
ਸੂਤਕੀ ਬੁਖਾਰ ਦੇ ਮੁੱਖ ਕਾਰਨ, ਲੱਛਣ, ਇਲਾਜ ਅਤੇ ਰੋਕਥਾਮ
Dairy Animals: ਸੂਤਕੀ ਬੁਖਾਰ, ਜਿਸਨੂੰ ਮਿਲਕ ਫੀਵਰ ਵੀ ਕਿਹਾ ਜਾਂਦਾ ਹੈ, ਇੱਕ ਗੰਭੀਰ ਰੋਗ ਹੈ ਜੋ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਵਿੱਚ ਖਾਸ ਕਰਕੇ ਸੂਣ ਦੇ ਆਸ-ਪਾਸ ਦੇ ਸਮੇਂ ਵਿੱਚ ਪਾਇਆ ਜਾਂਦਾ ਹੈ। ਸੂਣ ਦੇ ਤੁਰੰਤ ਬਾਅਦ ਦੂੱਧ ਬਣਾਉਣ ਲਈ ਪਸ਼ੂ ਦੇ ਸਰੀਰ ਨੂੰ ਵੱਡੀ ਮਾਤਰਾ ਵਿੱਚ ਕੈਲਸ਼ੀਅਮ ਦੀ ਲੋੜ ਹੁੰਦੀ ਅਤੇ ਖੂਨ ਵਿਚ ਕੈਲਸ਼ੀਅਮ ਦੀ ਅਚਾਨਕ ਘਾਟ ਕਾਰਣ ਪਸ਼ੁ ਵਿਚ ਇਹ ਰੋਗ ਦੇਖਣ ਨੂੰ ਮਿਲ ਸਕਦਾ ਹੈ।
ਇਹ ਰੋਗ ਪਸ਼ੂ ਦੇ ਦੁੱਧ ਉਤਪਾਦਨ ਦੀ ਸਮਰਥਾ ਘਟਾ ਦਿੰਦਾ ਹੈ, ਇਲਾਜ ਦਾ ਖਰਚਾ ਵਧਾ ਦਿੰਦਾ ਹੈ ਅਤੇ ਗੰਭੀਰ ਮਾਮਲਿਆਂ ਵਿੱਚ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ।
ਸੂਤਕੀ ਬੁਖਾਰ ਦੇ ਮੁੱਖ ਕਾਰਨ
ਸੂਤਕੀ ਬੁਖਾਰ ਦਾ ਮੁੱਖ ਕਾਰਣ ਹਾਈਪੋਕੈਲਸੀਮੀਆ (Hypocalcemia) ਹੈ, ਜਿਸਦਾ ਅਰਥ ਹੈ ਕਿ ਖੂਨ ਵਿੱਚ ਕੈਲਸ਼ੀਅਮ ਦੀ ਮਾਤਰਾ ਦਾ ਘੱਟਣਾ। ਸੂਣ ਦੇ ਨੇੜੇ ਜਾਂ ਬਾਅਦ, ਬਾਉਲੀ (Colostrum) ਅਤੇ ਦੁੱਧ ਦੀ ਬਣਤਰ ਲਈ ਕੈਲਸ਼ੀਅਮ ਦੀ ਮੰਗ ਬਹੁਤ ਵੱਧ ਜਾਂਦੀ ਹੈ। ਜੇਕਰ ਪਸ਼ੂ ਦਾ ਸਰੀਰ ਹੱਡੀਆਂ ਤੋਂ ਕੈਲਸ਼ੀਅਮ ਇਕੱਠਾ ਕਰਨ ਜਾਂ ਖੁਰਾਕ ਤੋਂ ਕੈਲਸ਼ੀਅਮ ਜਜ਼ਬ ਕਰਨ ਵਿੱਚ ਅਸਮਰੱਥ ਹੁੰਦਾ ਹੈ, ਤਾਂ ਇਸਦੇ ਨਤੀਜੇ ਵਜੋਂ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਅਤੇ ਪਸ਼ੂ ਵਿਚ ਇਹ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਸੂਤਕੀ ਬੁਖਾਰ ਦੇ ਕਾਰਣ:
