Vegetable Cultivation: ਖੇਤਾਂ ਦੇ ਨਾਲ-ਨਾਲ ਘਰੇਲੂ ਬਗੀਚੀ ਵਿੱਚ ਵੀ ਸਬਜ਼ੀਆਂ ਦੀ ਕਾਸ਼ਤ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਘਰ ਦੇ ਬਗੀਚੇ ਵਿੱਚ ਕਿਹੜੀਆਂ ਸਬਜ਼ੀਆਂ ਉਗਾ ਸਕਦੇ ਹੋ, ਜਿਸ ਨਾਲ ਤੁਹਾਨੂੰ ਤਾਜ਼ੀ ਅਤੇ ਕੈਮੀਕਲ ਮੁਕਤ ਸਬਜ਼ੀਆਂ ਆਸਾਨੀ ਨਾਲ ਪ੍ਰਾਪਤ ਹੋ ਸਕਣ।
ਸਬਜ਼ੀਆਂ ਦੀਆਂ ਫਸਲਾਂ ਮਨੁੱਖੀ ਖੁਰਾਕ ਦਾ ਸਸਤਾ ਅਤੇ ਵਧੀਆ ਸ੍ਰੋਤ ਹਨ। ਵੱਖ-ਵੱਖ ਸਬਜ਼ੀਆ ਵਿੱਚ ਖਣਿਜ ਲੂਣਾਂ, ਵਿਟਾਮਿਨਜ਼, ਰੇਸ਼ੇ, ਕਾਰਬੋਹਾਈਡਰੇਟਸ ਅਤੇ ਪ੍ਰੋਟੀਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਸੰਸਾਰ ਸਿਹਤ ਸੰਗਠਨ ਅਨੁਸਾਰ ਇੱਕ ਆਮ ਮਨੁੱਖ ਨੂੰ ਤਕਰੀਬਨ ਰੋਜਾਨਾ 380 ਗਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਸਬਜ਼ੀਆਂ ਨੂੰ ਘਰ ਬਗੀਚੀ ਵਿੱਚ ਪੈਦਾ ਕਰਕੇ ਤਾਜ਼ੀਆਂ ਅਤੇ ਰਸਾਇਣ ਮੁਕਤ ਸਬਜ਼ੀਆਂ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ, ਜਿਸ ਨਾਲ ਪੈਸੇ ਦੀ ਵੀ ਬੱਚਤ ਹੁੰਦੀ ਹੈ।
ਘਰੇਲੂ ਬਗੀਚੀ ਘਰਾਂ ਦੇ ਅੱਗੇ ਜਾਂ ਪਿੱਛੇ ਪਈ ਖਾਲੀ ਥਾਂ, ਖੇਤਾਂ ਜਾਂ ਛੱਤਾਂ (ਸਿਰਫ ਗਮਲਿਆਂ ਜਾਂ ਲੱਕੜੀ ਦੇ ਬਕਸਿਆਂ) 'ਤੇ ਬਣਾਈ ਜਾ ਸਕਦੀ ਹੈ। ਸਰਦ ਰੁੱਤ ਦੌਰਾਨ ਘਰੇਲੂ ਬਗੀਚੀ ਵਿੱਚ ਲਸਣ, ਮਟਰ, ਜੜ੍ਹਾਂ ਵਾਲੀਆਂ ਸਬਜ਼ੀਆਂ, ਗੋਭੀ ਜਾਤੀ, ਪੱਤਿਆਂ ਵਾਲੀਆਂ ਸਬਜ਼ੀਆਂ, ਆਲੂ, ਪਿਆਜ ਅਤੇ ਲਸਣ ਆਦਿ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਫੁੱਲ ਗੋਭੀ, ਮੂਲੀ, ਪਾਲਕ ਅਤੇ ਧਨੀਆ ਦੀ ਬਿਜਾਈ ਅਗਸਤ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ। ਜਦੋਂਕਿ ਮਟਰ ਅਤੇ ਆਲੂ ਦੀ ਬਿਜਾਈ ਅਕਤੂਬਰ ਮਹੀਨੇ ਵਿੱਚ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : Vegetable Farming: ਇਨ੍ਹਾਂ ਸਬਜ਼ੀਆਂ ਦੀ ਕਾਸ਼ਤ ਤੋਂ ਕਮਾਓ ਡੇਢ ਤੋਂ 2 ਲੱਖ ਰੁਪਏ
ਪਿਆਜ ਦੀ ਲਵਾਈ ਅੱਧ ਦਸੰਬਰ ਤੋਂ ਅੱਧ ਜਨਵਰੀ ਤੱਕ ਕਰੋ। ਬੰਦ ਗੋਭੀ, ਬਰੋਕਲੀ, ਗੰਢ ਗੋਭੀ, ਗਾਜਰਾਂ, ਸ਼ਲਗਮ, ਮੇਥੀ, ਮੇਥਰੇ, ਚੀਨੀ ਸਰੋਂ, ਚਕੰਦਰ ਆਦਿ ਦੀ ਬਿਜਾਈ ਅੱਧ ਸਤੰਬਰ ਤੋਂ ਅੱਧ ਅਕਤੂਬਰ ਤੱਕ ਕਰੋ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਰਦ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਅਗਸਤ ਮਹੀਨੇ ਦੇ ਸ਼ੁਰੂ ਤੋਂ ਪੀ.ਏ. ਯੂ. ਕੈਂਪਸ,ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ, ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੇ ਮੁਹੱਈਆ ਕਰਵਾਈ ਜਾਂਦੀ ਹੈ।
ਅਮਰਜੀਤ ਸਿੰਘ ਸੰਧੂ ਅਤੇ ਨਵਨੀਤ ਕੌਰ,ਫਾਰਮ ਸਲਾਹਕਾਰ ਸੇਵਾ ਕੇਂਦਰ, ਬਠਿੰਡਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Grow vegetables in your home garden