Palm: ਕੰਘੀ ਪਾਮ ਜਾਂ ਸਾਈਕਸ ਰੈਵੋਲਿਉਟਾ ਆਮ ਤੌਰ ਤੇ ਪਾਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਸਾਇਕੀਡੇਸੀ ਪਰਿਵਾਰ ਵਿੱਚੋਂ ਜਿਮਨੋਸਪਰਮ ਸਮੂਹ ਨਾਲ ਸਬੰਧ ਰੱਖਣ ਵਾਲਾ ਇਹ ਇੱਕ ਬਹੁਤ ਹੀ ਪੂਰਾਣਾ ਪੌਦਾ ਹੈ ਜੋ ਕਿ ਡਾਇਨਾਸੋਰ ਵੇਲੇ ਵੀ ਪਾਇਆ ਜਾਂਦਾ ਸੀ। ਇਸ ਦਾ ਬਨਸਪਤੀ ਨਾਮ ਯੂਨਾਨੀ ਭਾਸ਼ਾ ਦੇ ਸ਼ਬਦ ‘ਕਾਓਕਸ’ ਅਤੇ ਲਾਤੀਨੀ ਭਾਸ਼ਾ ਦਾ ਸ਼ਬਦ ‘ਰੈਵੋਲਿਉਟਾ’ ਦੇ ਸੁਮੇਲ ਤੋਂ ਬਣਿਆ ਹੈ ਜਿਸ ਦਾ ਸਿੱਧਾ ਅਰਥ ਹੁੰਦਾ ਹੈ `ਪਿੱਛੇ ਮੁੜਿਆ’ ਹੋਇਆ। ਇਹ ਮਾਰੂ ਇਲਾਕਿਆਂ ਦਾ ਪੌਦਾ ਹੈ ਜੋ ਕਿ ਦੱਖਣੀ ਪੂਰਬੀ ਜਾਪਾਨ ਅਤੇ ਰਾਇਕੋ ਦੀਪ ਸਮੂਹ ਵਿੱਚ ਆਮ ਪਾਇਆ ਜਾਂਦਾ ਹੈ।ਪੌਦਿਆਂ ਦੇ ਸਾਹਿਤ ਵਿੱਚ ਕੰਘੀ ਪਾਮ ਨੂੰ ‘ਜਿਊਂਦੇ ਪਥਰਾਹਟ’ ਵਜੋਂ ਵੀ ਜਾਣਿਆ ਜਾਂਦਾ ਹੈ।
Comb Palm: ਇਸ ਦਾ ਮੁੱਖ ਤਣਾ ਸਿੱਧਾ, 2-3 ਮੀਟਰ ਤਕ ਉੱਚਾ ਹੁੰਦਾ ਹੈ ਅਤੇ ਉਸ ਉਪਰ ਕੋਈ ਵੀ ਪਾਸਿਆਂ ਵੱਲ ਟਾਹਣੀ ਨਹੀਂ ਹੁੰਦੀ।ਇਹ ਪੌਦਾ ਬਹੁਤ ਧੀਮੀ ਰਫ਼ਤਾਰ ਨਾਲ ਵਧਦਾ ਹੈ। ਲਗਭਗ ਚਾਲੀ ਪੰਜਾਹ ਸਾਲਾਂ ਵਿੱਚ ਇਹ ਸਿਰਫ਼ 12-15 ਫੁੱਟ ਤੱਕ ਹੀ ਉਚਾਈ ਗ੍ਰਹਿਣ ਕਰਦਾ ਹੈ।ਪੂਰੇ ਸਾਲ ਵਿੱਚ ਇਸ ਉੱਪਰ ਨਵੇਂ ਪੱਤਿਆਂ ਦਾ ਇੱਕ ਹੀ ਗੁੱਛਾ ਆਉਂਦਾ ਹੈ। ਇਸ ਵਿੱਚ ਪੱਤੇ ਦੋ ਤਰ੍ਹਾਂ ਦੇ ਹੁੰਦੇ ਹਨ ਹਰੇ ਅਤੇ ਖੁਸ਼ਕ ਪੱਤੇ। ਖ਼ੁਸ਼ਕ ਪੱਤੇ ਸੁੱਕੇ, ਛੋਟੇ ਅਤੇ ਖੁਰਦਰੇ ਹੁੰਦੇ ਹਨ ਜਿਨ੍ਹਾਂ ਦਾ ਮੁੱਖ ਕੰਮ ਪਾਣੀ ਬਚਾਉਣਾ ਹੁੰਦਾ ਹੈ ਜਦੋਂਕਿ ਹਰੇ ਪੱਤੇ ਚਮਕਦਾਰ ਹੁੰਦੇ ਹਨ ਅਤੇ ਪ੍ਰਕਾਸ਼ ਸੰਸਲੇਸ਼ਨ ਲਈ ਲਾਭਦਾਇਕ ਹੁੰਦੇ ਹਨ।ਪੱਤਿਆਂ ਵਿਚਲੀ ਮੁੱਖ ਨਾੜੀ ਪੱਤੇ ਦੀ ਸਤ੍ਹਾ ਤੋਂ ਹੇਠਾਂ ਹੁੰਦੀ ਹੈ। ਪੱਤਿਆਂ ਦਾ ਸਿਰਾ ਦੁਬਾਰਾ ਮੁੜਿਆ ਹੁੰਦਾ ਹੈ।
ਪੌਦ ਵਾਧਾ
ਇਸ ਦਾ ਪੌਦ ਵਾਧਾ ਬੀਜ ਅਤੇ ਬਨਸਪਤੀ ਭਾਗਾਂ ਦੁਆਰਾ ਹੁੰਦਾ ਹੈ। ਬੀਜ ਤੋਂ ਬੂਟਾ ਵਧਣ ਲਈ ਬਹੁਤ ਸਮਾਂ ਲੈਂਦਾ ਹੈ ਅਤੇ ਇਸ ਦੇ ਬੀਜਾਂ ਦੀ ਪੁੰਗਰਣ ਸ਼ਕਤੀ ਵੀ ਬਹੁਤ ਘੱਟ ਹੁੰਦੀ ਹੈ। ਇਸ ਕਰਕੇ ਇਸਦਾ ਪੌਣ ਵਾਧਾ ਬਨਸਪਤੀ ਭਾਗਾਂ ਤੋਂ ਹੀ ਕੀਤਾ ਜਾਂਦਾ ਹੈ। ਬਨਸਪਤੀ ਭਾਗਾਂ ਨੂੰ ਵੰਡ ਕੇ ਉਗਾਉਣ ਨਾਲ ਅਸੀਂ ਤੇਜ਼ੀ ਨਾਲ ਇਸ ਦੇ ਬੂਟੇ ਤਿਆਰ ਕਰ ਸਕਦੇ ਹਾਂ ਅਤੇ ਇਹ ਢੰਗ ਸੁਖਾਲਾ ਵੀ ਹੁੰਦਾ ਹੈ। ਬਨਸਪਤੀ ਭਾਗਾਂ ਨੂੰ ਵਰਤਣ ਲਈ ਅਸੀਂ ਇਸ ਦੇ ਮੁੱਖ ਤਣੇ ਉੱਪਰ ਲੱਗੀਆਂ ਛੋਟੀਆਂ ਛੋਟੀਆਂ ਗੋਲ ਗੰਢੀਆਂ ਨੂੰ ਤੋੜ ਕੇ ਵਰਤ ਸਕਦੇ ਹਾਂ। ਇਨ੍ਹਾਂ ਗੰਢੀਆਂ ਨੂੰ ਆਮ ਤੌਰ ਤੇ ਬਰੇਤੀ ਵਿੱਚ ਜਾ ਦਰਿਆਈ ਰੇਤੇ ਵਿੱਚ ਬੀਜਿਆ ਜਾਂਦਾ ਹੈ। ਬਿਜਾਈ ਵਾਲੀ ਥਾਂ ਉੱਪਰ ਛਾਂ ਹੋਣੀ ਚਾਹੀਦੀ ਹੈ। ਲਗਭਗ ਦੋ ਕੁ ਮਹੀਨਿਆਂ ਬਾਅਦ ਇਨ੍ਹਾਂ ਦੇ ਹੇਠਾਂ ਜੜ੍ਹਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਜਦੋਂ ਬੂਟਾ ਤਿਆਰ ਹੋ ਜਾਂਦਾ ਹੈ ਤਾਂ ਅਸੀਂ ਇਸ ਨੂੰ ਬਸੰਤ ਰੁੱਤ ਜਾਂ ਬਰਸਾਤਾਂ ਵਿੱਚ ਗਮਲਿਆਂ ਵਿੱਚ ਜਾਂ ਕਿਆਰੀਆਂ ਵਿੱਚ ਲਗਾ ਸਕਦੇ ਹਾਂ।
