Cow Breed: ਅੱਜ ਪੂਰੇ ਦੇਸ਼ ਵਿੱਚ ਦੇਸੀ ਗਾਵਾਂ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਚੱਲ ਰਹੀ ਹੈ, ਜੋ ਕਿ ਸੁਭਾਵਿਕ ਵੀ ਹੈ ਅਤੇ ਨਾਲ-ਨਾਲ ਸਮੇਂ ਦੀ ਲੋੜ ਵੀ ਹੈ। ਵਿਦੇਸ਼ੀ ਨਸਲ ਦੇ ਦੁੱਧ ਦੇਣ ਦੀ ਵਧੇਰੇ ਸਮਰੱਥਾ ਕਾਰਨ ਅੱਜ ਅਸੀਂ ਅਨਾਜ ਵਾਂਗ ਦੁੱਧ ਵਿੱਚ ਵੀ ਆਤਮਨਿਰਭਰ ਹੋ ਗਏ ਹਾਂ, ਪਰ ਉਸ ਨਾਲ ਕਈ ਅਲ੍ਹਾਮਤਾਂ ਖੜ੍ਹੀਆਂ ਹੋਈਆਂ ਹਨ, ਜਿਵੇਂ ਕਿ: ਵਿਦੇਸ਼ੀ ਨਸਲ ਦਾ ਗਰਮੀ ਅਤੇ ਨਮੀ ਨੂੰ ਸਹਾਰਨ ਦੇ ਅਸਮਰੱਥ ਹੋਣਾ, ਬਿਮਾਰੀਆਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਘੱਟ ਹੋਣਾ, ਰੱਖ-ਰਖਾਓ ਅਤੇ ਦਵਾਈਆਂ ਦਾ ਖਰਚਾ ਵੱਧ ਹੋਣਾ, ਵਿਦੇਸ਼ੀ ਨਸਲ ਦੇ ਵੱਛਿਆਂ ਦਾ ਕਿਸੇ ਕੰਮ ਨਾ ਆਉਣਾ ਅਤੇ ਦੁੱਧ ਵਿੱਚ ਠੋਸ ਤੱਤਾਂ ਦੀ ਘਾਟ ਹੋਣਾ ਇਹ ਕੁੱਝ ਕੁ ਅਜਿਹੇ ਕਾਰਨ ਹਨ ਜਿਨ੍ਹਾਂ ਨੇ ਸਾਨੂੰ ਡੇਅਰੀ ਦੇ ਧੰਦੇ ਵਿੱਚ ਬਦਲਾਵ ਲਿਆਉਣ ਦੀ ਲੋੜ ਮਹਿਸੂਸ ਕਰਵਾ ਦਿੱਤੀ ਹੈ।
ਜੇ ਗੱਲ ਕਰੀਏ ਭਾਰਤ ਦੀਆਂ ਦੇਸੀ ਗਾਂਵਾਂ ਬਾਰੇ ਤਾਂ ਸਾਹੀਵਾਲ ਨਸਲ ਦੀ ਗਾਂ ਦੁੱਧ ਉਤਪਾਦਨ ਲਈ ਜ਼ਿਆਦਾ ਵਰਤੀ ਜਾਂਦੀ ਹੈ। ਇਹ ਸਭ ਤੋਂ ਵੱਧ ਦੁੱਧ ਦੇਣ ਵਾਲੀ ਭਾਰਤੀ ਦੇਸੀ ਨਸਲ ਦੀ ਗਾਂ ਹੈ। ਇਸ ਉੱਤੇ ਪਰਜੀਵਾਂ ਅਤੇ ਗਰਮੀ ਦਾ ਅਸਰ ਘੱਟ ਹੁੰਦਾ ਹੈ। ਇਸ ਵਿੱਚ ਰਾਸ਼ਨ ਨੂੰ ਦੁੱਧ ਵਿੱਚ ਬਦਲਣ ਦੀ ਸ਼ਕਤੀ ਦੂਜੀਆਂ ਨਸਲਾਂ ਨਾਲੋਂ ਜਿਆਦਾ ਹੁੰਦੀ ਹੈ, ਇਹ ਘੱਟ ਖਾ ਕੇ ਵੱਧ ਦੁੱਧ ਦਿੰਦੀ ਹੈ, ਇਸ ਗਾਂ ਲਈ ਪੱਖੇ-ਫੁਹਾਰੇ ਲਗਾਉਣ ਦੀ ਲੋੜ ਨਹੀਂ ਪੈਂਦੀ, ਇਸੇ ਲਈ ਛੋਟੇ ਅਤੇ ਦਰਮਿਆਨੇ ਕਿਸਾਨ ਇਸ ਨੂੰ ਬਹੁਤ ਅਸਾਨੀ ਨਾਲ ਸਾਂਭ ਲੈਂਦੇ ਹਨ। ਕੁੱਲ ਮਿਲਾ ਕੇ ਇਹ ਪੰਜਾਬ ਦੇ ਵਾਤਾਵਰਨ ਦੇ ਬਹੁਤ ਹੀ ਅਨੁਕੂਲ ਹੈ। ਇਸ ਨੂੰ ਕਦੇ ਵੀ ਅਫਾਰਾ ਜਾਂ ਬੱਚਾ ਫਸਣ ਵਰਗੀ ਅਲ੍ਹਾਮਤ ਨੇ ਨਹੀਂ ਘੇਰਿਆ। ਮੂੰਹ-ਖੁਰ ਅਤੇ ਮੈਸਟਾਈਟਸ (ਥਨੇਲਾ) ਦੀ ਬਿਮਾਰੀ ਜੋ ਵਿਦੇਸ਼ੀ ਗਾਵਾਂ ਉੱਤੇ ਖਰਚੇ ਦਾ ਮੁੱਖ ਕਾਰਨ ਹਨ, ਦਾ ਸਾਹੀਵਾਲ ਨਸਲ ਵਿੱਚ ਨਾਮੋ ਨਿਸ਼ਾਨ ਨਹੀਂ ਹੁੰਦਾ।
ਸਾਹੀਵਾਲ ਗਾਂ ਦਾ ਲਾਖਾ ਲਾਲ ਰੰਗ ਜਿਸ ਵਿੱਚ ਗੂੜੇ ਤੋਂ ਫਿੱਕੇ ਭੂਰੇ ਰੰਗ ਦੀ ਭਾਅ ਮਾਰਦੀ ਹੈ, ਇਸ ਦੀ ਨਸਲ ਵਿਸ਼ੇਸ਼ਤਾ ਹੈ। ਮੋਟੀਆਂ ਤੇ ਚੌੜੀਆਂ ਅੱਖਾਂ, ਛੋਟੇ ਅਤੇ ਲਚਕੀਲੇ ਸਿੰਗ, ਵੱਡੀ ਢੁੱਡ, ਧਰਤੀ ਨੂੰ ਛੂੰਹਦੀ ਕਾਲੇ ਗੁੱਛੇ ਵਾਲੀ ਪੂਛ, ਮਜਬੂਤੀ ਨਾਲ ਸ਼ਰੀਰ ਨਾਲ ਜੁੜਿਆ ਬਾਟੇ ਵਰਗਾ ਹਵਾਨਾ, ਵੱਡੇ ਥਣ ਅਤੇ ਲੰਮੀ ਤੇ ਭਾਰੀ ਗੱਲ ਤੋਂ ਅਗਲੀਆਂ ਲੱਤਾਂ ਤੱਕ ਜਾਂਦੀ ਝਾਲ੍ਹਰ ਇਸ ਦੀ ਖੂਬਸੂਰਤੀ ਨੂੰ ਚਾਰ ਚੰਦ ਲਾਉਂਦੇ ਹਨ। ਇਸ ਦੇ ਕੰਨ ਦਰਮਿਆਨ ਅੱਧ ਲਮਕੀ ਹਾਲਤ ਵਿੱਚ ਹੁੰਦੇ ਹਨ।
