ਦੇਸੀ ਗੁਲਾਬ ਦੀ ਖੇਤੀ
Profitable Business: ਦੇਸੀ ਗੁਲਾਬ ਦੀ ਖੇਤੀ ਦਾ ਪੰਜਾਬ ਵਿੱਚ ਬਹੁਤ ਉੱਜਵਲ ਭਵਿੱਖ ਹੈ ਅਤੇ ਇਸ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ, ਕਿਉਂਕਿ ਇਸ ਦੀ ਵਰਤੋਂ ਕੌਸਮੈਟਿਕ, ਫਰਮਾਸਿਊਟੀਕਲ ਅਤੇ ਫੂਡ ਇੰਡਸਟਰੀ ਵਿੱਚ ਹੋ ਰਹੀ ਹੈ।
ਇਹ ਬਹੁਤ ਹੀ ਸਖਤ ਜਾਨ ਫ਼ਸਲ ਹੈ ਅਤੇ ਇਹ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਰਾਹਤ ