Kitchen Garden: ਅਜੋਕੇ ਸਮੇਂ 'ਚ ਕਿਚਨ ਗਾਰਡਨ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ, ਕਈ ਲੋਕ ਇਸ ਨੂੰ ਸ਼ੌਕ ਵਜੋਂ ਕਰ ਰਹੇ ਹਨ। ਜਦੋਂਕਿ, ਕੁਝ ਲੋਕ ਆਪਣੀ ਸਿਹਤ ਨੂੰ ਧਿਆਨ 'ਚ ਰੱਖ ਕੇ ਆਪਣੇ ਕਿਚਨ ਗਾਰਡਨ 'ਚ ਸਬਜ਼ੀਆਂ ਉਗਾ ਰਹੇ ਹਨ। ਇੱਕ ਪਾਸੇ ਜਿੱਥੇ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕ ਪਰੇਸ਼ਾਨ ਹਨ ਅਤੇ ਘਰ ਵਿੱਚ ਹੀ ਸਬਜ਼ੀਆਂ ਉਗਾਉਣ ਦਾ ਕੰਮ ਕਰ ਰਹੇ ਹਨ, ਉੱਥੇ ਹੀ ਲੋਕਾਂ ਵਿੱਚ ਇਹ ਵੀ ਆਮ ਧਾਰਨਾ ਹੈ ਕਿ ਬਾਜ਼ਾਰ ਵਿੱਚ ਮਿਲਣ ਵਾਲੀਆਂ ਸਬਜ਼ੀਆਂ ਅਤਿ ਜ਼ਹਿਰੀਲੇ ਕੀਟਨਾਸ਼ਕਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਲੋਕਾਂ ਦਾ ਰੁਝਾਨ Kitchen Garden Concept ਵੱਲ ਵੱਧ ਰਿਹਾ ਹੈ।
ਅਜਿਹੇ 'ਚ ਅੱਜ ਅਸੀਂ ਡਾ. ਅੰਜੁਲੀ ਸ਼ਰਮਾ, ਅਸਿਸਟੈਂਟ ਪ੍ਰੋਫੈਸਰ, ਕਮਿਊਨਟੀ ਸਾਇੰਸ, ਕੇ.ਵੀ.ਕੇ. ਬਰਨਾਲਾ (Dr. Anjuli Sharma, Assistant Professor, Community Science in KVK Barnala) ਵੱਲੋਂ ਕਿਚਨ ਗਾਰਡਨ ਬਣਾਉਣ ਅਤੇ ਬੀਜ ਲਗਾਉਣ ਬਾਬਤ ਸਾਂਝੇ ਕੀਤੇ ਸੁਝਾਅ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ।
ਕਿਚਨ ਗਾਰਡਨ:
ਕਿਚਨ ਗਾਰਡਨ ਅੱਜ-ਕੱਲ੍ਹ ਬਹੁਤ ਟ੍ਰੇਂਡ ਵਿੱਚ ਹੈ। ਇਸ ਨੂੰ ਵੈਜੀਟੇਬਲ ਗਾਰਡਨ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਘਰ ਦੇ ਪਿੱਛੇ ਜਾਂ ਬਾਲਕੋਨੀ ਵਿੱਚ ਜਾਂ ਛੱਤ ਦੇ ਉੱਪਰ ਵੀ ਲਗਾ ਸਕਦੇ ਹਨ। ਇਹ ਪਰਿਵਾਰਕ ਉਪਯੋਗ ਲਈ ਆਸਾਨ ਜਿਹਾ ਤਰੀਕਾ ਹੈ, ਜਿਸ ਵਿੱਚ ਮੌਸਮੀ ਫਲ ਅਤੇ ਸਬਜ਼ੀਆਂ ਜਾਂ ਜੜੀ-ਬੂਟੀਆਂ ਮਿਲ ਜਾਂਦੀਆਂ ਹਨ। ਡਾ. ਅੰਜੁਲੀ ਸ਼ਰਮਾ ਦਾ ਕਹਿਣਾ ਹੈ ਕਿ ਕਿਸੇ ਜਗ੍ਹਾ ਦੇ ਮੌਸਮ ਅਤੇ ਮਿੱਟੀ ਅਨੁਸਾਰ ਅਲੱਗ-ਅਲੱਗ ਪੌਦੇ ਲਗਾ ਸਕਦੇ ਹਾਂ ਜਿਵੇਂ ਟਮਾਟਰ, ਗਾਜਰ, ਫਲੀਆਂ, ਨਿੰਬੂ, ਧਨੀਆ, ਸ਼ਿਮਲਾ ਮਿਰਚ, ਪੁਦੀਨਾ, ਹਰੀ ਮਿਰਚ ਆਦਿ। ਉਨ੍ਹਾਂ ਦਾ ਕਹਿਣਾ ਹੈ ਕਿ ਕਿਚਨ ਗਾਰਡਨ ਨੂੰ ਬਣਾਏ ਰੱਖਣ ਲਈ ਲੋੜ ਅਨੁਸਾਰ ਪਾਣੀ ਦੇਣਾ, ਗੋਡੀ ਕਰਨਾ ਅਤੇ ਕੀੜਿਆਂ ਦੀ ਨਿਗਰਾਨੀ ਦੀ ਜਰੂਰਤ ਸਭ ਤੋਂ ਵੱਧ ਹੁੰਦੀ ਹੈ।
ਕਿਚਨ ਗਾਰਡਨ ਦਾ ਮਹੱਤਵ:
ਕਿਚਨ ਗਾਰਡਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਸਾਨੂੰ ਮੁਫ਼ਤ ਅਤੇ ਜ਼ਹਿਰੀਲੇ ਰਸਾਇਣਾਂ ਤੋਂ ਮੁਕਤ ਫਲ ਅਤੇ ਸਬਜ਼ੀਆਂ ਮਿਲਦੀਆਂ ਹਨ ਅਤੇ ਇਸ ਗੱਲ ਦੀ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਕਿਚਨ ਗਾਰਡਨ ਬਣਾਉਣ ਵੇਲੇ ਬੀਜਾਂ ਨੂੰ ਲਗਾ ਦੇਣਾ ਹੀ ਕਾਫੀ ਨਹੀਂ ਹੁੰਦਾ ਸਗੋਂ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਹਨ। ਜਿਵੇਂ ਖਾਦ ਨੂੰ ਬਣਾਉਣਾ ਤੇ ਪਾਉਣਾ ਆਦਿ। ਜਿਸ ਦੇ ਬਾਰੇ ਅੱਜ ਅਸੀਂ ਵਿਸਥਾਰ ਦੇ ਵਿੱਚ ਜਾਣਾਂਗੇ। ਕਿਚਨ ਗਾਰਡਨ ਨੂੰ ਲੈ ਕੇ ਇਹ ਸੋਚ ਹੈ ਕਿ ਅੱਜ ਬੀਜ ਲਗਾਇਆ ਅਤੇ ਦੋ-ਤਿੰਨਾਂ ਬਾਅਦ ਸਬਜ਼ੀ ਲਗਣੀ ਸ਼ੁਰੂ ਹੋ ਜਾਵੇਗੀ। ਇੰਝ ਨਹੀਂ ਹੁੰਦਾ। ਕਿਚਨ ਗਾਰਡਨ ਤੋਂ ਫਾਇਦੇ ਲੈਣ ਲਈ ਕਈ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਜਿਵੇਂ:
(i) ਹਮੇਸ਼ਾ ਆਪਣੇ ਕਿਚਨ ਗਾਰਡਨ ਵਿੱਚ ਚੰਗੀ ਕੁਆਲਿਟੀ ਦੇ ਬੀਜ ਖਰੀਦੋ ਅਤੇ ਬੀਜੋ ਕਿਉਂਕਿ ਬੇਕਾਰ ਕੁਆਲਿਟੀ ਦੇ ਬੀਜ ਚੱਲਦੇ ਨਹੀਂ ਜੇ ਚੱਲ ਵੀ ਜਾਣ ਤਾਂ ਸਬਜ਼ੀਆਂ ਵਧੀਆ ਕੁਆਲਿਟੀ ਦੀਆਂ ਨਹੀਂ ਹੋਣਗੀਆਂ।
(ii) ਕੁਝ ਲੋਕ ਗਮਲੇ ਵਿੱਚ ਬੂਟੇ ਲਗਾ ਲੈਂਦੇ ਹਨ। ਜੇਕਰ ਗਮਲੇ ਵਿੱਚ ਬੂਟੇ ਲਗਾਉਣੇ ਹਨ ਤਾਂ ਗਮਲੇ ਵਿੱਚ ਖਾਦ ਅਤੇ ਮਿੱਟੀ ਨੂੰ ਰਲਾ ਕੇ ਫੇਰ ਹੀ ਬੂਟੇ ਲਗਾਓ ਅਤੇ ਫੇਰ ਪਾਣੀ ਪਾਓ।
