Homemade Holi Color Powder: ਅੱਜ-ਕੱਲ੍ਹ ਮੌਸਮ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ। ਕਦੇ ਗਰਮੀ ਤੇ ਕਦੇ ਠੰਡ, ਅਜਿਹਾ ਰਲਵਾਂ-ਮਿਲਵਾਂ ਮੌਸਮ ਸਿਹਤ ਦੇ ਮਾੜਾ ਪ੍ਰਭਾਵ ਪਾ ਰਿਹਾ ਹੈ, ਜਿਸਦੇ ਚਲਦਿਆਂ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਦੇ ਇਨ੍ਹਾਂ ਰੰਗਾਂ 'ਚ ਗੱਲ ਕੀਤੀ ਜਾਵੇ ਹੋਲੀ ਦੇ ਤਿਓਹਾਰ ਦੀ, ਤਾਂ ਹੋਲੀ ਅੱਜ-ਕੱਲ੍ਹ ਜਸ਼ਨ ਦਾ ਤਿਉਹਾਰ ਘੱਟ, ਸਾਵਧਾਨੀ ਅਤੇ ਚੌਕਸੀ ਦਾ ਤਿਉਹਾਰ ਜ਼ਿਆਦਾ ਬਣ ਗਿਆ ਹੈ। ਆਓ ਜਾਣਦੇ ਹਾਂ ਕਿਵੇਂ?
ਦਰਅਸਲ, ਖਾਣ-ਪੀਣ ਦੀਆਂ ਚੀਜ਼ਾਂ 'ਚ ਮਿਲਾਵਟ ਤੋਂ ਬਾਅਦ ਹੁਣ ਰੰਗਾਂ ਵਿੱਚ ਵੀ ਇਨ੍ਹੀਂ ਦਿਨੀਂ ਭਾਰੀ ਮਿਲਾਵਟ ਕੀਤੀ ਜਾ ਰਹੀ ਹੈ। ਬਾਜ਼ਾਰ 'ਚ ਵਿਕਣ ਵਾਲੇ ਚਮਕੀਲੇ ਰੰਗਾਂ ਦੇ ਨਾਂ 'ਤੇ ਹਾਨੀਕਾਰਕ ਕੈਮੀਕਲ ਰੰਗਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਰਸਾਇਣਕ ਰੰਗ ਅੱਖਾਂ, ਨੱਕ, ਚਮੜੀ ਅਤੇ ਸਿਹਤ ਨੂੰ ਕਈ ਤਰ੍ਹਾਂ ਦਾ ਨੁਕਸਾਨ ਪਹੁੰਚਾ ਸਕਦੇ ਹਨ।
ਇਨ੍ਹਾਂ ਖ਼ਤਰਨਾਕ ਰੰਗਾਂ ਤੋਂ ਬਚਣ ਲਈ ਅੱਜ ਅਸੀਂ ਤੁਹਾਨੂੰ ਸੌਖਾ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਘਰ ਵਿਚ ਕੁਦਰਤੀ ਅਤੇ ਆਰਗੈਨਿਕ ਰੰਗ ਬਣਾ ਕੇ ਹੋਲੀ ਦੇ ਤਿਉਹਾਰ ਦਾ ਆਨੰਦ ਮਾਣ ਸਕਦੇ ਹੋ।
ਘਰ ਵਿੱਚ ਬਣਾਓ 7 ਤਰ੍ਹਾਂ ਦੇ ਹਰਬਲ ਗੁਲਾਲ
● ਲਾਲ ਰੰਗ ਦਾ ਗੁਲਾਲ (Red Color Gulaal)
ਅਨਾਰ, ਟਮਾਟਰ ਜਾਂ ਗਾਜਰ ਨੂੰ ਪੀਸ ਕੇ ਪਾਣੀ ਵਿਚ ਮਿਲਾ ਲਓ, ਲਾਲ ਰੰਗ ਤਿਆਰ ਹੋ ਜਾਵੇਗਾ। ਲਾਲ ਗੁਲਾਲ ਬਣਾਉਣ ਲਈ ਗੁਲਾਬ ਦੀਆਂ ਪੱਤੀਆਂ ਜਾਂ ਲਾਲ ਚੰਦਨ ਨੂੰ ਪੀਸ ਕੇ ਪਾਊਡਰ ਬਣਾ ਲਓ।