• ਦੁੱਧ ਦੇ ਉਤਪਾਦਨ ਦੀ ਅਚਾਨਕ ਸ਼ੁਰੂਆਤ: ਕਈ ਵਾਰ ਪਸ਼ੂ ਦਾ ਸਰੀਰ ਇੱਕਦਮ ਵਧੀਕ ਕੈਲਸ਼ੀਅਮ ਦੀ ਲੋੜ ਲਈ ਤਿਆਰ ਨਹੀਂ ਹੁੰਦਾ। ਜਦੋਂ ਦੁੱਧ ਦਾ ਉਤਪਾਦਨ ਅਚਾਨਕ ਸ਼ੁਰੂ ਹੋ ਜਾਏ ਅਤੇ ਪਸ਼ੂ ਦਾ ਸਰੀਰ ਕੈਲਸ਼ੀਅਮ ਦੀ ਮੰਗ ਦੇ ਅਨੁਸਾਰ ਢਲਿਆ ਨਾ ਹੋਏ ਤਾਂ ਸਰੀਰ ਵਿਚ ਕੈਲਸ਼ੀਅਮ ਦੀ ਘਾਟ ਆ ਸਕਦੀ ਹੈ।
• ਸੁਣ ਤੋਂ 1 ਮਹੀਨਾ ਪਹਿਲਾਂ ਕੈਲਸ਼ੀਅਮ ਦੇਣਾ: ਸੂਣ ਤੋਂ ਪਹਿਲਾਂ ਵਧੇਰੇ ਕੈਲਸ਼ੀਅਮ ਵਾਲਾ ਆਹਾਰ ਦੇਣ ਨਾਲ ਪਸ਼ੂ ਦੀ ਆਪਣੀ ਕੈਲਸ਼ੀਅਮ ਉਤਪਾਦਨ ਸਮਰਥਾ ਕਮਜ਼ੋਰ ਹੋ ਜਾਂਦੀ ਹੈ ਜਿਸ ਨਾਲ ਸੂਣ ਬਾਅਦ ਕੈਲਸ਼ੀਅਮ ਦੀ ਘਾਟ ਆ ਸਕਦੀ ਹੈ।
• ਨਸਲ ਅਤੇ ਉਮਰ: ਉੱਚ ਉਤਪਾਦਕ ਨਸਲ (ਜਿਵੇਂ ਜਰਸੀ, ਹੋਲਸਟਾਈਨ ਫ੍ਰੀਜ਼ੀਅਨ) ਅਤੇ ਵੱਧ ਉਮਰ ਵਾਲੀਆਂ ਗਾਂਆਂ ਨੂੰ ਜ਼ਿਆਦਾ ਖਤਰਾ ਹੁੰਦਾ ਹੈ।
• ਬਾਰ ਬਾਰ ਸੂਣ ਵਾਲੇ ਪਸ਼ੂ: ਤੀਜੇ ਜਾਂ ਚੌਥੇ ਸੂਏ ਵਿੱਚ ਖਤਰਾ ਵੱਧ ਜਾਂਦਾ ਹੈ।
• ਕਸਰਤ ਦੀ ਘਾਟ ਅਤੇ ਸੂਣ ਦੇ ਸਮੇਂ ਦਾ ਤਣਾਅ ਵੀ ਸੂਤਕੀ ਬੁਖਾਰ ਦਾ ਕਾਰਣ ਬਣ ਸਕਦੇ ਹਨ।
ਸੂਤਕੀ ਬੁਖਾਰ ਦੇ ਲੱਛਣ:
ਇਹ ਰੋਗ ਆਮ ਤੌਰ 'ਤੇ ਜਨਮ ਤੋਂ 24-72 ਘੰਟਿਆਂ ਵਿੱਚ ਉਤਪੰਨ ਹੁੰਦਾ ਹੈ। ਇਸ ਵਿਚ ਪਸ਼ੂ ਵਿਚ ਹੇਠ ਲਿਖੇ ਤਿੰਨ ਪੜਾਅ ਵੇਖਣ ਨੂੰ ਮਿਲ ਸਕਦੇ ਹਨ:
• ਪਹਿਲਾ ਪੜਾਅ (ਹਲਕੇ ਲੱਛਣ): ਭੁੱਖ ਘਟ ਜਾਂਦੀ ਹੈ, ਮਾਸਪੇਸ਼ੀਆਂ ਵਿਚ ਕੰਬਣੀ, ਬੇਚੈਨੀ, ਤਾਪਮਾਨ ਹੌਲੀ ਹੌਲੀ ਘਟਣ ਲਗ ਜਾਂਦਾ ਹੈ।
• ਦੂਜਾ ਪੜਾਅ (ਮੱਧਮ ਲੱਛਣ): ਪਸ਼ੂ ਖੜਾ ਨਹੀਂ ਹੋ ਸਕਦਾ, ਕੰਨ ਤੇ ਪੈਰ ਠੰਢੇ ਹੋ ਜਾਂਦੇ ਹਨ, ਮੂੰਹ ਸੁੱਕ ਜਾਂਦਾ ਹੈ, ਰੁਮਨ (ਮਹਿਦਾ) ਕੰਮ ਕਰਨਾ ਘਟ ਜਾਂਦਾ ਹੈ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ।
• ਤੀਜਾ ਪੜਾਅ (ਗੰਭੀਰ ਹਾਲਤ): ਪਸ਼ੂ ਆਪਣੇ ਪਾਸੇ ਸਿੱਧਾ ਲੇਟ ਜਾਂਦਾ ਹੈ, ਬੇਹੋਸ਼ ਹੋ ਜਾਂਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ।
ਇਹ ਵੀ ਪੜੋ: Animal Care Tips: ਬਰਸਾਤਾਂ ਦੇ ਮੌਸਮ ਦੌਰਾਨ ਪਸ਼ੂਆਂ ਦਾ ਰੱਖੋ ਖਾਸ ਧਿਆਨ, ਨੁਕਸਾਨ ਤੋਂ ਬਚਾਅ ਲਈ ਕਰੋ ਇਹ ਕੰਮ
ਕਿਸਾਨਾਂ 'ਤੇ ਆਰਥਿਕ ਪ੍ਰਭਾਵ
• ਦੁੱਧ ਦੀ ਪੈਦਾਵਾਰ ਵਿੱਚ ਕਮੀ ਆ ਸਕਦੀ ਹੈ।
• ਸੂਣ ਦੀ ਪ੍ਰਕਿਰਿਆ ਵਿੱਚ ਰੁਕਾਵਟ ਵੀ ਆ ਸਕਦੀ ਹੈ।
• ਮਾਸਟਾਈਟਿਸ ਜਾਂ ਬੱਚੇਦਾਨੀ ਵਿਚ ਲਾਗ ਵਰਗੀਆਂ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ।
• ਵੈਟਰੀਨਰੀ ਖਰਚਿਆਂ ਵਿੱਚ ਵਾਧਾ ਹੋ ਜਾਂਦਾ ਹੈ।
• ਆਉਣ ਵਾਲੇ ਸੂਅੇ ਵਿੱਚ ਰੋਗ ਦੇ ਦੁਬਾਰਾ ਹੋਣ ਦਾ ਸੰਭਾਵਨਾ ਵੱਧ ਜਾਂਦੀ ਹੈ।
ਇਲਾਜ
ਬਿਮਾਰੀ ਦੇ ਇਲਾਜ ਲਈ ਹੇਠ ਲਿਖੇ ਇਲਾਜ ਕੀਤੇ ਜਾਣੇ ਚਾਹੀਦੇ ਹਨ:
• ਤੁਰੰਤ ਵੈਟਰੀਨਰੀ ਸਹਾਇਤਾ ਲੈਣੀ ਚਾਹੀਦੀ ਹੈ।
• ਡਾਕਟਰ ਦੀ ਸਲਾਹ ਨਾਲ ਕੈਲਸ਼ੀਅਮ ਬੋਰੋਗਲੂਕੋਨੇਟ ਦੇਣਾ ਚਾਹੀਦਾ ਹੈ।
• ਦਿਲ ਦੀ ਧੜਕਣ ਅਤੇ ਸਾਹ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।
• ਪਸ਼ੂ ਨੂੰ ਗੱਦੇ ਵਾਲੀ ਥਾਂ 'ਤੇ ਲਿਟਾਉਣਾ ਚਾਹੀਦਾ ਹੈ।
• ਉੱਠਣ ਤੋਂ ਬਾਅਦ ਮੂੰਹ ਰਾਹੀਂ ਕੈਲਸ਼ੀਅਮ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ।
ਇਹ ਵੀ ਪੜੋ: How Birds Can Damage Crops: ਫ਼ਸਲਾਂ ਨੂੰ ਹਾਨੀਕਾਰਕ ਪੰਛੀਆਂ ਤੋਂ ਬਚਾਉਣ ਅਤੇ Income Double ਕਰਨ ਦੇ ਤਰੀਕੇ
ਰੋਕਥਾਮ
ਬਿਮਾਰੀ ਦੀ ਰੋਕਥਾਮ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:
1. ਆਹਾਰ ਦਾ ਪ੍ਰਬੰਧਨ
