ਡੇਅਰੀ ਫਾਰਮਿੰਗ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਖ਼ਾਸ, ਦੁਧਾਰੂ ਪਸ਼ੂਆਂ ਦੀਆਂ ਇਹ ਪ੍ਰਮੁੱਖ ਨਸਲਾਂ ਕੁਝ ਹੀ ਸਮੇਂ ਵਿੱਚ ਤੁਹਾਨੂੰ ਕਰ ਦੇਣਗੀਆਂ ਮਾਲੋਮਾਲ
Desi Cow and Buffalo: ਅੱਜ ਇਸ ਲੇਖ ਰਾਹੀਂ ਅਸੀਂ ਡੇਅਰੀ ਪਸ਼ੂ ਪਾਲਕਾਂ ਅਤੇ ਡੇਅਰੀ ਫਾਰਮਿੰਗ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਗਾਵਾਂ ਤੇ ਮੱਝਾਂ ਦੀਆਂ ਪ੍ਰਮੁੱਖ ਨਸਲਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਨ੍ਹਾਂ ਦਾ ਦੁੱਧ ਉਤਪਾਦਨ ਤੁਹਾਡੀ ਆਮਦਨ ਵਿੱਚ ਵਾਧਾ ਕਰੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਵਿੱਚ ਕੁੱਲ 26 ਦੇਸੀ ਗਾਵਾਂ ਦੀਆਂ ਨਸਲਾਂ ਹਨ, ਜਿਨ੍ਹਾਂ ਵਿੱਚ ਅਮ੍ਰਿਤ ਮਹਿਲ, ਬੰਚਰ, ਵਾਰਗੂਰ, ਡਾਂਗੀ, ਹਾਲੀਕਰ, ਕਾਂਗਆਮ, ਕੰਨਕੱਬਾਂ, ਖੇਰੀਗੜ੍ਹ, ਨਾਗੌਰ, ਨਿਮਾਰੀ, ਪਨੋਵਰ, ਸਿੜੀ, ਦਿਓਨੀ, ਗਿਰ, ਸਿੰਧੀ, ਸਾਹੀਵਾਲ, ਗਾਉਲਿਓ, ਹਰਿਆਣਾ, ਕੰਨਕਰੇਜ, ਮੇਵਾਤੀ, ਉਗੋਲ ਰਾਠੀ, ਥਾਰਪਾਰਕਰ, ਮਾਲਵੀ, ਕਰਿਸਨਾ ਵੈਲੀ ਤੇ ਖਿਲਾੜੀ ਹਨ।
ਜਦੋਂਕਿ, ਮੱਝਾਂ ਦੀਆਂ 16 ਦੇ ਲਗਭਗ ਨਸਲਾਂ ਪ੍ਰਚੱਲਤ ਹਨ ਜਿਵੇਂ ਮੁਰ੍ਹਾ, ਨੀਲੀ ਰਾਣੀ, ਸੂਰਤੀ, ਮਹਿਸਾਨਾ, ਜਾਫਰਾਬਾਦੀ, ਭਦਾਵਹੀ, ਨਾਗਪੁਰੀ, ਟੋਡਾ ਇਤਿਆਈ। ਪਰ ਇਨ੍ਹਾਂ ਵਿੱਚ ਪੰਜਾਬ ਵਿੱਚ ਕੇਵਲ 2 ਨਸਲਾਂ ਮੁਰ੍ਹਾ ਅਤੇ ਨੀਲੀ ਰਾਣੀ ਹੀ ਪ੍ਰਚੱਲਤ ਹਨ। ਅੱਜ ਅਸੀਂ ਤੁਹਾਨੂੰ ਗਾਵਾਂ ਤੇ ਮੱਝਾਂ ਦੀਆਂ ਪ੍ਰਮੁੱਖ ਨਸਲਾਂ ਦੇ ਗੁਣ ਅਤੇ ਵਿਸ਼ੇਸ਼ਤਾਵਾਂ ਦਸਾਂ ਜਾ ਰਹੇ ਹਾਂ।
