ ਹਨ।ਇੱਕ ਕਿਊਬਿਕ ਮੀਟਰ ਸਾਈਜ਼ ਦੇ ਬੈਗ ਵਿੱਚ 5-6 ਕੁਇੰਟਲ ਚਾਰਾ ਭਰਿਆ ਜਾ ਸਕਦਾ ਹੈ।ਮਾਰਕੀਟ ਵਿਚ ਉਪਲਬਧ ਟਿਊਬ ਦੇ ਆਕਾਰ ਵਾਲੇ, ਜੋੜ ਰਹਿਤ ਪੌਲੀਥੀਨ ਅਤੇ ਵੱਖ ਵੱਖ ਸਾਈਜ਼ ਦੇ ਪਲਾਸਟਿਕ ਡਰੱਮ / ਬੈਰਲ ਵੀ ਅਚਾਰ ਬਨਾਉਣ ਲਈ ਵਰਤੇ ਜਾ ਸਕਦੇ ਹਨ।
ਬੈਗ ਵਿੱਚ ਅਚਾਰ ਬਨਾਉਣ ਦੀ ਵਿਧੀ
ਇਸ ਵਿਧੀ ਅਨੁਸਾਰ ਟੋਕਾ ਕੀਤੇ ਹਰੇ ਚਾਰੇ ਨੂੰ ਬੈਗਾਂ ਵਿੱਚ ਭਰ ਕੇ ਅਚਾਰ ਤਿਆਰ ਕੀਤਾ ਜਾਂਦਾ ਹੈ।ਹਰੇ ਚਾਰੇ ਨੂੰ ਉਪਯੁਕਤ ਅਵਸਥਾ (ਜਿਸ ਵਿੱਚ 30-35% ਸੁੱਕਾ ਮਾਦਾ ਹੋਵੇ) ਤੇ ਵੱਢਣ ਤੋਂ ਬਾਅਦ 5-8 ਸੈਂਟੀਮੀਟਰ ਲੰਬਾ ਕੁਤਰ ਕੇ ਬੈਗਾਂ ਵਿੱਚ ਭਰੋ।ਚਾਰਾ ਭਰਨ ਤੋਂ ਪਹਿਲਾਂ ਬੈਗ ਦੇ ਤਲ ਤੇ ਤੂੜੀ ਦੀ ਇੱਕ ਮੋਟੀ ਤਹਿ ਵਿਛਾਉਣੀ ਲਾਹੇਵੰਦ ਹੁੰਦੀ ਹੈ।ਬੈਗ ਵਿੱਚ ਹਰ ਇੱਕ ਫੁੱਟ ਚਾਰਾ ਭਰਨ ਤੋਂ ਬਾਅਦ, ਚਾਰੇ ਨੂੰ ਚੰਗੀ ਤਰਾਂ ਦਬਾਓ ਤਾਂ ਜੋ ਬੈਗ ਵਿੱਚ ਬਿਲਕੁਲ ਹਵਾ ਨਾ ਰਹੇ ਅਤੇ ਖਮੀਰੀਕਰਣ ਹੋ ਸਕੇ। ਬੈਗ ਭਰਨ ਉਪਰੰਤ, ਬੈਗ ਵਿੱਚ ਨੱਪੇ ਹੋਏ ਚਾਰੇ ਦੇ ੳੱਪਰ ਤੂੜੀ ਦੀ ਇੱਕ ਮੋਟੀ ਤਹਿ ਵਿਛਾਓ ਅਤੇ ਬੈਗ ਦਾ ਮੂੰਹ ਚੰਗੀ ਤਰਾਂ ਬੰਦ ਕਰ ਦਿਓ ਤਾਂ ਜੋ ਉਹ ਪੂਰੀ ਤਰਾਂ ਹਵਾਬੰਦ ਹੋ ਸਕੇ। ਇਸ ਤਰ੍ਹਾਂ ਤਿਆਰ ਕੀਤਾ ਅਚਾਰ ਬਿਨਾ ਖਰਾਬ ਹੋਏ, ਛੇ ਮਹੀਨੇ ਤੋਂ ਵੱਧ ਸਮੇਂ ਤੱਕ ਰੱਖਿਆ ਜਾ ਸਕਦਾ ਹੈ।
ਜ਼ਰੂਰੀ ਨੁਕਤੇ
1 ੳੱਤਮ ਕਿਸਮ ਦਾ ਅਚਾਰ ਬਨਾਉਣ ਲਈ ਗ਼ੈਰਫਲੀਦਾਰ ਚਾਰੇ ਜਿਂਵੇ ਕਿ ਮੱਕੀ, ਜੁਆਰ (ਚਰੀ੍), ਬਾਜਰਾ, ਦੋਗਲਾ ਨੇਪੀਅਰ ਬਾਜਰਾ,ਜਵੀ ਅਤੇ ਗਿੰਨੀ ਘਾਹ ਉਪਯੁਕਤ ਹਨ ਕਿਉਂਕਿ ਇਹਨਾਂ ਵਿੱਚ ਖਮੀਰੀਕਰਨ ਲਾਇਕ ਕਾਰਬੋਹਾਈਡ੍ਰੇਟ (ਨਿਸ਼ਾਸਤਾ) ਦੀ ਬਹੁਤਾਤ ਹੁੰਦੀ ਹੈ।ਇਸਦੇ ਵਿਪਰੀਤ ਫਲੀਦਾਰ ਚਾਰੇ ਜਿਂਵੇ ਕਿ ਬਰਸੀਮ, ਲੂਸਣ, ਗੁਆਰਾ ਆਦਿ ਵਿੱਚ ਖਮੀਰੀਕਰਨ ਲਾਇਕ ਕਾਰਬੋਹਾਈਡਰੇਟ ਘੱਟ ਹੋਣ ਕਾਰਨ ਇਹਨਾਂ ਤੋਂ ਸਿੱਧੇ ਤੌਰ ਤੇ ਅਚਾਰ ਬਣਾਉਣਾ ਸੰਭਵ ਨਹੀਂ ਹੁੰਦਾ।
