Fruits And Vegetables: ਸਿਹਤਮੰਦ ਜੀਵਨ ਲਈ ਫ਼ਲਾਂ ਅਤੇ ਸਬਜ਼ੀਆਂ ਦਾ ਰੋਜ਼ਾਨਾ ਸੇਵਨ ਬਹੁਤ ਮਹੱਤਵਪੂਰਨ ਹੈ। ਫ਼ਲ ਅਤੇ ਸਬਜ਼ੀਆਂ ਖੁਰਾਕ ਵਿੱਚ ਸਿਰਫ਼ ਪੋਸ਼ਟਿਕ ਤੱਤਾਂ ਦੇ ਹੀ ਸਰੋਤ ਨਹੀਂ, ਸਗੋਂ ਕਈ ਗੰਭੀਰ ਬਿਮਾਰੀਆਂ ਤੋਂ ਬਚਾਅ ਵਿੱਚ ਮਦਦਗਾਰ ਹਨ। ਇਹਨਾਂ ਦਾ ਰੋਜ਼ਾਨਾ ਸੇਵਨ ਸ਼ਰੀਰ ਵਿੱਚ ਵਿਟਾਮਿਨ ਅਤੇ ਖਣਿਜ ਦੀ ਲੋੜ ਨੂੰ ਪੂਰੀ ਕਰਦਾ ਹੈ।
ਇਨ੍ਹਾਂ ਤੋਂ ਮਿਲਣ ਵਾਲੇ ਵਿਟਾਮਿਨਾਂ ਵਿੱਚ ਵਿਟਾਮਿਨ ਸੀ, ਵਿਟਾਮਿਨ ਏ, ਫੌਲਿਕ ਐਸਿਡ, ਵਿਟਾਮਿਨ ਬੀ6 ਅਤੇ ਵਿਟਾਮਿਨ ਬੀ-3 ਸ਼ਾਮਲ ਹਨ। ਇਸ ਦੇ ਨਾਲ ਹੀ, ਮੈਗਨੀਸ਼ੀਅਮ ਅਤੇ ਲੋਹੇ (ਆਇਰਨ) ਦੀ ਕਮੀ ਨੂੰ ਵੀ ਪੂਰਾ ਕਰਨ ਵਿੱਚ ਮਦਦ ਕਰਦੇ ਹਨ। ਇਸ ਲੇਖ ਰਾਹੀਂ ਫ਼ਲ ਅਤੇ ਸਬਜ਼ੀਆਂ ਦੀ ਸਿਹਤ ਵਿੱਚ ਮਹੱਤਤਾ ਬਾਰੇ ਚਾਨਣ ਪਾਇਆ ਗਿਆ ਹੈ।
ਪੋਸ਼ਟਿਕ ਤੱਤਾਂ ਨਾਲ ਭਰਪੂਰ
ਫ਼ਲਾਂ ਅਤੇ ਸਬਜ਼ੀਆਂ ਵਿੱਚ ਘੱਟ ਵਸਾ ਹੁੰਦਾ ਹੈ ਪਰ ਇਹ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਹਰੀਆਂ, ਪੀਲੀਆਂ, ਅਤੇ ਸੰਤਰੀ ਸਬਜ਼ੀਆਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਲੋਹਾ, ਬੀਟਾ-ਕੈਰੋਟੀਨ, ਅਤੇ ਵਿਟਾਮਿਨ ਬੀ, ਸੀ, ਏ ਅਤੇ ਕੇ ਮਿਲਦੇ ਹਨ।
ਬਿਮਾਰੀਆਂ ਨਾਲ ਲੜਨ ਦੀ ਤਾਕਤ
ਫ਼ਲਾਂ ਅਤੇ ਸਬਜ਼ੀਆਂ ਦਾ ਸੇਵਨ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ, ਕਿਉਂਕਿ ਇਹ ਇਮਯੂਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਾਲੇ ਤੱਤਾਂ ਨਾਲ ਭਰਪੂਰ ਹੁੰਦੇ ਹਨ।
ਪਾਚਨ ਪ੍ਰਣਾਲੀ ਵਿੱਚ ਸੁਧਾਰ
ਫ਼ਲਾਂ ਅਤੇ ਸਬਜ਼ੀਆਂ ਦੇ ਰੇਸ਼ੇ ਪਾਣੀ ਨੂੰ ਰੋਕ ਕੇ ਪੇਟ ਸਾਫ਼ ਕਰਨ ਵਿੱਚ ਮਦਦਗਾਰ ਹੁੰਦੇ ਹਨ ਅਤੇ ਕਬਜ਼ ਤੋਂ ਬਚਾਉਂਦੇ ਹਨ। ਇਹ ਹਿਮੋਰਾਇਡ, ਕੋਲਨ ਕੈਂਸਰ ਅਤੇ ਮਲ ਦੁਆਰ ਦੇ ਜ਼ਖਮਾਂ ਤੋਂ ਵੀ ਬਚਾਉਂਦੇ ਹਨ।
ਇਹ ਵੀ ਪੜੋ: Tulsi: ਜਾਣੋ ਤੁਲਸੀ ਦੇ ਪੱਤੇ ਚਬਾਉਣ ਦੇ ਫਾਇਦੇ-ਨੁਕਸਾਨ, ਇਹ ਹੈ ਤੁਲਸੀ ਦੇ ਪੱਤੇ ਖਾਣ ਦਾ ਸਹੀ ਢੰਗ
