Daisy Oranges: ਡੇਜ਼ੀ ਸੰਤਰਾ ਇੱਕ ਦੋਗਲੀ ਕਿਸਮ ਹੈ ਜੋ ਫਾਰਚੂਨ ਅਤੇ ਫਰੀਮੌਂਟ ਸੰਤਰੇ ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਅੱਜ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਡੇਜ਼ੀ ਸੰਤਰੇ ਦੀ ਕਾਸ਼ਤ ਲਈ ਮਹੱਤਵਪੂਰਨ ਨੁੱਕਤੇ ਦੱਸਣ ਜਾ ਰਹੇ ਹਾਂ, ਜਿਸ ਤੋਂ ਉਹ ਚੰਗਾ ਲਾਹਾ ਖੱਟ ਸਕਦੇ ਹਨ।
Mandarin Orange: ਡੇਜ਼ੀ ਸੰਤਰੇ ਦਾ ਆਕਾਰ ਦਰਮਿਆਨੇ ਤੋਂ ਵੱਡਾ ਅਤੇ ਪੱਕਣ ਤੇ ਫ਼ਲ ਦਾ ਰੰਗ ਗੂੜ੍ਹਾ ਸੰਤਰੀ ਹੁੰਦਾ ਹੈ। ਇਸ ਦੇ ਫ਼ਲ ਆਸਾਨੀ ਨਾਲ ਛਿੱਲੇ ਜਾਂਦੇ ਹਨ ਅਤੇ ਫਲਾਂ ਦਾ ਵਧੀਆ ਸੁਆਦ ਹੁੰਦਾ ਹੈ, ਜਿਸ ਵਿੱਚ ਖੰਡ/ਤੇਜ਼ਾਬੀ ਅਨੁਪਾਤ ਵਧੇਰੇ ਹੁੰਦਾ ਹੈ। ਫ਼ਲ ਦਾ ਔਸਤਨ ਵਜ਼ਨ 210 ਗ੍ਰਾਮ ਹੁੰਦਾ ਹੈ ਅਤੇ ਫ਼ਲ ਵਿੱਚ 10-15 ਬੀਜ ਹੁੰਦੇ ਹਨ। ਡੇਜ਼ੀ ਦਾ ਰੁੱਖ ਭਾਰੀ ਫਸਲ ਪੈਦਾ ਕਰਦਾ ਹੈ ਅਤੇ ਫ਼ਲ ਵੱਡੇ ਗੁੱਛਿਆਂ ਵਿੱਚ ਲਗਦੇ ਹਨ। ਇਹ ਇੱਕ ਅਗੇਤੀ ਕਿਸਮ ਹੈ ਅਤੇ ਕਿੰਨੂ ਸੰਤਰੇ ਤੋਂ ਦੋ ਕੁ ਮਹੀਨੇ ਪਹਿਲਾਂ ਪੱਕਦੀ ਹੈ।
ਇਸ ਦੇ ਫ਼ਲਾਂ ਦੀ ਤੁੜਾਈ 20 ਨਵੰਬਰ ਤੱਕ ਪੂਰੀ ਕਰ ਲੈਣੀ ਚਾਹੀਦੀ ਹੈ। ਡੇਜ਼ੀ ਦੀ ਪੱਕਣ ਦੀ ਮਿਆਦ ਉੱਤਰੀ ਭਾਰਤ ਦੇ ਤਿਉਹਾਰ ਅਤੇ ਵਿਆਹ ਦੇ ਮੌਸਮ ਦੇ ਨਾਲ ਮੇਲ ਖਾਂਦੀ ਹੈ। ਨਵੰਬਰ ਦੇ ਸ਼ੁਰੂਆਤੀ ਦਿਨ ਨਿੱਘੇ ਹੁੰਦੇ ਹਨ ਜਿਸ ਕਰਕੇ ਨਿੰਬੂ ਦੇ ਫਲਾਂ ਦੀ ਚੰਗੀ ਮੰਗ ਹੁੰਦੀ ਹੈ ਅਤੇ ਡੇਜ਼ੀ ਉਤਪਾਦਕਾਂ ਨੂੰ ਬਹੁਤ ਜ਼ਿਆਦਾ ਲਾਭ ਮਿਲਦਾ ਹੈ।
ਡੇਜ਼ੀ ਦੇ ਬਾਗ ਲਗਾਉਣ ਦੇ ਦੋ ਸਮੇਂ ਹਨ: ਫਰਵਰੀ-ਮਾਰਚ ਤੇ ਸਤੰਬਰ-ਅਕਤੂਬਰ। ਪਰ ਤਰਜ਼ੀਹ ਤੌਰ ਤੇ ਸਤੰਬਰ-ਅਕਤੂਬਰ ਵਿੱਚ ਹੀ ਬੂਟੇ ਲਗਾਉਣੇ ਚਾਹੀਦੇ ਹਨ। ਚੰਗੀ ਨਸਲ ਦੇ ਸਿਹਤਮੰਦ ਬੂਟੇ ਜਿਹੜੇ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਣ, ਕਿਸੇ ਭਰੋਸੇਯੋਗ, ਨੇੜੇ ਦੀ ਨਰਸਰੀ ਤੋਂ ਲੈਣੇ ਚਾਹੀਦੇ ਹਨ। ਬੂਟੇ ਨਰੋਏ ਅਤੇ ਦਰਮਿਆਨੀ ਉਚਾਈ ਦੇ ਹੋਣੇ ਚਾਹੀਦੇ ਹਨ।
ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਪਿਉਂਦ ਸਹੀ ਜੜ੍ਹ-ਮੁੱਢ ਤੇ ਕੀਤੀ ਗਈ ਹੋਵੇ, ਜੋੜ ਪੱਧਰਾ ਹੋਵੇ ਅਤੇ ਬਹੁਤਾ ਉੱਚਾ ਨਾ ਹੋਵੇ। ਬਾਗ ਲਗਾਉਣ ਸਮੇਂ 6-6 ਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ। ਡੇਜ਼ੀ ਦੇ ਬਾਗਾਂ ਤੋਂ ਉੱਚ ਪੱਧਰੀ ਫ਼ਲ ਪ੍ਰਾਪਤ ਹੇਠ ਕਰਨ ਲਈ ਕਿਸਾਨਾਂ ਨੂੰ ਹੇਠ ਲਿਖੇ ਮਹੱਤਵਪੂਰਣ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਡੇਜ਼ੀ ਸੰਤਰੇ ਦੀ ਕਾਸ਼ਤ ਲਈ ਮਹੱਤਵਪੂਰਨ ਨੁੱਕਤੇ:
• ਡੇਜ਼ੀ ਕੈਰੀਜ਼ੋ ਜੜ੍ਹ-ਮੁੱਢ 'ਤੇ ਹੀ ਪਿਉਂਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਜੜ੍ਹ-ਮੁੱਢ ਤੇ ਗਰੇਨੂਲੇਸ਼ਨ (ਜੂਸ ਦਾ ਸੁੱਕ ਜਾਣਾ) ਦੇਰ ਨਾਲ ਦਿਖਾਈ ਦਿੰਦੀ ਹੈ। ਕੈਰੀਜੋ ਜੜ੍ਹ-ਮੁੱਢ ਤੇ ਤਿਆਰ ਕੀਤੇ ਗਏ ਫ਼ਲਾਂ ਦੀ ਚਮੜੀ ਬਿਹਤਰ ਅਤੇ ਚੰਗੀ ਹੁੰਦੀ ਹੈ।
• ਪੰਜਾਬ ਦੇ ਦੱਖਣ-ਪੱਛਮੀ ਖਿੱਤੇ ਵਿੱਚ ਡੇਜ਼ੀ ਸੰਤਰੇ ਦੀ ਕਾਸ਼ਤ ਕਰਨ ਲਈ, ਇਸ ਦੇ ਬੂਟੇ ਜੱਟੀ-ਖੱਟੀ ਦੇ ਜੜ੍ਹ-ਮੁੱਢ ਤੇ ਪਿਉਂਦ ਕਰਕੇ ਤਿਆਰ ਕੀਤੇ ਜਾ ਸਕਦੇ ਹਨ। ਇਸ ਵਿਧੀ ਨਾਲ ਤਿਆਰ ਬੂਟਿਆਂ ਦਾ ਵੱਧ ਝਾੜ ਨਿਕਲਦਾ ਹੈ ਅਤੇ ਬੂਟਿਆਂ ਦੇ ਬਾਅਦ ਵਿੱਚ ਮਰਨ ਦੀ ਦਰ ਵੀ ਘਟ ਜਾਂਦੀ ਹੈ।
• ਕੈਰੀਜੋ ਰੂਟਸਟੌਕ `ਤੇ ਡੇਜ਼ੀ ਦੇ ਪੌਦਿਆਂ ਵਿਚ ਜੱਟੀ-ਖੱਟੀ ਦੇ ਜੜ੍ਹ-ਮੁੱਢ ਦੀ ਤੁਲਨਾ ਵਿਚ ਫਾਈਟੋਫੋਥਰਾ/ਗਮਮੌਸਿਸ ਅਤੇ ਜੜ੍ਹਾਂ ਦਾ ਗਾਲਾ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ: Fruit Orchards: ਫਲਾਂ ਦੇ ਬਾਗ ਲਗਾਓ, ਘੱਟ ਸਮੇਂ 'ਚ ਮੁਨਾਫ਼ਾ ਕਮਾਓ! ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ!
