Wheat Straw: ਕੰਬਾਈਨਾਂ ਦੀ ਵਰਤੋਂ ਨਾਲ ਕਣਕ ਦੀ ਕਟਾਈ ਸਮੇਂ ਸਿਰ ਅਤੇ ਜਲਦੀ ਹੋ ਜਾਂਦੀ ਹੈ। ਪਰ ਕਣਕ ਦੀ ਕਟਾਈ ਉਪਰੰਤ ਕਣਕ ਦੀ ਫਸਲ ਦੇ ਕੱਟੇ ਹੋਏ ਮੁੱਢ ਅਤੇ ਕਤਾਰਾਂ ਵਿੱਚ ਖਿਲਾਰਿਆ ਕਣਕ ਦਾ ਨਾੜ ਖੇਤ ਵਿੱਚ ਹੀ ਰਹਿ ਜਾਂਦਾ ਹੈ। ਇਸ ਤੋਂ ਬਾਅਦ ਤੂੜੀ ਵਾਲੀ ਕੰਬਾਈਨ ਦੀ ਵਰਤੋਂ ਨਾਲ ਕਣਕ ਦੇ ਬਚੇ ਹੋਏ ਨਾੜ ਤੋਂ ਤੂੜੀ ਤਿਆਰ ਕੀਤੀ ਜਾਂਦੀ ਹੈ।
ਤੂੜੀ ਵਾਲੀ ਕੰਬਾਈਨ ਨੂੰ ਸਟਰਾਅ ਰੀਪਰ ਜਾਂ ਸਟਰਾਅ ਕੰਬਾਈਨ ਵੀ ਆਖਦੇ ਹਨ। ਕੰਬਾਈਨ ਨਾਲ ਕੱਟੇ ਗਏ ਕੁੱਲ ਰਕਬੇ ਦਾ ਤਕਰੀਬਨ 90 ਪ੍ਰਤੀਸ਼ਤ ਰਕਬਾ ਤੂੜੀ ਦੀ ਕੰਬਾਈਨ ਨਾਲ ਕੱਟ ਕੇ ਕਣਕ ਦੇ ਨਾੜ ਤੋਂ ਤੂੜੀ ਤਿਆਰ ਕਰ ਲਈ ਜਾਂਦੀ ਹੈ।
ਟਰੈਕਟਰ ਨਾਲ ਚੱਲਣ ਵਾਲੀ ਤੂੜੀ ਵਾਲੀ ਕੰਬਾਈਨ ਦੇ ਪਿਛਲੇ ਪਾਸੇ ਟਰਾਲੀ ਲਗਾਈ ਜਾਂਦੀ ਹੈ, ਜਿਥੇ ਤੂੜੀ ਨੂੰ ਇਕੱਠਾ ਕੀਤਾ ਜਾਂਦਾ ਹੈ। ਤੂੜੀ ਵਾਲੇ ਕੰਬਾਈਨ ਦੇ ਮੁੱਖ ਹਿੱਸੇ ਕਟਰਬਾਰ, ਰੀਲ, ਫੀਡਿੰਗ ਔਗਰ ਅਤੇ ਨਾੜ ਦਾ ਕੁਤਰਾ ਕਰਨ ਲਈ ਸਿਲੰਡਰ ਕਨਕੇਵ ਸੈਂਕਸ਼ਨ ਹੁੰਦੀ ਹੈ ਅਤੇ ਤੂੜੀ ਨੂੰ ਟਰਾਲੀ ਵਿੱਚ ਪਾਉਣ ਲਈ ਬਲੋਅਰ ਹੁੰਦਾ ਹੈ।ਟਰਾਲੀ ਦੇ ਫਰਸ਼ ਤੋਂ ਤਕਰੀਬਨ 8 ਫੁੱਟ ਉੱਪਰ ਤੱਕ ਟਰਾਲੀ ਦੇ ਸਾਰਿਆਂ ਪਾਸਿਆਂ ਨੂੰ ਲੋਹੇ ਦੀ ਜਾਲੀ ਨਾਲ ਢੱਕਿਆ ਹੁੰਦਾ ਹੈ ਤਾਂ ਜੋ ਟਰਾਲੀ ਵਿੱਚ ਤੂੜੀ ਨੂੰ ਚੰਗੀ ਤਰ੍ਹਾਂ ਪਾਈ ਜਾ ਸਕੇ।
ਤੂੜੀ ਵਾਲੀ ਕੰਬਾਈਨ ਨਾਲ ਕਣਕ ਦੇ ਬਚੇ ਹੋਏ ਨਾੜ ਦਾ 70-80 ਪ੍ਰਤੀਸ਼ਤ ਤੂੜੀ ਦੇ ਰੂਪ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ।ਕਣਕ ਦੇ ਨਾੜ ਵਿੱਚ ਬਹੁਤ ਸਾਰੇ ਖੁਰਾਕੀ ਤੱਤ ਹੁੰਦੇ ਹਨ। ਕਣਕ ਦੇ ਨਾੜ ਤੋਂ ਬਣਾਈ ਗਈ ਤੂੜੀ ਦੀ ਵਰਤੋਂ ਜ਼ਿਆਦਾਤਰ ਪਸ਼ੂਆਂ ਦੇ ਚਾਰੇ ਲਈ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਹੋਰ ਕੰਮ ਜਿਵੇਂ ਕਿ ਖੁੰਬਾਂ ਉਗਾਉਣ ਲਈ ਕੰਪੋਸਟ ਬਣਾਉਣ, ਕਾਗਜ ਤੇ ਗੱਤਾ ਬਣਾਉਣ ਲਈ,ਘਰਾਂ ਦੀਆਂ ਛੱਤਾਂ ਤੇ ਦੀਵਾਰਾਂ ਨੂੰ ਲਿੱਪਣ ਦੇ ਕੰਮ, ਆਦਿ, ਲਈ ਵਰਤਿਆ ਜਾਂਦਾ ਹੈ।
ਤੂੜੀ ਵਾਲੀ ਕੰਬਾਈਨ ਦੀ ਸੁੱਚਜੀ ਵਰਤੋਂ ਲਈ ਹੇਠ ਲਿਖੇ ਜ਼ਰੂਰੀ ਨੁਕਤਿਆਂ ਨੂੰ ਅਪਣਾਉਣਾ ਚਾਹੀਦਾ ਹੈ:
1. ਤੂੜੀ ਵਾਲੀ ਕੰਬਾਈਨ ਨੂੰ ਖੇਤ ਵਿੱਚ ਚਲਾਉਣ ਤੋਂ ਪਹਿਲਾਂ ਉਸ ਵਿੱਚੋਂ ਫਸਲ ਦੀ ਰਹਿੰਦ-ਖੂੰਹਦ ਨੂੰ ਸਾਫ ਕਰ ਲੈਣਾ ਚਾਹੀਦਾ ਹੈ।ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਥਾਂ ਤੇ ਲੋੜ ਤੋਂ ਜਿਆਦਾ ਗਰੀਸ ਨਾ ਲੱਗੀ ਹੋਵੇ।
2. ਤੂੜੀ ਵਾਲੀ ਕੰਬਾਈਨ ਦੇ ਸਾਰੇ ਨੱਟ ਬੋਲਟ ਅਤੇ ਸ਼ੀਲਡਾਂ ਨੂੰ ਕੱਸ ਦੇਣਾ ਚਾਹੀਦਾ ਹੈ।
3. ਤੂੜੀ ਵਾਲੀ ਕੰਬਾਈਨ ਦੇ ਹੈਡਰ ਦੀ ਸਹੀ ਅਲਾਈਨਮੈਂਟ ਕਰ ਲੈਣਾ ਚਾਹੀਦੀ ਹੈ ਤਾਂ ਜੋ ਕਣਕ ਦੇ ਨਾੜ ਦੀ ਵਧੀਆ ਤਰੀਕੇ ਨਾਲ ਤੂੜੀ ਬਣ ਸਕੇ।
4. ਕਟਰਬਾਰ ਦੇ ਬਲੇਡ ਜੇਕਰ ਖੁੰਡੇ ਹੋ ਗਏ ਹੋਣ ਤਾਂ ਬਲੇਡ ਬਦਲ ਦੇਣੇ ਚਾਹੀਦੇ ਹਨ।
5. ਤੂੜੀ ਵਾਲੇ ਕੰਬਾਈਨ ਦੇ ਸਾਰੇ ਯੂਨਿਟ ਜਿਵੇਂ ਕਿ ਕੱਟਣ ਵਾਲਾ ਯੂਨਿਟ, ਕਣਕ ਦੇ ਨਾੜ ਨੂੰ ਛੋਟਿਆਂ ਹਿੱਸਿਆਂ ਵਿੱਚ ਕਰਨ ਵਾਲਾ ਯੂਨਿਟ ਅਤੇ ਬਲੋਅਰ ਯੂਨਿਟ ਠੀਕ ਸਮੱਰਥਾ ਤੇ ਕੰਮ ਕਰਦੇ ਹੋਣ।
ਇਹ ਵੀ ਪੜੋ : John Deere W70: 100 HP ਪਾਵਰ ਵਾਲਾ ਮਲਟੀਕ੍ਰੌਪ ਹਾਰਵੈਸਟਰ, ਵੱਖ-ਵੱਖ ਫਸਲਾਂ ਲਈ ਢੁਕਵਾਂ, ਇੱਥੇ ਪੜੋ Specifications, Features, Price ਬਾਰੇ ਪੂਰੀ ਜਾਣਕਾਰੀ
