Farm Machinery for Kharif Crops: ਝੋਨਾ, ਨਰਮਾ, ਮੱਕੀ, ਗੰਨਾ, ਮੂੰਗੀ ਆਦਿ ਪੰਜਾਬ ਦੀਆਂ ਸਾਉਣੀ ਦੀਆਂ ਪ੍ਰਮੁੱਖ ਫਸਲਾਂ ਹਨ। ਪੰਜਾਬ ਵਿੱਚ ਇਹਨਾਂ ਫਸਲਾਂ ਦੀ ਪੈਦਾਵਾਰ ਅਤੇ ਉਤਪਾਦਕਤਾ ਵਿੱਚ ਪਿਛਲੇ ਸਾਲਾਂ ਤੋਂ ਵਾਧਾ ਹੋਇਆ ਹੈ। ਖੇਤੀ ਮਸ਼ੀਨੀਕਰਨ ਦਾ ਇਸ ਵਿੱਚ ਅਹਿਮ ਯੋਗਦਾਨ ਹੈ।ਖੇਤੀ ਮਸ਼ੀਨੀਕਰਨ ਨਾਲ ਜਿੱਥੇ ਫਸਲਾਂ ਦੀ ਉਤਪਾਦਕਤਾ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਲੇਬਰ ਦੀ ਬੱਚਤ, ਖੇਤੀ ਖਰਚੇ ਵਿੱਚ ਕਮੀ ਅਤੇ ਖੇਤੀ ਕੰਮ ਕਰਨ ਵਾਲੇ ਲੋਕਾਂ ਦਾ ਜੀਵਨ ਪੱਧਰ ਵੀ ਸੁਖਾਲਾ ਹੋਇਆ ਹੈ। ਪੀ.ਏ.ਯੂ. ਵੱਲੋਂ ਖੇਤ ਦੀ ਤਿਆਰੀ, ਫਸਲਾਂ ਦੀ ਬਿਜਾਈ, ਗੋਡੀ, ਸਪਰੇਅ, ਕਟਾਈ ਅਤੇ ਝੜਾਈ ਲਈ ਬਹੁਤ ਮਸ਼ੀਨਾਂ ਵਿਕਸਿਤ ਕਰਕੇ ਸਿਫਾਰਿਸ਼ ਕੀਤੀਆਂ ਹਨ। ਇਸ ਲੇਖ ਵਿੱਚ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਨਾਲ ਸੰਬੰਧਿਤ ਕੁਝ ਅਹਿਮ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਖੇਤ ਦੀ ਤਿਆਰੀ ਅਤੇ ਬਿਜਾਈ ਲਈ ਮਸ਼ੀਨਾਂ:-
1. ਕਲਟੀਵੇਟਰ ਦੇ ਨਾਲ ਪਲਵਰਾਇਜਿੰਗ ਰੋਲਰ: ਇਹ ਖੇਤ ਦੀ ਤਿਆਰੀ ਅਤੇ ਝੋਨੇ ਦੇ ਖੇਤ ਵਿੱਚ ਕੱਦੂ ਕਰਨ ਲਈ ਕਲਟੀਵੇਟਰ ਨਾਲ ਪਲਵਰਾਇਜਿੰਗ ਰੋਲਰ ਲਗਾਇਆ ਹੈ। ਇਹ ਰੋਲਰ ਲੋਹੇ ਦੀਆਂ ਛੇ ਐਮ.ਐਸ. ਫਲੇਟ ਤੋਂ ਬਣਿਆਂ ਹੈ ਜੋ ਕਿ ਸਟਾਰ ਵੀਲਾਂ ਵਿੱਚ ਫਿੱਟ ਹਨ। ਇਸ ਨਾਲ ਝੋਨੇ ਲਾਉਣ ਵਾਲੇ ਖੇਤ ਵਿੱਚ ਕੱਦੂ ਵਧੀਆ ਹੁੰਦਾ ਹੈ ਅਤੇ ਇਸ ਨੂੰ 4-5 ਕਿ.ਮੀ./ ਘੰਟਾ ਦੀ ਰਫਤਾਰ ਤੇ ਚਲਾਇਆ ਜਾ ਸਕਦਾ ਹੈ। ਇਸ ਨਾਲ 15-20 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ।
