ਮਟਰ ਸਰਦ ਰੁੱਤ ਦੀ ਮਹੱਤਵਪੂਰਨ ਫ਼ਸਲ ਹੈ। ਇਹ ਫ਼ਸਲ ਕੋਰ੍ਹਾ ਨਹੀਂ ਸਹਿ ਸਕਦੀ। ਜੇਕਰ ਕੋਰ੍ਹਾ ਲਗਾਤਾਰ ਤੇ ਜ਼ਿਆਦਾ ਪਵੇ ਤਾਂ ਫੁੱਲ ਅਤੇ ਨਵੀਆਂ ਫਲੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਫ਼ਸਲ ਦੇ ਸਹੀ ਵਾਧੇ ਲਈ 20-25 ਡਿਗਰੀ ਸੈਂਟੀਗ੍ਰੇਡ ਤਾਪਮਾਨ ਢੁੱਕਵਾਂ ਹੈ। ਜੇ ਬਿਜਾਈ ਵੇਲੇ ਤਾਪਮਾਨ ਜ਼ਿਆਦਾ ਹੋਵੇ ਤਾਂ ਬੂਟੇ ਉੱਗਣ ਸਮੇਂ ਹੀ ਮਰ ਜਾਂਦੇ ਹਨ। ਫ਼ਸਲ ਵੱਧਣ ਸਮੇਂ ਤਾਪਮਾਨ ਜ਼ਿਆਦਾ ਹੋਵੇ ਤਾਂ ਉਖੇੜਾ ਰੋਗ ਤੇ ਤਣੇ ਦੀ ਮੱਖੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ।
ਜ਼ਮੀਨ ਦੀ ਚੋਣ
ਮਟਰਾਂ ਦੀ ਕਾਸ਼ਤ ਕਿਸੇ ਵੀ ਜ਼ਮੀਨ 'ਤੇ ਕੀਤੀ ਜਾ ਸਕਦੀ ਹੈ ਪਰ ਦਰਮਿਆਨੀ ਮੈਰਾ ਜ਼ਮੀਨ ਢੁੱਕਵੀ ਹੈ। ਬਿਜਾਈ ਵੇਲੇ ਜ਼ਮੀਨ 'ਚ ਵੱਤਰ ਠੀਕ ਹੋਣਾ ਚਾਹੀਦਾ ਹੈ। ਜੇ ਜ਼ਮੀਨ ਸੁੱਕੀ ਹੋਵੇ ਤਾਂ ਬਿਜਾਈ ਤੋਂ ਪਹਿਲਾਂ ਇਕ ਪਾਣੀ ਲਗਾ ਲਵੋ।
ਕਿਸਮਾਂ ਦੀ ਚੋਣ
ਮਟਰਾਂ ਦੀ ਬਿਜਾਈ ਅਕਤੂਬਰ-ਨਵੰਬਰ 'ਚ ਕੀਤੀ ਜਾਂਦੀ ਹੈ ਪਰ ਕਈ ਇਲਾਕਿਆਂ 'ਚ ਸਤੰਬਰ ਮਹੀਨੇ ਅਗੇਤੀ ਬਿਜਾਈ ਕੀਤੀ ਜਾਂਦੀ ਹੈ। ਇਸ ਲਈ ਮਟਰਾਂ ਦੀਆਂ ਢੁੱਕਵੀਆਂ ਕਿਸਮਾਂ ਦੀ ਚੋਣ ਜ਼ਰੂਰੀ ਹੈ।
ਅਗੇਤੀਆਂ ਕਿਸਮਾਂ
ਏਪੀ-3 : ਇਹ ਕਿਸਮ ਅਗੇਤੀ ਬਿਜਾਈ ਲਈ ਢੁੱਕਵੀ ਹੈ। ਬੂਟੇ ਮਧਰੇ, ਫਲੀਆਂ ਦੀ ਲੰਬਾਈ 8.85 ਸੈਂਟੀਮੀਟਰ ਤੇ ਇਹ ਸਿਰੇ ਤੋਂ ਮੁੜੀਆਂ ਹੁੰਦੀਆਂ ਹਨ। ਹਰ ਫਲੀ 'ਚ 6-8 ਦਾਣੇ ਹੁੰਦੇ ਹਨ। ਦਾਣੇ ਮੋਟੇ, ਝੁਰੜੀਆਂ ਵਾਲੇ ਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ 65-70 ਦਿਨਾਂ 'ਚ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਮਟਰ ਅਗੇਤਾ-7 : ਇਸ ਦੇ ਬੂਟੇ ਛੇਤੀ ਵਧਦੇ ਹਨ। ਬੁਟੇ 'ਤੇ 15-18 ਫਲੀਆਂ ਹੁੰਦੀਆਂ ਹਨ। ਫਲੀਆਂ ਦੀ ਲੰਬਾਈ 9.57 ਸੈਂਟੀਮੀਟਰ ਤੇ ਸਿਰੇ ਤੋਂ ਮੁੜੀਆਂ ਹੁੰਦੀਆਂ ਹਨ। ਇਹ ਕਿਸਮ 65-70 ਦਿਨਾਂ 'ਚ ਪਹਿਲੀ ਤੁੜਾਈ ਦਿੰਦੀ ਹੈ। ਝਾੜ 32 ਕੁਇੰਟਲ ਹੁੰਦਾ ਹੈ।
ਮਟਰ ਅਗੇਤਾ-6 : ਇਸ ਦੇ ਬੂਟੇ ਮਧਰੇ ਹੁੰਦੇ ਹਨ ਤੇ ਗਰਮੀ ਸਹਾਰ ਸਕਦੇ ਹਨ। ਬੁਟੇ 'ਤੇ 12-15 ਫਲੀਆਂ ਲੱਗਦੀਆਂ ਹਨ। ਫਲੀਆਂ 'ਚੋ 44.6 ਫ਼ੀਸਦੀ ਦਾਣੇ ਨਿਕਲਦੇ ਹਨ। ਇਹ ਕਿਸਮ ਬਿਜਾਈ ਤੋਂ 7 ਹਫ਼ਤੇ ਪਿੱਛੋ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਫਲੀਆਂ ਦਾ ਝਾੜ 24 ਕੁਇੰਟਲ ਪ੍ਰਤੀ ਏਕੜ ਹੈ।
ਅਰਕਲ : ਇਹ ਕਿਸਮ ਸੇਂਜੂ ਹਾਲਾਤ ਲਈ ਢੁੱਕਵੀ ਹੈ। ਇਸ ਦੇ ਬੂਟੇ ਬੌਣੇ ਹੁੰਦੇ ਹਨ। ਬੁਟੇ 'ਤੇ 8-10 ਸੈਂਟੀਮੀਟਰ ਲੰਬੀਆਂ ਫਲੀਆਂ ਲਗਦੀਆਂ ਹਨ ਤੇ ਫਲੀ 'ਚ 7-8 ਦਾਣੇ ਹੁੰਦੇ ਹਨ। ਇਹ ਕਿਸਮ 60-65 ਦਿਨਾਂ 'ਚ ਪਹਿਲੀ ਤੁੜਾਈ ਦਿੰਦੀ ਹੈ। ਝਾੜ 18-20 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਮੁੱਖ ਮੌਸਮ ਦੀਆਂ ਕਿਸਮਾਂ
ਪੰਜਾਬ-89 : ਇਸ ਦੇ ਬੂਟੇ ਦਰਮਿਆਨੇ ਉੱਚੇ ਤੇ ਹਰ ਬੂਟੇ ਨੂੰ 28-30 ਫਲੀਆਂ ਲਗਦੀਆਂ ਹਨ। ਫਲੀ 'ਚ 9-10 ਦਾਣੇ ਹੁੰਦੇ ਹਨ। ਇਸ ਦਾ ਛਿਲਕਾ ਪਤਲਾ ਤੇ ਦਾਣੇ ਮਿੱਠੇ ਹੁੰਦੇ ਹਨ। ਇਹ ਬਿਜਾਈ ਤੋ 85-90 ਦਿਨਾਂ 'ਚ ਤੁੜਾਈ ਦਿੰਦੀ ਹੈ। ਝਾੜ 60 ਕੁਇੰਟਲ ਹੁੰਦਾ ਹੈ।