ਆਮ ਤੌਰ ਤੇ ਪੰਜਾਬ ਵਿੱਚ ਸਾਹੀਵਾਲ, ਰੈੱਡ ਸਿੰਧੀ ਅਤੇ ਹਰਿਆਣਾ ਨਸਲ ਦੀਆਂ ਗਾਵਾਂ ਵੇਖਣ ਵਿੱਚ ਆਉਂਦੀਆਂ ਹਨ ਪਰ ਕਿਸਾਨਾਂ ਕੋਲ ਆਮ ਤੋਰ ਤੇ ਇਨ੍ਹਾਂ ਨਸਲਾਂ ਦੇ ਦੋਗਲੇ ਪਸ਼ੂ ਵੇਖਣ ਵਿੱਚ ਆਉਂਦੇ ਹਨ, ਜਦੋਂਕਿ ਖਾਲਸ ਕਿਸਮ ਦੇ ਪਸ਼ੂ ਬਹੁਤ ਘੱਟ ਹਨ। ਇਹੀ ਕਾਰਨ ਹੈ ਕਿ ਭਾਰਤ ਸਰਕਾਰ ਹੁਣ ਦੇਸੀ ਨਸਲਾਂ ਨੂੰ ਵਧਾਵਾ ਦੇਣਾ ਚਾਹੁੰਦੀ ਹੈ ਜਿਸਦਾ ਮੁੱਖ ਕਾਰਨ ਹੈ ਕਿ ਇਹਨਾਂ ਪਸ਼ੂਆਂ ਨੂੰ ਬਿਮਾਰੀਆਂ ਘੱਟ ਲੱਗਦੀਆਂ ਹਨ ਅਤੇ ਗਰਮੀ ਜ਼ਿਆਦਾ ਸਹਿਣ ਕਰ ਸਕਦੀਆਂ ਹਨ। ਇਨ੍ਹਾਂ ਨਸਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:
ਗਾਵਾਂ ਦੀਆਂ ਪ੍ਰਮੁੱਖ ਨਸਲਾਂ
1. ਸਾਹੀਵਾਲ: ਇਸ ਨਸਲ ਦੇ ਪਸ਼ੂ ਦੁੱਧ ਪੈਦਾ ਕਰਨ ਵਿੱਚ ਪਹਿਲੇ ਨੰਬਰ 'ਤੇ ਹਨ। ਇਸ ਨਸਲ ਦਾ ਮੂਲ ਅਸਥਾਨ ਜ਼ਿਲਾ ਮਿੰਟਗੁਮਰੀ (ਪਾਕਿਸਤਾਨ) ਹੋਣ ਕਰਕੇ ਇਹ ਨਸਲ ਮਿੰਟਗੁਮਰੀ ਨਾਂ ਨਾਲ ਵੀ ਜਾਣੀ ਜਾਂਦੀ ਹੈ। ਇਸ ਨਸਲ ਦੇ ਪਸ਼ੂ ਆਮ ਤੌਰ ਤੇ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ ਵਿੱਚ ਪਾਏ ਜਾਂਦੇ ਹਨ। ਇਸ ਨਸਲ ਦੇ ਪਸ਼ੂ ਦਾ ਕੱਦ ਦਰਮਿਆਨਾ, ਸਰੀਰ ਭਾਰਾ, ਚਮੜੀ ਢਿੱਲੀ, ਲੱਤਾਂ ਛੋਟੀਆਂ, ਸਿੰਗ ਮੁੜੇ ਅਤੇ ਸਿਰ ਚੌੜਾ ਹੁੰਦਾ ਹੈ। ਇਹ ਪਸ਼ੂ ਕਈ ਰੰਗਾਂ ਵਿੱਚ ਮਿਲਦੇ ਹਨ, ਪਰ ਆਮ ਤੌਰ ਤੇ ਹਲਕਾ ਲਾਲ, ਖਾਕੀ, ਗੂੜਾ੍ਹ ਖਾਕੀ ਅਤੇ ਇਨ੍ਹਾਂ ਰੰਗਾਂ ਵਿੱਚ ਚਿੱਟੇ ਰੰਗ ਦੇ ਧੱਬੇ ਪਾਏ ਜਾਂਦੇ ਹਨ। ਇਸ ਨਸਲ ਦੇ ਪਸ਼ੂਆਂ ਦੀ ਪੂਛ ਲੰਬੀ, ਝਾਲਰ ਵੱਡੀ ਅਤੇ ਭਾਰੀ, ਧੁੰਨ ਵੱਡੀ ਅਤੇ ਲਮਕਦੀ ਹੁੰਦੀ ਹੈ। ਆਮ ਤੌਰ ਤੇ ਇਹ ਪਸ਼ੂ ਇਕ ਸੂਏ (305 ਦਿਨਾਂ) ਵਿੱਚ 1300-1400 ਕਿਲੋ ਦੁੱਧ ਦਿੰਦੇ ਹਨ ਜਦਕਿ ਕੁੱਝ ਚੰਗੇ ਫਾਰਮਾਂ ਵਿੱਚ ਰੱਖੇ ਗਏ ਪਸ਼ੂ 2400-2500 ਕਿਲੋ ਤੱਕ ਵੀ ਦੁੱਧ ਦੇ ਸਕਦੇ ਹਨ। ਦੁੱਧ ਵਿੱਚ ਚਿਕਨਾਈ ਦੀ ਮਾਤਰਾ ਲਗਭਗ 5 ਪ੍ਰਤੀਸ਼ਤ ਹੁੰਦੀ ਹੈ।
2. ਰੈਡ ਸਿੰਧੀ ਜਾਂ ਲਾਲ ਸਿੰਧੀ: ਇਸ ਨਸਲ ਦੇ ਪਸ਼ੂ ਸਾਹੀਵਾਲ ਨਸਲ ਦੇ ਪਸ਼ੂਆਂ ਤੋਂ ਦੁੱਧ ਘੱਟ ਦਿੰਦੇ ਹਨ। ਇਸ ਨਸਲ ਦਾ ਜਨਮ ਅਸਥਾਨ ਕਰਾਚੀ (ਸਿੰਧ) ਹੈ। ਇਸ ਨਸਲ ਦੇ ਪਸ਼ੂਆਂ ਦਾ ਸਰੀਰ ਦਰਮਿਆਨਾ, ਗੱਠਿਆ ਹੋਇਆ ਅਤੇ ਪਸ਼ੂ ਸੀਲ ਸੁਭਾਅ ਦੇ ਹੁੰਦੇ ਹਨ। ਪਸ਼ੂਆਂ ਦੇ ਸਿੰਗ ਮੋਟੇ ਅਤੇ ਸਿਰੇ ਤਿੱਖੇ ਹੁੰਦੇ ਹਨ। ਪਸ਼ੂ ਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ।ਬੰਨ, ਧੁੰਨ ਝਾਲਰ ਭਾਰੀ ਅਤੇ ਲੇਵਾ ਵੱਡਾ ਹੁੰਦਾ ਹੈ। ਆਮ ਤੌਰ ਤੇ ਇਹ ਪਸ਼ੂ ਇਕ ਸੂਏ ਵਿੱਚ (305 ਦਿਨਾਂ) 1000-1100 ਕਿਲੋ ਦੁੱਧ ਦਿੰਦੇ ਹਨ, ਜਦੋਂਕਿ ਕੁੱਝ ਚੰਗੇ ਫਾਰਮਾਂ ਵਿੱਚ ਰੱਖੇ ਗਏ ਪਸ਼ੂ 1800-1900 ਕਿਲੋ ਤੱਕ ਵੀ ਦੁੱਧ ਦੇ ਸਕਦੇ ਹਨ। ਦੁੱਧ ਵਿੱਚ ਚਿਕਨਾਈ ਦੀ ਮਾਤਰਾ ਲਗਭਗ 5 ਪ੍ਰਤੀਸ਼ਤ ਹੁੰਦੀ ਹੈ।