2. ਲੇਜ਼ਰ ਵਾਲਾ ਕਰਾਹ: ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਗਿਰਾਵਟ ਪੰਜਾਬ ਦੀ ਖੇਤੀ ਲਈ ਚਿੰਤਾ ਦਾ ਵਿਸ਼ਾ ਹੈ। ਪਾਣੀ ਦੀ ਸੁਚੱਜੀ ਵਰਤੋਂ ਇਸ ਸਮੇਂ ਦੀ ਅਹਿਮ ਲੋੜ ਹੈ। ਲੇਜ਼ਰ ਵਾਲਾ ਕਰਾਹ ਇੱਕ ਅਜਿਹੀ ਤਕਨਾਲੋਜੀ ਹੈ ਜਿਸ ਖੇਤ ਵਿੱਚ ਲੱਗਣ ਵਾਲੇ ਪਾਣੀ ਦੇ ਸਮੇਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਇਕਸਾਰ ਪੱਧਰ ਦਾ ਪਾਣੀ ਲਗਾਇਆ ਜਾ ਸਕਦਾ ਹੈ। ਲੇਜ਼ਰ ਵਾਲੇ ਕਰਾਹ ਨੂੰ 50 ਹ.ਪ. ਜਾਂ ਵੱਧ ਤਾਕਤ ਦੇ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ। ਇਸ ਦੀ ਵਰਤੋਂ ਨਾਲ 25-30 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ।
3. ਬਹੁ-ਫਸਲੀ ਪਲਾਂਟਰ: ਬੀਜ ਖਾਦ ਡਰਿੱਲ ਦੇ ਨਾਲ ਮੱਕੀ, ਮੂੰਗਫਲੀ, ਨਰਮਾ ਆਦਿ ਵਰਗੇ ਮੋਟੇ ਬੀਜਾਂ ਦੀ ਬਿਜਾਈ ਕਰਨ ਲਈ ਇੱਕ ਹੋਰ ਬੀਜ ਵਾਲਾ ਬਕਸਾ ਲਗਾਇਆ ਗਿਆ ਹੈ।ਇਸ ਬਕਸੇ ਵਿੱਚ ਬੀਜ ਪਾਉਣ ਲਈ ਛੇ ਖਾਨੇ ਹਨ। ਜਿਹਨਾਂ ਵਿੱਚ ਝੁਕਾਅ ਵਾਲੀਆਂ ਮੀਟਰਿੰਗ ਪਲੇਟਾਂ ਲੱਗੀਆਂ ਹਨ। ਕਤਾਰ ਤੋਂ ਕਤਾਰ ਦੇ ਫਾਸਲੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਇਸ ਨਾਲ ਹੱਥਾਂ ਨਾਲ ਬਿਜਾਈ ਨਾਲੋਂ 60 ਫੀਸਦੀ ਲੇਬਰ ਦੀ ਬੱਚਤ ਹੁੰਦੀ ਹੈ।
4. ਲੱਕੀ ਸੀਡ ਡਰਿੱਲ: ਇਸ ਡਰਿੱਲ ਦੀ ਵਰਤੋਂ ਝੋਨੇ ਦੀ ਸਿੱਧੀ ਬਿਜਾਈ ਲਈ ਕੀਤੀ ਜਾ ਸਕਦੀ ਹੈ। ਇਹ ਡਰਿੱਲ ਬਿਜਾਈ ਦੇ ਨਾਲ-ਨਾਲ ਨਦੀਨਨਾਸ਼ਕ ਦਾ ਸਪਰੇਅ ਵੀ ਕਰਦੀ ਹੈ। ਇਸ ਦੇ ਬੀਜ ਵਾਲੇ ਬਕਸੇ ਵਿੱਚ ਝੁਕਾਅ ਵਾਲੀਆਂ ਮੀਟਰਿੰਗ ਪਲੇਟਾਂ ਲੱਗੀਆ ਹਨ ਅਤੇ ਨਾਲ ਇੱਕ ਸਪਰੇਅ ਪੰਪ ਹਾਈਡੋਲਕ ਪੰਪ ਅਤੇ ਬੂਮ ਉੱਤੇ ਨੋਜ਼ਲਾਂ।ਇਹ ਡਰਿੱਲ 35 ਹ.ਪ. ਜਾਂ ਵੱਧ ਤਾਕਤ ਵਾਲੇ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ।