(iii) ਕੁਝ ਲੋਕ ਗਮਲੇ ਨੂੰ ਪਾਣੀ ਨਾਲ ਭਰ ਦਿੰਦੇ ਹਨ ਇੰਝ ਨਹੀਂ ਕਰਨਾ। ਪਹਿਲਾਂ ਬੂਟੇ ਨੂੰ ਗਮਲੇ ਵਿੱਚ ਲਗਾਉਣ ਲਈ ਮਿੱਟੀ ਵਿੱਚ ਨਮੀ ਹੋਣੀ ਚਾਹੀਦੀ ਹੈ। ਘੱਟ ਤੋਂ ਘੱਟ ਤਿੰਨ ਦਿਨਾਂ ਬਾਅਦ ਜਾਂ ਮਿੱਟੀ ਦੀ ਨਮੀ ਅਨੁਸਾਰ ਪਾਣੀ ਪਾਓ।
(iv) ਜਦੋਂ ਵੀ ਕਿਚਨ ਗਾਰਡਨ ਬਣਾਓ ਤਾਂ ਸ਼ੁਰੂਆਤ ਵਿੱਚ ਛੋਟਾ ਕਿਚਨ ਗਾਰਡਨ ਹੀ ਬਣਾਓ ਅਤੇ ਫੇਰ ਤਜਰਬੇ ਅਨੁਸਾਰ ਉਸਨੂੰ ਵੱਡਾ ਕਰਦੇ ਜਾਓ।
ਇਹ ਵੀ ਪੜ੍ਹੋ : Flourish with Floriculture: ਗੇਂਦੇ ਦੀਆਂ ਇਨ੍ਹਾਂ ਸੁਧਰੀਆਂ ਕਿਸਮਾਂ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ, ਝਾੜ 30 ਟਨ ਪ੍ਰਤੀ ਹੈਕਟੇਅਰ
ਕਿਚਨ ਗਾਰਡਨ ਦੇ ਫਾਇਦੇ:
* ਕਿਚਨ ਗਾਰਡਨ ਤੋਂ ਸਾਨੂੰ ਤਾਜ਼ੀਆਂ ਫਲ, ਸਬਜ਼ੀਆਂ ਅਤੇ ਜੜੀਆਂ-ਬੂਟੀਆਂ ਘਰ ਵਿੱਚ ਹੀ ਆਸਾਨੀ ਨਾਲ ਮਿਲ ਜਾਂਦੀਆਂ ਹਨ।
* ਇਹਨਾਂ ਨੂੰ ਬਜ਼ਾਰ ਜਾ ਕੇ ਲੈ ਕੇ ਆਉਣ ਦੀ ਜਰੂਰਤ ਨਹੀਂ ਪੈਂਦੀ ਜਿਸ ਨਾਲ ਪੈਸੇ ਦੀ ਬੱਚਤ ਹੁੰਦੀ ਹੈ।
* ਇਹ ਸਬਜ਼ੀਆਂ, ਫਲ ਅਤੇ ਜੜੀਆਂ-ਬੂਟੀਆਂ ਬਿਨਾ ਕਿਸੇ ਕੀਟਨਾਸ਼ਕ ਵਾਲੀ ਹੁੰਦੀ ਹੈ।
* ਇਸ ਲਈ ਇਹ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੀ ਹੈ।
* ਕਿਚਨ ਗਾਰਡਨ ਵਿੱਚ ਉਗਾਈ ਗਈ ਸਬਜ਼ੀਆਂ ਬਹੁਤ ਸਵਾਦ ਬਣਦੀਆਂ ਹਨ।
ਸਰੋਤ: ਡਾ. ਅੰਜੁਲੀ ਸ਼ਰਮਾ, ਅਸਿਸਟੈਂਟ ਪ੍ਰੋਫੈਸਰ, ਕਮਿਊਨਟੀ ਸਾਇੰਸ, ਕੇ. ਵੀ. ਕੇ. ਬਰਨਾਲਾ
Summary in English: Learn the importance and benefits of kitchen garden from Dr Anjuli Sharma, here are the most important things to keep in mind while making a garden and planting seeds.