Vacation: ਘੁੰਮਣ ਦੀ ਗੱਲ ਹੋਵੇ ਤਾਂ ਬੱਚਾ, ਬੁੱਢਾ ਤੇ ਜਵਾਨ ਹਰ ਕੋਈ ਇੱਕੋ ਜਿਹੇ ਹੋ ਜਾਂਦੇ ਹਨ। ਜੀ ਹਾਂ, ਘੁੰਮਣ-ਫਿਰਨ ਦਾ ਸ਼ੌਂਕ ਹਰ ਕਿਸੇ ਨੂੰ ਹੁੰਦਾ ਹੈ। ਕਈ ਲੋਕ ਤਾਂ ਇਨ੍ਹੇ ਜ਼ਿੰਦਾਦਿਲ ਹੁੰਦੇ ਹਨ ਕਿ ਇੱਕ ਛੁੱਟੀ ਵੀ ਘਰ ਰਹਿ ਕੇ ਬਿਤਾਉਣਾ ਉਨ੍ਹਾਂ ਨੂੰ ਭਾਰ ਜਿਹਾ ਜਾਪਦਾ ਹੈ। ਅਜਿਹੇ 'ਚ ਅੱਜ ਅੱਸੀ ਕੁਝ ਜ਼ਰੂਰੀ ਟਿਪਸ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ, ਜਿਨ੍ਹਾਂ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਤਾਂ ਜੋ ਅੱਸੀ ਅਣਸੁਖਾਵੀਂਆਂ ਘਟਨਾਵਾਂ ਤੋਂ ਬੱਚ ਸਕੋ।
Safe and Enjoyable Trip: ਸਾਡੇ ਵਿੱਚ ਕਈ ਅਜਿਹੇ ਲੋਕ ਹੋਣਗੇ ਜੋ ਭਾਰਤ ਜਾਂ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹੋਣਗੇ। ਕੋਵਿਡ ਮਹਾਮਾਰੀ ਦੇ ਕਾਰਨ ਤਕਰੀਬਨ ਦੋ ਸਾਲਾਂ ਮਗਰੋਂ ਘਰੇਲੂ ਪਾਬੰਦੀਆਂ ਵਿੱਚ ਢਿੱਲ ਅਤੇ ਅੰਤਰਰਾਸ਼ਟਰੀ ਸਹਰੱਦਾਂ ਦਾ ਮੁੜ ਸੀਮਿਤ ਸਖੁੱਲ੍ਹ ਜਾਣ ਕਾਰਨ, ਲੋਕ ਘੁੰਮਣ-ਫਿਰਨ ਲਈ, ਜ਼ਿਆਦਾਤਰ ਸਥਾਨਕ ਅਤੇ ਸੁਰੱਖਿਅਤ ਥਾਵਾਂ ਦੀ ਭਾਲ ਕਰ ਰਹੇ ਹਨ।
ਕੰਮ ਕਾਰ ਦੌਰਾਨ ਹੋਣ ਵਾਲੇ ਤਨਾਅ ਨਾਲ ਨਜਿੱਠਣ ਲਈ ਛੁੱਟੀਆਂ ਬਹੁਤ ਹੀ ਜ਼ਰੂਰੀ ਹਨ ਤਾਂ ਜੋ ਕੰਮ ਤੋਂ ਛੁੱਟੀਆਂ ਲੈ ਕੇ ਦਿਮਾਗ ਨੂੰ ਤਰੋ-ਤਾਜ਼ਾ ਅਤੇ ਤਨਾਅ ਮੁਕਤ ਕੀਤਾ ਜਾ ਸਕੇ। ਇਸ ਲਈ ਹਰ ਕਿਸੇ ਨੂੰ ਸੁਰੱਖਿਅਤ, ਤਨਾਅ ਮੁਕਤ ਅਤੇ ਆਨੰਦਮਈ ਛੁੱਟੀਆਂ ਦੀ ਯੋਜਨਾ ਬਨਾਉਣੀ ਚਾਹੀਦੀ ਹੈ। ਛੁੱਟੀਆਂ ਦੀ ਯੋਜਨਾ ਉਸ ਸਮੇਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਘਰ ਹੀ ਹੁੰਦੇ ਹੋ। ਹੇਠਾਂ ਕੁੱਝ ਅਜਿਹੇ ਨੁਕਤੇ ਦਿੱਤੇ ਗਏ ਹਨ ਜੋ ਕਿ ਸੁਰੱਖਿਅਤ ਅਤੇ ਅਨੰਦਮਈ ਛੁੱਟੀਆਂ ਦੀ ਯੋਜਨਾ ਬਨਾਉਣ ਵਿੱਚ ਤੁਹਾਡੇ ਲਈ ਸਹਾਈ ਹੋ ਸਕਦੇ ਹਨ।
ਛੁੱਟੀਆਂ ਬਿਤਾਉਣ ਲਈ ਘਰੋਂ ਜਾਣ ਤੋਂ ਪਹਿਲਾਂ:
• ਇੰਟਰਨੈੱਟ ਦੀ ਵਰਤੋਂ ਕਰਕੇ ਉਹਨਾਂ ਰਿਜ਼ੋਰਟਾਂ ਜਾਂ ਹੋਟਲਾਂ ਸਬੰਧੀ ਜਾਣਕਾਰੀ ਲਓ ਜਿੱਥੇ ਤੁਸੀਂ ਛੁੱਟੀਆਂ ਦੌਰਾਨ ਠਹਿਰਣ ਦੀ ਯੋਜਨਾ ਬਣਾ ਰਹੇ ਹੋ ਤਾਂ ਜੋ ਤੁਸੀਂ ਆਪਣੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਮਹੱਤਵਪੂਰਨ ਮੁੱਦਿਆਂ ਸਬੰਧੀ ਜਾਣੂ ਹੋ ਸਕੋ।
• ਜੇਕਰ ਤੁਸੀਂ ਪਰਿਵਾਰ ਦੇ ਸਾਰੇ ਮੈਂਬਰ ਛੁੱਟੀਆਂ ਬਿਤਾਉਣ ਜਾ ਰਹੇ ਹੋ ਅਤੇ ਘਰ ਨੂੰ ਖਾਲੀ ਛੱਡਦੇ ਹੋ ਤਾਂ ਤੁਹਾਨੂੰ ਆਪਣੇ ਅਖਬਾਰ ਅਤੇ ਡਾਕ ਦੀ ਡਿਲਿਵਰੀ ਬੰਦ ਕਰਵਾ ਕੇ ਜਾਣਾ ਚਾਹੀਦਾ ਹੈ। ਇਕੱਠੀ ਹੋਈ ਡਾਕ ਅਤੇ ਅਖਬਾਰ ਨਾਲ ਕਿਸੇ ਨੂੰ ਵੀ ਸ਼ੱਕ ਹੋ ਸਕਦਾ ਹੈ ਕਿ ਘਰ ਵਿੱਚ ਕੋਈ ਨਹੀਂ ਹੈ ਅਤੇ ਚੋਰੀ ਦਾ ਡਰ ਰਹਿੰਦਾ ਹੈ।
• ਆਪਣੇ ਵਿਸ਼ਵਾਸਯੋਗ ਰਿਸ਼ਤੇਦਾਰਾਂ, ਮਿੱਤਰਾਂ ਜਾਂ ਗੁਆਂਢੀਆਂ ਨੂੰ ਕਹਿ ਕਿ ਜਾਓ ਕਿ ਤੁਹਾਡੀ ਗੈਰ-ਹਾਜ਼ਰੀ ਵਿੱਚ ਉਹ ਸਮੇਂ-ਸਮੇਂ ‘ਤੇ ਤੁਹਾਡੇ ਘਰ ਗੇੜਾ ਮਾਰਦੇ ਰਹਿਣ ਅਤੇ ਤੁਹਾਡੀਆਂ ਅਖਬਾਰਾਂ ਜਾਂ ਡਾਕ ਆਦਿ ਇਕੱਤਰ ਕਰਦੇ ਰਹਿਣ।
