
ਕਿਸਾਨ ਵੀਰੋਂ ਅਗਸਤ ਮਹੀਨੇ ਵਿੱਚ ਇਸ ਤਰ੍ਹਾਂ ਕਰੋ ਆਪਣੀਆਂ ਫਸਲਾਂ ਦੀ ਦੇਖਭਾਲ
Horticultural Advisory: ਕਿਸਾਨਾਂ ਨੂੰ ਚੰਗੀ ਫ਼ਸਲ ਪੈਦਾ ਕਰਨ ਲਈ ਖੇਤੀ ਵੱਲ ਬਹੁਤ ਧਿਆਨ ਦੇਣਾ ਪੈਂਦਾ ਹੈ। ਇਸ ਦੇ ਲਈ ਕਿਸਾਨਾਂ ਨੂੰ ਹਰ ਮਹੀਨੇ ਆਪਣੀਆਂ ਫ਼ਸਲਾਂ ਨਾਲ ਸਬੰਧਤ ਕਈ ਕੰਮ ਕਰਨੇ ਪੈਂਦੇ ਹਨ, ਜਿਸ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਹੜੀ ਫ਼ਸਲ ਦੀ ਬਿਜਾਈ ਕਦੋਂ ਕਰਨੀ ਚਾਹੀਦੀ ਹੈ ਅਤੇ ਸੀਜ਼ਨ ਦੇ ਹਿਸਾਬ ਨਾਲ ਇਸ ਦੀ ਸਾਂਭ-ਸੰਭਾਲ ਕਿਵੇਂ ਕਰਨੀ ਚਾਹੀਦੀ ਹੈ।
ਜੇਕਰ ਬਿਜਾਈ ਸਮੇਂ ਸਿਰ ਨਾ ਕੀਤੀ ਜਾਵੇ ਤਾਂ ਨਾ ਸਿਰਫ਼ ਉਤਪਾਦਨ ਘਟਦਾ ਹੈ ਸਗੋਂ ਅਗਲੀ ਫ਼ਸਲ ਦੀ ਕਟਾਈ ਵਿੱਚ ਵੀ ਦੇਰੀ ਹੁੰਦੀ ਹੈ। ਇਸ ਤੋਂ ਇਲਾਵਾ ਕਿਸਾਨ ਨੂੰ ਫਸਲ ਦੀ ਪੈਦਾਵਾਰ ਦੇ ਵਿਚਕਾਰ ਬਿਜਾਈ ਤੋਂ ਲੈ ਕੇ ਵਾਢੀ ਤੱਕ ਕਈ ਕੰਮ ਕਰਨੇ ਪੈਂਦੇ ਹਨ। ਅੱਜ ਅਸੀਂ ਤੁਹਾਨੂੰ ਅਗਸਤ ਮਹੀਨੇ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦੇ ਰਹੇ ਹਾਂ।
ਇਹ ਮਹੀਨੇ ਬਾਰਸ਼ਾਂ ਹੋਣ ਕਰਕੇ ਮੌਸਮ ਕਾਫੀ ਖੁਸ਼ਗਵਾਰ ਹੋ ਜਾਂਦਾ ਹੈ। ਇਹ ਮੌਸਮ ਸਦਾਬਹਾਰ ਫਲਦਾਰ ਬੂਟੇ ਜਿਵੇਂ ਕਿੰਨੂ, ਮਾਲਟਾ, ਸੰਤਰਾ, ਨਿੰਬੂ, ਮਿੱਠਾ, ਅੰਬ, ਅਮਰੂਦ, ਲੁਕਾਠ, ਲੀਚੀ, ਚੀਕੂ ਅਤੇ ਪਪੀਤਾ ਆਦਿ ਲਗਾਉਣ ਲਈ ਬਹੁਤ ਹੀ ਢੁਕਵਾਂ ਹੈ। ਜ਼ਿਆਦਾ ਬਰਸਾਤ ਦਾ ਪਾਣੀ ਅਤੇ ਵਾਧੂ ਖੜੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਬੂਟਿਆਂ ਦਾ ਨੁਕਸਾਨ ਨਾ ਹੋਵੇ।