5. ਮੈਟ ਟਾਈਪ ਨਰਸਰੀ ਲਈ ਟਰੈਕਟਰ ਚਲਿਤ ਸੀਡਰ: ਟਰੈਕਟਰ ਚਲਿਤ ਮੈਟ ਟਾਇਪ ਨਰਸਰੀ ਸੀਡਰ 1.0 ਮੀਟਰ ਚੋੜੇ ਮਿੱਟੀ ਦੇ ਬੈਡ ਉੱਤੇ ਪੋਲੀਥੀਨ ਸ਼ੀਟ (50-60 ਗੇਜ) ਬਿਛਾਉਣ, ਉਸ ਸੀਟ ਉੱਪਰ 1.0 ਇੰਚ ਮੈਟੀ ਮਿੱਟੀ ਦੀ ਪਰਤ ਪਾਉਣ ਅਤੇ ਨਾਲ ਹੀ ਮਿੱਟੀ ਦੇ ਬੈਡ ਉੱਤੇ ਬੀਜ ਪਾਉਣ ਦਾ ਕੰਮ ਇੱਕ ਵਾਰ ਵਿੱਚ ਕਰਦਾ ਹੈ। ਇਸ ਮਸ਼ੀਨ ਨਾਲ ਇੱਕ ਦਿਨ ਵਿੱਚ 150 ਏਕੜ ਰਕਬੇ ਲਈ ਝੋਨੇ ਦੀ ਮੈਟ ਟਾਈਪ ਪਨੀਰੀ ਤਿਆਰ ਕੀਤੀ ਜਾ ਸਕਦੀ ਹੈ। ਇਹ ਮਸ਼ੀਨ 45 ਜਾਂ ਵੱਧ ਹਾਰਸ ਪਾਵਰ ਟਰੈਕਟਰ ਨਾਲ ਚੱਲਦੀ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਰਿਵਾਇਤੀ ਢੰਗ ਨਾਲ ਮੈਂਟ ਟਾਈਪ ਪਨੀਰੀ ਤਿਆਰ ਕਰਨ ਨਾਲੋਂ 64-68 ਫੀਸਦੀ ਖਰਚੇ ਦੀ ਕਮੀ ਹੁੰਦੀ ਹੈ ਅਤੇ 93-94 ਫੀਸਦੀ ਲੇਬਰ ਦੀ ਬੱਚਤ ਹੁੰਦੀ ਹੈ।
6. ਪਿਛੇ ਤੁਰਨ ਵਾਲਾ ਝੋਨਾ ਟ੍ਰਾਂਸਪਲਾਂਟਰ: ਇਹ ਮਸ਼ੀਨ 4 ਅਤੇ 6 ਕਤਾਰਾਂ ਦੇ ਮਾਡਲਾਂ ਵਿੱਚ ਆਉਂਦੀ ਹੈ। ਇਸ ਮਸ਼ੀਨ ਵਿੱਚ ਖਿਚਾਈ ਲਈ ਦੋ ਪਹੀਏ ਲੱਗੇ ਹੁੰਦੇ ਹਨ ਅਤੇ ਚਾਲਕ ਮਸ਼ੀਨ ਦੇ ਹੈਡਂਲ ਨੂੰ ਫੜ ਕੇ ਮਸ਼ੀਨ ਦੇ ਪਿੱਛੇ ਕੱਦੂ ਵਿਚ ਅਤੇ ਲੱਗੇ ਹੋਏ ਝੋਨੇ ਦੀਆ ਕਤਾਰਾਂ ਵਿੱਚ ਚਲਦਾ ਹੈ। ਇਸ ਮਸ਼ੀਨ ਵਿੱਚ ਬੂਟੇ ਤੋਂ ਬੂਟੇ ਦੀ ਦੂਰੀ ਤਹਿ ਕਰਨ ਲਈ ਸੈਟਿੰਗਾਂ ਹਨ। ਬੂਟੇ ਲਾਉਣ ਦੀ ਡੂੰਘਾਈ ਅਤੇ ਇੱਕ ਥਾਂ ਉੱਤੇ ਲੱਗਣ ਵਾਲੇ ਬੂਟਿਆ ਦੀ ਗਿਣਤੀ ਘੱਟ ਜਾਂ ਵੱਧ ਕਰਨ ਲਈ ਮਸ਼ੀਨ ਦੇ ਪਿਛਲੇ ਪਾਸੇ ਚਾਲਕ ਕੋਲ ਦੋ ਲੀਵਰ ਲੱਗੇ ਹੋਏ ਹਨ।
ਇਹ ਮਸ਼ੀਨ ਇਕ ਦਿੱਨ ਵਿੱਚ ਤਕਰੀਬਨ ਦੋ ਤ ਤਿੰਨ ਏਕੜ ਰਕਬਾ ਝੋਨਾ 2-3 ਆਦਮੀਆਂ ਦੀ ਮੱਦਦ ਨਾਲ ਲਗਾ ਸਕਦੀ ਹੈ। ਇਸ ਮਸ਼ੀਨ ਦਾ ਭਾਰ ਘੱਟ ਹੈ ਅਤੇ ਹਰੇਕ ਦੋ ਕਤਾਰਾ ਵਿਚਕਾਰ ਇਕ ਫਲੋਟ ਦਿੱਤਾ ਗਿਆ ਹੈ, ਜਿਸ ਕਾਰਨ ਇਹ ਮਸ਼ੀਨ ਵਿੱਚ ਗਾਰਾ (ਕੱਦੂ) ਮਸ਼ੀਨ ਦੇ ਨਾਲ ਨਹੀਂ ਤੁਰਦਾ ਅਤੇ ਇਹ ਭਾਰੀਆਂ ਜਮ਼ੀਨਾਂ ਵਿੱਚ ਵੀ ਬਗੈਰ ਇੰਤਜਾਰ ਕਰੇ ਚੰਗੀ ਤਰ੍ਹਾਂ ਝੋਨਾ ਲਗਾ ਸਕਦੀਆਂ ਹਨ।
