ਪਸ਼ੂਆਂ ਵਿੱਚ ਵੱਧ ਤਾਪਮਾਨ ਦੀ ਬਿਮਾਰੀ ਪੰਜਾਬ ਵਿੱਚ ਇਕ ਆਮ ਪਾਈ ਜਾਣ ਵਾਲੀ ਸਮੱਸਿਆ ਹੈ। ਇਹ ਬਿਮਾਰੀ ਮੁੱਖ ਰੂਪ ਵਿੱਚ ਦੋਗਲੀ ਤੇ ਵਿਦੇਸ਼ੀ ਨਸਲ ਦੇ ਜਾਨਵਰਾਂ ਵਿੱਚ ਜ਼ਿਆਦਾ ਹੁੰਦੀ ਹੈ, ਪਰ ਦੇਸੀ ਗਾਂਵਾਂ ਤੇ ਮੱਝਾਂ ਵਿੱਚ ਵੀ ਵੇਖੀ ਗਈ ਹੈ। ਇਸ ਦਾ ਮੁੱਖ ਕਾਰਣ ਵਾਯੂਮੰਡਲ ਵਿੱਚ ਉੱਚ ਤਪਾਮਾਨ ਹੈ। ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਮੈਡੀਸਨ ਵਿਭਾਗ ਦੇ ਮੁਖੀ, ਡਾ. ਚਰਨਜੀਤ ਸਿੰਘ ਨੇ ਦਿੰਦਿਆਂ ਕਿਹਾ ਕਿ ਅੱਜਕੱਲ ਵਰਗੇ ਮੌਸਮ ਵਿੱਚ ਗਰਮੀ ਦਾ ਦਬਾਅ ਵੱਧ ਜਾਂਦਾ ਹੈ ਤੇ ਪਸ਼ੂ ਦੇ ਸਰੀਰ ਦਾ ਤਾਪਮਾਨ ਸੰਤੁਲਿਤ ਕਰਨ ਦੀ ਸਮਰੱਥਾ ਸੁਚਾਰੂ ਤਰੀਕੇ ਨਾਲ ਕੰਮ ਨਹੀਂ ਕਰਦੀ।
ਜਿਸ ਨਾਲ ਪਸ਼ੂਆਂ ਵਿੱਚ ਵੱਧ ਤਾਪਮਾਨ ਦੀ ਸ਼ਿਕਾਇਤ ਹੰਦੀ ਹੈ। ਪਸ਼ੂ ਦਾ ਧੌਂਸਾ (ਤੇਜ਼ੀ ਨਾਲ ਸਾਹ ਲੈਣਾ) ਵੱਜਣ ਲੱਗ ਪੈਂਦਾ ਹੈ। ਜਿਸ ਨਾਲ ਪਾਚਣ ਸਮਰੱਥਾ ’ਤੇ ਅਸਰ ਆਉਂਦਾ ਹੈ ਤੇ ਪਸ਼ੂ ਭਾਰੀ ਮਾਤਰਾ ਵਿੱਚ ਦੁੱਧ ਘਟਾ ਜਾਂਦਾ ਹੈ। ਆਮ ਤੌਰ ’ਤੇ ਦੁਪਹਿਰ ਅਤੇ ਸ਼ਾਮ ਨੂੰ ਪਸ਼ੂ ਦਾ ਤਾਪਮਾਨ ਵਧੇਰੇ ਹੁੰਦਾ ਹੈ ਜਦਕਿ ਰਾਤ ਨੂੰ ਅਤੇ ਤੜਕੇ ਇਹ ਠੀਕ ਰਹਿੰਦਾ ਹੈ। ਪਸ਼ੂ ਦੀ ਅਜਿਹੀ ਹਾਲਤ ਮੂੰਹ-ਖੁਰ ਦੀ ਬਿਮਾਰੀ ਤੋਂ ਬਾਅਦ ਵੀ ਹੋ ਜਾਂਦੀ ਹੈ। ਪਸ਼ੂ ਨੂੰ ਇਸ ਤਰ੍ਹਾਂ ਦਾ ਬੁਖਾਰ ਚਿੱਚੜਾਂ ਆਦਿ ਤੋਂ ਹੋਣ ਵਾਲੇ ਬੁਖਾਰ ਨਾਲੋਂ ਵੱਖਰੀ ਕਿਸਮ ਦਾ ਹੁੰਦਾ ਹੈ, ਜਿਸ ਦੀ ਜਾਂਚ ਵੈਟਨਰੀ ਡਾਕਟਰ ਕੋਲੋਂ ਕਰਵਾਉਣੀ ਜ਼ਰੂਰੀ ਹੈ। ਅਜਿਹੀ ਹਾਲਤ ਵਿੱਚ ਪਸ਼ੂ ਨੂੰ ਆਮ ਵਿਹਾਰ ਵਿੱਚ ਦਿੱਤੇ ਜਾਣ ਵਾਲੇ ਐਂਟੀਬਾਇਟਿਕ ਤੇ ਬੁਖ਼ਾਰ ਘਟਾਉਣ ਵਾਲੀਆਂ ਦਵਾਈਆਂ ਦਾ ਵੀ ਅਸਰ ਨਹੀਂ ਹੁੰਦਾ। ਇਹ ਬਿਮਾਰੀ ਮੁੱਖ ਤੌਰ ਤੇ ਮਈ ਤੋਂ ਸਤੰਬਰ ਮਹੀਨਿਆਂ ਦੌਰਾਨ ਪਾਈ ਜਾਂਦੀ ਹੈ ਪਰ ਬਰਸਾਤਾਂ ਦੇ ਹੁੰਮਸ ਵਾਲੇ ਮੌਸਮ ਵਿਚ ਇਸ ਦੀ ਗੰਭੀਰਤਾ ਹੋਰ ਵਧ ਜਾਂਦੀ ਹੈ।