ਇਸ ਨਸਲ ਦੇ ਸਾਨ੍ਹਾਂ ਦੀ ਢੁੱਡ ਬਹੁਤ ਵੱਡੀ ਅਤੇ ਇੱਕ ਪਾਸੇ ਨੂੰ ਝੁਕੀ ਹੁੰਦੀ ਹੈ। ਮਾਹਿਰਾਂ ਅਨੁਸਾਰ ਇਹ ਢੁੱਡ ਹੀ ਇਸ ਨਸਲ ਦੀ ਮੁੱਖ ਖ਼ੂਬੀ ਹੈ, ਕਿਉਂਕਿ ਇਹ ਸੂਰਜ ਦੀਆਂ ਕਿਰਨਾਂ ਨੂੰ ਜਜਬ ਕਰਕੇ ਮਿੱਠਾ “ਮਿਸ਼ਰੀ” ਵਰਗਾ ਦੁੱਧ ਜੋ ਕਿ ਕਈ ਬਿਮਾਰੀਆਂ ਦਾ ਟਾਕਰਾ ਕਰਦਾ ਹੈ, ਪੈਦਾ ਕਰਦੀ ਹੈ। ਵੇਖਣ ਨੂੰ ਭਾਵੇਂ ਇਹ ਸੁਸਤ ਲਗਦੀ ਹੈ ਪਰ ਨਿਮਰਤਾ, ਦਇਆ ਅਤੇ ਮਾਲਕ ਦੀ ਭਗਤੀ ਇਸ ਨੂੰ ਦੂਜੀਆਂ ਨਸਲਾਂ ਨਾਲੋਂ ਅਲੱਗ ਕਰਦੇ ਹਨ।
ਇਹ ਵੀ ਪੜ੍ਹੋ : Dangi Cow ਦਿੰਦੀ ਹੈ 800 ਲੀਟਰ ਦੁੱਧ, ਜਾਣੋ ਇਸਦੀ ਪਛਾਣ ਕਰਨ ਦਾ ਤਰੀਕਾ
ਭਾਵੇਂ ਭਾਰਤ ਦੀਆਂ ਦੇਸੀ ਗਾਂਵਾਂ ਦੇ ਦੁੱਧ ਦੀ ਪੈਦਾਵਾਰ ਵਿਦੇਸ਼ੀ ਗਾਵਾਂ ਨਾਲੋਂ ਘੱਟ ਹੈ, ਪਰ ਦੇਸੀ ਗਾਂਵਾਂ ਦੇ ਦੁੱਧ ਉਤਪਾਦਨ ਗੁਣਾਂ ਨੂੰ ਨਹੀਂ ਦੇਖਿਆ ਜਾ ਰਿਹਾ। ਜੇ ਅਸੀਂ ਇਹਨਾਂ ਗੁਣਾਂ ਨੂੰ ਬਰੀਕੀ ਨਾਲ ਜਾਂਚੀਏ ਤਾਂ ਸਾਨੂੰ ਬਜ਼ਾਰ ਵਿੱਚ ਥੋੜੇ ਦੁੱਧ ਦਾ ਹੀ ਮੁੱਲ ਜ਼ਿਆਦਾ ਮਿਲ ਸਕਦਾ ਹੈ। ਸਾਹੀਵਾਲ ਗਾਂ ਦੇ ਦੁੱਧ ਉਤਪਾਦਨ ਗੁਣ ਜਿਵੇਂ ਕਿ: ਦੁੱਧ ਦੀ ਪੈਦਾਵਾਰ ਉੱਤੇ ਸੂਏ ਦਾ ਪ੍ਰਭਾਵ, ਇੱਕ ਸੂਏ ਵਿੱਚ ਕੁੱਲ ਦੁੱਧ, ਦੁੱਧ ਦੇਣ ਦਾ ਕੁੱਲ ਸਮਾਂ, ਡਰਾਈ ਪੀਰੀਅਡ, ਫੈਟ ਅਤੇ ਐਸ.