• ਉਹਨਾਂ ਨੂੰ ਆਪਣੀ ਯਾਤਰਾ ਸਬੰਧੀ ਜਾਣਕਾਰੀ ਦਿਉ ਤਾਂ ਕਿ ਉਹ ਕਿਸੇ ਐਮਰਜੈਂਸੀ ਸਮੇਂ ਤੁਹਾਡੇ ਨਾਲ ਸੰਪਰਕ ਕਰ ਸਕਣ।
• ਉਹਨਾਂ ਨੂੰ ਆਪਣੇ ਘਰ ਦੇ ਆਲੇ-ਦੁਆਲੇ ਸ਼ੱਕੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਵੀ ਕਹੋ। ਹਾਲਾਂਕਿ ਜਨਤਕ ਤੌਰ ‘ਤੇ ਅਤੇ ਸਾਰਿਆਂ ਨੂੰ ਇਹ ਨਾ ਦੱਸੋ ਕਿ ਤੁਸੀਂ ਛੁੱਟੀਆਂ ਬਿਤਾਉਣ ਜਾ ਰਹੇ ਹੋ।
• ਆਪਣੀਆਂ ਛੁੱਟੀਆਂ ਦੀਆਂ ਯੋਜਨਾਵਾਂ ਨੂੰ ਇੰਟਰਨੈੱਟ ਸਾਈਟਾਂ ‘ਤੇ ਕਦੇ ਵੀ ਪੋਸਟ ਨਾ ਕਰੋ ਕਿਉਂਕਿ ਅਜਿਹਾ ਕਰਨ ਨਾਲ ਅਣਸੁਖਾਵੀਂਆਂ ਘਟਨਾਵਾਂ ਵਾਪਰ ਸਕਦੀਆਂ ਹਨ।
• ਆਪਣੇ ਘਰ ਅੱਗੇ ਆਪਣੀ ਗੱਡੀ ਪਾਰਕ ਕਰਕੇ ਜਾਓ, ਕਿਉਂਕਿ ਅਜਿਹਾ ਕਰਨ ਨਾਲ ਲੋਕਾਂ ਨੂੰ ਇਸ ਗੱਲ ਦਾ ਭੁਲੇਖਾ ਰਹੇਗਾ ਕਿ ਘਰ ਵਿੱਚ ਕੋਈ ਨਾ ਕੋਈ ਹੈ।
• ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀਆਂ ਚਾਬੀਆਂ ਅਤੇ ਜਿਸ ਜਗ੍ਹਾ ਤੁਸੀਂ ਛੁੱਟੀਆਂ ਬਿਤਾਉਣ ਜਾ ਰਹੇ ਹੋ ਉਸ ਥਾਂ ਦਾ ਫੋਨ ਨੰਬਰ ਆਪਣੇ ਭਰੋਸੇਯੋਗ ਮਿੱਤਰ ਜਾਂ ਗੁਆਂਢੀ ਨੂੰ ਦੇ ਕੇ ਜਾਓ ਤਾਂ ਜੋ ਤੁਹਾਡੀ ਗੈਰਹਾਜ਼ਰੀ ਵਿੱਚ ਜੇਕਰ ਘਰ ਵਿੱਚ ਜਾਣ ਦੀ ਲੋੜ ਪੈਂਦੀ ਹੈ ਤਾਂ ਉਹ ਜਾ ਸਕਣ ਅਤੇ ਲੋੜ ਪੈਣ ‘ਤੇ ਤੁਹਾਡੇ ਨਾਲ ਸੰਪਰਕ ਕਰ ਸਕਣ।
• ਆਪਣੇ ਫੋਨ ਦੀ ਅਵਾਜ਼ ਬੰਦ ਕਰਕੇ ਜਾਓ ਤਾਂ ਜੋ ਕਿਸੇ ਦਾ ਧਿਆਨ ਨਾ ਜਾਵੇ।