3. ਹਰਿਆਣਾ: ਇਸ ਨਸਲ ਦੇ ਪਸ਼ੂ ਦੁੱਧ ਪੈਦਾ ਕਰਨ ਦੇ ਪੱਖੋ ਇੰਨੇ ਵਧੀਆ ਨਹੀ ਹੁੰਦੇ, ਪਰੰਤੂ ਬਲਦ ਭਾਰ ਢੋਣ ਵਾਸਤੇ ਅਤੇ ਖੇਤੀਬਾੜੀ ਦਾ ਕੰਮ ਕਰਨ ਵਾਸਤੇ ਵਧੀਆ ਹਨ। ਇਸ ਨਸਲ ਦੇ ਪਸ਼ੂ ਹਰਿਆਣਾ ਪ੍ਰਾਂਤ ਦੇ ਰੋਹਤਕ, ਗੁੜਗਾਉ, ਹਿਸਾਰ ਅਤੇ ਕਰਨਾਲ ਜ਼ਿਲ੍ਹਿਆਂ, ਦਿੱਲੀ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਬਹੁਤੀ ਗਿਣਤੀ ਵਿੱਚ ਮਿਲਦੇ ਹਨ। ਪਸ਼ੂਆਂ ਦਾ ਸਰੀਰ ਲੰਬਾ, ਮੂੰਹ ਲੰਬਾ ਅਤੇ ਤੰਗ ਹੁੰਦਾ ਹੈ। ਸਿੰਗ ਛੋਟੇ, ਸਿੱਧੇ ਤੇ ਥੋੜੇ ਜਿਹੇ ਅੰਦਰ ਝੁਕੇ ਹੋਏ, ਮੱਥਾ ਕਾਲਾ ਅਤੇ ਚਪਟਾ ਅਤੇ ਸਿੰਗਾਂ ਦੇ ਦਰਮਿਆਨ ਵਾਲੀ ਜਗਾ੍ਹ ਕਾਫੀ ਉੱਭਰੀ ਹੁੰਦੀ ਹੈ। ਪਸ਼ੂਆਂ ਦਾ ਰੰਗ ਆਮ ਤੌਰ ਤੇ ਚਿੱਟਾ ਜਾਂ ਲੋਹੇ ਰੰਗ ਦਾ ਹੁੰਦਾ ਹੈ। ਪਸ਼ੂ ਦੀ ਧੁਨ ਅਤੇ ਝਾਲਰ ਛੋਟੀ, ਲੱਤਾਂ ਲੰਬੀਆਂ ਅਤੇ ਪਤਲੀਆਂ, ਲੇਵਾ ਦਰਮਿਆਨੇ ਆਕਾਰ ਦਾ, ਪੂਛ ਛੋਟੀ, ਪਤਲੀ ਅਤੇ ਕਾਲੇ ਰੰਗ ਦੀ ਹੁੰਦੀ ਹੈ। ਆਮ ਤੌਰ ਤੇ ਇਹ ਪਸ਼ੂ ਇਕ ਸੂਏ ਵਿੱਚ (305 ਦਿਨਾਂ) ਵਿੱਚ 900-1000 ਕਿੱਲੋ ਦੁੱਧ ਦਿੰਦੇ ਹਨ, ਜਦੋਂਕਿ ਕੁੱਝ ਚੰਗੇ ਫਾਰਮਾਂ ਵਿੱਚ ਰੱਖੇ ਗਏ ਪਸ਼ੂ 1600-1700 ਕਿੱਲੋ ਤੱਕ ਵੀ ਦੁੱਧ ਦੇ ਸਕਦੇ ਹਨ। ਦੁੱਧ ਵਿੱਚ ਚਿਕਨਾਈ ਦੀ ਮਾਤਰਾ ਲਗਭਗ 4.4 ਪ੍ਰਤੀਸ਼ਤ ਹੁੰਦੀ ਹੈ।