• ਸੂਣ ਤੋਂ ਪਹਿਲਾਂ ਘੱਟ ਕੈਲਸ਼ੀਅਮ ਵਾਲਾ ਚਾਰਾ ਦੇਣਾ ਚਾਹੀਦਾ ਹੈ।
• ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਦਾ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ।
2. ਕੈਲਸ਼ੀਅਮ ਦੀ ਸਹੀ ਮਾਤਰਾ ਦੇਣਾ
• ਉੱਚ ਦੁੱਧ ਉਤਪਾਦਨ ਵਾਲੇ ਪਸ਼ੂਆਂ ਨੂੰ ਸੂਣ ਸਮੇਂ/ਤੁਰੰਤ ਬਾਅਦ ਕੈਲਸ਼ੀਅਮ ਦੇਣਾ ਚਾਹੀਦਾ ਹੈ।
3. ਤਣਾਅ ਤੋਂ ਰਹਿਤ ਵਾਤਾਵਰਨ
• ਪਸ਼ੂ ਨੂੰ ਸਾਫ ਸੁਥਰੀ ਅਤੇ ਆਰਾਮਦਾਇਕ ਜਗ੍ਹਾ ਦੇਣੀ ਚਾਹੀਦੀ ਹੈ।
• ਖੁਰਾਕ ਜਾਂ ਰਹਿਣ ਦੀ ਥਾਂ ਵਿੱਚ ਇੱਕਦਮ ਬਦਲਾਅ ਨਹੀਂ ਕਰਨਾ ਚਾਹੀਦਾ।
4. ਰਿਕਾਰਡ ਰੱਖਣਾ
• ਪਸ਼ੂਆਂ ਦਾ ਰਿਕਾਰਡ ਰੱਖਣਾ ਚਾਹੀਦਾ ਹੈ ਜਿਸ ਨਾਲ ਉੱਚ-ਜੋਖਮ ਵਾਲੇ ਪਸ਼ੂਆਂ ਦੀ ਸਮੇਂ ਸਿਰ ਨਿਯਮਤ ਜਾਂਚ ਕਰਕੇ ਉਹਨਾ ਦਾ ਬਚਾਅ ਕੀਤਾ ਜਾ ਸਕੇ।
• ਸੂਣ ਸਮੇਂ ਉੱਚ-ਜੋਖਮ ਵਾਲੇ ਪਸ਼ੂਆਂ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।
ਸਿੱਟਾ
ਸੂਤਕੀ ਬੁਖਾਰ ਜਾਂ ਮਿਲਕ ਫੀਵਰ ਇੱਕ ਗੰਭੀਰ ਪਰ ਰੋਕਥਾਮਯੋਗ ਰੋਗ ਹੈ। ਸਹੀ ਸਮੇਂ 'ਤੇ ਪਛਾਣ, ਆਹਾਰ ਦਾ ਸੰਤੁਲਨ ਅਤੇ ਚੰਗਾ ਪ੍ਰਬੰਧ ਕਿਸਾਨਾਂ ਨੂੰ ਆਪਣੇ ਪਸ਼ੂਆਂ ਨੂੰ ਇਸ ਰੋਗ ਤੋਂ ਬਚਾਉਣ ਵਿੱਚ ਸਹਾਇਕ ਹੋ ਸਕਦੇ ਹਨ। ਇਸ ਰੋਗ ਦੀ ਰੋਕਥਾਮ ਨਾ ਸਿਰਫ ਪਸ਼ੂ ਦੀ ਸਿਹਤ ਨੂੰ ਬਚਾਉਂਦੀ ਹੈ, ਸਗੋਂ ਦੁੱਧ ਉਤਪਾਦਨ ਅਤੇ ਆਮਦਨ ਵਿੱਚ ਵੀ ਵਾਧਾ ਕਰਦੀ ਹੈ।
ਸਰੋਤ: ਗੁਰੰਸ਼ਪ੍ਰੀਤ ਸਿੰਘ ਸੇਠੀ, ਕੰਵਰਪਾਲ ਸਿੰਘ ਢਿਲੋਂ, ਅਜੇ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ ਸਾਹਿਬ
Summary in English: Milk Fever in dairy animals, know causes and prevention