ਐਨ.ਐਫ ਆਦਿ ਬਹੁਤ ਹੀ ਮਹੱਤਵਪੂਰਣ ਸਥਾਨ ਰੱਖਦੇ ਹਨ। ਇਹ ਗੁਣ ਡੇਅਰੀ ਫਾਰਮ ਤੇ ਹੋਣ ਵਾਲੇ ਫਾਇਦੇ ਤੇ ਨੁਕਸਾਨਾਂ ਨੂੰ ਅਸਲ ਰੂਪ ਵਿੱਚ ਦਰਸਾਉਂਦੇ ਹਨ।
ਸਾਹੀਵਾਲ ਗਾਂ ਦੇ ਦੁੱਧ ਉਤਪਾਦਨ ਗੁਣ ਹੇਠ ਪ੍ਰਕਾਰ ਹੁੰਦੇ ਹਨ:-
1. ਦੁੱਧ ਦੀ ਪੈਦਾਵਾਰ ਉੱਤੇ ਸੂਏ ਦਾ ਪ੍ਰਭਾਵ: ਸਾਹੀਵਾਲ ਗਾਂਵਾਂ ਵਿਦੇਸ਼ੀ ਗਾਂਵਾਂ ਨਾਲੋਂ ਦੇਰ ਨਾਲ ਜਵਾਨੀ ਵਿੱਚ ਆਉਂਦੀਆਂ ਹਨ, ਜਿਸ ਕਰਕੇ ਇਹ ਆਪਣਾ ਪਹਿਲਾ ਹੇਹਾ ਤਕਰੀਬਨ 2 ਤੋਂ 2.5 ਸਾਲ ਦੀ ਉਮਰ ਵਿੱਚ ਦਿਖਾਉਂਦੀਆਂ ਹਨ। ਪਹਿਲੇ ਹੇਹੇ ਦੌਰਾਨ, ਇਹਨਾਂ ਦਾ ਔਸਤਨ ਭਾਰ 250-300 ਕਿੱਲੋ ਹੋਣਾ ਚਾਹੀਦਾ ਹੈ।
ਆਸ ਕਰਵਾਉਣ ਤੋਂ ਬਾਅਦ ਇਹ ਗਾਵਾਂ ਆਪਣਾ ਪਹਿਲਾ ਸੁਆ 3 ਤੋਂ 3.5 ਸਾਲ ਦੀ ਉਮਰ ਵਿੱਚ ਦਿੰਦੀਆਂ ਹਨ। ਇਸ ਦੇ ਮੁਕਾਬਲੇ ਭਾਵੇਂ ਵਿਦੇਸ਼ੀ ਗਾਂ ਪਹਿਲਾ ਸੁਆ 2.5 ਸਾਲ ਦੀ ਉਮਰ ਵਿੱਚ ਦਿੰਦੀ ਹੈ, ਪਰ ਸਾਹੀਵਾਲ ਗਾਂ ਆਪਣੀ ਪੂਰੀ ਉਮਰ ਵਿੱਚ ਵਿਦੇਸ਼ੀ ਗਾਂ ਤੋਂ ਵੱਧ ਸੂਏ ਦੇਣ ਦੀ ਸਮਰੱਥਾ ਰੱਖਦੀ ਹੈ। ਵੱਧ ਸੂਏ ਦੇਣ ਕਰਕੇ ਸਾਹੀਵਾਲ ਗਾਂ ਦੇ ਦੁੱਧ ਦੀ ਪੈਦਾਵਰ ਤੇ ਕੋਈ ਅਸਰ ਨਹੀਂ ਪੈਂਦਾ।
ਇਹ ਵੀ ਪੜ੍ਹੋ : ਸਰਦੀਆਂ ਵਿੱਚ Dairy Animals ਦੀ ਸਿਹਤ ਸੰਭਾਲ