7. ਉੱਤੇ ਬੈਠਕੇ ਚਲਾਉਣ ਵਾਲਾ ਝੋਨਾ ਟ੍ਰਾਂਸਪਲਾਂਟਰ: ਇਹ ਮਸ਼ੀਨਾਂ ਚਾਰ ਪਹੀਆਂ ਤੇ ਚਲਦੀਆ ਹਨ ਅਤੇ ਸਾਰੇ ਪਹੀਆਂ ਨੂੰ ਇੰਜਣ ਤੋਂ ਤਾਕਤ ਮਿਲਦੀ ਹੈ ਜਿਸ ਕਰਕੇ ਇਹ ਮਸ਼ੀਨਾਂ ਹਰ ਤਰ੍ਹਾਂ ਦੀ ਮਿੱਟੀ ਵਿੱਚ ਚਲ ਸਕਦੀਆਂ ਹਨ। ਇਹ ਮਸ਼ੀਨਾ ਵਿੱਚ ਕਤਾਰ ਤੋ ਕਤਾਰ ਦਾ ਫਾਸਲਾ ਇੱਕ ਫੁੱਟ ਹੈ । ਇਹ ਮਸ਼ੀਨ ਪ਼੍ਰਤੀ ਦਿਨ 10 ਤੋ 12 ਏਕੜ ਰਕਬਾ ਝੋਨਾ ਲਗਾ ਸਕਦੀ ਹੈ।
ਬੂਟੇ ਤੋਂ ਬੂਟੇ ਦੀ ਦੂਰੀ ਸੈਟ ਕਰਨ ਲਈ ਚਾਲਕ ਦੀ ਸੀਟ ਕੋਲ ਪੈਰ ਰੱਖਣ ਦੀ ਜਗ੍ਹਾ ਦੇ ਥੱਲੇ ਲੀਵਰ ਲੱਗਿਆ ਹੋਇਆ ਹੈ, ਜਿਸ ਉੱਪਰ ਸੈਟਿੰਗਾਂ ਅੰਕਿਤ ਹਨ। ਬੂਟੇ ਲਾਉਣ ਦੀ ਡੂੰਘਾਈ ਅਤੇ ਇੱਕ ਥਾਂ ਉੱਤੇ ਲੱਗਣ ਵਾਲੇ ਬੂਟਿਆਂ ਦੀ ਗਿਣਤੀ ਘੱਟ ਵੱਧ ਕਰਨ ਲਈ ਮਸ਼ੀਨ ਦੇ ਮੈਟ ਰੱਖਣ ਵਾਲੇ ਫਰੇਮ ਦੇ ਪਿਛਲੇ ਪਾਸੇ ਦੋ ਲੀਵਰ ਲੱਗੇ ਹੋਏ ਹਨ ਜਿਹਨਾਂ ਨਾਲ ਇਹ ਸੈਟਿੰਗਾਂ ਕੀਤੀਆ ਜਾ ਸਕਦੀਆਂ ਹਨ।
8. ਗੰਨਾ ਟਰੈਂਚ ਡਿੱਗਰ: ਦੋ ਕਤਾਰੀ ਖ਼ਾਲੀ ਵਿਧੀ (90:30 ਸੈਟੀਮੀਟਰ) ਨਾਲ ਗੰਨੇ ਦੀ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ, ਫਸਲਾਂ ਦੀ ਸੌਖੀ ਬਨਾਈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ। ਫਸਲ ਦੀ ਬਿਜਾਈ 2 ਕਤਾਰਾਂ ਵਿੱਚ ਇੱਕ ਫੁੱਟ ਚੌੜੀਆਂ ੳਤੇ 20-25 ਸੈਂਟੀਮੀਟਰ ਡੂੰਘੀਆਂ ਖਾਲੀਆਂ ਵਿੱਚ ਕੀਤੀ ਜਾਦੀ ਹੈ। ਇਨ੍ਹਾਂ ਖਾਲੀਆਂ ਨੂੰ ਯੂਨੀਵਰਸਿਟੀ ਵੱਲੋਂ ਤਿਆਰ ਖਾਲੀਆਂ ਬਣਾਉਣ ਵਾਲੀ ਮਸ਼ੀਨ (ਗੰਨਾ ਟਰੈਂਚ ਡਿੱਗਰ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਖ਼ਾਲੀ ਵਿੱਚ ਗੰਨੇ ਦੀਆਂ ਦੋ ਕਤਾਰਾਂ ਬੀਜਣ ਲਈ ਖਾਲੀਆਂ ਅਤੇ ਬੈਂਡ ਬਣਾਉਂਦਾ ਹੈ।