● ਪੀਲੇ ਰੰਗ ਦਾ ਗੁਲਾਲ (Yellow Color Gulaal)
ਜੇਕਰ ਤੁਸੀਂ ਪੀਲੇ ਰੰਗ ਨਾਲ ਹੋਲੀ ਖੇਡਣਾ ਚਾਹੁੰਦੇ ਹੋ, ਤਾਂ ਇਸ ਰੰਗ ਨੂੰ ਬਣਾਉਣ ਲਈ ਮੱਕੀ ਦੇ ਆਟੇ ਵਿੱਚ ਹਲਦੀ ਮਿਲਾ ਲਓ। ਇਹ ਡੈੱਡ ਸਕਿਨ ਨੂੰ ਹਟਾ ਕੇ ਕੁਦਰਤੀ ਸਕਰੱਬ ਦੀ ਤਰ੍ਹਾਂ ਕੰਮ ਕਰੇਗਾ। ਇਸ ਤੋਂ ਇਲਾਵਾ ਤੁਸੀਂ ਐਰੋਰੂਟ ਜਾਂ ਚੌਲਾਂ ਦੇ ਪਾਊਡਰ ਵਿਚ ਹਲਦੀ ਮਿਲਾ ਕੇ ਵੀ ਵਰਤ ਸਕਦੇ ਹੋ।
● ਸੰਤਰੀ ਰੰਗ ਦਾ ਗੁਲਾਲ (Orange Color Gulaal)
ਤੁਸੀਂ ਮੈਰੀਗੋਲਡ ਫੁੱਲਾਂ ਦੀ ਵਰਤੋਂ ਕਰਕੇ ਸੰਤਰੀ ਰੰਗ ਬਣਾ ਸਕਦੇ ਹੋ। ਇਸ ਤੋਂ ਇਲਾਵਾ 100 ਗ੍ਰਾਮ ਪਲਾਸ਼ ਦੇ ਸੁੱਕੇ ਫੁੱਲਾਂ ਨੂੰ ਇਕ ਬਾਲਟੀ ਪਾਣੀ 'ਚ ਉਬਾਲ ਲਓ, ਫਿਰ ਇਸ ਨੂੰ ਉਸੇ ਤਰ੍ਹਾਂ ਭਿਓ ਕੇ ਪੂਰੀ ਰਾਤ ਲਈ ਰੱਖ ਦਿਓ। ਸਵੇਰੇ ਇਸ ਨੂੰ ਛਾਣ ਲਓ। ਇਸ ਤਰ੍ਹਾਂ ਸੰਤਰੀ ਰੰਗ ਤਿਆਰ ਹੋ ਜਾਵੇਗਾ।
ਇਹ ਵੀ ਪੜ੍ਹੋ : Hola Mohalla: 3 ਮਾਰਚ ਤੋਂ ਸ੍ਰੀ ਕੀਰਤਪੁਰ ਸਾਹਿਬ ਅਤੇ 6 ਮਾਰਚ ਤੋਂ ਸ੍ਰੀ ਆਨੰਦਪੁਰ ਸਾਹਿਬ ਮਨਾਇਆ ਜਾਵੇਗਾ ਹੋਲਾ ਮਹੱਲਾ
● ਹਰੇ ਰੰਗ ਦਾ ਗੁਲਾਲ (Green Color Gulaal)
ਹਰਾ ਰੰਗ ਬਣਾਉਣ ਲਈ ਨਿੰਮ ਦੀਆਂ ਪੱਤੀਆਂ ਨੂੰ ਪੀਸ ਲਓ। ਇਸ ਪੇਸਟ ਨੂੰ ਪਾਣੀ 'ਚ ਮਿਲਾ ਕੇ ਹੋਲੀ ਖੇਡੀ ਜਾ ਸਕਦੀ ਹੈ। ਇਹ ਫੇਸ ਪੈਕ ਦੀ ਤਰ੍ਹਾਂ ਕੰਮ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਐਂਟੀਬੈਕਟੀਰੀਅਲ ਅਤੇ ਐਂਟੀ-ਐਲਰਜੀ ਹੋਣ ਦੇ ਕਾਰਨ ਨਿੰਮ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
