Kinnow Mandarin: “ਕਿੰਨੂ' ਸੰਤਰੇ ਨੂੰ ਪੰਜਾਬ ਵਿੱਚ ਫਲਾਂ ਦਾ 'ਬਾਦਸ਼ਾਹ' ਕਿਹਾ ਜਾਂਦਾ ਹੈ, ਕਿਉਂਕਿ ਸੂਬੇ ਵਿੱਚ ਜ਼ਿਆਦਾਤਰ ਫਲਾਂ ਦਾ ਰਕਬਾ ਇਸ ਫ਼ਲ ਹੇਠ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਫਰੀਦਕੋਟ ਕਿੰਨੂ ਉਗਾਉਣ ਵਾਲੇ ਜ਼ਿਲ੍ਹੇ ਹਨ।
ਮਿੱਟੀ, ਜਲਵਾਯੂ ਅਤੇ ਕਾਸ਼ਤ ਪ੍ਰਬੰਧਾਂ 'ਤੇ ਨਿਰਭਰ ਕਰਦੇ ਹੋਏ ਕਿੰਨੂ ਦਾ ਫ਼ਲ, ਫੁੱਲ ਲੱਗਣ ਤੋਂ 9 ਤੋਂ 10 ਮਹੀਨੇ ਬਾਅਦ ਤੁੜਾਈ ਲਈ ਤਿਆਰ ਹੋ ਜਾਂਦਾ ਹੈ। 10 ਅਕਤੂਬਰ, 2023 ਨੂੰ ਅਬੋਹਰ ਮੰਡੀ ਵਿੱਚ ਅਚਨਚੇਤ ਕੱਚੇ ਕਿੰਨੂ ਦੇ ਫ਼ਲਾਂ ਦੀ ਵਿਕਰੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਬਾਰੇ ਇੱਕ ਰਿਪੋਰਟ ਇੱਕ ਅਖਬਾਰ ਵਿੱਚ ਪ੍ਰਕਾਸ਼ਿਤ ਹੋਈ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰ ਹਮੇਸ਼ਾ ਇਹ ਸਿਫ਼ਾਰਸ਼ ਕਰਦੇ ਹਨ ਜਨਵਰੀ-ਫਰਵਰੀ ਸਮੇਂ ਕਿੰਨੂ ਫ਼ਲ ਦੇ ਰਸ ਦੀ ਖੰਡ ਅਤੇ ਤੇਜ਼ਾਬ ਦਾ ਸਹੀ ਅਨੁਪਾਤ ਬਣਦਾ ਹੈ।
ਕਿੰਨੂ ਦੇ ਫ਼ਲ ਦੇ ਪੱਕਣ ਦਾ ਇੱਕ ਭਰੋਸੇਯੋਗ ਸੂਚਕ ਕੁੱਲ ਘੁਲਣਸ਼ੀਲ ਠੋਸ ਪਦਾਰਥਾਂ ਅਤੇ ਤੇਜ਼ਾਬ ਦਾ ਅਨੁਪਾਤ ਹੀ ਹੈ। ਇਸ ਸੂਚਕ ਦੇ ਅਨੁਸਾਰ, ਜਦੋਂ ਬੁਟੇ ਦੇ ਆਲੇ-ਦੁਆਲੇ ਅਤੇ ਅੰਦਰੂਨੀ ਹਿੱਸਿਆਂ ਦੇ ਫ਼ਲਾਂ ਵਿੱਚ ਘੁਲਣਸ਼ੀਲ ਠੋਸ ਪਦਾਰਥਾਂ ਅਤੇ ਤੇਜ਼ਾਬ ਦਾ ਅਨੁਪਾਤ ਕ੍ਰਮਵਾਰ 12:1 ਅਤੇ 14:1 ਤੱਕ ਪਹੁੰਚ ਜਾਂਦਾ ਹੈ ਤਾਂ ਫ਼ਲ ਤੁੜਾਈ ਲਈ ਤਿਆਰ ਹੋ ਜਾਂਦੇ ਹਨ।
ਪੰਜਾਬ ਦੀਆਂ ਹਾਲਤਾਂ ਵਿੱਚ ਇਹ ਤੁੜਾਈ ਦਾ ਮਿਆਰ ਅੱਧ ਜਨਵਰੀ ਤੋਂ ਅੱਧ ਫਰਵਰੀ ਆ ਜਾਂਦਾ ਹੈ। ਹਾਲਾਂਕਿ, ਮੌਸਮ ਦੀ ਸਥਿਤੀ ਦੇ ਆਧਾਰ 'ਤੇ ਇਹ ਕਈ ਦਿਨ ਅੱਗੇ-ਪਿੱਛੇ ਹੋ ਸਕਦਾ ਹੈ। ਜਦੋਂ ਕਿੰਨੂ ਕੱਚਾਂ ਤੋੜ ਲਿਆ ਜਾਂਦਾ ਹੈ, ਤਾਂ ਫ਼ਲਾਂ ਵਿੱਚ ਬਹੁਤ ਜ਼ਿਆਦਾ ਤੇਜ਼ਾਬ ਅਤੇ ਘੱਟ ਖੰਡ ਦੀ ਮਾਤਰਾ ਪੈਦਾ ਹੁੰਦੀ ਹੈ, ਜੋ ਫ਼ਲ ਦੀ ਗੁਣਵੱਤਾ ਅਤੇ ਸੁਆਦ ਨੂੰ ਪ੍ਰਭਾਵਿਤ ਕਰਦੀ ਹੈ।
ਇਹ ਵੀ ਪੜ੍ਹੋ : ਕਿੰਨੂ ਮੈਂਡਰਿਨ ਦੀ ਚੰਗੀ ਪੈਦਾਵਾਰ ਲਈ ਸੁਝਾਅ, ਗੂੰਦੀਆ ਰੋਗ ਦੇ ਪ੍ਰਬੰਧਨ ਲਈ ਢੁਕਵੇਂ ਤਰੀਕੇ
ਇਸ ਤੋਂ ਇਲਾਵਾ, ਮੌਜੂਦਾ ਲੰਬੀ-ਦੂਰੀ ਦਾ ਮੰਡੀਕਰਨ ਅਤੇ ਨਿਰਯਾਤ ਵਿੱਚ, ਕੱਚੇ ਫ਼ਲਾਂ ਦੀ ਤੁੜਾਈ ਕਰਕੇ ਵੇਚਣ ਨਾਲ, ਇਸ ਵੱਡਮੁੱਲੇ ਫ਼ਲ ਦੇ ਸੁਆਦ ਅਤੇ ਮਹਿਕ ਦੀ ਸ਼ਾਖ ਨੂੰ ਸੱਟ ਲਗਦੀ ਹੈ। ਇਸ ਲਈ, ਕਿੰਨੂ ਉਤਪਾਦਕਾਂ ਅਤੇ ਵਪਾਰੀਆਂ ਨੂੰ ਕਿੰਨੂ ਫ਼ਲ ਦੇ ਭਵਿੱਖ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਫ਼ਲ ਦੀ ਤੁੜਾਈ ਅਤੇ ਮੰਡੀਕਰਨ ਢੁੱਕਵੀਂ ਅਵਸਥਾ ਦੌਰਾਨ ਹੀ ਕਰਨਾ ਚਾਹੀਦਾ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Harvest Kinnow Mandarin at proper maturity