ਫਾਈਟੋਕੈਮੀਕਲ ਤੱਤਾਂ ਦੇ ਫਾਇਦੇ
ਫ਼ਲਾਂ ਅਤੇ ਸਬਜ਼ੀਆਂ ਵਿੱਚ ਮੌਜੂਦ ਫਾਈਟੋਕੈਮੀਕਲ, ਜ਼ਹਿਰੀਲੇ ਤੱਤਾਂ ਨੂੰ ਸ਼ਰੀਰ ਵਿੱਚ ਜਮਾਂ ਨਹੀਂ ਹੋਣ ਦਿੰਦੇ। ਇਹਨਾਂ ਫਾਈਟੋਕੈਮੀਕਲ ਤੱਤਾਂ ਦੇ ਕੁਝ ਮੁੱਖ ਲਾਭ ਹੇਠ ਲਿਖੇ ਹਨ:
● ਸਰੀਰ ਵਿੱਚ ਫ੍ਰੀ ਰੈਡਿਕਲ ਹੁੰਦੇ ਹਨ ਜੋ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਹੋਰ ਗੰਭੀਰ ਰੋਗਾਂ ਦਾ ਕਾਰਨ ਬਣ ਸਕਦੇ ਹਨ। ਇਹਨਾਂ ਨੂੰ ਖਤਮ ਕਰਨ ਲਈ ਕੁਝ ਫਾਈਟੋਕੈਮੀਕਲ ਤੱਤ ਮਦਦ ਕਰਦੇ ਹਨ।
● ਫਾਈਟੋਕੈਮੀਕਲ ਤੱਤ ਸੋਜ ਨੂੰ ਘਟਾਉਂਦੇ ਹਨ, ਜਿਸ ਨਾਲ ਗਠੀਆ ਅਤੇ ਹੋਰ ਸੋਜ ਸਬੰਧੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
● ਇਹ ਤੱਤ ਸਰੀਰ ਦੀ ਰੋਗਾਂ ਤੋਂ ਬਚਣ ਦੀ ਤਾਕਤ ਵਧਾਉਂਦੇ ਹਨ, ਜਿਸ ਨਾਲ ਸਰੀਰ ਬਿਮਾਰੀਆਂ ਨਾਲ ਮਜ਼ਬੂਤੀ ਨਾਲ ਲੜ ਸਕਦਾ ਹੈ।
ਰੰਗ ਅਨੁਸਾਰ ਵਰਗੀਕਰਨ
ਫ਼ਲਾਂ ਅਤੇ ਸਬਜ਼ੀਆਂ ਨੂੰ ਰੰਗਾਂ ਦੇ ਅਧਾਰ ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਹਰ ਰੰਗ ਸਿਹਤ ਲਈ ਵੱਖਰੇ ਫਾਇਦੇ ਰੱਖਦਾ ਹੈ। ਇਸ ਲਈ ਸਾਡੀ ਖੁਰਾਕ ਵਿੱਚ ਹਰ ਤਰ੍ਹਾਂ ਦੇ ਰੰਗ-ਬਿਰੰਗੇ ਫ਼ਲ ਅਤੇ ਸਬਜ਼ੀਆਂ ਦਾ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਵਰਲਡ ਹੈਲਥ ਆਰਗਨਾਈਜ਼ੇਸ਼ਨ (WHO) ਵੱਲੋਂ ਦਿੱਤੀ ਗਈ ਸਿਫਾਰਸ਼ਾਂ ਦਾ ਪਾਲਣ ਕਰਦੇ ਹੋਏ ਰੋਜ਼ਾਨਾ ਘੱਟੋ-ਘੱਟ 400 ਗ੍ਰਾਮ ਫ਼ਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਹ ਲਗਭਗ ਪੰਜ ਹਿੱਸੇ ਫ਼ਲ ਅਤੇ ਸਬਜ਼ੀਆਂ ਦੇ ਬਰਾਬਰ ਹੁੰਦੇ ਹਨ।
ਸਰੋਤ: ਦਿਵਿਆ ਜੈਨ ਅਤੇ ਗੁਰਮੇਲ ਸਿੰਘ ਸੰਧੂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ
Summary in English: Healthy Diet: How do fruits and vegetables contribute to a healthy lifestyle?