Feeding and Breeding Management: ਪੰਜਾਬ ਵਿੱਚ ਗਰਮੀਆਂ ਦਾ ਮੌਸਮ ਅਪ੍ਰੈਲ ਵਿੱਚ ਸ਼ੁਰੂ ਹੋ ਕੇ ਜੂਨ ਵਿੱਚ ਆਪਣੇ ਸਿਖਰ ਤੇ ਪਹੁੰਚ ਜਾਂਦਾ ਹੈ। ਇਸ ਵੇਲੇ ਗਰਮੀਆਂ ਦਾ ਤਾਪਮਾਨ 45 ਡਿਗਰੀ ਨੂੰ ਵੀ ਪਾਰ ਕਰ ਜਾਂਦਾ ਹੈ। ਪਸ਼ੂਆਂ ਵਿੱਚ ਗਰਮੀ ਦਾ ਤਣਾਅ ਉਸ ਵੇਲੇ ਹੁੰਦਾ ਹੈ ਜਦੋਂ ਵਾਤਾਵਰਨ ਦਾ ਤਾਪਮਾਨ ਪਸ਼ੁਆਂ ਦੇ ਅਪ੍ਰਭਾਵੀ ਖੇਤਰ ਦੀ ਰੇਖਾ ਨੂੰ ਪਾਰ ਕਰਦਾ ਹੈ। ਅਪ੍ਰਭਾਵੀ ਖੇਤਰ ਤਾਪਮਾਨ ਦੀ ਉਹ ਸੀਮਾ ਹੁੰਦੀ ਹੈ ਜਿਸ ਵਿੱਚ ਪਸ਼ੂ ਸਭ ਤੋਂ ਜਿਆਦਾ ਆਰਾਮਦਾਇਕ ਸਥਿਤੀ ਵਿੱਚ ਹੁੰਦਾ ਹੈ ਅਤੇ ਉਸਤੋਂ ਵੱਧ ਤੋਂ ਵੱਧ ਦੁੱਧ ਉਤਪਾਦਨ ਲਿਆ ਜਾ ਸਕਦਾ ਹੈ ਕਿਉਂਕਿ ਸਰੀਰ ਦਾ ਤਾਪਮਾਨ ਬਣਾਈ ਰੱਖਣ ਲਈ ਕੋਈ ਫਾਲਤੂ ਊਰਜਾ ਖਰਚ ਨਹੀਂ ਹੁੰਦੀ।
ਗਰਮੀ ਦੇ ਤਣਾਅ ਕਰਕੇ ਪਸ਼ੂਆਂ ਦੇ ਵਿਕਾਸ ਵਿੱਚ ਵੀ ਗਿਰਾਵਟ ਆ ਜਾਂਦੀ ਹੈ। ਵਿਦੇਸ਼ੀ ਅਤੇ ਦੋਗਲੀਆਂ ਗਾਵਾਂ ਵਿੱਚ ਇਸਦਾ ਪ੍ਰਭਾਵ ਸਭ ਤੋਂ ਜਿਆਦਾ ਦੇਖਣ ਨੂੰ ਮਿਲਦਾ ਹੈ। ਇਸ ਗਰਮੀ ਦੇ ਤਣਾਅ ਦਾ ਮਾੜਾ ਅਸਰ ਜਾਨਵਰ ਦੇ ਦੁੱਧ ਉਤਪਾਦਨ, ਪ੍ਰਜਨਣ, ਸਰੀਰਕ ਵਾਧਾ ਅਤੇ ਖੁਰਾਕ ਖਾਣ ਦੀ ਸਮੱਰਥਾ ਉੱਤੇ ਹੁੰਦਾ ਹੈ। ਇਸ ਲਈ ਇਹ ਸੁਨਿਸ਼ਚਿਤ ਕਰਨਾ ਜਰੂਰੀ ਹੈ ਕਿ ਖੁਰਾਕੀ ਅਤੇ ਪ੍ਰਬੰਧਨ ਸੰਬੰਧੀ ਤਬਦੀਲੀਆਂ ਕਰਕੇ ਇਸ ਤਣਾਅ ਨੂੰ ਘਟਾਇਆ ਜਾਵੇ।
ਖੁਰਾਕ ਸੰਬੰਧੀ ਸੁਝਾਅ
ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਦੀ ਖੁਰਾਕ ਦਾ ਉਚੇਚਾ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪਸ਼ੂ ਪੂਰੀ ਖੁਰਾਕ ਖਾਵੇ ਅਤੇ ਚੋਖਾ ਦੁੱਧ ਦੇਵੇ। ਇਨ੍ਹਾਂ ਦਿਨਾਂ ਵਿੱਚ ਪਾਣੀ ਦੀ ਘਾਟ ਕਰਕੇ ਪਸ਼ੂ ਦੇ ਮਿਹਦੇ ਦੀ ਤੇਜਾਬੀਪਨ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਤੋਂ ਇਲਾਵਾ, ਗਰਮੀਆਂ ਦੇ ਮੌਸਮ ਵਿੱਚ ਪਸ਼ੂਆਂ ਦੇ ਸਰੀਰ ਵਿੱਚੋਂ ਵਾਸ਼ਪੀਕਰਨ ਪ੍ਰਕਿਰਿਆ ਰਾਹੀਂ ਨਿਕਲੀ ਊਰਜਾ ਲਈ ਜਿਆਦਾ ਪਾਣੀ ਦੀ ਲੋੜ ਹੁੰਦੀ ਹੈ। ਨਤੀਜੇ ਵਜੋਂ ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਵਿੱਚ ਪਾਣੀ ਦੀ ਮੰਗ 25-40% ਤੱਕ ਵੱਧ ਜਾਂਦੀ ਹੈ।
ਇਹ ਵੀ ਪੜ੍ਹੋ: ਗਾਂ, ਮੱਝ, ਬੱਕਰੀ ਖਰੀਦਣ-ਵੇਚਣ ਲਈ ਸ਼ਾਨਦਾਰ ਐਪ, ਇਕ ਕਲਿੱਕ ਨਾਲ ਹੋਣਗੇ ਸਾਰੇ ਕੰਮ
ਗਰਮੀਆਂ ਦੇ ਦਿਨਾਂ ਵਿੱਚ ਅੱਤ ਦੀ ਗਰਮੀ ਕਰਕੇ ਅਤੇ ਵਾਧੂ ਖੁਸ਼ਕ ਪੱਠਿਆਂ ਕਰਕੇ ਵੀ ਪਾਣੀ ਦੀ ਲੋੜ ਵੱਧ ਜਾਂਦੀ ਹੈ। ਇਸ ਲਈ ਪਸ਼ੂਆਂ ਦੀ ਖੁਰਾਕ ਦੇ ਨਾਲ ਨਾਲ ਖੁੱਲ੍ਹਾ ਪਾਣੀ ਦੇਣਾ ਲਾਜਮੀ ਬਨਾਉਣਾ ਚਾਹੀਦਾ ਹੈ।ਇਸ ਕਰਕੇ ਪਸ਼ੂਆਂ ਦੇ ਲਈ ਹਰ ਵੇਲੇ ਤਾਜਾ ਅਤੇ ਠੰਡਾ ਪਾਣੀ ਉਪਲੱਬਧ ਕਰਵਾਓ। ਇਸ ਦੇ ਨਾਲ ਨਾਲ ਪਸ਼ੂਆਂ ਦੀ ਖੁਰਾਕ ਵਿੱਚ ਬਫਰ ਦੀ ਵਰਤੋਂ ਕਰਨੀ ਫਾਇਦੇਮੰਦ ਰਹਿੰਦੀ ਹੈ ਜੋ ਤੇਜਾਬੀਪਨ ਦੀ ਸਮੱਸਿਆ ਨੂੰ ਰੋਕਦਾ ਹੈ।ਇਹਨਾਂ ਦਿਨਾਂ ਵਿੱਚ ਯੀਸਟ (ਖਮੀਰ) 150-200 ਗ੍ਰਾਮ/ ਕੁਇੰਟਲ ਦੇ ਹਿਸਾਬ ਨਾਲ ਵਰਤਨ ਨਾਲ ਪਸ਼ੂਆਂ ਦੀ ਪਾਚਨਸ਼ਕਤੀ ਸਹੀ ਰਹਿੰਦੀ ਹੈ।
ਗਰਮੀਆਂ ਦੇ ਦਿਨਾਂ ਵਿੱਚ ਪੱਠੇ ਸਵੇਰੇ 9 ਤੋਂ ਪਹਿਲਾਂ ਅਤੇ ਸ਼ਾਮੀਂ 5 ਤੋਂ ਬਾਅਦ ਪਾਉਣੇ ਚਾਹੀਦੇ ਹਨ ਕਿਉਂਕਿ ਦੁਪਿਹਰ ਵੇਲੇ ਪੱਠੇ ਖਾਣ ਨਾਲ ਪਸ਼ੂ ਨੂੰ ਵੱਧ ਗਰਮੀ ਲਗਦੀ ਹੈ। ਠੰਡੇ ਸਮੇਂ ਵਿੱਚ ਦਿੱਤੀ ਖੁਰਾਕ ਨੂੰ ਪਸ਼ੂ ਜਿਆਦਾ ਪਸੰਦ ਕਰਦੇ ਹਨ ਅਤੇ ਇਸ ਤਰ੍ਹਾਂ ਵਾਧੂ ਖੁਰਾਕ ਖਾਂਦੇ ਹਨ।