ਫਲਦਾਰ ਬੂਟੇ
ਫਲਦਾਰ ਬੂਟੇ ਲਗਾਉਣ ਸਮੇਂ 2-3 ਫੁੱਟ ਵਿਆਸ ਦੇ ਡੂੰਘੇ ਟੋਏ ਪੁੱਟ ਕੇ ਅੱਧੀ ਉੱਪਰਲੀ ਉਪਜਾਉ ਮਿੱਟੀ ਅਤੇ ਅੱਧੀ ਦੇਸੀ ਰੁੜੀ ਪਾ ਕੇ ਟੋਏ ਨੂੰ ਭਰ ਦਿਉ ਅਤੇ ਇੱਕ-ਦੋ ਬਰਸਾਤਾਂ ਪੈਣ ਤੋਂ ਬਾਅਦ ਹੋਰ ਮਿੱਟੀ ਪਾ ਕੇ ਸਿਉਂਕ ਤੋਂ ਬਚਾਅ ਲਈ ਪ੍ਰਤੀ ਟੋਆ 15 ਮਿ.ਲਿ. ਕਲੋਰੋਪਾਈਰੀਫਾਸ ਦਵਾਈ ਪਾ ਕੇ ਬੂਟੇ ਲਗਾ ਦਿਉ। ਬੂਟੇ ਲਗਾਉਦੇ ਸਮੇਂ ਅੰਬ, ਲੀਚੀ ਲਈ ਫਾਸਲਾ 25-30 ਫੁੱਟ, ਪਪੀਤੇ ਲਈ 5 ਫੁੱਟ ਅਤੇ ਬਾਕੀ ਬੂਟਿਆਂ ਲਈ 20-22 ਫੁੱਟ ਰੱਖੋ ਅਤੇ ਨਵੇਂ ਬੂਟਿਆਂ ਨੂੰ ਸਿੱਧੇ ਰੱਖਣ ਲਈ ਸੋਟੀ ਦਾ ਸਹਾਰਾ ਦਿੳ।
ਨਾਸ਼ਪਾਤੀ ਅਤੇ ਆੜੂ ਦੇ ਬੂਟਿਆਂ ਦੀ ਜੜ੍ਹਾਂ ਗਲਣ ਦੀ ਬਿਮਾਰੀ ਨਜ਼ਰ ਆਵੇ ਤਾਂ ਪਾਣੀ ਕੱਢ ਕੇ ਵੱਤਰ ਆਉਣ ਤੇ ਹਲਕੀ ਗੋਡੀ ਕਰ ਦਿਉ। ਨਿੰਬੂ ਜਾਤੀ ਦੇ ਪੈਰ ਗਲਣ ਦੇ ਰੋਗ ਦੀ ਰੋਕਥਾਮ ਲਈ ਬੂਟਿਆਂ ਦੇ ਮੁੱਢਾਂ ਅਤੇ ਉਨ੍ਹਾਂ ਦੀ ਛਤਰੀ ਹੇਠ ਸੋਡੀਅਮ ਹਾਈਪੋਕਲੋਰਾਈਟ 5% ਨੂੰ 50 ਮਿ.ਲਿ. 10 ਲਿਟਰ ਪਾਣੀ ਵਿੱਚ ਘੋਲ ਕੇ ਬੂਟੇ ਦੇ ਉੱਪਰ ਸਪਰੇ ਕਰੋ। ਨਿੰਬੂ ਜਾਤੀ ਦੇ ਫਲਦਾਰ ਬੂਟਿਆਂ ਨੂੰ ਬੂਟਿਆਂ ਨੂੰ ਫਲ ਦੀ ਮੱਖੀ ਤੋਂ ਬਚਾਅ ਲਈ 16 ਪੀ.ਏ.ਯੂ. ਫਰੂਟ ਫਲਾਈ ਟਰੈਪ ਪ੍ਰਤੀ ਏਕੜ ਇਸ ਮਹੀਨੇਂ ਦੇ ਦੂਜੇ ਹਫਤੇ ਲਗਾ ਦਿਉ।