• ਜਾਣ ਤੋਂ ਪਹਿਲਾਂ ਘਰ ਵਿਚਲੇ ਸਾਰੇ ਬਿਜਲੀ ਦੇ ਉਪਕਰਨ, ਗੈਸ ਦੀ ਸਪਲਾਈ ਅਤੇ ਪਾਣੀ ਦੀਆਂ ਟੂਟੀਆਂ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ। ਪਾਣੀ ਦੀ ਮੇਨ ਸਪਲਾਈ ਨੂੰ ਬੰਦ ਕਰਨ ਨਾਲ ਛੁੱਟੀਆਂ ਦੌਰਾਨ ਪਲੰਮਬਿੰਗ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
• ਜਾਣ ਤੋਂ ਪਹਿਲਾਂ ਆਪਣਾ ਬਟੂਆ/ਪਰਸ ਸਾਫ ਕਰੋ। ਸਿਰਫ ਜ਼ਰੂਰੀ ਕਰੇਡਿਟ ਕਾਰਡ ਹੀ ਨਾਲ ਲੈ ਕੇ ਜਾਓ। ਯਾਤਰਾਂ ਦੌਰਾਨ ਕੈਸ਼ ਦੀ ਬਜਾਏ ਵੱਧ ਤੋਂ ਵੱਧ ਕ੍ਰੈਡਿਟ ਕਾਰਡ ਜਾਂ ਚੈੱਕ ਆਦਿ ਨਾਲ ਭੁਗਤਾਣ ਕਰਨ ਦੀ ਕੋਸ਼ਿਸ਼ ਕਰੋ।
• ਤੁਸੀਂ ਜਿੰਨੇ ਦਿਨਾਂ ਲਈ ਛੁੱਟੀਆਂ ਤੇ ਜਾ ਰਹੇ ਹੋ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਲੋੜ ਮੁਤਾਬਿਕ ਜ਼ਰੂਰੀ ਦਵਾਈਆਂ ਨਾਲ ਲੈ ਕੇ ਜਾਓ। ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮੈਡੀਕਲ ਜਾਣਕਾਰੀ ਅਤੇ ਡਾਕਟਰ ਦੁਆਰਾ ਦਿੱਤੀਆਂ ਗਈਆਂ ਦਵਾਈਆਂ ਸਬੰਧੀ ਜਾਣਕਾਰੀ ਵੀ ਨਾਲ ਰੱਖਣੀ ਚਾਹੀਦੀ ਹੈ।
• ਜ਼ਰੂਰੀ ਅਤੇ ਕੀਮਤੀ ਚੀਜ਼ਾਂ ਜਿਵੇਂ ਕਿ ਦਵਾਈਆਂ ਅਤੇ ਗਹਿਣੇ ਆਦਿ ਕਿਸੇ ਅਜਿਹੇ ਛੋਟੇ ਬੈਗ ਵਿੱਚ ਪੈਕ ਕਰੋ ਜੋ ਹਮੇਸ਼ਾ ਤੁਹਾਡੇ ਕੋਲ ਹੋਵੇ।
• ਸੈਰ-ਸਪਾਟੇ ਵਾਲੀ ਥਾਂ ਅਤੇ ਪ੍ਰੋਗ੍ਰਾਮ ਦੇ ਅਧਾਰ ‘ਤੇ ਤੁਹਾਨੂੰ ਆਪਣੇ ਬੱਚਿਆਂ ਲਈ ਕੱਪੜੇ, ਬੂਟ/ਜੁੱਤੀਆਂ, ਸਵੈਟਰ/ਕੋਟੀਆਂ, ਬਰਸਾਤੀ, ਸਵੀਮਿੰਗ ਸੂਟ, ਦਵਾਈਆਂ ਦੀ ਕਿੱਟ ਆਦਿ ਵੀ ਪੈਕ ਕਰਨੇ ਚਾਹੀਦੇ ਹਨ।