9. ਗੰਨਾ ਟਰੈਂਚ ਪਲਾਟਰ: ਖ਼ਾਲੀ ਵਿੱਚ ਗੰਨੇ ਦੀਆਂ ਦੋ ਕਤਾਰਾਂ ਬੀਜਣ ਵਾਸਤੇ ਗੰਨਾ ਟਰੈਂਚ ਪਲਾਂਟਰ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦੀ ਸੀਟ ਤੇ ਬੈਠੇ ਦੋ ਆਦਮੀ ਸਬੂਤੇ ਗੰਨੇ ਮਸ਼ੀਨ ਵਿੱਚ ਪਾਉਂਦੇ ਹਨ, ਮਸ਼ੀਨ ਆਪ ਗੁੱਲ਼ੀਆ ਵੱਢ ਕੇ ਖਾਲੀ ਵਿੱਚ ਪਾਉਂਦੀ ਹੈ ਅਤੇ ਨਾਲ ਹੀ ਖਾਦ ਪਾ ਕੇ ਮਿੱਟੀ ਨਾਲ ਢੱਕ ਦਿੰਦੀ ਹੈ। ਗੁੱਲੀਆਂ ਦੀ ਲੰਬਾਈ 36-38 ਸੈਂਟੀਮੀਟਰ ਹੁੰਦੀ ਹੈ।ਇਹ ਮਸ਼ੀਨ 2-3 ਕਿਲੋਮੀਟਰ ਦੀ ਸਪੀਡ ਨਾਲ ਚਲਾਈ ਜਾਂਦੀ ਹੈ। ਇਸ ਨਾਲ ਇੱਕ ਦਿਨ ਵਿੱਚ 2-3 ਏਕੜ ਬਿਜਾਈ ਕੀਤੀ ਜਾ ਸਕਦੀ ਹੈ।
10. ਮੱਕੀ ਦੀ ਫਸਲ ਲਈ ਟਰੈਕਟਰ ਚਲਿਤ ਨਿਊਮੈਟਿਕ ਪਲਾਂਟਰ: ਮੱਕੀ ਦੇ ਬੀਜ ਨੂੰ ਚਾਰ ਕਤਾਰਾਂ ਵਿੱਚ (ਬੈਂਡ ਬਣਾਉਣ ਦੀ ਸਹੂਲਤ ਦੇ ਨਾਲ) ਲਾਉਣ ਲਈ ਉਦਯੋਗ ਦਾ ਮਿਲ ਕੇ ਇੱਕ ਨਿਊਮੈਟਿਕ ਪਲਾਂਟਰ ਤਿਆਰ ਕੀਤਾ ਗਿਆ ਹੈ। ਇਸ ਪਲਾਂਟਰ ਨਾਲ ਮੱਕੀ ਦੇ ਬੀਜ ਨੂੰ 55-56 ਮਿ. ਮਿ. ਦੀ ਔਸਤ ਡੂੰਘਾਈ ਤੇ 9-10 ਕਿਲੋ ਪ੍ਰਤੀ / ਏਕੜ ਦੀ ਮਾਤਰਾ ਵਿੱਚ ਲਾਇਆ ਜਾ ਸਕਦਾ ਹੈ। ਇਸ ਪਲਾਂਟਰ ਨਾਲ ਮੱਕੀ ਦੀ ਬਿਜਾਈ ਲਈ ਰਿਵਾਇਤੀ ਢੰਗ ਨਾਲੋਂ 46-47 ਫੀਸਦੀ ਖਰਚੇ ਵਿੱਚ ਕਮੀ ਅਤੇ 96 ਫੀਸਦੀ ਲੇਬਰ ਵਿੱਚ ਬੱਚਤ ਹੁੰਦੀ ਹੈ। ਇਹ ਮਸ਼ੀਨ 45 ਜਾਂ ਵੱਧ ਹਾਰਸ ਪਾਵਰ ਟਰੈਕਟਰ ਨਾਲ ਚੱਲਦੀ ਹੈ। ਇਸ ਪਲਾਂਟਰ ਦੀ ਕਾਰਜ ਸਮਰਥਾ 1.5-2.0 / ਏਕੜ ਪ੍ਰਤੀ ਘੰਟਾ ਹੈ।
ਗੋਡੀ ਅਤੇ ਸਪਰੇ ਲਈ ਮਸ਼ੀਨਰੀ:-