ਇਹ ਵੀ ਪੜ੍ਹੋ: ਗਾਵਾਂ ਅਤੇ ਮੱਝਾਂ ਘੱਟ ਦੁੱਧ ਦੇ ਰਹੀਆਂ ਹਨ ਤਾਂ ਅਪਣਾਓ ਇਹ ਆਸਾਨ ਤਰੀਕੇ, ਫਿਰ ਦੇਖੋ ਕਮਾਲ
ਪ੍ਰਜਨਣ ਪ੍ਰਬੰਧਨ ਬਾਰੇ ਸੁਝਾਅ
ਆਮ ਦੇਖਿਆ ਗਿਆ ਹੈ ਕਿ ਇਸ ਮੌਸਮ ਚ ਲਵੇਰੀਆਂ ਦੀ ਖੁਰਾਕ ਖਾਣ ਦੀ ਸਮਰੱਥਾ ਘੱਟ ਜਾਂਦੀ ਹੈ ਜਿਸਦੇ ਨਤੀਜੇ ਵਜੋਂ ਉਹਨਾਂ ਦੇ ਗੱਭਣ ਹੋਣ ਦੀ ਦਰ ਘੱਟ ਜਾਂਦੀ ਹੈ ਜਾਂ ਪਸ਼ੂ ਹੇਹੇ ਦੇ ਪੂਰੇ ਲੱਛਣ ਨਹੀਂ ਦਿਖਾਉਂਦਾ, ਖਾਸ ਕਰਕੇ ਮੱਝਾਂ ਵਿੱਚ ਗੂੰਗਾ ਹੇਹਾ ਆਮ ਦੇਖਿਆ ਜਾਂਦਾ ਹੈ। ਇਸ ਕਰਕੇ ਸਵੇਰੇ ਸ਼ਾਮ ਪਸ਼ੂਆਂ ਨੂੰ ਗਹੁ ਨਾਲ ਦੇਖਣ ਦੇ ਨਾਲ ਨਾਲ ਪਸ਼ੂ ਦੇ ਬੈਠਣ ਵਾਲੀ ਥਾਂ ਤੇ ਜਾਂ ਸਰੀਰ 'ਤੇ ਲੱਗੀਆਂ ਤਾਰਾਂ ਵੇਖਣੀਆਂ ਚਾਹੀਦੀਆਂ ਹਨ। ਹੇਹੇ ਦੀਆਂ ਨਿਸ਼ਾਨੀਆਂ ਜਿਵੇਂ ਕਿ ਪਸ਼ੂ ਦਾ ਬੇਚੈਨ ਹੋਣਾ, ਪੱਠੇ ਘੱਟ ਖਾਣਾ, ਦੂਜੇ ਪਸ਼ੂਆਂ ਤੇ ਚੜ੍ਹਨਾ, ਲਵੇਰੀਆਂ ਦੀ ਸੂਅ ਦਾ ਸੁਜ ਜਾਣਾ ਤੇ ਗੁਲਾਬੀ ਰੰਗ ਦਾ ਹੋ ਜਾਣਾ, ਵਾਰ ਵਾਰ ਪਿਸ਼ਾਬ ਕਰਨਾ ਆਦਿ ਹੋ ਸਕਦੀਆਂ ਹਨ।
ਵਾੜੇ ਜਾਂ ਸ਼ੈਡ ਬਾਰੇ ਸੁਝਾਅ
• ਦੁਧਾਰੂ ਪਸ਼ੂਆਂ ਨੂੰ ਲੋੜੀਂਦੀ ਜਗ੍ਹਾ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਰਾਮ ਨਾਲ ਬੈਠ ਕੇ ਗਰਮੀ ਦੇ ਦਬਾਅ ਨੂੰ ਘੱਟ ਕਰ ਸਕਣ। ਵਾੜੇ ਵਿੱਚ ਠੰਡੇ ਅਤੇ ਛਾਂਦਾਰ ਖੇਤਰ ਦਾ ਬੰਦੋਬਸਤ ਵੀ ਹੋਣਾ ਚਾਹੀਦਾ ਹੈ।
• ਪਸ਼ੂਆਂ ਨੂੰ ਧੁੱਪ ਵਿੱਚ ਲੰਬੇ ਸਮੇਂ ਲਈ ਖੜ੍ਹੇ ਨਹੀਂ ਰਹਿਣ ਦੇਣਾ ਚਾਹੀਦਾ।