ਨਿੰਬੂ ਜਾਤੀ ਫਲਾਂ ਦਾ ਕੇਰਾ ਰੋਕਣ ਲਈ ਹੇਠਾਂ ਡਿੱਗੇ ਹੋਏ ਰੋਗੀ ਫਲਾਂ ਨੂੰ ਇਕੱਠੇ ਕਰਕੇ ਜ਼ਮੀਨ ਵਿੱਚ ਦੱਬ ਦਿਉ ਅਤੇ ਬੂਟਿਆਂ ਤੇ 10 ਮਿ.ਲਿ. ਜਿਬਰੈਲਿਕ ਐਸਿਡ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ। ਅੰਗੂਰ ਦੇ ਬੂਟਿਆਂ ਨੂੰ ਕੋਹੜ ਅਤੇ ਪੀਲੇ ਧੱਬਿਆਂ ਦੇ ਰੋਗ ਦੀ ਰੋਕਥਾਮ ਲਈ ਬੋਰਡ ਮਿਸ਼ਰਣ 2:2:250 ਦਾ 500 ਲਿਟਰ ਪਾਣੀ ਦੇ ਹਿਸਾਬ ਪ੍ਰਤੀ ਏਕੜ ਸਪਰੇ ਕਰੋ। ਬੇਰਾਂ ਦੇ ਬਾਗਾਂ ਵਿੱੱਚੋਂ ਨਦੀਨਾਂ ਦੀ ਰੋਕਥਾਮ ਲਈ ਬਾਗਾਂ ਦੀ ਵਹਾਈ ਕਰੋ।
ਇਹ ਵੀ ਪੜ੍ਹੋ: Gardening Tips: ਹੁਣ ਘਰ ਦੇ ਗਮਲੇ ਵਿੱਚ ਹੀ ਲਾਓ ਅੰਬ, ਦਿਨਾਂ 'ਚ ਤਿਆਰ ਹੋ ਜਾਣਗੀਆਂ ਇਹ ਕਿਸਮਾਂ
ਸਬਜ਼ੀਆਂ
ਸਬਜ਼ੀਆਂ ਵਿੱਚ ਮੂਲੀ ਦੀ ਪੂਸਾ ਚੇਤਕੀ ਕਿਸਮ, ਗਾਜਰ ਪੰਜਾਬ ਕੈਰਟ ਰੈੱਡ, ਬਲੈਕ ਬਿਊਟੀ ਤੇ ਪੀ ਸੀ-34 ਅਤੇ ਸ਼ਲਗਮ ਦੀ ਐਲ-1 ਦੀਆਂ ਦੇਸੀ ਕਿਸਮਾਂ ਦੀ ਬਿਜਾਈ ਸ਼ੂਰੂ ਕਰ ਦਿੳ। ਮੂਲੀ ਤੇ ਗਾਜਰ ਲਈ 25-30 ਗ੍ਰਾਮ ਅਤੇ ਸ਼ਲਗਮ ਲਈ 13 ਗ੍ਰਾਮ ਬੀਜ ਪ੍ਰਤੀ ਮਰਲਾ ਵਰਤੋ। ਬੀਜਣ ਤੋਂ ਪਹਿਲਾਂ 100 ਕਿੱਲੋ ਦੇਸੀ ਰੂੜੀ, 350 ਗ੍ਰਾਮ ਯੂਰੀਆ, 470 ਗ੍ਰਾਮ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਮਰਲਾ ਪਾ ਦਿਉ। ਗਾਜਰ ਲਈ 312 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪਾੳ। 45 ਸੈ.ਮੀ. ਦੀ ਦੂਰੀ ਤੇ ਵੱਟਾਂ ਬਣਾ ਕੇ ਚੰਗੇ ਵੱਤਰ ਵਿੱਚ ਬੀਜ ਲਗਾਉ।
ਪਿਆਜ਼ ਦੀ ਸਾਉਣੀ ਦੀ ਫਸਲ ਲਈ ਗੰਢੀਆਂ ਜਾਂ ਪਨੀਰੀ ਰਾਹੀ ਤੀਸਰੇ ਹਫਤੇ ਬਿਜਾਈ ਸ਼ੁਰੂ ਕਰ ਦਿਉ। ਬੀਜਣ ਤੋਂ ਪਹਿਲਾਂ 280 ਗ੍ਰਾਮ ਯੂਰੀਆ, 780 ਗ੍ਰਾਮ ਸਿੰਗਲ ਸੁਪਰਫਾਸਫੇਟ ਅਤੇ 220 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪ੍ਰਤੀ ਮਰਲਾ ਪਾ ਦਿਉ। ਲਾਈਨਾਂ ਅਤੇ ਬੂਟਿਆਂ ਦਾ ਫਾਸਲਾ 15X7.5 ਸੈ.