ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਸਰਜਰੀ ਵਿਭਾਗ ਵੱਲੋਂ ਇਕ ਕੌਮੀ ਪੱਧਰ ਦੀ ਤਿੰਨ ਦਿਨਾ ਸਿਖਲਾਈ ਕਰਵਾਈ ਗਈ ਜਿਸ ਦਾ ਵਿਸ਼ਾ ਸੀ 'ਛੋਟੇ ਜਾਨਵਰਾਂ ਦੇ ਕੋਮਲ ਤੰਤੂਆਂ ਦਾ ਅਪਰੇਸ਼ਨ'। ਇਹ ਸਿਖਲਾਈ ਸਰਵਭਾਰਤੀ ਨੈਟਵਰਕ ਪ੍ਰੋਗਰਾਮ ਅਧੀਨ ਕਰਵਾਈ ਗਈ ਜਿਸ ਦਾ ਮੁੱਖ ਉਦੇਸ਼ ਖੇਤਰ ਵਿਚ ਕੰਮ ਕਰਦੇ ਮਨੁੱਖੀ ਸਾਧਨਾਂ ਨੂੰ ਉਨੱਤ ਕਰਨਾ ਸੀ। ਵਿਭਾਗ ਦੇ ਮੁਖੀ, ਡਾ. ਜਤਿੰਦਰ ਮੋਹਿੰਦਰੂ ਨੇ ਜਾਣਕਾਰੀ ਦਿੱਤੀ ਕਿ ਇਸ ਸਿਖਲਾਈ ਲਈ 62 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚੋਂ 15 ਵੈਟਨਰੀ ਡਾਕਟਰਾਂ ਦੀ ਚੋਣ ਕੀਤੀ ਗਈ । ਇਹ ਡਾਕਟਰ ਪੰਜਾਬ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਨਾਲ ਸੰਬੰਧਿਤ ਸਨ । ਡਾ. ਤਰੁਣਬੀਰ ਸਿੰਘ ਅਤੇ ਜਸਮੀਤ ਸਿੰਘ ਖੋਸਾ ਨੇ ਬਤੌਰ ਸੰਯੋਜਕ ਇਸ ਸਿਖਲਾਈ ਨੂੰ ਨੇਪਰੇ ਚਾੜਿਆ ।
ਡਾ. ਮੋਹਿੰਦਰੂ ਨੇ ਜਾਣਕਾਰੀ ਦਿੱਤੀ ਕਿ ਸਿਖਲਾਈ ਦੌਰਾਨ ਜਾਨਵਰਾਂ ਦੇ ਵੱਡੇ ਅਤੇ ਛੋਟੇ ਕੋਮਲ ਤੰਤੂਆਂ ਦਾ ਸਰਜਰੀ ਵਿਧੀ ਰਾਹੀਂ ਇਲਾਜ ਕਰਨ ਸੰਬੰਧੀ ਆਧੁਨਿਕ ਤਕਨੀਕਾਂ ਬਾਰੇ ਦੱਸਿਆ ਗਿਆ।ਖੇਤਰ ਵਿਚ ਕੰਮ ਕਰਦੇ ਡਾਕਟਰਾਂ ਨੂੰ ਇਨ੍ਹਾਂ ਛੋਟੇ ਜਾਨਵਰਾਂ ਦੇ ਇਲਾਜ ਸੰਬੰਧੀ ਨੀਤੀਆਂ ਬਾਰੇ ਗਿਆਨ ਦਿੱਤਾ ਗਿਆ । ਜਾਨਵਰਾਂ ਵਿਚ ਗੈਸ ਅਤੇ ਅਫਾਰੇ ਦੀ ਸਮੱਸਿਆ, ਪਿਸ਼ਾਬ ਦੀ ਨਾੜੀ ਦੀਆਂ ਬਿਮਾਰੀਆਂ ਅਤੇ ਜਾਨਵਰ ਨੂੰ ਖੱਸੀ ਕਰਨ ਸੰਬੰਧੀ ਕੀਤੇ ਜਾਣ ਵਾਲੇ ਅਪਰੇਸ਼ਨਾਂ ਬਾਰੇ ਗਿਆਨ ਦਿੱਤਾ ਗਿਆ । ਹਸਪਤਾਲ ਸੁਪਰਿਟੈਂਡੇਂਟ ਅਤੇ ਇਸ ਖੇਤਰ ਵਿਚ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਡਾ. ਸਿਮਰਤ ਸਾਗਰ ਸਿੰਘ ਨੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਦੇਣ ਦੇ ਨਾਲ ਭਾਸ਼ਣਾਂ ਦਾ ਸੰਗ੍ਰਹਿ ਵੀ ਭੇਟ ਕੀਤਾ । ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਨੂੰ ਖੇਤਰ ਵਿਚ ਇਥੋਂ ਸਿੱਖੀਆਂ ਤਕਨੀਕਾਂ ਨੂੰ ਜਾਨਵਰਾਂ ਦੀ ਭਲਾਈ ਹਿੱਤ ਪੂਰਣ ਰੂਪ ਵਿਚ ਅਪਨਾਉਣਾ ਚਾਹੀਦਾ ਹੈ ।
ਇਥੇ ਦੱਸਣਾ ਵਰਨਣਯੋਗ ਹੈ ਕਿ ਯੂਨੀਵਰਸਿਟੀ ਦਾ ਸਰਜਰੀ ਵਿਭਾਗ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਮਾਨਤਾ ਪ੍ਰਾਪਤ ਹੈ । ਇਸ ਵਿਭਾਗ ਵਿਖੇ ਵਧੇਰੇ ਮਾਹਿਰ ਅੰਤਰ-ਰਾਸ਼ਟਰੀ ਸਿਖਲਾਈ ਪ੍ਰਾਪਤ ਹਨ ਅਤੇ ਵਿਭਾਗ ਵਿਖੇ ਬਹੁਤ ਉਨੱਤ ਤਕਨੀਕਾਂ, ਮਸ਼ੀਨਾਂ ਅਤੇ ਔਜ਼ਾਰਾਂ ਨਾਲ ਇਲਾਜ ਕੀਤਾ ਜਾਂਦਾ ਹੈ ।
Summary in English: Soft tissue Surgery training for veterinarians concludes