• ਗੂੜ੍ਹੇ ਰੰਗ ਦੇ ਕੱਪੜੇ ਲੈ ਕੇ ਜਾਣੇ ਚਾਹੀਦੇ ਹਨ। ਕਿਉਂਕਿ ਸਫਰ ਦੌਰਾਨ ਅਜਿਹੇ ਕੱਪੜੇ ਮੈਲੇ ਨਹੀਂ ਲੱਗਦੇ। ਹਾਲਾਂਕਿ ਤੁਸੀਂ ਹਲਕੇ ਰੰਗ ਦੇ ਸਕਾਫ, ਜੁੱਤੀਆਂ ਆਦਿ ਵੀ ਪਹਿਣ ਸਕਦੇ ਹੋ।
• ਜੇਕਰ ਤੁਸੀਂ ਇੱਕ ਹਫਤੇ ਤੋਂ ਜ਼ਿਆਦਾ ਸਮੇਂ ਲਈ ਜਾ ਰਹੇ ਹੋ ਤਾਂ ਆਪਣੇ ਫਰਿੱਜ਼ ਵਿੱਚੋਂ ਉਹ ਚੀਜ਼ਾਂ ਕੱਢ ਕੇ ਜਾਓ ਜੋ ਖਰਾਬ ਹੋ ਸਕਦੀਆਂ ਹਨ।
• ਆਪਣੇ ਘਰ ਦੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਚੰਗੀ ਤਰ੍ਹਾਂ ਬੰਦ ਕਰੋ।
• ਜਾਣ ਤੋਂ ਪਹਿਲਾਂ ਆਪਣੀ ਗੱਡੀ ਦੀ ਜਾਂਚ ਕਰਵਾਓ। ਗੱਡੀ ਦੇ ਏ.ਸੀ., ਵਿੰਡਸ਼ੀਲਡ, ਵਾਈਪਰ ਅਤੇ ਹੈੱਡ ਲਾਈਟਾਂ ਚੰਗੀ ਤਰ੍ਹਾਂ ਚੈੱਕ ਕਰਵਾ ਲਵੋ। ਗੱਡੀ ਦੇ ਟਾਇਰ ਅਤੇ ਬੈਟਰੀਆਂ ਵੀ ਚੈੱਕ ਕਰ ਲਵੋ। ਜਾਣ ਤੋਂ ਪਹਿਲਾਂ ਗੱਡੀ ਵਿੱਚ ਤੇਲ ਭਰਵਾ ਲਓ।
ਇਹ ਵੀ ਪੜ੍ਹੋ: Rainy Season Tips: ਮੀਂਹ 'ਚ ਭਿੱਜਣਾ ਤੁਹਾਨੂੰ ਕਰ ਸਕਦਾ ਹੈ ਬਿਮਾਰ! ਬਚਣ ਲਈ ਤੁਰੰਤ ਕਰੋ ਇਹ ਕੰਮ!
ਯਾਤਰਾ ਦੌਰਾਨ:
• ਜੇਕਰ ਤੁਸੀਂ ਹਵਾਈ ਯਾਤਰਾ ਕਰ ਰਹੇ ਹੋ ਤਾਂ ਏਅਰਪੋਟ ਤੇ ਆਪਣੇ ਸਮਾਨ ਦਾ ਚੰਗੀ ਤਰ੍ਹਾਂ ਧਿਆਨ ਰੱਖੋ।
• ਹੋਟਲ ਵਿੱਚ ਠਹਿਰਣ ਸਮੇਂ ਸਭ ਤੋਂ ਪਹਿਲਾਂ ਉੱਥੋਂ ਨਿਕਲਣ ਦੇ ਸਾਰੇ ਰਸਤਿਆਂ ਸਬੰਧੀ ਜਾਣੂ ਹੋਵੋ ਤਾਂ ਜੋ ਕਿਸ ਐਮਰਜੈਂਸੀ ਵਿੱਚ ਲੋੜ ਪੈਣ ਸਮੇਂ ਤੁਹਾਨੂੰ ਬਾਹਰ ਨਿਕਲਣ ਵਿੱਚ ਕੋਈ ਸਮੱਸਿਆ ਨਾ ਆਵੇ।