• ਪਸ਼ੂਆਂ ਦੇ ਵਾੜੇ ਦੀ ਛੱਤ ਬਾਹਰੋਂ ਦੀ ਹਲਕੇ ਰੰਗ ਦੀ ਹੋਣੀ ਚਾਹੀਦੀ ਹੈ ਜਿਸ ਨਾਲ ਵਾੜੇ ਵਿੱਚ ਗਰਮੀ ਨਹੀਂ ਹੁੰਦੀ।
• ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਨੂੰ 2-3 ਵਾਰ ਨਹਾਉਣਾ ਚਾਹੀਦਾ ਹੈ ਤਾਂ ਜੋ ਪਸ਼ੂ ਅੱਤ ਦੀ ਗਰਮੀ ਤੋਂ ਬਚ ਸਕਣ।
• ਸ਼ੈਡਾਂ ਵਿੱਚ ਪੱਖਿਆਂ ਦੇ ਨਾਲ ਨਾਲ ਪਾਣੀ ਵਾਲੇ ਫਵਾਰਿਆਂ ਦੀ ਵਰਤੋਂ ਕਰਨੀ ਲਾਭਕਾਰੀ ਰਹਿੰਦੀ ਹੈ। ਬਜਾਰ ਵਿੱਚ ਕਈ ਪ੍ਰਕਾਰ ਦੇ ਕੂਲਿੰਗ ਸਿਸਟਮ ਵੱਖ ਵੱਖ ਲੰਬਾਈ-ਚੌੜਾਈ ਵਾਲੇ ਸ਼ੈੱਡਾਂ ਲਈ ਉਪਲੱਬਧ ਹਨ।
• ਖੁਰਲੀਆਂ ਵਿੱਚੋਂ ਬਚੇ ਹੋਏ ਪੱਠੇ ਬਾਹਰ ਕੱਢ ਦੇਣੇ ਚਾਹੀਦੇ ਹਨ।
• ਗਰਮੀਆਂ ਦੇ ਦਿਨਾਂ ਵਿੱਚ ਦਰਿਆਈ ਮਿੱਟੀ ਦੀ ਡੇੜ ਤੋਂ ਦੋ ਇੰਚ ਮੋਟੀ ਤਹਿ ਪਾਉਣੀ ਲਾਭਕਾਰੀ ਰਹਿੰਦੀ ਹੈ । ਇਸ ਉੱਪਰ ਪਾਣੀ ਛਿੜਕਣ ਨਾਲ ਪਸ਼ੂ ਨੂੰ ਠੰਡਕ ਪਹੁੰਚਦੀ ਹੈ।
• ਗਰਮੀਆਂ ਦੇ ਦਿਨਾਂ ਵਿੱਚ ਮੱਖੀਆਂ ਮੱਛਰਾਂ ਦੀ ਸੰਖਿਆ ਵਿੱਚ ਵੀ ਵਾਧਾ ਹੁੰਦਾ ਹੈ। ਮੱਖੀਆਂ ਅਤੇ ਮੱਛਰ ਪਸ਼ੂਆਂ ਨੂੰ ਨਿਰੰਤਰ ਤੰਗ ਕਰਦੇ ਹਨ ਜਿਸ ਕਰਕੇ ਪਸ਼ੂ ਅਰਾਮ ਨਾਲ ਬੈਠ ਕੇ ਜੁਗਾਲੀ ਨਹੀਂ ਕਰ ਪਾਉਂਦਾ ਜਿਸ ਕਰਕੇ ਪਾਚਣ ਕਿਰਿਆ ਪ੍ਰਭਾਵਿਤ ਹੁੰਦੀ ਹੈ ਅਤੇ ਪਸ਼ੂ ਦੀ ਦੁੱਧ ਦੀ ਪੈਦਾਵਾਰ ਘਟਦੀ ਹੈ। ਇਸ ਲਈ ਇਹਨਾਂ ਦੀ ਰੋਕਥਾਮ ਲਈ ਢਾਰੇ ਸਾਫ ਅਤੇ ਸੁੱਕੇ ਰੱਖਣੇ ਚਾਹੀਦੇ ਹਨ।
ਇਹ ਵੀ ਪੜ੍ਹੋ: Animal Feed: ਗਾਵਾਂ ਅਤੇ ਮੱਝਾਂ ਨੂੰ ਖੁਆਓ ਇਹ ਘਾਹ, ਦੁੱਧ ਉਤਪਾਦਨ 'ਚ ਹੋਵੇਗਾ ਵਾਧਾ
ਗਰਮੀਆਂ ਦੇ ਦਿਨਾਂ ਵਿੱਚ ਹੋਰ ਧਿਆਨ ਦੇਣ ਯੋਗ ਗੱਲਾਂ