ਮਿੱਠੀ ਫਲੀ : ਇਸ ਕਿਸਮ ਦੀਆਂ ਫਲੀਆ ਖਾਣਯੋਗ ਹੁੰਦੀਆਂ ਹਨ। ਫਲੀ ਦੀ ਲੰਬਾਈ 12-13 ਸੈਂਟੀਮੀਟਰ ਹੁੰਦੀ ਹੈ ਤੇ ਇਹ ਬਿਜਾਈ ਤੋਂ 90 ਦਿਨਾਂ 'ਚ ਪਹਿਲੀ ਤੁੜਾਈ ਦਿੰਦੀ ਹੈ। ਇਸ 'ਚ ਪ੍ਰੋਟੀਨ ਤੇ ਮਿਠਾਸ ਦੀ ਕਾਫ਼ੀ ਮਾਤਰਾ ਹੁੰਦੀ ਹੈ। ਫਲੀਆਂ ਦਾ ਝਾੜ 47 ਕੁਇੰਟਲ ਪ੍ਰਤੀ ਏਕੜ ਹੈ।
ਬੀਜ ਦੀ ਮਾਤਰਾ ਤੇ ਸੋਧ
ਮੈਦਾਨੀ ਇਲਾਕਿਆਂ 'ਚ ਬਿਜਾਈ ਦਾ ਸਮਾਂ ਅੱਧ ਅਕਤੂਬਰ ਤੋ ਅੱਧ ਨਵੰਬਰ ਹੈ। ਸਤੰਬਰ 'ਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲਗਦਾ ਹੈ। ਬੀਜ ਵਾਲੀ ਫ਼ਸਲ ਦੀ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ 'ਚ ਕਰੋ। ਅਗੇਤੀਆ ਕਿਸਮਾਂ ਲਈ 45 ਕਿੱਲੋ ਤੇ ਮੁੱਖ ਕਿਸਮਾਂ ਲਈ 30 ਕਿੱਲੋ ਬੀਜ ਪ੍ਰਤੀ ਏਕੜ ਵਰਤੋ। ਮਟਰਾਂ ਦੀ ਬਿਜਾਈ ਬੀਜ ਖਾਦ ਡਰਿੱਲ ਨਾਲ ਵੱਟਾਂ 'ਤੇ ਵੀ ਕੀਤੀ ਜਾ ਸਕਦੀ ਹੈ। ਬੀਜ ਦੀ ਸੋਧ ਲਈ 3 ਗ੍ਰਾਮ ਕੈਪਟਾਨ ਜਾਂ ਥੀਰਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਲਗਾਉ। ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਲਗਾਉਣ ਨਾਲ ਝਾੜ ਵਧਦਾ ਹੈ। ਅੱਧਾ ਲੀਟਰ ਪਾਣੀ 'ਚ ਇਕ ਏਕੜ ਦਾ ਟੀਕਾ ਰਲਾਉ ਤੇ ਇਸ ਘੋਲ ਨੂੰ ਬੀਜ 'ਚ ਚੰਗੀ ਤਰ੍ਹਾਂ ਮਿਲਾ ਦੇਵੋ। ਬੀਜ ਨੂੰ ਛਾਵੇਂ ਸੁਕਾ ਕੇ ਉਸੇ ਦਿਨ ਬੀਜ ਦੇਵੋ। ਇਹ ਟੀਕਾ ਉਨ੍ਹਾਂ ਖੇਤਾਂ 'ਚ ਮਟਰਾਂ ਦੀ ਬਿਜਾਈ ਲਈ ਬੇਹੱਦ ਜ਼ਰੂਰੀ ਹੈ ਜਿੱਥੇ ਮਟਰ ਪਹਿਲੀ ਵਾਰ ਲਗਾਏ ਹੋਣ।
ਸਿੰਜਾਈ