1. ਰੋਟਰੀ ਪਾਵਰ ਵੀਡਰ: ਇਹ ਬਾਗ਼ਬਾਨੀ ਅਤੇ ਚੌੜੀਆਂ ਕਤਾਰਾਂ ਦੀਆਂ ਫਸਲਾਂ ਵਿੱਚ ਗੋਡੀ ਲਈ ਇੱਕ ਇੰਜਣ ਦੁਆਰਾ ਸਵੈ ਚਲਿਤ ਪਾਵਰ ਵੀਡਰ ਹੈ। ਓਪਰੇਸ਼ਨ ਦੀ ਡੂੰਘਾਈ 4-7 ਸੈਂਟੀਮੀਟਰ ਤੱਕ ਹੈ। ਮਸ਼ੀਨ ਨੂੰ 1.5 ਤੋਂ 2.0 ਕਿਲੋਮੀਟਰ ਪ੍ਰਤੀ ਘੰਟਾ ਦੀ ਔਸਤ ਸਪੀਡ ਨਾਲ ਚਲਾਇਆ ਜਾ ਸਕਦਾ ਹੈ ਅਤੇ ਕਵਰੇਜ ਦੀ ਔਸਤ ਚੌੜਾਈ 62 ਸੈਟੀਮੀਟਰ (ਦੋ ਪਾਸਾਂ ਵਿੱਚ) ਹੈ। ਮਸ਼ੀਨ ਨਾਲ ਨਦੀਨਾਂ ਦੀ ਗੋਡੀ ਕਰਨ ਦੀ ਕੁਸ਼ਲਤਾ, ਫਸਲ ਦੀ ਕਿਸਮ ਅਨੁਸਾਰ, 80-94% ਤੱਕ ਹੁੰਦੀ ਹੈ। ਮਸ਼ੀਨ ਨਾਲ ਇੱਕ ਦਿਨ ਵਿੱਚ 0.6-1.0 ਹੈਕਟੇਅਰ ਰਕਬੇ ਵਿੱਚ ਗੋਡੀ ਕੀਤੀ ਜਾ ਸਕਦੀ ਹੈ। ਕਪਾਹ, ਗੰਨਾ, ਸੂਰਜਮੁਖੀ ਅਤੇ ਛੋਲਿਆਂ ਦੀ ਫਸਲ ਲਈ ਮਸ਼ੀਨ ਦੀ ਕਾਰਗੁਜ਼ਾਰੀ ਤਸੱਲੀਬਖਸ਼ ਪਾਈ ਗਈ ਹੈ।
ਇਹ ਵੀ ਪੜ੍ਹੋ: Tractor Maintenance Tips: ਇਸ ਤਰ੍ਹਾਂ ਕਰੋ ਖੇਤੀ ਮਸ਼ੀਨਰੀ ਲਈ ਉਚਿਤ ਗਰੀਸ ਅਤੇ ਤੇਲ ਦੀ ਚੋਣ
2. ਟਰੈਕਟਰ ਚਲਤ ਰੋਟਰੀ ਵੀਡਰ: ਇਹ ਮਸ਼ੀਨ ਕਪਾਹ, ਗੰਨੇ ਆਦਿ ਵਰਗੀਆਂ ਚੌੜੀਆਂ ਕਤਾਰਾਂ ਦੀਆਂ ਫਸਲਾਂ ਵਿੱਚ ਨਦੀਨਾਂ ਦੇ ਖ਼ਾਤਮੇ ਲਈ ਢੁਕਵੀਂ ਹੈ। ਗੋਡੀ ਲਈ, ਮਸ਼ੀਨ ਵਿੱਚ ਤਿੰਨ ਰੋਟਰੀ ਬਲੇਡ ਅਸੈਂਬਲੀਆਂ ਹਨ। ਇਹਨਾਂ ਅਸੈਂਬਲੀਆਂ ਨੂੰ ਪਾਵਰ (ਤਾਕਤ), ਗੀਅਰਬਾਕਸ ਰਾਹੀਂ ਸਪ੍ਰੋਕੇਟ ਅਤੇ ਚੇਨ ਦੀ ਮਦਦ ਨਾਲ, ਟਰੈਕਟਰ ਫਠੌ ਤੋਂ ਪ੍ਰਦਾਨ ਕੀਤੀ ਜਾਂਦੀ ਹੈ। ਮਸ਼ੀਨ ਵਿੱਚ ਕਤਾਰ ਤੋਂ ਕਤਾਰ ਦੀ ਵਿੱਥ ਨੂੰ ਲੋੜ ਅਨੁਸਾਰ ਸੈੱਟ ਕਰਨ ਦਾ ਪ੍ਰਬੰਧ ਹੈ। ਮਸ਼ੀਨ ਦੀ ਫੀਲਡ ਸਮਰੱਥਾ 0.3-0.4 ਹੈਕਟੇਅਰ/ ਘੰਟਾ ਹੈ ਅਤੇ ਨਦੀਨਾਂ ਦੇ ਖਾਤਮੇ ਦੀ ਕਾਰਜਸ਼ੀਲਤਾ 75-85% ਤੱਕ ਹੈ।
ਇਹ ਵੀ ਪੜ੍ਹੋ: Electric Tractors: ਇਹ ਹਨ ਭਾਰਤ ਦੇ ਸਭ ਤੋਂ ਵਧੀਆ ਇਲੈਕਟ੍ਰਿਕ ਟਰੈਕਟਰ, ਕਿਸਾਨਾਂ ਲਈ ਹਨ ਵਰਦਾਨ