ਮੀ. ਰੱਖੋ ਅਤੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 2-3 ਦਿਨ ਬਾਅਦ 5 ਮਿ.ਲਿ. ਸਟੌਂਪ 30 ਤਾਕਤ ਜਾਂ 2 ਮਿ.ਲਿ. ਗੋਲ 23.5 ਤਾਕਤ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ। ਗੋਭੀ ਦੀ ਮੁੱਖ ਫਸਲ ਲਈ ਪਨੀਰੀ ਪੁੱਟ ਕੇ ਲਗਾ ਦਿਉ।
ਬੈਂਗਣਾਂ ਵਿੱਚ ਫਲ ਅਤੇ ਸ਼ਾਖਾਂ ਦੇ ਗੜੂੰਏ ਦੀ ਰੋਕਥਾਮ ਲਈ 0.8 ਮਿ.ਲਿ. ਕੋਰਾਜ਼ਨ ਜਾਂ 0.8 ਮਿ.ਲਿ. ਪ੍ਰੋਕਲੇਮ ਜਾਂ 1 ਮਿ.ਲਿ. ਸੁਮੀਸੀਡੀਨ 20 ਈ ਸੀ ਜਾਂ 2 ਮਿ.ਲਿ. ਰਿਪਕਾਰਡ 10 ਈ ਸੀ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਲੋੜ ਅਨੁਸਾਰ 3-4 ਸਪਰੇ ਬਦਲ ਬਦਲ ਕੇ ਕਰੋ। ਬੈਂਗਣ ਦੀ ਮਕੌੜਾ ਜੂੰ ਲਈ 2-3 ਮਿ.ਲਿ. ਉਮਾਈਟ 57 ਈ ਸੀ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ। ਭਿੰਡੀ ਦੇ ਤੇਲੇ ਲਈ 0.4 ਮਿ.ਲਿ. ਕੌਨਫੀਡੋਰ 17.8 ਐਸ ਐਲ ਜਾਂ 0.4 ਗ੍ਰਾਮ ਐਕਟਾਰਾ 25 ਡਬਲਯੂ ਜੀ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇ ਕਰੋ। ਮਿਰਚਾਂ ਵਿੱਚ ਫਲਾਂ ਦੇ ਗਾਲੇ ਦੀ ਰੋਕਥਾਮ ਲਈ ਲਈ 1 ਮਿ.ਲਿ. ਫੋਲੀਕੁਰ ਜਾਂ 3 ਗ੍ਰਾਮ ਇੰਡੋਫਿਲ ਐਮ-45 ਜਾਂ ਬਲਾਈਟੋਕਸ ਪ੍ਰਤੀ ਲਿਟਰ ਪਾਣੀ ਦੇ ਹਿਸਾਬ 3 ਸਪਰੇ 10 ਦਿਨ ਦੇ ਵਕਫੇ ਤੇ ਕਰੋ।