ਬਿਜਾਈ ਚੰਗੇ ਵੱਤਰ ਵਿਚ ਕਰਨੀ ਚਾਹੀਦੀ ਹੈ। ਪਹਿਲਾ ਪਾਣੀ ਬਿਜਾਈ ਤੋ 15 ਦਿਨ ਬਾਅਦ, ਦੂਜਾ ਫੁੱਲ ਆਉਣ 'ਤੇ ਅਤੇ ਫਿਰ ਫਲੀਆਂ ਪੈਣ 'ਤੇ ਜੇ ਜ਼ਰੂਰਤ ਹੋਵੇ ਤਾਂ ਪਾਮੀ ਲਗਾਓ। ਜ਼ਿਆਦਾ ਪਾਣੀ ਫ਼ਸਲ ਦਾ ਨੁਕਸਾਨ ਕਰ ਸਕਦਾ ਹੈ। ਆਮ ਤੌਰ 'ਤੇ ਫ਼ਸਲ ਨੂੰ 3-4 ਪਾਣੀਆਂ ਦੀ ਲੋੜ ਪੈਂਦੀ ਹੈ।
ਤੁੜਾਈ
ਫ਼ਸਲ ਦੀ ਚੰਗੀ ਕੀਮਤ ਲੈਣ ਲਈ ਮਟਰਾਂ ਦੀ ਤੁੜਾਈ ਸਮੇਂ ਸਿਰ ਕਰੋ। ਜੇ ਤੁੜਾਈ 'ਚ ਦੇਰੀ ਹੋ ਜਾਵੇ ਤਾਂ ਦਾਣੇ ਪੱਕ ਜਾਂਦੇ ਹਨ ਤੇ ਮਿਠਾਸ ਘਟ ਜਾਂਦੀ ਹੈ। ਅਗੇਤੀਆਂ ਕਿਸਮਾਂ ਦੀਆਂ ਆਮਤੌਰ 'ਤੇ 2-3 ਤੁੜਾਈਆਂ ਕੀਤੀਆਂ ਜਾਂਦੀਆ ਹਨ ਜਦਕਿ ਮੁੱਖ ਕਿਸਮਾਂ ਦੀਆਂ 4-5 ਤੁੜਾਈਆਂ ਹੁੰਦੀਆਂ ਹਨ।
ਖਾਦਾਂ ਤੇ ਨਦੀਨਾਂ ਦੀ ਰੋਕਥਾਮ
ਇਕ ਏਕੜ ਦੀ ਬਿਜਾਈ ਲਈ 8 ਟਨ ਗਲੀ ਸੜੀ ਰੂੜੀ, 45 ਕਿੱਲੋ ਯੂਰੀਆ ਤੇ 155 ਕਿੱਲੋ ਸੁਪਰਫਾਸਫੇਟ ਬਿਜਾਈ ਤੋ ਪਹਿਲਾਂ ਪਾਉ। ਫ਼ਸਲ ਤੋ ਵੱਧ ਝਾੜ ਲੈਣ ਲਈ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖਣਾ ਲਾਜ਼ਮੀ ਹੈ। ਨਦੀਨ ਉੱਗਣ ਤੋਂ ਪਹਿਲਾਂ ਅਤੇ ਬਿਜਾਈ ਤੋਂ ਦੋ ਦਿਨ ਦੇ ਅੰਦਰ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇਕ ਲੀਟਰ ਜਾਂ ਐਫਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਤੋਂ 200 ਲੀਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। ਛਿੜਕਾਅ ਲਈ ਫਲੱਡ ਜੈੱਟ ਨੋਜ਼ਲ ਵਰਤੋ। ਛਿੜਕਾਅ ਕਰਨ ਸਮੇਂ ਜ਼ਮੀਨ ਵਿਚ ਨਮੀ ਹੋਣੀ ਬਹੁਤ ਜ਼ਰੂਰੀ ਹੈ।
- ਅਮਨਦੀਪ ਕੌਰ, ਜੁਗਰਾਜ ਸਿੰਘ
Summary in English: Smooth cultivation of peas