3. ਏਅਰ ਅਸਿਸਟਡ ਸਲੀਵ ਬੂਮ ਸਪਰੇਅਰ: ਏਅਰ ਅਸਿਸਟਡ ਸਲੀਵ ਬੂਮ ਸਪਰੇਅਰ ਕੀਟਨਾਸ਼ਕ ਅਤੇ ਉੱਲੀਨਾਸ਼ਕ ਦੇ ਇੱਕਸਾਰ ਅਤੇ ਸਹੀ ਸਪਰੇਅ ਲਈ ਲਾਭਦਾਇਕ ਹੈ। ਇਹ ਟਰੈਕਟਰ ਦੇ 3 ਪੁਆਇੰਟ ਲਿੰਕੇਜ 'ਤੇ ਮਾਊਂਟ ਹੁੰਦਾ ਹੈ ਅਤੇ ਟਰੈਕਟਰ ਫਠੌ ਦੁਆਰਾ ਚਲਾਇਆ ਜਾਂਦਾ ਹੈ। ਮਸ਼ੀਨ ਵਿੱਚ 400 ਲੀਟਰ ਦੀ ਸਮਰੱਥਾ ਵਾਲਾ ਟੈਂਕ, 18 ਐਟੋਮਾਈਜ਼ਰ, ਸੈਂਟਰੀਫਿਊਗਲ ਬਲੋਅਰ ਅਤੇ ਹਾਈਡ੍ਰੌਲਿਕ ਪੰਪ ਸ਼ਾਮਲ ਹਨ। ਜਦੋਂ ਇਹ 2.5 ਤੋਂ 3.0 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਕੰਮ ਕਰਦਾ ਹੈ ਤਾਂ ਇਹ ਲਗਭਗ 1.70 ਤੋਂ 2.0 ਹੈਕਟੇਅਰ/ ਘੰਟੇ ਦੇ ਖੇਤਰ ਨੂੰ ਕਵਰ ਕਰ ਸਕਦਾ ਹੈ। ਸਪਰੇਅਰ ਦੀ ਪ੍ਰਭਾਵੀ ਸਵਾਥ ਚੌੜਾਈ 9.4 ਮੀਟਰ ਤੱਕ ਹੈ।
ਇਹ ਵੀ ਪੜ੍ਹੋ: ਢੋਆ-ਢੁਆਈ ਦੀ ਖੱਜਲ-ਖੁਆਰੀ ਬੰਦ, ਇਹ ਜੁਗਾੜ ਭਾਰ ਖਿੱਚਣ ਦੇ ਕੰਮਾਂ ਨੂੰ ਬਣਾਏਗਾ ਆਸਾਨ
4. ਪੀ.ਏ.ਯੂ. ਬਹੁ ਮੰਤਵ ਹਾਈ ਕਲੀਅਰੈਂਸ ਸਪਰੇਅਰ: ਇਹ ਫਸਲੀ ਜੀਵਨ ਚੱਕਰ ਦੇ ਸਾਰੇ ਪੜਾਵਾਂ 'ਤੇ ਪ੍ਰਭਾਵੀ ਛਿੜਕਾਅ ਲਈ ਆਟੋ ਰੋਟੇਟਿੰਗ ਗਨ ਵਿਧੀ ਦੇ ਨਾਲ ਬੂਮ ਅਤੇ ਡਰਾਪ ਅੱਪ ਕਿਸਮ ਦੀ ਵਿਧੀ ਵਾਲਾ ਸਪ੍ਰੇਅਰ ਹੈ। ਇਸ ਨੂੰ ਮਾਊਂਟ ਕਰਨ ਲਈ ਤੰਗ ਪਿਛਲੇ ਟਾਇਰਾਂ ਵਾਲੇ ਉੱਚ ਕਲੀਅਰੈਂਸ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ। ਉੱਚ ਕਲੀਅਰੈਂਸ ਸਪ੍ਰੇਅਰ ਦੀ ਫੀਲਡ ਸਮਰੱਥਾ ਲੱਗਭਗ 1.78 ਹੈਕਟੇਅਰ/ ਘੰਟਾ ਹੈ। ਨੈਪਸੇਕ ਸਪਰੇਅਰ ਦੀ ਤੁਲਨਾ ਵਿੱਚ ਉੱਚ ਕਲੀਅਰੈਂਸ ਸਪਰੇਅਰ ਦੀ ਵਰਤੋਂ ਕਰਕੇ ਲਾਗਤ, ਲੇਬਰ ਅਤੇ ਸਮੇਂ ਦੀ ਬੱਚਤ ਕ੍ਰਮਵਾਰ 66,95 ਅਤੇ 95% ਹੁੰਦੀ ਹੈ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਮਿਲਣਗੀਆਂ 100 ਸੁਪਰ ਸੀਡਰ ਮਸ਼ੀਨਾਂ, ਫ਼ੋਨ ਨੰਬਰ ਅਤੇ ਲਿੰਕ ਜਾਰੀ
ਕਟਾਈ ਅਤੇ ਗਹਾਈ ਲਈ ਮਸ਼ੀਨਰੀ:-