2 ਅਚਾਰ ਬਨਾਉਣ ਲਈ ਚਾਰੇ ਨੂੰ ਸਹੀ ਅਵਸਥਾ ਤੇ ਕੱਟਣਾ ਜ਼ਰੂਰੀ ਹੈ। ਜੇਕਰ ਚਾਰੇ ਵਿੱਚ ਸਿੱਲ੍ਹ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਉਸਨੰ 1-2 ਦਿਨ ਤੱਕ ਧੁੱਪ ਲਵਾ ਲੈਣੀ ਚਾਹੀਦੀ ਹੈ।ਅਚਾਰ ਬਨਾਉਣ ਲਈ ਚਾਰਿਆਂ ਨੂੰ ਕੱਟਣ ਦੀ ਸਹੀ ਅਵਸਥਾ ਇਸ ਤਰ੍ਹਾਂ ਹੈ :
ਚਾਰਾ |
ਕੱਟਣ ਦੀ ਅਵਸਥਾ |
ਮੱਕੀ |
ਛੱਲੀਆਂ ਵਿੱਚ ਸੂਤ ਪੈਣ ਤੋਂ ਦੋਧੇ ਬਣਨ ਤੱਕ |
ਜੁਆਰ (ਚਰੀ੍) |
ਗੋਭ ਵਿੱਚ ਸਿੱਟੇ ਤੋਂ ਦੁੱਧ ਬਣਨ ਤੱਕ |
ਬਾਜਰਾ |
ਨਿਸਰਨ ਵੇਲੇ |
ਜਵੀ |
ਦੁੱਧ ਬਨਣ ਤੱਕ |
ਦੋਗਲਾ ਨੇਪੀਅਰ-ਬਾਜਰਾ ਅਤੇ ਗਿੰਨੀ ਘਾਹ ` |
ਇੱਕ ਮੀਟਰ ਉੱਚਾ ਹੋਣ ਤੇ |
1 ਬੈਗ ਵਿੱਚ ਚਾਰੇ ਦੀ ਭਰਾਈ ਤੋਂ ਬਾਅਦ ਬੈਗ ਦਾ ਮੂੰਹ ਤੁਰੰਤ ਬੰਦ ਕਰੋ।
2 ਪਛਾਣ ਲਈ ਬੈਗਾਂ ਤੇ ਗਿਣਤੀ ਅਤੇ ਭਰਨ ਦੀ ਮਿਤੀ ਲਿਖ ਦਿਓ।
3 ਬੈਗ ਪੱਕੀ ਥਾਂ ਤੇ ਅਤੇ ਪਸ਼ੂਆਂ ਦੇ ਵਾੜੇ ਦੇ ਨੇੜੇ ਸਟੋਰ ਕਰੋ।
4 ਬੈਗ ਨੂੰ ਬਾਕੀ ਫੀਡ ਤੋਂ ਦੂਰ ਰੱਖਣ ਨਾਲ ਪੰਛੀਆਂ ਅਤੇ ਚੂਹਿਆਂ ਤੋਂ ਬਚਾਅ ਹੋ ਸਕਦਾ ਹੈ।
5 ਬੈਗਾਂ ਦਾ ਨਿਰੰਤਰ ਮੁਆਇਨਾ ਕਰੋ ਅਤੇ ਜੇ ਕੋਈ ਛੇਕ ਹੋਣ ਤਾਂ ਉਹਨਾਂ ਨੂੰ ਤੁਰੰਤ ਸੁਧਾਰੋ ।
ਪਸ਼ੂਆਂ ਨੂੰ ਅਚਾਰ ਖੁਆਉਣਾ
ਕਈ ਵਾਰ ਸ਼ੁਰੂਆਤ ਵਿੱਚ ਪਸ਼ੂ ਇਸ ਦਾ ਸੁਆਦ ਪਸੰਦ ਨਹੀਂ ਕਰਦੇ ਇਸ ਲਈ ਪਹਿਲੇ 5-6 ਦਿਨ ਤੱਕ ਰੋਜ਼ਾਨਾ 5-10 ਕਿੱਲੋ ਅਚਾਰ ਚਾਰੇ ਵਿੱਚ ਰਲਾ ਕੇ ਦਿਓ । ਜਦ ਪਸ਼ੂ ਗਿੱਝ ਜਾਣ, ਫੇਰ ਰੋਜ਼ਾਨਾ 20-30 ਕਿੱਲੋ ਅਚਾਰ ਚਾਰੇ ਵਿੱਚ ਰਲਾ ਕੇ ਦਿੱਤਾ ਜਾ ਸਕਦਾ ਹੈ।
ਅਪਰਣਾ ਅਤੇ ਗੁਰਪ੍ਰੀਤ ਸਿੰਘ ਮੱਕੜ
ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ
ਇਹ ਵੀ ਪੜ੍ਹੋ :- ਕੜਕਨਾਥ ਦੀ ਆਰਥਿਕ, ਪੋਸ਼ਟਿਕ ਅਤੇ ਚਿਕਿਤਸਕ ਮਹੱਤਤਾ
Summary in English: Making fodder pickle in bags for small wags is an easy option