ਮਿੱਟੀ ਅਤੇ ਗਮਲਿਆਂ ਵਿਚਲਾ ਮਿਸ਼ਰਣ
ਕੰਘੀ ਪਾਮ ਲਗਾਉਣ ਲਈ ਰੇਤਲੀ ਜਾਂ ਭੁਰਭੁਰੀ ਮਿੱਟੀ ਚੰਗੀ ਮੰਨੀ ਜਾਂਦੀ ਹੈ। ਤੇਜ਼ਾਬੀ ਮਾਦੇ ਵਾਲੀ ਜਾਂ ਨਿਰਪੱਖ ੍ਰਕਿਰਿਆ ਵਾਲੀ ਮਿੱਟੀ ਇਸ ਦੇ ਵਾਧੇ ਲਈ ਵਧੀਆ ਰਹਿੰਦੀ ਹੈ। ਗਮਲਿਆਂ ਵਿੱਚ ਲਗਾਉਣ ਲਈ ਸਾਨੂੰ ਮਿੱਟੀ ਦਾ ਮਿਸ਼ਰਨ ਤਿਆਰ ਕਰਨਾ ਪੈਂਦਾ ਹੈ ਜਿਸ ਨੂੰ ਦੋ ਹਿੱਸੇ ਮਿੱਟੀ, ਇੱਕ ਹਿੱਸਾ ਚੰਗੀ ਤਰ੍ਹਾਂ ਗਲੀ ਸੜੀ ਰੂੜੀ ਦੀ ਖਾਦ ਅਤੇ ਅੱਧੇ ਤੋਂ ਇੱਕ ਹਿੱਸਾ ਰੇਤ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਹ ਮਿਸ਼ਰਣ ਇਸਦੇ ਭਰਪੂਰ ਵਾਧੇ ਵਿੱਚ ਸਹਾਈ ਹੁੰਦਾ ਹੈ।
ਫੁੱਲ ਅਤੇ ਬੀਜ
ਇਸ ਵਿੱਚ ਨਰ ਅਤੇ ਮਾਦਾ ਦੋ ਤਰ੍ਹਾਂ ਦੇ ਪੌਦੇ ਹੁੰਦੇ ਹਨ। ਇਸ ਦੇ ਫੁੱਲ ਮਈ ਦੇ ਮਹੀਨੇ ਤੋਂ ਸ਼ੁਰੂ ਹੋ ਕੇ ਜੁਲਾਈ ਤੱਕ ਲੱਗਦੇ ਹਨ। ਬੀਜ ਅਕਤੂਬਰ-ਨਵੰਬਰ ਦੇ ਮਹੀਨੇ ਵਿੱਚ ਪੱਕ ਜਾਂਦਾ ਹੈ। ਨਰ ਪੌਦਿਆਂ ਉੱਪਰ ਸਿਰੇ ਤੇ ਜਾ ਕੇ ਇੱਕੋ ਫੁੱਲ ਗੁੱਛਾ ਲੱਗਦਾ ਹੈ ਜਿਸ ਵਿੱਚ ਪਰਪਰਾਗਣ ਕਿਰਿਆ ਲਈ ਪਰਾਗ ਕਣ ਹੁੰਦੇ ਹਨ। ਮਾਦਾ ਫੁੱਲ ਗੋਭ ਗੁੱਛਾ ਜਲਦੀ ਪਛਾਣਿਆ ਜਾਂਦਾ ਹੈ, ਕਿਉਂਕਿ ਇਹ ਬਹੁਤ ਹੀ ਢਿੱਲਾ ਅਤੇ ਚਾਰੋਂ ਪਾਸਿਆਂ ਤੋਂ ਪੱਤਿਆਂ ਨਾਲ ਘਿਰਿਆ ਹੁੰਦਾ ਹੈ ਜੋ ਕੇ ਇਸਨੂੰ ਬੰਦ ਗੋਭੀ ਵਰਗੀ ਸ਼ਕਲ ਪ੍ਰਦਾਨ ਕਰਦਾ ਹੈ।
ਬੂਟੇ ਲਗਾਉਣ ਦਾ ਸਮਾਂ
ਕੰਘੀ ਪਾਮ ਦੇ ਬੂਟੇ ਲਗਾਉਣ ਦਾ ਢੁਕਵਾਂ ਸਮਾਂ ਫਰਵਰੀ-ਮਾਰਚ ਅਤੇ ਜੁਲਾਈ-ਅਗਸਤ ਹੁੰਦਾ ਹੈ।