2. ਇੱਕ ਸੂਏ ਵਿੱਚ ਕੁੱਲ ਦੁੱਧ: ਸਾਹੀਵਾਲ ਗਾਂਵਾਂ ਸੁਣ ਤੋਂ 35 ਦਿਨਾਂ ਬਾਅਦ ਦੁੱਧ ਪੂਰਾ ਕਰ ਲੈਂਦੀਆਂ ਹਨ ਅਤੇ ਇਹ ਲੱਗਭਗ ਇੱਕ ਦਿਨ ਵਿੱਚ 11-12 ਕਿੱਲੋ ਦੁੱਧ ਦਿੰਦਿਆਂ ਹਨ। ਪੂਰੇ ਇੱਕ ਸੂਏ ਵਿੱਚ ਇਹ ਗਾਂ 2200 ਤੋਂ 2300 ਕਿੱਲੋ ਦੁੱਧ ਦਿੰਦੀ ਹੈ। ਜਿਸ ਵਿਚੋਂ 305 ਦਿਨ ਦਾ ਦੁੱਧ 2,150 ਕਿੱਲੋ ਰਿਕਾਰਡ ਕੀਤਾ ਗਿਆ ਹੈ। ਦੁੱਧ ਦੀ ਕੁੱਲ ਪੈਦਾਵਾਰ ਮੌਸਮ ਦੀ ਤਬਦੀਲੀ, ਤਾਪਮਾਨ, ਹਰੇ ਚਾਰੇ ਦੀ ਉਪਲੱਬਧਤਾ, ਉਮਰ, ਪਸ਼ੂਆਂ ਦੀ ਸਿਹਤ ਆਦਿ ਉੱਪਰ ਨਿਰਭਰ ਕਰਦੀ ਹੈ।
ਇਸ ਦੇ ਨਾਲ-ਨਾਲ ਦੁੱਧ ਦੀ ਨਿਰੰਤਰਤਾ ਵੀ ਦੁੱਧ ਦੀ ਪੈਦਾਵਾਰ ਤੇ ਬਹੁਤ ਅਸਰ ਪਾਉਂਦੀ ਹੈ। ਇਸ ਤੋਂ ਇਲਾਵਾ ਗਾਂ ਕਿਸ ਮੌਸਮ ਵਿੱਚ ਸੂ ਰਹੀ ਹੈ, ਉਸਦਾ ਵੀ ਦੁੱਧ ਦੀ ਪੈਦਾਵਾਰ ਤੇ ਬਹੁਤ ਡੂੰਘਾ ਅਸਰ ਪੈਂਦਾ ਹੈ। ਜ਼ਿਆਦਾਤਰ ਗਾਵਾਂ ਦਾ ਸਰਦੀ ਅਤੇ ਬਸੰਤ ਦੇ ਮੌਸਮ ਵਿੱਚ ਸੁਆ ਪੈਣ ਨਾਲ ਜ਼ਿਆਦਾ ਦੁੱਧ ਹੁੰਦਾ ਹੈ।
3. ਦੁੱਧ ਦੇਣ ਦਾ ਕੁੱਲ ਸਮਾਂ: ਇਹ ਸਮਾਂ ਸੂਣ ਤੋਂ ਲੈਕੇ ਦੁੱਧ ਸੁੱਕ ਜਾਣ ਤੱਕ ਦਾ ਹੁੰਦਾ ਹੈ। ਗਾਵਾਂ ਵਿੱਚ ਦੁੱਧ ਦੇਣ ਦਾ ਕੁੱਲ ਸਮਾਂ ਇੱਕ ਬਹੁਤ ਹੀ ਮਹੱਤਵਪੂਰਨ ਦੁੱਧ ਉਤਪਾਦ ਗੁਣ ਹੁੰਦਾ ਹੈ । ਇਸ ਗੁਣ ਦੁਆਰਾ ਸਾਨੂੰ ਇਹ ਪਤਾ ਚੱਲ ਸਕਦਾ ਹੈ ਕਿ ਗਾਂ ਕਿੰਨਾ ਅਤੇ ਕਿੰਨੇ ਸਮੇਂ ਤੱਕ ਦੁੱਧ ਦੇ ਸਕਦੀ ਹੈ ਅਤੇ ਉਸਦੇ ਆਉਣ ਵਾਲੇ ਸੂਇਆਂ ਦੇ ਦੁੱਧ ਦਾ ਵੀ ਅੰਦਾਜਾ ਲਗਾਇਆ ਜਾ ਸਕਦਾ ਹੈ। ਸਾਹੀਵਾਲ ਗਾਂ ਪਹਿਲੇ ਸੂਏ ਦੌਰਾਨ ਔਸਤਨ 297 ਦਿਨ ਦੁੱਧ ਦੇਣ ਦੀ ਸਮਰੱਥਾ ਰੱਖਦੀ ਹੈ ਜੋ ਕਿ ਦੂਜੇ ਅਤੇ ਤੀਜੇ ਸੂਏ ਵਿੱਚ ਵੱਧ ਜਾਂਦਾ ਹੈ ।
4. ਡਰਾਈ ਪੀਰੀਅਡ: ਦੁੱਧ ਸੁਕਾਉਣ ਤੋਂ ਲੈ ਕੇ ਅਗਲੇ ਸੂਏ ਤੱਕ ਦੇ ਸਮੇਂ ਨੂੰ ਡਰਾਈ ਪੀਰੀਅਡ ਕਿਹਾ ਜਾਂਦਾ ਹੈ। ਗਾਂ ਦੇ ਸੂਣ ਤੋਂ ਕੁਛ ਸਮਾਂ ਪਹਿਲਾਂ ਉਸ ਦਾ ਦੁੱਧ ਸੁੱਕਾ ਦਿੱਤਾ ਜਾਣਾ ਬਹੁਤ ਹੀ ਜ਼ਰੂਰੀ ਮੰਨਿਆ ਜਾਂਦਾ ਹੈ ਤਾਂ ਕਿ ਉਸ ਦੀ ਬੱਚੇਦਾਨੀ ਵਿੱਚ ਪਲ ਰਹੇ ਬੱਚੇ ਨੂੰ ਜ਼ਰੂਰੀ ਤੱਤ ਮਿਲ ਸਕਣ। ਇਹ ਸਮਾਂ ਗਾਵਾਂ ਵਿੱਚ ਲਗਭਗ 60 ਦਿਨ ਦਾ ਹੋਣਾ ਜ਼ਰੂਰੀ ਹੁੰਦਾ ਹੈ । ਦੁੱਧ ਸੁਕਾਉਣ ਨਾਲ ਗਾਵਾਂ ਨੂੰ ਸੂਣ ਤੋਂ ਬਾਅਦ ਕੈਲਸ਼ੀਅਮ ਦੀ ਘਾਟ ਨਹੀਂ ਹੁੰਦੀ ਅਤੇ ਇਸ ਦੀ ਘਾਟ ਤੋਂ ਹੋਣ ਵਾਲੀ ਬਿਮਾਰੀ ਜਿਵੇਂ ਕਿ “ਸੂਤਕੀ ਬੁਖਾਰ” (Milk fever) ਦੀ ਸੰਭਾਵਨਾ ਘੱਟ ਜਾਂਦੀ ਹੈ।
5. ਦੁੱਧ ਦੀ ਥੰਦਿਆਈ (ਫੈਟ) ਅਤੇ ਐਸ.ਐਨ.ਐਫ: ਸਾਹੀਵਾਲ ਗਾਵਾਂ ਦੇ ਦੁੱਧ ਦੀ ਫੈਟ 5.1 % ਅਤੇ ਐਸ. ਐਨ.ਐਫ 9.0 % ਰਿਕਾਰਡ ਕੀਤੀ ਗਈ ਹੈ। ਐਸ.ਐਨ.ਐਫ ਦੁੱਧ ਵਿਚੋਂ ਫੈਟ ਨੂੰ ਕੱਢਕੇ ਬਾਕੀ ਪਾਏ ਜਾਂਦੇ ਜ਼ਰੂਰੀ ਪ੍ਰੋਟੀਨ, ਸ਼ੂਗਰ, ਖਣਿਜ ਆਦਿ ਤੋਂ ਨਾਪੀ ਜਾਂਦੀ ਹੈ। ਦੁੱਧ ਵਿੱਚ ਫੈਟ ਅਤੇ ਐਸ.ਐਨ.ਐਫ ਸੂਏ ਦੇ ਦੂਜੇ ਮਹੀਨੇ ਵਿੱਚ ਘੱਟ ਜਾਂਦੀ ਹੈ, ਪਰ ਉਸ ਤੋਂ ਬਾਅਦ ਵਧਣੀ ਸ਼ੁਰੂ ਹੋ ਜਾਂਦੀ ਹੈ।