4. ਥਾਰਪਾਰਕਰ: ਇਸ ਨਸਲ ਦਾ ਘਰ ਸਿੰਧ, ਕੱਛ, ਜੋਧਪੁਰ ਅਤੇ ਜੈਸਲਮੇਰ ਜ਼ਿਲ੍ਹੇ ਹਨ। ਇਸ ਨਸਲ ਦਾ ਕੱਦ ਦਰਮਿਆਨਾ, ਸਰੀਰ ਗੁੰਦਵਾਂ, ਰੰਗ ਚਿੱਟਾ ਜਾਂ ਸਲੇਟੀ, ਮੱਥਾ ਚੌੜਾ, ਲੱਤਾਂ ਛੋਟੀਆਂ ਅਤੇ ਹਵਾਨਾ ਵੱਡਾ ਹੁੰਦਾ ਹੈ। ਇੱਕ ਸੂਏ ਵਿੱਚ ਇਸ ਨਸਲ ਦੀ ਗਾਂ 1400 ਕਿਲੋਗ੍ਰਾਮ ਦੁੱਧ ਪੈਦਾ ਕਰਦੀ ਹੈ। ਇਹ ਨਸਲ ਦੋ ਮੰਤਵੀ ਹੈ। ਲਵੇਰੇ ਦੁੱਧ ਵਧੇਰੇ ਦਿੰਦੇ ਹਨ ਅਤੇ ਬਲਦ ਖੇਤੀਬਾੜੀ ਦੇ ਕੰਮ ਲਈ ਚੰਗੇ ਅਤੇ ਤਕੜੇ ਹੁੰਦੇ ਹਨ। ਦੁੱਧ ਵਿੱਚ ਚਿਕਨਾਈ ਦੀ ਮਾਤਰਾ ਲਗਭਗ 4.5 ਪ੍ਰਤੀਸ਼ਤ ਹੁੰਦੀ ਹੈ।
ਇਹ ਵੀ ਪੜ੍ਹੋ: ਮੁਰਾਹ ਜਾਤ ਦਾ ਇਹ ਗੋਲੂ-2 ਮੱਝ ਬਣਿਆ ਚਰਚਾ ਦਾ ਵਿਸ਼ਾ, ਜਾਣੋ ਇਸਦੀ ਵਿਸ਼ੇਸ਼ਤਾ
ਵਿਦੇਸ਼ੀ ਗਾਵਾਂ ਦੀਆਂ ਨਸਲਾਂ
ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਨਸਲਾਂ ਮੌਜੂਦ ਹਨ ਪਰ ਜਿਹੜੀਆਂ ਨਸਲਾਂ ਪੰਜਾਬ ਦੀਆਂ ਸਰਕਾਰੀ ਸੰਸਥਾਵਾਂ ਅਤੇ ਆਮ ਫਾਰਮਾਂ ਵਿੱਚ ਮਿਲਦੀਆਂ ਹਨ, ਉਨ੍ਹਾਂ ਬਾਰੇ ਵੇਰਵਾ ਹੇਠ ਲਿਖੇ ਅਨੁਸਾਰ ਹੈ:
1. ਹੋਲਸਟੀਨ ਫਰੀਜ਼ਿਅਨ: ਇਹ ਨਸਲ ਦੁੱਧ ਪੈਦਾ ਕਰਨ ਵਿੱਚ ਕਾਫੀ ਵਧੀਆ ਹੈ। ਇਸਦਾ ਪਿਛੋਕੜ ਉੱਤਰੀ ਹਾਲੈਂਡ ਅਤੇ ਪੱਛਮੀ ਫਰੀਜ਼ਲੈਡ ਨਾਲ ਜੁੜਿਆ ਹੈ। ਇਸ ਨਸਲ ਦੇ ਪਸ਼ੂਆਂ ਦਾ ਕੱਦ ਲੰਬਾ ਅਤੇ ਉੱਚਾ, ਰੰਗ ਕਾਲਾ ਚਿੱਟਾ, ਪੂਛ ਦਾ ਦੁੰਬ ਕਾਲਾ, ਲੇਵਾ ਵੱਡਾ ਹੁੰਦਾ ਹੈ। ਪਸ਼ੂਆਂ ਦੇ ਦੁੱਧ ਵਿੱਚ ਫੈਟ ਘੱਟ (3.5 ਤੋਂ 4.0 