ਧਿਆਨ ਦੇਣ ਯੋਗ ਗੱਲਾਂ
ਕੰਘੀ ਪਾਮ ਦੇ ਵਾਧੇ ਲਈ ਜ਼ਿਆਦਾ ਰੌਸ਼ਨੀ ਦੀ ਲੋੜ ਹੁੰਦੀ ਹੈ ਅਤੇ ਇਹ ਗਰਮ ਅਤੇ ਨਮ ਹਾਲਾਤਾਂ ਵਿਚ ਵਧੀਆ ਵੱਧਦਾ ਫੁੱਲਦਾ ਹੈ। ਇਸਦੇ ਟੂਸੇ ਉੱਪਰ ਜ਼ਿਆਦਾ ਪਾਣੀ ਪੈਣ ਨਾਲ ਇਸ ਦਾ ਵਾਧਾ ਵੀ ਰੁਕ ਜਾਂਦਾ ਹੈ ਅਤੇ ਇਹ ਬੂਟਾ ਖ਼ਰਾਬ ਹੋਣ ਲੱਗ ਜਾਂਦਾ ਹੈ। ਜੜ੍ਹਾਂ ਵਿੱਚ ਜ਼ਿਆਦਾ ਪਾਣੀ ਖੜ੍ਹਾ ਹੋਣ ਕਰਕੇ ਵੀ ਇਸ ਬੂਟੇ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਇਸੇ ਕਰਕੇ ਇਸ ਨੂੰ ਬਗੀਚਿਆਂ ਵਿੱਚ ਉੱਚੀ ਥਾਂ ਉੱਪਰ ਲਗਾਇਆ ਜਾਂਦਾ ਹੈ। ਗਮਲਿਆਂ ਵਿੱਚ ਲਗਾਏ ਗਏ ਬੂਟਿਆਂ ਦੇ ਵਧੀਆ ਵਾਧੇ ਅਤੇ ਦਿੱਖ ਲਈ ਸਾਨੂੰ ਗਮਲਿਆਂ ਵਿਚਲਾ ਮਿਸ਼ਰਣ 3-4 ਸਾਲਾਂ ਬਾਅਦ ਬਦਲ ਦੇਣਾ ਚਾਹੀਦਾ ਹੈ। ਸ਼ੁਰੂ ਵਾਲੇ ਦਿਨਾਂ ਵਿੱਚ ਇਸ ਨੂੰ ਠੰਢ ਤੇ ਕੋਰੇ ਤੋਂ ਵੀ ਬਚਾਉਣ ਦੀ ਲੋੜ ਹੁੰਦੀ ਹੈ।ਜਦੋਂ ਇਸ ਦੇ ਪੁਰਾਣੇ, ਹੇਠਲੇ ਪੱਤੇ ਪੂਰੀ ਤਰਾਂ ਪੀਲੇ ਪੈ ਜਾਂਦੇ ਹਨ ਤਾਂ ਸਾਨੂੰ ਉਸ ਵੇਲੇ ਇਸ ਦੀ ਕਾਂਟ ਛਾਂਟ ਕਰ ਦੇਣੀ ਚਾਹੀਦੀ ਹੈ, ਭਾਵ ਪੀਲੇ ਪੱਤਿਆਂ ਨੂੰ ਤਿੱਖੇ ਔਜ਼ਾਰ ਨਾਲ ਸਾਫ਼ ਸੁਥਰੇ ਢੰਗ ਨਾਲ ਕੱਟ ਦੇਣਾ ਚਾਹੀਦਾ ਹੈ। ਧਿਆਨ ਰੱਖੋ ਕਿ ਇਸ ਦੇ ਪੱਤੇ ਇਸਦੇ ਮੁੱਖ ਤਣੇ ਦੇ ਬਿਲਕੁਲ ਨਾਲੋਂ ਕੱਟੇ ਜਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ: Pomegranate: ਇੱਕ ਬੂਟਾ ਲਗਾਓ, 25 ਸਾਲ ਤੱਕ ਚੰਗਾ ਪੈਸਾ ਕਮਾਓ!