ਡਾ. ਚਰਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਅਧਿਐਨ ਅਤੇ ਖੋਜ ਤੋਂ ਬਾਅਦ ਇਹ ਤੱਤ ਕੱਢੇ ਗਏ ਹਨ ਕਿ ਆਇਓਡਾਈਜ਼ਡ ਤੇਲ ਦਾ 5 ਮਿ.ਲੀ. ਟੀਕਾ ਜਿਸ ਵਿੱਚ ਕਿ 750 ਮਿ. ਗ੍ਰਾਮ ਐਲੀਮੈਂਟਲ ਆਇਓਡੀਨ ਦੀ ਮਿਕਦਾਰ ਹੋਵੇ, ਉਹ ਲਗਾਤਾਰ ਤਿੰਨ ਦਿਨ ਲਗਾਉਣ ਨਾਲ ਇਹ ਬਿਮਾਰੀ ਠੀਕ ਹੋ ਜਾਂਦੀ ਹੈ। ਇਸ ਨਾਲ 95 ਪ੍ਰਤੀਸ਼ਤ ਤੋਂ ਵਧੇਰੇ ਪਸ਼ੂ ਤੰਦਰੁਸਤ ਹੋ ਜਾਂਦੇ ਹਨ ਤੇ ਫਿਰ ਦੋ ਮਹੀਨੇ ਤੱਕ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ। ਇਸ ਇਲਾਜ ਨਾਲ ਪਸ਼ੂ ਦੇ ਦਿਮਾਗ ਵਿੱਚ ਤਾਪਮਾਨ ਨਿਯੰਤਰਿਤ ਕਰਨ ਵਾਲਾ ਕੇਂਦਰ ਠੀਕ ਹੁੰਦਾ ਹੈ ਤੇ ਪਸ਼ੂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂ ਨੂੰ ਦਿਨ ਵਿਚ ਤਿੰਨ-ਚਾਰ ਵਾਰ ਨਹਾਉਣਾ ਚਾਹੀਦਾ ਹੈ ਅਤੇ ਪੀਣ ਵਾਲਾ ਸਾਫ ਸੁਥਰਾ ਤੇ ਠੰਡਾ ਪਾਣੀ ਹਰ ਵੇਲੇ ਉਸ ਦੀ ਪਹੁੰਚ ਵਿਚ ਰੱਖਣਾ ਚਾਹੀਦਾ ਹੈ।
ਪਸ਼ੂ ਪਾਲਕ ਅਜਿਹੀ ਹਾਲਤ ਵਿਚ ਪਸ਼ੂ ਦੇ ਖੂਨ ਦਾ ਨਮੂਨਾ ਲਿਆ ਕੇ ਵੈਟਨਰੀ ਯੂਨੀਵਰਸਿਟੀ ਦੇ ਹਸਪਤਾਲ ਵਿਚ ਜਾਂਚ ਕਰਵਾ ਸਕਦੇ ਹਨ। ਘਰੇਲੂ ਓਹੜ-ਪੋਹੜ ਤੋਂ ਪਸ਼ੂ ਪਾਲਕਾਂ ਨੂੰ ਬਚਣਾ ਚਾਹੀਦਾ ਹੈ ਅਤੇ ਮਾਹਿਰ ਵੈਟਨਰੀ ਡਾਕਟਰ ਦੀ ਸਲਾਹ ਹੀ ਲੈਣੀ ਚਾਹੀਦੀ ਹੈ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Protect animals from high temperature disease in hot weather - Veterinarian