
ਗਰਮੀਆਂ ਵਿੱਚ ਇੰਝ ਕਰੋ ਬਾਗਾਂ ਦੀ ਸੰਭਾਲ: ਫਲ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ
PAU Advisory: ਅੱਜ ਕੱਲ੍ਹ ਮੌਸਮ ਵਿੱਚ ਬਦਲਾਅ ਦੇਖਣਾ ਆਮ ਹੋ ਗਿਆ ਹੈ, ਅਜਿਹੇ ਵਿੱਚ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਖਰਾਬ ਹੋਣ ਦੀ ਚਿੰਤਾ ਬਣੀ ਰਹਿੰਦੀ ਹੈ। ਕਿਸਾਨਾਂ ਦੀਆਂ ਇਨ੍ਹਾਂ ਪਰੇਸ਼ਾਨੀਆਂ ਨੂੰ ਦੇਖਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪੰਜਾਬ ਦੇ ਬਾਗਬਾਨਾਂ ਲਈ ਜ਼ਰੂਰੀ ਸਲਾਹ ਜਾਰੀ ਕੀਤੀ ਹੈ।
ਦਰਅਸਲ, ਵਧਦੇ ਤਾਪਮਾਨ ਦੇ ਪ੍ਰਭਾਵ ਨੂੰ ਘਟਾਉਣ ਅਤੇ ਫਲਾਂ ਦੇ ਰੁੱਖਾਂ ਦੇ ਵਾਧੇ ਅਤੇ ਵਿਕਾਸ ਨੂੰ ਬਣਾਈ ਰੱਖਣ ਲਈ ਬਾਗਾਂ ਨੂੰ ਲਗਾਤਾਰ ਪਾਣੀ ਦੇਣ ਨਾਲ ਵੀ ਬਾਗਾਂ ਵਿੱਚ ਨਦੀਨਾਂ ਦਾ ਵਾਧਾ ਹੁੰਦਾ ਹੈ। ਇਹ ਨਦੀਨ ਬਾਗ ਵਿੱਚ ਖਾਦਾਂ, ਪੌਸ਼ਟਿਕ ਤੱਤਾਂ ਅਤੇ ਪਾਣੀ ਦਾ ਵੱਡਾ ਹਿੱਸਾ ਖਾ ਲੈਂਦੇ ਹਨ ਅਤੇ ਕਈ ਬਿਮਾਰੀਆਂ ਅਤੇ ਕੀੜਿਆਂ ਲਈ ਪਨਾਹਗਾਹ ਵੀ ਬਣ ਜਾਂਦੇ ਹਨ। ਇਸ ਨਾਲ ਬਾਗਾਂ ਦੀ ਦੇਖਭਾਲ ਦੀ ਲਾਗਤ ਵਧ ਜਾਂਦੀ ਹੈ ਅਤੇ ਕਈ ਵਾਰ ਫਲਾਂ ਦੇ ਰੁੱਖਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ।
ਪੀ.ਏ.ਯੂ. ਦੇ ਫਲ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਇਸ ਸੰਬੰਧੀ ਪੰਜਾਬ ਦੇ ਬਾਗਬਾਨਾਂ ਨੂੰ ਸੁਝਾਅ ਦਿੱਤੇ ਹਨ ਕਿ ਬਾਗਾਂ ਵਿਚ ਉੱਗਣ ਵਾਲੇ ਨਦੀਨਾਂ 'ਤੇ ਕਾਬੂ ਪਾਉਣ ਲਈ ਹਲਕੀ ਵਹਾਈ, ਗੋਡੀ, ਨਦੀਨਾਂ ਦੀ ਲਗਾਤਾਰ ਕਟਾਈ ਜਾਂ ਝੋਨੇ ਦੀ ਪਰਾਲੀ ਨਾਲ ਮਲਚਿੰਗ ਕੀਤੀ ਜਾ ਸਕਦੀ ਹੈ। ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਮੁਤਾਬਕ ਇਨ੍ਹਾਂ ਵਿਧੀਆਂ ਨਾਲ ਨਾ ਸਿਰਫ਼ ਬੂਟਿਆਂ ਨੂੰ ਨਦੀਨ ਨਾਸ਼ਕਾਂ ਦੇ ਬੁਰੇ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ, ਸਗੋਂ ਮਲਚ ਦੇ ਗਲਣ-ਸੜਣ ਨਾਲ ਜ਼ਮੀਨ ਦੀ ਖੁਰਾਕੀ ਸਮਰੱਥਾ ਨੂੰ ਵੀ ਵਧਾਇਆ ਜਾ ਸਕਦਾ ਹੈ, ਇਸ ਦੇ ਨਾਲ-ਨਾਲ ਫ਼ਲਾਂ ਦੇ ਅਕਾਰ, ਝਾੜ ਅਤੇ ਗੁਣਵੱਤਾ ਵਿੱਚ ਵੀ ਵਾਧਾ ਹੋ ਸਕਦਾ ਹੈ ਅਤੇ ਝੋਨੇ ਦੀ ਪਰਾਲੀ ਦੀ ਸੁਚਜੀ ਵਰਤੋਂ ਵਿੱਚ ਵੀ ਮੱਦਦ ਮਿਲਦੀ ਹੈ।