ਇਹ ਵੀ ਪੜ੍ਹੋ: ਫਲ ਵਿਗਿਆਨੀ Dr. Jaswinder Singh Brar ਵੱਲੋਂ ਬਾਗਬਾਨਾਂ ਨੂੰ ਸਲਾਹ, ਗਰਮੀਆਂ ਵਿੱਚ ਇੰਝ ਕਰੋ ਬਾਗਾਂ ਦੀ ਸੰਭਾਲ
ਫੁੱਲ ਅਤੇ ਸਜਾਵਟੀ ਬੂਟੇ
ਇਸ ਮਹੀਨੇ ਦਰੱਖਤ, ਝਾੜੀਆਂ ਅਤੇ ਵੇਲਾਂ ਨੂੰ ਲਗਾਇਆ ਜਾ ਸਕਦਾ ਹੈ। ਵਣ ਖੇਤੀ ਲਈ ਸਫੈਦਾ, ਟਾਹਲੀ, ਡੇਕ, ਨਿੰਮ, ਸਾਗਵਾਨ ਦੇ ਦਰਖਤ ਲਗਾਏ ਜਾ ਸਕਦੇ ਹਨ। ਬੂਟੇ ਲਾਉਣ ਲਈ 50 ਸੈ.ਮੀ. ਵਿਆਸ ਦੇ ਟੋਏ ਕੱਢ ਕੇ ਉਸ ਦੀ ਉਪਰਲੀ ਮਿੱਟੀ ਵਿੱਚ ਦੇਸੀ ਰੂੜੀ ਖਾਦ ਪਾ ਕੇ 10 ਗ੍ਰਾਮ ਲਿੰਡੇਨ ਧੂੜਾ ਪ੍ਰਤੀ ਟੋਆ ਪਾ ਦਿੳ ਅਤੇ ਬੂਟਾ ਲਾ ਦਿਉ। ਬੂਟਾ ਲਗਾ ਕੇ ਉਸੇ ਵਕਤ ਪਾਣੀ ਪਾ ਦਿਉ। ਘਾਹ ਲਾਉਣ ਲਈ ਤਿਆਰ ਕੀਤੇ ਥਾਂ ਤੇ ਘਾਹ ਦੀਆਂ ਜੜ੍ਹਾਂ ਦੇ ਛੋਟੇ ਗੁੱਛੇ 10-15 ਸੈਂ. ਮੀ. ਦੀ ਦੂਰੀ ਤੇ ਲਗਾ ਦਿਉ ਅਤੇ ਪਹਿਲਾਂ ਬਣੇ ਹੋਏ ਲਾਅਨ ਦੀ ਕਟਾਈ ਕਰਨੀ ਚਾਹੀਦੀ ਹੈ। ਗੁਲਾਬ ਦੇ ਨਦੀਨ ਅਤੇ ਜੜੂੰਏ ਸਾਫ ਕਰੋ।ਗੁਲਦਾਉਦੀ ਦੀਆਂ ਸਪਰੇਅ ਕਿਸਮਾਂ ਨੂੰ ਅਕਾਰ ਦੇਣ ਲਈ ਇਸ ਦੇ ਟੂਸੇ ਬੂਟੇ ਦਾ ਕੱੱਦ 8-10 ਸੈਟੀਂਮੀਟਰ ਹੋਣ ਤੇ ਤੋੜ ਦਿਉ ਅਤੇ ਵੱਡੇ ਫੁੱਲ ਵਾਲੀਆਂ ਕਿਸਮਾਂ ਵਿੱਚ ਵਿਚਕਾਰਲੀ ਗੋਭ ਛੱਡ ਕੇ ਬਾਕੀ ਪਾਸੇ ਦੀਆਂ ਟਾਹਣੀਆਂ ਤੋੜਦੇ ਰਹੋ।
ਖੁੰਬਾਂ
ਪਰਾਲੀ ਵਾਲੀ ਖੁੰਬ ਦੇ ਪੁਰਾਣੇ ਬੈੱਡ ਕੱਢ ਕੇ ਨਵੀਂ ਬਿਜਾਈ ਕਰ ਦਿਉ। ਰੋਜ਼ਾਨਾ ਦੋ ਵਾਰ ਪਾਣੀ ਦਾ ਛਿੜਕਾਅ ਕਰੋ। ਪੁਰਾਣੀ ਗਲੀ ਸੜੀ ਰੂੜੀ ਦੀ ਸੰਭਾਲ ਸਰਦ ਰੁੱਤ ਦੀਆਂ ਖੁੰਬਾਂ ਦੀ ਕੇਸਿੰਗ ਲਈ ਹੁਣ ਤੋਂ ਹੀ ਕਰ ਲਵੋ ਅਤੇ ਇਸਦਾ ਦੋ ਫੁੱਟ ਉੱਚਾ ਢੇਰ ਲਾ ਦਿਉ।