6. ਥਰੈਸ਼ਰ ਸਿਲੰਡਰ ਦੇ ਸਾਰੇ ਬੈਰਿੰਗ ਠੀਕ ਤਰ੍ਹਾਂ ਕੰਮ ਕਰਦੇ ਹੋਣ ਅਤੇ ਸਿਲੰਡਰ ਦੇ ਸਾਰੇ ਨੱਟ ਅਤੇ ਬੋਲਟ ਕਸੇ ਹੋਣ।
7. ਸਿਲੰਡਰ ਡਰਮ ਦੇ ਬਲੇਡ ਜੇਕਰ ਖੁੰਡੇ ਹੋਣ ਤਾਂ ਨਵੇਂ ਬਲੇਡ ਪਵਾ ਲੈਣੇ ਚਾਹੀਦੇ ਹਨ ਤਾਂ ਜੋ ਤੂੜੀ ਬਣਾਉਣ ਦਾ ਕੰਮ ਸੁਚੱਜੇ ਤਰੀਕੇ ਨਾਲ ਹੋ ਸਕੇ।
8. ਟੂਲ ਬਾਕਸ ਵਿੱਚ ਨੱਟ ਬੋਲਟ, ਬੈਰਿੰਗ, ਬਲੇਡ ਆਦਿ ਰੱਖੇ ਹੋਣੇ ਚਾਹੀਦੇ ਹਨ ਤਾਂ ਜੋ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ।
9. ਤੂੜੀ ਵਾਲੀ ਕੰਬਾਈਨ ਨਾਲ ਕਣਕ ਦੇ ਨਾੜ ਦੀ ਸਹੀ ਉਚਾਈ ਤੇ ਕਟਾਈ ਕਰਨ ਨਾਲ ਤੂੜੀ ਦੀ ਮਾਤਰਾ ਵੱਧ ਆਉਂਦੀ ਹੈ।
10. ਤੂੜੀ ਵਾਲੀ ਕੰਬਾਈਨ ਦੀ ਵਰਤੋਂ ਜਲਦੀ ਸਵੇਰ ਵੇਲੇ ਜਾਂ ਫਿਰ ਰਾਤ ਵੇਲੇ ਕਰਨ ਤੋਂ ਗੁਰੇਜ ਕਰੋ ਤਾਂ ਜੋ ਅੱਗ ਲੱਗਣ ਦੇ ਹਾਦਸਿਆਂ ਤੋਂ ਬਚਾਅ ਹੋ ਸਕੇ।
11. ਸਾਰੇ ਘੁੰਮਦੇ ਹੋਏ ਹਿੱਸਿਆਂ ਨੂੰ ਕਵਰ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ।
12. ਲੋੜ ਪੈਣ ਦੀ ਸੂਰਤ ਵਿੱਚ ਫਸਟ-ਏਡ-ਬਾਕਸ ਦੀ ਸਹੂਲਤ ਹੋਣੀ ਚਾਹੀਦੀ ਹੈ।
13. ਮਸ਼ੀਨ ਦਾ ਮੇਨਟੇਨੈਂਸ (ਰੱਖ-ਰਖਾਅ) ਰਿਕਾਰਡ ਰੱਖੋ।
14. ਤੂੜੀ ਵਾਲੀ ਕੰਬਾਈਨ ਦੀ ਵਰਤੋਂ ਤੋਂ ਬਾਅਦ ਜਮੀਨ ਤੋਂ ਤੁੱਪਰ ਕੱਟੇ ਹੋਏ ਮੁੱਢਾਂ ਨੂੰ ਰੋਟਾਵੇਟਰ ਜਾਂ ਤਵੀਆਂ ਦੀ ਮਦੱਦ ਨਾਲ ਖੇਤਾਂ ਵਿੱਚ ਮਿਲਾਇਆ ਜਾ ਸਕਦਾ ਹੈ, ਜਿਸ ਨਾਲ ਜਮੀਨ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।
ਅਜੈਬ ਸਿੰਘ ਅਤੇ ਮਨਿੰਦਰ ਸਿੰਘ ਬੌਂਸ, ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ
Summary in English: Straw Reaper: Tips for bruising of wheat straw with straw combine