ਮਾਹਿਰਾਂ ਨੇ ਹੋਰ ਦੱਸਿਆ ਕਿ ਬਾਗਾਂ ਨੂੰ ਲੋੜ ਮੁਤਾਬਿਕ ਪਾਣੀ ਦਿਓ, ਖੁੱਲ੍ਹੀ ਸਿੰਚਾਈ ਵਾਲੇ ਬਾਗਾਂ ਵਿੱਚ ਵੀ ਛੋਟੇ ਕਿਆਰੇ ਪਾ ਕੇ ਪਾਣੀ ਦਿਉ। ਬਾਗਾਂ ਨੂੰ ਗਰਮੀਆਂ ਮਹੀਨੇ ਹਲਕੀਆਂ ਅਤੇ ਲਗਾਤਾਰ ਸਿੰਚਾਈਆਂ ਦੀ ਲੋੜ ਹੁੰਦੀ ਹੈ । ਉਨ੍ਹਾਂ ਕਿਹਾ ਕਿ ਫ਼ਲਦਾਰ ਬੂਟਿਆਂ ਨੂੰ ਰਸਾਇਣਕ ਖਾਦਾਂ ਪਉਣ ਸਮੇਂ ਜ਼ਮੀਨ ਵੱਤਰ ਹੋਵੇ ਅਤੇ ਬੂਟਿਆਂ ਹੇਠੋਂ ਗੋਡੀ ਕਰਕੇ ਦੌਰ ਨੂੰ ਨਦੀਨ ਮੁਕਤ ਕਰ ਲਵੋ।
ਪਰਾਲੀ ਦੀ ਮਲਚਿੰਗ ਬੂਟਿਆਂ ਨੂੰ ਰਸਾਇਣਕ ਖਾਦਾਂ ਦੀ ਦੂਜੀ ਕਿਸ਼ਤ ਪਾਉਣ ਤੋਂ ਤੁਰੰਤ ਬਾਅਦ ਕਰੋ।ਝੋਨੇ ਦੀ ਪਰਾਲੀ ਦੀ ਫ਼ਲਦਾਰ ਬੂਟਿਆਂ ਹੇਠ 10 ਸੈਂਟੀਮੀਟਰ ਮੋਟੀ ਅਤੇ ਇੱਕਸਾਰ ਤਹਿ ਵਿਛਾਉ।ਬੂਟਿਆਂ ਦੀ ਪੂਰੀ ਛਤਰੀ ਹੇਠਲੇ ਰਕਬੇ ਸਮੇਤ ਬਾਗ ਦੇ ਕੁਲ ਰਕਬੇ ਦੇ ਤਕਰੀਬਨ ਦੋ-ਤਿਹਾਈ ਰਕਬੇ ਉਪਰ ਮਲਚਿੰਗ ਕਰੋ। ਆੜੂ ਅਤੇ ਅਲੂਚੇ ਦੇ ਬਾਗਾਂ ਵਿਚ 4.5 ਟਨ ਝੋਨੇ ਦੀ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਮਾਰਚ-ਅਪ੍ਰੈਲ ਮਹੀਨੇ ਮਲਚਿੰਗ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਫਲਾਂ ਨੂੰ ਫਟਣ ਤੋਂ ਬਚਾਉਣ ਲਈ April-May-June ਮਹੀਨਿਆਂ ਵਿੱਚ ਇਹ ਕੰਮ ਕਰਨੇ ਜ਼ਰੂਰੀ, ਵੱਡੇ ਆਰਥਿਕ ਨੁਕਸਾਨ ਤੋਂ ਬਚ ਸਕਦੇ ਹਨ ਕਿਸਾਨ
ਨਾਖ ਦੇ ਬਾਗਾਂ ਵਿਚ ਅਪ੍ਰੈਲ ਮਹੀਨੇ 5.5 ਟਨ ਪ੍ਰਤੀ ਏਕੜ, ਅਮਰੂਦ ਦੇ ਬਾਗਾਂ ਵਿਚ ਮਈ ਮਹੀਨੇ 4.0 ਟਨ ਪ੍ਰਤੀ ਏਕੜ, ਬੇਰਾਂ ਦੇ ਬਾਗਾਂ ਵਿਚ ਅਕਤੂਬਰ ਮਹੀਨੇ 5.0 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਮਲਚਿੰਗ ਕੀਤੀ ਜਾ ਸਕਦੀ ਹੈ। ਮਲਚਿੰਗ ਨਾਲ ਨਾ ਸਿਰਫ਼ ਨਦੀਨਾਂ ਦੀ ਰੋਕਥਾਮ ਹੁੁੰਦੀ ਹੈ ਸਗੋਂ ਇਸ ਨਾਲ ਜ਼ਮੀਨ ਵਿੱਚ ਨਮੀ ਬਰਕਰਾਰ ਰੱਖਣ ਵਿਚ ਮਦਦ ਮਿਲਦੀ ਹੈ, ਫ਼ਲਾਂ ਦਾ ਕੇਰਾ ਘਟਦਾ ਹੈ, ਫ਼ਲਾਂ ਦਾ ਝਾੜ ਅਤੇ ਗੁਣਵਤਾ ਵਿਚ ਵੀ ਵਾਧਾ ਹੁੰਦਾ ਹੈ।
Summary in English: Fruit scientist Dr Jaswinder Singh Brar advises gardeners, how to take care of gardens in summer