ਲੈਂਡਸਕੇਪ ਵਿੱਚ ਵਰਤੋਂ
ਕੰਘੀ ਪਾਮ ਨੂੰ ਲੈਂਡਸਕੇਪ ਵਿੱਚ ਬਹੁਤ ਵਰਤਿਆ ਜਾਂਦਾ ਹੈ ਅਤੇ ਇਹ ਬੋਨਸਾਈ ਬਣਾਉਣ ਲਈ ਵੀ ਕਾਫੀ ਪ੍ਰਚੱਲਤ ਹੈ।ਇਸ ਦੇ ਪੱਤੇ ਕੱਟ ਕੇ ਗੁਲਦਸਤਿਆਂ ਵਿਚ ਵੀ ਵਰਤੇ ਜਾਂਦੇ ਹਨ।ਭਾਵੇਂ ਕਿ ਕੰਘੀ ਪਾਮ ਨੂੰ ਕੋਈ ਖ਼ੂਬਸੂਰਤ ਫੁੱਲ ਵਗੈਰਾ ਲਗਦਾ ਪਰੰਤੂ ਇਸ ਦੀ ਉਪਚਾਰਕ ਅਤੇ ਆਰਕੀਟੈਕਚਰਲ ਦਿੱਖ ਲੈਂਡਸਕੇਪ ਵਿੱਚ ਬਹੁਤ ਸੁੰਦਰਤਾ ਪੈਦਾ ਕਰਦੀ ਹੈ।ਇਹ ਬਹੁਤ ਹੀ ਸੁਖਾਲੇ ਢੰਗ ਨਾਲ ਉਗਾਇਆ ਜਾ ਸਕਦਾ ਹੈ ਇਸ ਲਈ ਇਸ ਪੌਦੇ ਨੂੰ ਲੋਕ ਅਤਿ ਵਿਭਿੰਨ, ਲਚਕੀਲਾ ਅਤੇ ਸ਼ਾਨਦਾਰ ਹੋਣ ਦੇ ਨਾਤੇ ਘਰਾਂ ਦੇ ਅੰਦਰ ਸਜਾਵਟ ਲਈ ਵੀ ਵਰਤਦੇ ਹਨ।ਇਸ ਦੇ ਪੱਤਿਆਂ ਦੀ ਖ਼ੂਬਸੂਰਤੀ ਅਤੇ ਮੋਟੇ ਤਣੇ ਕਰਕੇ ਇਹ ਸਾਡੇ ਬਗੀਚਿਆਂ ਵਿਚ ਇਕ ਖ਼ਾਸ ਤਰ੍ਹਾਂ ਦੀ ਵਿਦੇਸ਼ੀ ਦਿੱਖ ਪ੍ਰਦਾਨ ਕਰਦਾ ਹੈ।
• ਇਹ ਵਧੀਆ ਤਰੀਕੇ ਨਾਲ ਔੜ ਅਤੇ ਮਿੱਟੀ ਦੇ ਨਮਕੀਨੇਪਣ ਨੂੰ ਸਹਾਰ ਸਕਦਾ ਹੈ।
• ਇਸ ਨੂੰ ਕਿਆਰੀਆਂ ਅਤੇ ਕਿਆਰੀਆਂ ਦੇ ਕਿਨਾਰਿਆਂ ਦੀ ਸੁੰਦਰਤਾ ਵਧਾਉਣ ਲਈ ਵੀ ਲਗਾਇਆ ਜਾ ਸਕਦਾ ਹੈ।
• ਕੰਘੀ ਪਾਮ ਨੂੰ ਅਸੀਂ ਘਾਹ ਦੇ ਮੈਦਾਨ ਵਿੱਚ ਵੰਨਗੀ ਪੌਦੇ ਵਜੋਂ ਵੀ ਲਗਾ ਸਕਦੇ ਹਾਂ ਅਤੇ ਨਾਲ ਹੀ ਇਸ ਨੂੰ ਗਮਲਿਆਂ ਵਿੱਚ ਜਾਂ ਚਟਾਨੀ ਬਗੀਚਿਆਂ ਵਿਚ ਵੀ ਵਰਤ ਸਕਦੇ ਹਾਂ।
• ਸਮੂਹ ਵਿਚ ਲਗਾਏ ਹੋਏ ਇਹ ਪੌਦੇ ਬਹੁਤ ਹੀ ਵਧੀਆ ਪੁੰਜ ਪ੍ਰਭਾਵ ਪੈਦਾ ਕਰਦੇ ਹਨ।
• ਘਾਹ ਦੇ ਮੈਦਾਨ ਦੇ ਕੇਂਦਰ ਵਿਚ ਇਸ ਨੂੰ ਫੋਕਲ ਪੁਆਇੰਟ ਬਣਾਉਣ ਵਜੋਂ ਵੀ ਲਗਾਇਆ ਜਾ ਸਕਦਾ ਹੈ। ਇਸ ਦੇ ਪੈਰਾਂ ਵਿੱਚ ਅਸੀਂ ਚਿਪਸ ਅਤੇ ਪੱਥਰ ਵੀ ਰੱਖ ਸਕਦੇ ਹਾਂ।
ਸਮੱਸਿਆਵਾਂ
• ਪੱਤਿਆਂ ਦਾ ਮੁੜਨਾ-ਇਹ ਆਮ ਤੌਰ ਤੇ ਘੱਟ ਰੋਸ਼ਨੀ ਅਤੇ ਜ਼ਿਆਦਾ ਪਾਣੀ ਦੇਣ ਕਰਕੇ ਹੁੰਦਾ ਹੈ।
• ਪੱਤਿਆਂ ਦਾ ਪੀਲਾਪਣ ਗ਼ਲਤ ਤਰੀਕੇ ਨਾਲ ਬੂਟੇ ਨੂੰ ਲਗਾਉਣ ਕਰਕੇ ਜਾਂ ਕਿਸੇ ਕੀੜੇ ਮਕੌੜੇ ਦੇ ਹਮਲੇ ਕਰਕੇ ਅਤੇ ਜਾਂ ਕੋਰਾ ਪੈਣ ਕਰਕੇ ਵੀ ਹੋ ਜਾਂਦਾ ਹੈ।
• ਪੱਤਿਆਂ ਉੱਪਰ ਕਾਲੇ ਰੰਗ ਦੇ ਧੱਬੇ ਜਾਂ ਪਾਊਡਰਨੁਮਾ ਪਦਾਰਥ ਉੱਲੀ ਦੇ ਹਮਲੇ ਕਰਕੇ ਹੁੰਦਾ ਹੈ ਅਤੇ ਇਸ ਨੂੰ ਅਸੀਂ ਪਾਣੀ ਦੀ ਤੇਜ਼ ਬੁਛਾੜ ਮਾਰ ਕੇ ਧੋ ਸਕਦੇ ਹਾਂ।
• ਮੁਰਝਾ ਕੇ ਪੱਤਿਆਂ ਦਾ ਝੜਨਾ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਨ੍ਹਾਂ ਵਿਚ ਮੁੱਖ ਤੌਰ ਤੇ ਇਸ ਦੀ ਬਿਜਾਈ ਚੀਕਣੀ ਮਿੱਟੀ ਵਿੱਚ, ਪਾਣੀ ਦਾ ਘੱਟ ਨਿਕਾਸ, ਜੜ੍ਹਾਂ ਦੁਆਲੇ ਮਿੱਟੀ ਦਾ ਜ਼ਿਆਦਾ ਸਖ਼ਤ ਹੋ ਜਾਣਾ ਅਤੇ ਕਈ ਵਾਰ ਬਹੁਤ ਜ਼ਿਆਦਾ ਪਾਣੀ ਦੇਣਾਂ ਮੁੱਖ ਕਾਰਨ ਹਨ।