ਸ਼ਹਿਦ ਮੱਖੀਆਂ
ਸ਼ਹਿਦ ਮੱਖੀਆਂ ਦੇ ਬਕਸਿਆਂ ਦਾ ਨਰੀਖਣ ਕਰਦੇ ਰਹੋ ਅਤੇ ਬਾਹਰ ਫੁੱਲ ਫਲਾਕੇ ਦੀ ਘਾਟ ਨੂੰ ਵੇਖਦੇ ਹੋਏ ਇੱਕ ਹਿੱਸਾ ਖੰਡ ਅਤੇ ਇੱਕ ਹਿੱਸਾ ਪਾਣੀ ਦੇ ਘੋਲ ਦੀ ਖੁਰਾਕ ਸ਼ਾਮ ਵੇਲੇ ਸਾਰੇ ਬਕਸਿਆਂ ਨੂੰ ਦਿਉ। ਬਰਸਾਤ ਦੇ ਮੌਸਮ ਨੂੰ ਵੇਖਦੇ ਹੋਏ ਬਕਸਿਆਂ ਦੇ ਸਟੈਂਡਾਂ ਨੂੰ ਥੋੜਾ ਟੇਡਾ ਕਰ ਦਿਉ ਅਤੇ ਇੰਨ੍ਹਾਂ ਨੂੰ ਉੱਚੀ ਜਗ੍ਹਾ ਤੇ ਰੱਖੋ। ਅੰਦਰਲੇ ਢੱਕਣ ਦੀ ਜਾਲੀ ਦੇ ਸੁਰਾਖ ਪ੍ਰੋਪੋਲਿਸ ਨਾਲ ਬੰਦ ਨਹੀ ਹੋਣੇ ਚਾਹੀਦੇ ਸਗੋ ਸਾਫ ਹੋਣੇ ਚਾਹੀਦੇ ਹਨ। ਬਕਸਿਆਂ ਦੇ ਆਲੇ ਦੁਆਲੇ ਵਧਦੇ ਹੋਏ ਨਦੀਨਾਂ ਅਤੇ ਵਾਧੁ ਬੂਟਿਆਂ ਨੂੰ ਸਾਫ ਕਰਦੇ ਰਹੋ।ਵਾਧੂ ਸਟੋਰ ਕੀਤੇ ਛੱਤਿਆਂ ਨੂੰ ਮੋਮੀ ਕੀੜੇ ਦੇ ਹਮਲੇ ਤੋਂ ਬਚਾਅ ਲਈ ਉਪਰਾਲੇ ਕਰੋ।
ਸਿਖਲਾਈ ਕੋਰਸ
ਬਾਗਬਾਨੀ ਫਸਲਾਂ ਅਤੇ ਕਿੱਤੇ ਨਾਲ ਸਬੰਧਤ ਸਿਖਲਾਈ ਕੋਰਸਾਂ ਲਈ ਸਕਿੱਲ ਡਿਵੈਲਪਮੈਂਟ ਸੈਂਟਰ (ਫੋਨ ਨੰ:0161-240196-261) ਪੀ.ਏ.ਯੂ. ਲੁਧਿਆਣਾ ਤੋਂ ਅਤੇ ਆਪਣੇ ਨੇੜੇ ਦੇ ਕ੍ਰਿਸ਼ੀ ਵਿਿਗਆਨ ਕੇਂਦਰ ਨਾਲ ਸੰਪਰਕ ਕਰਕੇ ਕੇ ਭਾਗ ਲੈ ਸਕਦੇ ਹੋ।
ਸਰੋਤ: ਡਾ. ਸੁਖਦੀਪ ਸਿੰਘ ਹੁੰਦਲ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ -ਕਮ-ਸਟੇਟ ਨੋਡਲ ਅਫਸਰ, ਘਰੇਲੂ ਬਗੀਚੀ, ਪੰਜਾਬ।
Summary in English: Advice to farmers of Punjab, Dr. Sukhdeep Singh Hundal shared horticultural activities for the month of August