• ਸਾਡੇ ਵਿੱਚੋਂ ਬਹੁਤਿਆਂ ਲਈ ਡਰਾਈਵਿੰਗ ਮਜ਼ੇਦਾਰ ਹੁੰਦੀ ਹੈ। ਪਰ ਡਰਾਈਵਿੰਗ ਤੋਂ ਪਹਿਲਾਂ, ਚੰਗੀ ਤਰ੍ਹਾਂ ਤਿਆਰੀ ਕਰੋ। ਆਪਣੇ ਰੂਟ ਸਬੰਧੀ ਨਕਸ਼ੇ ਅਤੇ ਗਾਈਡ ਬੁੱਕ ਆਦਿ ਨਾਲ ਰੱਖੋ। ਤੁਹਾਨੂੰ ਵੱਖ-ਵੱਖ ਟ੍ਰੈਫਿਕ ਹਲਾਤਾਂ, ਨਿਯਮਾਂ, ਨਿਸ਼ਾਨੀਆਂ ਤੋਂ ਜਾਣੂ ਹੋਣਾ ਚਾਹੀਦਾ ਹੈ। ਯਾਤਰਾ ਦੌਰਾਨ ਆਣ-ਜਾਣ ਲਈ ਕਾਫੀ ਸਮੇਂ ਰੱਖੋ ਤਾਂ ਜੋ ਪਹੁੰਚਣ ਲਈ ਹਫੜਾ-ਦਫੜੀ ਜਾਂ ਕਾਹਲੀ ਨਾ ਕਰਨੀ ਪਵੇ। ਡਰਾਈਵਿੰਗ ਦੌਰਾਨ ਥਕਾਵਟ ਦੂਰ ਕਰਨ ਲਈ ਅਤੇ ਅਰਾਮ ਲਈ ਸਮੇਂ-ਸਮੇਂ ਤੇ ਰੁਕੋ। ਕੋਸ਼ਿਸ਼ ਕਰੋ ਕਿ ਤੁਹਾਡੇ ਨਾਲ ਕੋਈ ਹੋਰ ਵੀ ਅਜਿਹਾ ਹੋਵੇ ਜੋ ਡਾਈਵਿੰਗ ਕਰ ਸਕਦਾ ਹੋਵੇ।
• ਇਹ ਸੁਨਿਸ਼ਚਿਤ ਕਰੋ ਕਿ ਕਾਰ ਵਿੱਚ ਹਰ ਕੋਈ ਚੰਗੀ ਤਰ੍ਹਾਂ ਬੈਠਿਆ ਹੋਇਆ ਹੈ। ਛੋਟੇ ਬੱਚਿਆਂ ਨੂੰ ਪਿੱਛਲੀ ਸੀਟ ਤੇ ਬਿਠਾਓ ਅਤੇ ਸੀਟ ਬੈਲਟ ਲਗਾਓ।
• ਆਪਣੀ ਗੱਡੀ ਕਿਸੇ ਅਜਿਹੀ ਸੁਰੱਖਿਅਤ ਥਾਂ ‘ਤੇ ਪਾਰਕ ਕਰੋ ਜਿੱਥੇ ਹਨੇਰਾ ਨਾ ਹੋਵੇ। ਕਾਰ ਵਿੱਚੋਂ ਨਿਕਲਣ ਸਮੇਂ ਆਪਣੀਆਂ ਕੀਮਤੀ ਚੀਜ਼ਾਂ ਜਾਂ ਤਾਂ ਛੁਪਾ ਦਿਓ ਜਾਂ ਫਿਰ ਆਪਣੇ ਨਾਲ ਲੈ ਜਾਓ। ਗੱਡੀ ਦੇ ਸਾਰੇ ਦਰਵਾਜ਼ੇ ਚੰਗੀ ਤਰ੍ਹਾਂ ਬੰਦ ਕਰੋ।
• ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਰਹੋ ਅਤੇ ਆਪਣੇ ਬੱਚਿਆਂ ‘ਤੇ ਨਜ਼ਰ ਰੱਖੋ। ਹਰ ਕਿਸੇ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਮੈਂਬਰ ਕਿਸ ਜਗ੍ਹਾ ਠਿਹਰਿਆ ਹੈ। ਸਾਰਿਆਂ ਨੂੰ ਇਸ ਸਬੰਧੀ ਦੱਸੋ ਕਿ ਜੇਕਰ ਕੋਈ ਮੈਂਬਰ ਵੱਖ ਹੋ ਜਾਂਦਾ ਹੈ ਤਾਂ ਉਸ ਸਮੇਂ ਕੀ ਕਰਨਾ ਹੈ। ਕਿਸੇ ਅਜਿਹੀ ਜਗ੍ਹਾ ਦੀ ਚੋਣ ਕਰੋ ਜਿੱਥੇ ਲੋੜ ਪੈਣ ਤੇ ਸਾਰੇ ਇੱਕਠੇ ਹੋ ਸਕੋ।