• ਜ਼ਿਆਦਾ ਨਾਈਟ੍ਰੋਜਨ ਰਸਾਇਣਕ ਖਾਦਾਂ ਤੋਂ ਪਰਹੇਜ਼ ਕਰੋ ਕਿਉਂਕਿ ਇਸ ਖਾਦ ਦੀ ਵਰਤੋਂ ਨਾਲ ਗਰੇੈਨੂਲੇਸ਼ਨ (ਜੂਸ ਦਾ ਸੁੱਕ ਜਾਣਾ) ਦੀ ਤੀਬਰਤਾ ਵਧਦੀ ਹੈ। ਡੇਜ਼ੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਿਫਾਰਸ਼ ਅਨੁਸਾਰ ਹੀ ਖਾਦਾਂ ਪਾਉਣੀਆਂ ਚਾਹੀਦੀਆਂ ਹਨ।
• ਫ਼ਲਾਂ ਦੀ ਤੁੜਾਈ ਵੀਹ ਨਵੰਬਰ ਤੋਂ ਪਹਿਲਾਂ ਦੀ ਸਿਫਾਰਸ਼ ਕੀਤੇ ਸਮੇਂ ਦੌਰਾਨ ਕਰਕੇ ਡੇਜ਼ੀ ਵਿਚ ਗਰੇੈਨੂਲੇਸ਼ਨ ਦੇ ਵਿਕਾਸ ਨੂੰ ਰੋਕਿਆ ਜਾ ਸਕਦਾ ਹੈ। ਗਰੇਨੂਲੇਸ਼ਨ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਜੂਸ ਸੁੱਕ ਜਾਂਦਾ ਹੈ ਅਤੇ ਸਖ਼ਤ ਹੋ ਜਾਂਦਾ ਹੈ। ਫ਼ਲ ਦਾ ਰਸੀਲਾਪਣ ਗਵਾਚ ਜਾਂਦਾ ਹੈ ਕਿਉਂਕਿ ਇਸ ਬਿਮਾਰੀ ਨਾਲ ਫ਼ਲ ਦਾ ਭਾਰ, ਜੂਸ ਅਤੇ ਖੰਡ ਗੁਆਚ ਜਾਂਦੇ ਹਨ। ਖਪਤਕਾਰਾਂ ਨੂੰ ਦਾਣੇਦਾਰ ਫ਼ਲ ਪਸੰਦ ਨਹੀਂ ਆਉਦੇਂ ਅਤੇ ਉਨ੍ਹਾਂ ਦੀ ਮੰਡੀਕਰਨ ਔਖਾ ਹੋ ਜਾਂਦਾ ਹੈ ਅਤੇ ਉਤਪਾਦਕਾਂ ਨੂੰ ਚੰਗਾ ਮੁਨਾਫ਼ਾ ਨਹੀਂ ਮਿਲਦਾ।
• ਡੇਜ਼ੀ ਵਿਚ ਫਲਾਂ ਨੂੰ ਫਟਣ ਤੋਂ ਬਚਾਉਣ ਲਈ, ਸਤੰਬਰ-ਅਕਤੂਬਰ ਦੇ ਦੌਰਾਨ ਪੌਦਿਆਂ ਦੀ ਨਿਯਮਤ ਅਤੇ ਲੋੜ ਅਨੁਸਾਰ ਸਿੰਚਾਈ ਕਰਨੀ ਚਾਹੀਦੀ ਹੈ। ਕੁਝ ਉਤਪਾਦਕਾਂ ਨੇ ਉੱਚੀਆਂ ਵੱਟਾਂ ਤੇ ਡੇਜ਼ੀ ਲਗਾਇਆ ਹੁੰਦਾ ਹੈ ਜਿਸ ਕਾਰਨ ਪੌਦੇ ਮਿੱਟੀ ਤੋਂ ਲੋੜੀਦੀ ਨਮੀ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੇ ਹਨ ਅਤੇ ਫ਼ਲ ਫਟ ਜਾਂਦੇ ਹਨ। ਉੱਚੀਆਂ ਵੱਟਾਂ ਤੇ ਲਗਾਏ ਬਾਗਾਂ ਦੀ ਸਿੰਚਾਈ ਤੁੱਪਕਾ ਪ੍ਰਣਾਲੀ ਨਾਲ ਕਰਨੀ ਚਾਹੀਦੀ ਹੈ।
Summary in English: Mandarin Fruit: Important Tips for Cultivating Daisy Oranges!