• ਕਈ ਵਾਰ ਜੜ੍ਹਾਂ ਦੇ ਗਲ਼ਣ ਨਾਲ ਇਸ ਦੇ ਪੱਤਿਆਂ ਦਾ ਰੰਗ ਉੱਡ ਜਾਂਦਾ ਹੈ ਅਤੇ ਪੱਤੇ ਮੁਰਝਾ ਕੇ ਝੜ ਜਾਂਦੇ ਹਨ। ਅਜਿਹੇ ਹਾਲਾਤਾਂ ਵਿੱਚ ਸਾਨੂੰ ਮੁਰਝਾਏ ਹੋਏ ਪੱਤਿਆਂ ਨੂੰ ਕੱਟ ਦੇਣਾ ਚਾਹੀਦਾ ਹੈ ਅਤੇ ਕੁਝ ਅੰਤਰਪ੍ਰਵਾਹੀ ਉੱਲੀਨਾਸ਼ਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਮੌਸਮ ਦੀ ਤਬਦੀਲੀ ਕਾਰਨ ਪਿਛਲੇ ਕਈ ਸਾਲਾਂ ਤੋਂ ਆਮ ਵੇਖਿਆ ਗਿਆ ਹੈ ਕਿ ਕੰਘੀ ਪਾਮ ਦੇ ਨਵੇਂ ਪੁੰਗਰੇ ਹੋਏ ਪੱਤੇ ਇਕ ਤਰ੍ਹਾਂ ਦੀ ਸੁੰਡੀ ਨਾਲ ਗ੍ਰਸਤ ਹੋ ਜਾਂਦੇ ਹਨ ਅਤੇ ਇਹ ਸੁੰਡੀ ਸਾਰੇ ਪੱਤੇ ਖਾ ਜਾਂਦੀ ਹੈ। ਜਿਸ ਨਾਲ ਇਸ ਦੀ ਸੁੰਦਰ ਦਿੱਖ ਕਾਫੀ ਘੱਟ ਜਾਂਦੀ ਹੈ। ਇਹ ਹਮਲਾ ਸਾਈਕਸ ਤਿੱਤਲੀ ਦੀਆਂ ਸੁੰਡੀਆਂ ਦੁਆਰਾ ਕੀਤਾ ਜਾਂਦਾ ਹੈ। ਇਹ ਸੁੰਡੀਆਂ ਆਂਡੇ ਵਿੱਚੋਂ ਨਿਕਲਣ ਤੋਂ ਤੁਰੰਤ ਬਾਅਦ ਕੰਘੀ ਪਾਮ ਦੇ ਨਵੇਂ ਅਤੇ ਨਰਮ ਪੱਤਿਆਂ ਨੂੰ ਖਾਣਾ ਸ਼ੁਰੂ ਕਰ ਦਿੰਦੀਆਂ ਹਨ। ਇਹ ਸੁੰਡੀ ਜ਼ਿਆਦਾਤਰ ਰਾਤ ਦੇ ਸਮੇਂ ਪੱਤਿਆਂ ਨੂੰ ਖਾਂਦੀ ਹੈ। ਇਸ ਦੀ ਰੋਕਥਾਮ ਲਈ ਸਾਨੂੰ ਸਾਬਣ ਦੇ ਘੋਲ ਦਾ ਛਿੜਕਾਅ ਜਾਂ ਕਲੋਰੋਪਾਈਰੀਫਾਸ ਕੀਟਨਾਸ਼ਕ ਦਾ ਘੋਲ ਬਣਾ ਕੇ ਸ਼ਾਮ ਦੇ ਸਮੇਂ ਬੂਟੇ ਦੀ ਟੀਸੀ ਜਾਂ ਗੋਭ ਵਿੱਚ ਪਾਉਣਾ ਚਾਹੀਦਾ ਹੈ।
ਪਰਮਿੰਦਰ ਸਿੰਘ ਅਤੇ ਰਣਜੀਤ ਸਿੰਘ
ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ
Summary in English: Palm: Comb Palm A versatile plant for landscaping!