• ਆਪਣੇ ਕੀਮਤੀ ਗਹਿਣੇ, ਕੈਮਰੇ, ਬੈਗ ਅਤੇ ਹੋਰ ਚੀਜ਼ਾਂ ਦਾ ਵਿਖਾਵਾ ਨਾ ਕਰੋ। ਲੋਕਾਂ ਵਿੱਚ ਇਸ ਤਰ੍ਹਾਂ ਵਿੱਚਰੋ ਕਿ ਤੁਸੀਂ ਇੱਕ ਸੈਲਾਨੀ ਨਹੀਂ ਬਲਕਿ ਲੋਕਲ ਵਸਨੀਕ ਹੋ।
• ਸੁਰੱਖਿਅਤ ਕਪੜੇ ਜਿਵੇਂ ਕਿ ਟੋਪੀ ਅਤੇ ਐਨਕਾਂ ਆਦਿ ਪਹਿਣ ਕੇ ਰੱਖੋ। ਧੁੱਪ ਤੋਂ ਬਚਣ ਲਈ ਲੋਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ।
• ਪਾਣੀ ਲਈ ਹਮੇਸ਼ਾ ਆਈ ਐਸ ਆਈ ਮਾਰਕੇ ਵਾਲੀਆਂ ਬੋਤਲਾਂ ਹੀ ਖਰੀਦੋ ਅਤੇ ਵਰਤੋਂ ਤੋਂ ਪਹਿਲਾਂ ਚੰਗੀ ਤਰ੍ਹਾਂ ਦੇਖੋ ਕਿ ਇਹ ਸੀਲ ਬੰਦ ਹਨ।
• ਕੱਚੇ ਫਲ ਅਤੇ ਸਬਜ਼ੀਆਂ ਖਾਸ ਕਰਕੇ ਸਲਾਦ ਆਦਿ ਨਾ ਖਾਓ। ਚੰਗੀ ਤਰ੍ਹਾਂ ਪੱਕਿਆ ਹੋਇਆ ਅਤੇ ਗਰਮ ਭੋਜਨ ਖਾਓ।
• ਜੇਕਰ ਤੁਸੀਂ ਆਪਣੇ ਬੱਚਿਆਂ ਨਾਲ ਸਫਰ ਕਰ ਰਹੇ ਹੋ ਤਾਂ ਆਪਣੇ ਨਾਲ ਆਜਿਹੀਆਂ ਚੀਜ਼ਾਂ ਰੱਖੋ ਜੋ ਕਿ ਏਅਪੋਰਟ ਜਾਂ ਰੇਲਵੇ ਸਟੇਸ਼ਨ ਤੇ ਲੰਮੇ ਇੰਤਜ਼ਾਰ ਦੌਰਾਨ ਉਹਨਾਂ ਨੂੰ ਵਿਅਸਤ ਰੱਖ ਸਕਣ ਅਤੇ ਉਹ ਬੋਰ ਨਾ ਹੋਣ। ਜਿਵੇਂ ਕਿ ਖਿਡੌਣੇ ਜਾਂ ਗੇਮਾਂ, ਕੋਮਿਕਸ, ਪਜ਼ਲ ਬੁਕਸ ਆਦਿ। ਇੰਤਜ਼ਾਰ ਦੌਰਾਨ ਬੱਚੇ ਇਹਨਾਂ ਚੀਜ਼ਾਂ ਵਿੱਚ ਲੱਗੇ ਰਹਿਣਗੇ ਅਤੇ ਤੁਸੀਂ ਤਨਾਅ ਮੁਕਤ ਰਹੋਗੇ।
Note: ਇਹਨਾਂ ਨੁਕਤਿਆਂ ਨੂੰ ਅਪਣਾ ਕੇ ਤੁਸੀਂ ਆਪਣੀਆਂ ਛੁੱਟੀਆਂ ਸੁਰੱਖਿਅਤ, ਅਨੰਦਮਈ ਅਤੇ ਤਨਾਅ ਮੁਕਤ ਬਣਾ ਸਕਦੇ ਹੋ।
Summary in English: Holiday: Have a Safe and Enjoyable Holiday! Follow These Important Tips!