ਗਰਮੀਆਂ ਦੇ ਦਿਨਾਂ ਵਿੱਚ ਢਾਰਿਆਂ ਅਤੇ ਖੁਰਲੀਆਂ ਦੀ ਸਮੇਂ ਸਮੇਂ ਤੇ ਸਫਾਈ ਕਰਨੀ ਚਾਹੀਦੀ ਹੈ। ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗਲੀ ਸੜੀ ਤੂੜੀ ਜਾਂ ਉੱਲੀ ਵਾਲੇ ਅਚਾਰ ਦੀ ਵਰਤੋਂ ਦੁੱਧ ਦੇਣ ਵਾਲੇ ਪਸ਼ੂਆਂ ਲਈ ਨਾ ਕੀਤੀ ਜਾਵੇ। ਵੰਡ, ਹਰਾ ਚਾਰਾ/ਅਚਾਰ ਅਤੇ ਤੂੜੀ ਰਲਾ ਕੇ ਪਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਪਸ਼ੂਆਂ ਦੀ ਖੁਰਾਕ ਵਿੱਚ ਧਾਤਾਂ ਦੇ ਚੂਰੇ ਦੀ ਵਰਤੋਂ ਯਕੀਨੀ ਬਨਾਓ।
ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ 24 ਘੰਟੇ ਉਪਲੱਬਧਤਾ ਰੱਖਣੀ ਚਾਹੀਦੀ ਹੈ। ਬਰਸਾਤਾਂ ਖਤਮ ਹੋਣ ਤੇ ਸਾਰੇ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਵਿਰੁੱਧ ਕਿਰਮ ਰਹਿਤ ਕਰਨਾ ਵੀ ਬਹੁਤ ਜ਼ਰੂਰੀ ਹੈ। ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਨੂੰ ਲੰਬੀ ਦੂਰੀ ਤੱਕ ਨਹੀਂ ਤੋਰਨਾ ਚਾਹੀਦਾ। ਜੇਕਰ ਕਿਸੇ ਕਾਰਨ ਤੋਰਨਾ ਵੀ ਪਵੇ ਤਾਂ ਉਹਨਾਂ ਲਈ ਪਾਣੀ ਦੀ ਪੂਰੀ ਵਿਵੱਸਥਾ ਹੋਣੀ ਚਾਹੀਦੀ ਹੈ ਤਾਂ ਜੋ ਪਸ਼ੂ ਉੱਪਰ ਗਰਮੀ ਦਾ ਪ੍ਰਭਾਵ ਘੱਟ ਪਵੇ। ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਦੀ ਫੜ-ਫੜ੍ਹਾਈ ਅਤੇ ਢੋਆ-ਢੁਆਈ ਵੀ ਸਵੇਰ ਵੇਲੇ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਉੱਪਰ ਗਰਮੀ ਦਾ ਵਾਧੂ ਤਣਾਅ ਨਾ ਵੱਧ ਸਕੇ।
Summary in English: Take care of animals like this, Learn tips about diet and reproductive management