● ਨੀਲੇ ਰੰਗ ਦਾ ਗੁਲਾਲ (Blue Color Gulaal)
ਨੀਲਾ ਰੰਗ ਤਿਆਰ ਕਰਨ ਲਈ ਫੁੱਲਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਤੁਸੀਂ ਨੀਲੇ ਹਿਬਿਸਕਸ ਦੇ ਫੁੱਲਾਂ ਨੂੰ ਪੀਸ ਕੇ ਪਾਣੀ ਵਿੱਚ ਮਿਲਾ ਲਓ ਅਤੇ ਥੋੜੀ ਦੇਰ ਲਈ ਛੱਡ ਦਿਓ। ਹੋਲੀ ਖੇਡਣ ਲਈ ਨੀਲੇ ਰੰਗ ਦਾ ਗੁਲਾਲ ਤਿਆਰ ਹੈ। ਤੁਸੀਂ ਨੀਲਾ ਗੁਲਾਲ ਬਣਾਉਣ ਲਈ ਨੀਲੇ ਹਿਬਿਸਕਸ ਦੇ ਫੁੱਲ ਨੂੰ ਸੁਕਾ ਕੇ ਉਸ ਦਾ ਪਾਊਡਰ ਵੀ ਬਣਾ ਸਕਦੇ ਹੋ।
● ਮੈਜੈਂਟਾ ਰੰਗ ਦਾ ਗੁਲਾਲ (Magenta Color Gulaal)
ਇਸ ਸਮੇਂ ਚੁਕੰਦਰ ਆਸਾਨੀ ਨਾਲ ਮਿਲ ਜਾਂਦਾ ਹੈ। ਇਨ੍ਹਾਂ ਨੂੰ ਪੀਸ ਕੇ ਪਾਣੀ 'ਚ ਉਬਾਲ ਲਓ, ਫਿਰ ਤੁਹਾਡਾ ਮੈਜੈਂਟਾ ਰੰਗ ਤਿਆਰ ਹੈ। ਜੇਕਰ ਤੁਸੀਂ ਗੂੜ੍ਹਾ ਗੁਲਾਬੀ ਰੰਗ ਬਣਾਉਣਾ ਚਾਹੁੰਦੇ ਹੋ ਤਾਂ ਇਸ 'ਚ ਜ਼ਿਆਦਾ ਪਾਣੀ ਪਾਓ। ਤੁਸੀਂ ਇਸ ਨੂੰ ਪੀਸ ਕੇ ਪੇਸਟ ਵੀ ਬਣਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਹ ਰੰਗ ਅੱਖਾਂ ਅਤੇ ਮੂੰਹ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।
● ਜਾਮਨੀ ਰੰਗ ਦਾ ਗੁਲਾਲ (Purple Color Gulaal)
ਲੈਵੇਂਡਰ ਦੇ ਫੁੱਲਾਂ ਨੂੰ ਸਾਰੀ ਰਾਤ ਪਾਣੀ ਵਿੱਚ ਭਿਓ ਦਿਓ। ਅਗਲੀ ਸਵੇਰ ਇਸ ਨੂੰ ਉਬਾਲੋ ਅਤੇ ਛਾਣ ਕੇ ਇਸ ਦਾ ਰਸ ਕੱਢ ਲਓ। ਬੇਰੀਆਂ ਨੂੰ ਪੀਸ ਕੇ ਵੀ ਜਾਮਨੀ ਰੰਗ ਤਿਆਰ ਕੀਤਾ ਜਾ ਸਕਦਾ ਹੈ।
Summary in English: Holi Festival: Make these 7 Herbal Gulaal easily at home