1. ਮੱਕੀ ਦੀ ਪੜ੍ਹਦਆਿਂ ਸਮੇਤ ਗਹਾਈ ਵਾਲਾ ਥਰੈਸ਼ਰ: ਮੱਕੀ ਦੀ ਪੜਦਿਆਂ ਸਮੇਤ ਗਹਾਈ ਲਈ ਥਰੈਸ਼ਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਥਰੈਸ਼ਰ 12-24% ਨਮੀ ਵਾਲੀ ਮੱਕੀ ਨੂੰ ਸਫਲਤਾਪੂਰਵਕ ਥਰੈਸ਼ ਕਰ ਸਕਦਾ ਹੈ। ਮਸ਼ੀਨ ਦੀ ਆਊਟਪੁੱਟ ਸਮਰੱਥਾ 1200-2400 ਕਿਲੋਗ੍ਰਾਮ ਪ੍ਰਤੀ ਘੰਟਾ ਤੱਕ ਹੁੰਦੀ ਹੈ। ਥਰੈਸ਼ਰ ਦੀ ਥਰੈਸਿੰਗ ਅਤੇ ਸਫਾਈ ਦੀ ਕੁਸ਼ਲਤਾ ਲੱਗਭਗ 95-98% ਹੈ ਜਦਕਿ ਦਾਣਿਆਂ ਦੀ ਟੁੱਟ 1-3% ਤੱਕ ਹੁੰਦੀ ਹੈ।
ਇਹ ਵੀ ਪੜ੍ਹੋ : Farm Equipment: ਕਿਸਾਨਾਂ ਲਈ ਵਰਦਾਨ ਹਨ ਇਹ ਖੇਤੀ ਸੰਦ, ਜਾਣੋ ਇਨ੍ਹਾਂ ਦੀਆਂ ਖੂਬੀਆਂ ਅਤੇ ਵਰਤੋਂ
2. ਬਹੁ ਫਸਲ ਥਰੈਸ਼ਰ: ਸਪਾਈਕ ਟੂਥ ਟਾਈਪ ਥਰੈਸ਼ਰ ਨੂੰ ਕੁਝ ਸੋਧ ਕਰਨ ਤੋਂ ਬਾਅਦ ਮੂੰਗ ਅਤੇ ਮਾਂਹ ਦੀ ਪਿੜਾਈ ਲਈ ਵਰਤਿਆ ਜਾ ਸਕਦਾ ਹੈ। ਥੈ੍ਰਸ਼ਿੰਗ ਸਿਲੰਡਰ ਵਿੱਚ ਹਰ ਕਤਾਰ ਵਿੱਚ ਛੱਤੀ ਸਪਾਈਕਸ ਹੁੰਦ ਹਨ। ਦਾਲਾਂ ਦੀ ਪਿੜਾਈ ਲਈ, ਛੇ ਕਤਾਰਾਂ ਵਿੱਚ ਸਿਲੰਡਰ ਉਤੇ ਛੇ ਸਪਾਈਕਸ ਰੱਖੇ ਜਾਂਦੇ ਹਨ ਭਾਵ ਹਰੇਕ ਕਤਾਰ ਵਿੱਚ ਇੱਕ। ਥਰੈਸ਼ਰ ਦੀ ਕੁਸ਼ਲਤਾ ਲੱਗਭਗ 99% ਹੈ ਅਤੇ ਸਫਾਈ ਕੁਸ਼ਲਤਾ ਲੱਗਭਗ 98-99% ਜਦਕਿ ਆਉਟਪੁੱਟ ਸਮਰੱਥਾ ਲੱਗਭਗ 250 ਕਿਲੋਗ੍ਰਾਮ ਪ੍ਰਤੀ ਘੰਟਾ ਹੁੰਦੀ ਹੈ।
ਸੁਧਰੀ ਖੇਤੀ ਮਸ਼ੀਨਰੀ ਦੀ ਵਰਤੋ; ਖੇਤੀ ਉਤਪਾਦਕਤਾ, ਕਿਰਤ/ਲੇਬਰ ਉਤਪਾਦਕਤਾ ਅਤੇ ਮੁਨਾਫਾ ਵਧਾਉਣ ਅਤੇ ਕੰਮ ਦੌਰਾਨ ਔਕੜਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ ਅਤੇ ਨਾਲ ਹੀ ਵਧੇਰੇ ਰੁਜ਼ਗਾਰ ਪੈਦਾ ਕਰਨ ਦਾ ਮੌਕਾ ਵੀ ਪ੍ਰਦਾਨ ਕਰ ਸਕਦੀ ਹੈ।
ਇੰਜੀ. ਅਰਸ਼ਦੀਪ ਸਿੰਘ, ਡਾ. ਅਸੀਮ ਵਰਮਾ ਅਤੇ ਡਾ. ਅਨੂਪ ਦੀਕਸ਼ਿਤ
ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀ. ਵਿਭਾਗ ਪੀ.ਏ.ਯੂ., ਲੁਧਿਆਣਾ।
Summary in English: Agricultural Machinery for Kharif Crops