ਪ੍ਰਤੀਸ਼ਤ) ਹੁੰਦੀ ਹੈ ਅਤੇ ਔਸਤਨ 6000 ਕਿਲੋਗਰਾਮ ਤੱਕ (305 ਦਿਨਾਂ ਵਿੱਚ) ਦੁੱਧ ਪੈਦਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਪੰਜਾਬ ਦੀਆਂ ਦੇਸੀ ਨਸਲਾਂ ਅਤੇ ਹੋਲਸਟੀਨ ਫਰੀਜਿਅਨ ਨਸਲ ਦੇ ਮੇਲ ਨਾਲ ਪੈਦਾ ਹੋਈਆਂ ਦੋਗਲੀਆਂ ਵੱਛੀਆਂ ਜ਼ਿਆਦਾ ਦੁੱਧ ਪੈਦਾ ਕਰਨ ਵਾਲੀਆਂ ਬਣਾਈਆਂ ਜਾ ਸਕਦੀਆਂ ਹਨ।
2. ਜਰਸੀ: ਇਸ ਨਸਲ ਦਾ ਘਰ ਇੰਗਲੈਂਡ ਦਾ ਜਰਸੀ ਟਾਪੂ ਹੈ। ਇਸ ਨਸਲ ਦੇ ਪਸ਼ੂਆਂ ਦਾ ਕੱਦ ਛੋਟਾ ਹੁੰਦਾ ਹੈ ਜਿਸ ਕਾਰਨ ਇਨ੍ਹਾਂ ਪਸ਼ੂਆਂ ਦੀ ਪਿੱਠ ਸਿੱਧੀ ਹੁੰਦੀ ਹੈ। ਮੂੰਹ ਚਪਟਾ, ਚੌੜਾ ਅਤੇ ਚਿਹਰਾ ਵਿਚਕਾਰੋਂ ਝੁਕਿਆ ਹੋਇਆ, ਲੇਵਾ ਵੱਡਾ, ਪੂਛ ਲੰਬੀ, ਪੂਛ ਦੇ ਵਾਲ ਲੰਬੇ ਅਤੇ ਰੰਗ ਕਾਲਾ ਜਾਂ ਚਿੱਟਾ ਹੁੰਦਾ ਹੈ। ਪਸ਼ੂਆਂ ਦੇ ਹਲਕੇ ਭੂਰੇ ਰੰਗ ਵਿੱਚ ਹਲਕੇ ਕਾਲੇ ਜਾਂ ਲੋਹੇ ਰੰਗ ਦੇ ਚਟਾਕ ਨਜ਼ਰ ਆਉਂਦੇ ਹਨ। ਦੁੱਧ ਵਿੱਚ ਚਿਕਨਾਈ ਦੀ ਮਾਤਰਾ ਲਗਭਗ 5 ਪ੍ਰਤੀਸ਼ਤ ਹੁੰਦੀ ਹੈ। ਇਹ ਨਸਲ ਰੋਪੜ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਨਸ਼ਲਕਸ਼ੀ ਲਈ ਵਰਤੀ ਜਾ ਰਹੀ ਹੈ। ਇਹ ਪਸ਼ੂ ਇਕ ਸੂਏ ਵਿੱਚ (305 ਦਿਨਾਂ) 4000 ਕਿਲੋ ਦੁੱਧ ਦਿੰਦੇ ਹਨ। ਇਹ ਨਸਲ ਕਿਸੇ ਹੱਦ ਤੱਕ ਗਰਮੀ ਸਹਾਰ ਸਕਦੀ ਹੈ।
ਦੋਗਲੀ ਅਤੇ ਦੇਸੀ ਨਸਲ ਦੀ ਗਾਂ ਪਾਲਣ ਦੀ ਤੁਲਨਾ:
3. ਬਰਾਊਨ ਸਵਿਸ: ਇਸ ਨਸਲ ਦਾ ਘਰ ਸਵਿਟਜਰਲੈਂਡ ਹੈ। ਇਹ ਨਸਲ ਦੁੱਧ, ਮੀਟ ਪੈਦਾ ਕਰਨ ਅਤੇ ਭਾਰੇ ਕੰਮ ਕਰਨ ਲਈ ਜਾਣੀ ਅਤੇ ਵਰਤੀ ਜਾਂਦੀ ਹੈ। ਪਸ਼ੂ ਭਾਰੇ ਅਤੇ ਮੋਟੇ, ਰੰਗ ਹਲਕੇ ਖਾਕੀ ਤੋਂ ਗੂੜ੍ਹੇ ਖਾਕੀ ਰੰਗ ਦੇ ਹੁੰਦੇ ਹਨ। ਪਸ਼ੂ ਦਾ ਸਿਰ ਛੋਟਾ ਅਤੇ ਚੌੜਾ, ਪਿੱਠ ਸਿੱਧੀ, ਛਾਤੀ ਚੌੜੀ ਅਤੇ ਡੂੰਘੀ, ਪਸਲੀਆਂ ਇਕ ਦੂਸਰੇ ਤੋ ਕਾਫੀ ਦੂਰੀ ਤੇ ਅਤੇ ਖੁਰ ਸਖਤ ਅਤੇ ਕਾਲੇ ਰੰਗ ਦੇ ਹੁੰਦੇ ਹਨ। ਇਸ ਨਸਲ ਦੀਆਂ ਵੱਛੀਆਂ ਤੇ ਵੱਛੇ ਪੈਦਾ ਹੋਣ ਵੇਲੇ ਚਿੱਟੇ ਰੰਗ ਦੇ ਹੁੰਦੇ ਹਨ ਪਰ ਵੱਡੇ ਹੋ ਕੇ ਇਨ੍ਹਾਂ ਦਾ ਰੰਗ ਨਸਲੀ ਤੌਰ ਤੇ ਆ ਜਾਂਦਾ ਹੈ। ਦੁੱਧ ਵਿੱਚ ਚਿਕਨਾਈ ਦੀ ਮਾਤਰਾ ਲਗਭਗ 4 ਪ੍ਰਤੀਸ਼ਤ ਹੁੰਦੀ ਹੈ। ਇਹ ਪਸ਼ੂ ਇਕ ਸੂਏ ਵਿੱਚ (305 ਦਿਨਾਂ) 5000-5500 ਕਿੱਲੋ ਦੁੱਧ ਦਿੰਦੇ ਹਨ।
4. ਰੈਡ ਡੇਨ: ਇਸ ਨਸਲ ਦਾ ਘਰ ਡੈਨਮਾਰਕ ਹੈ।ਪਸ਼ੂਆਂ ਦਾ ਰੰਗ ਗੂੜ੍ਹਾ ਲਾਲ, ਪਿੱਠ ਸਿੱਧੀ, ਵਾਲ ਨਰਮ, ਲਾਲ ਰੰਗ ਦੇ ਅਤੇ ਛੋਟੇ, ਲੇਵਾ ਵੱਡੇ ਆਕਾਰ ਦਾ, ਸਰੀਰ ਪਿਛਓ-ਅੱਗਿਓ ਕਾਫੀ ਉੱਚਾ, ਪਸ਼ੂ ਦਰਮਿਆਨੇ ਕੱਦ ਦੇ ਅਤੇ ਜਬਾੜੇ ਹਲਕੇ ਕਾਲੇ ਰੰਗ ਦੇ ਹੁੰਦੇ ਹਨ।ਇਹ ਪਸ਼ੂ ਇਕ ਸੂਏ ਵਿੱਚ (305 ਦਿਨਾਂ) 4400-4500 ਕਿਲੋ ਦੁੱਧ ਦਿੰਦੇ ਹਨ। ਦੁੱਧ ਵਿੱਚ ਚਿਕਨਾਈ ਦੀ ਮਾਤਰਾ ਲਗਭਗ 4 ਪ੍ਰਤੀਸ਼ਤ ਹੁੰਦੀ ਹੈ।
ਇਹ ਵੀ ਪੜ੍ਹੋ: ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਹ ਸੰਦ ਜ਼ਰੂਰ ਖਰੀਦੋ, ਇਨ੍ਹਾਂ ਤੋਂ ਬਿਨਾਂ ਨਹੀਂ ਚੱਲੇਗਾ ਕੰਮ!