ਦੁੱਧ ਦੀ ਮਹੱਤਤਾ:
ਸਾਹੀਵਾਲ ਗਾਂ ਦੇ ਦੁੱਧ ਵਿੱਚ ਤਿੰਨ ਤਰ੍ਹਾਂ ਦੇ ਪ੍ਰੋਟੀਨ ਪਾਏ ਗਏ ਹਨ: ਅਲਫ਼ਾ, ਬੀਟਾ ਅਤੇ ਗਲੋਬਿਨ। ਬੀਟਾ ਪ੍ਰੋਟੀਨ ਵਿੱਚ ਏ 1 (A1) ਅਤੇ ਏ 2 (A2) ਕਿਸਮ ਦੇ ਜੀਨ ਪਾਏ ਜਾਂਦੇ ਹਨ, ਜਿਹਨਾਂ ਵਿਚੋਂ ਏ 2 ਜੀਨ ਸਾਹੀਵਾਲ ਗਾਂ ਦੇ ਦੁੱਧ ਵਿੱਚ ਹੀ ਮਿਲਦੇ ਹਨ।
ਵਿਗਿਆਨੀਆਂ ਵਲੋਂ ਏ 2 ਦੁੱਧ ਦੇ ਜ਼ਿਆਦਾ ਫਾਇਦੇ ਪਾਏ ਗਏ ਹਨ, ਉਦਾਹਰਣ ਵਜੋਂ ਏ 1 ਦੁੱਧ ਨਾਲ ਬੱਚਿਆਂ ਵਿੱਚ “ਇਨਫੈਂਟ ਮੋਰਟਾਲਿਟੀ ਸਿੰਡ੍ਰੋਮ” ਤੇ “ਸ਼ੂਗਰ” ਨਾਂ ਦੀ ਬਿਮਾਰੀ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ, ਜੋ ਕਿ ਏ 2 ਕਿਸਮ ਦੇ ਦੁੱਧ ਨਾਲ ਨਹੀਂ ਹੁੰਦੀ। ਇਸ ਕਰਕੇ ਅੱਜ ਯੂਰੋਪੀਅਨ ਦੇਸ਼ਾਂ ਵਿੱਚ ਵੀ ਵਿਦੇਸ਼ੀ ਗਾਵਾਂ ਨੂੰ ਦੇਸੀ ਗਾਵਾਂ ਨਾਲ ਕ੍ਰਾਸ (ਆਸ) ਕਰਵਾ ਕੇ ਵਿਦੇਸ਼ੀ ਗਾਵਾਂ ਵਿੱਚ ਏ 2 ਕਿਸਮ ਦੇ ਦੁੱਧ ਪੈਦਾ ਕਰਨ ਵਾਲੇ ਗੁਣ ਉਜਾਗਰ ਕੀਤੇ ਜਾ ਰਹੇ ਹਨ।
ਕੰਵਰਪਾਲ ਸਿੰਘ ਢਿੱਲੋਂ, ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Sahiwal: A unique cow of Punjab