ਮੱਝਾਂ ਦੀਆਂ ਪ੍ਰਮੁੱਖ ਨਸਲਾਂ
1. ਮੁਰ੍ਹਾ : ਇਸ ਨਸਲ ਦਾ ਜਨਮ ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੇ ਆਸ-ਪਾਸ ਦਾ ਇਲਾਕਾ ਹੈ। ਇਸ ਨਸਲ ਦਾ ਰੰਗ ਸਿਆਹ ਕਾਲਾ ਹੁੰਦਾ ਹੈ ਜਿਸ ਦੀ ਪੂੰਛ ਦਾ ਦੁੰਬ ਚਿੱਟਾ ਹੋ ਸਕਦਾ ਹੈ, ਸਿੰਗ ਛੋਟੇ, ਚਪਟੇ ਅਤੇ ਕੁੰਢੇ ਹੁੰਦੇ ਹਨ। ਇਸ ਨਸਲ ਦੀਆਂ ਮੱਝਾਂ ਦਾ ਔਸਤ ਸੂਏ ਦਾ ਦੁੱਧ 16000 ਲਿਟਰ ਦੇ ਕਰੀਬ ਹੁੰਦਾ ਹੈ ਜਿਸ ਵਿੱਚ 7% ਦੇ ਲਗਭਗ ਫੈਟ ਹੁੰਦੀ ਹੈ।
2. ਨੀਲੀ ਰਾਣੀ : ਇਸ ਨਸਲ ਦਾ ਜਨਮ ਸਥਾਨ ਪਾਕਿਸਤਾਨ ਦੇ ਜਿਲ੍ਹਾ ਮਿੰਟਗੁਮਰੀ ਅਤੇ ਭਾਰਤੀ ਪੰਜਾਬ ਦਾ ਜ਼ਿਲ੍ਹਾ ਫਿਰੋਜ਼ਪੁਰ ਹੈ। ਇਸ ਨਸਲ ਦਾ ਰੰਗ ਕਾਲਾ ਪਰ ਅੱਖਾਂ ਬਿੱਲੀਆਂ, ਪੂੰਛ ਦੀ ਦੁੰਬ ਅਤੇ ਲੱਤਾਂ ਖੁੱਚਾਂ ਤੋਂ ਹੇਠਾਂ ਚਿੱਟੀਆਂ ਹੁੰਦੀਆਂ। ਮੱਥੇ ਦਾ ਫੁੱਲ ਵੀ ਸਫੇਦ ਰੰਗ ਦਾ ਹੁੰਦਾ ਹੈ। ਇਸ ਨਸਲ ਨੂੰ ਪੰਜ ਕਲਿਆਣੀ ਵੀ ਕਿਹਾ ਜਾਂਦਾ ਹੈ। ਇਸ ਨਸਲ ਦਾ ਸੂਏ ਦਾ ਔਸਤ ਦੁੱਧ ਅਤੇ ਫੈਟ ਦੀ ਮਾਤਰਾ ਮੁਰ੍ਹਾ ਨਸਲ ਦੇ ਬਰਾਬਰ ਹੀ ਹੁੰਦੀ ਹੈ।
Summary in English: The main breeds of cows and buffaloes, which will make a profit in days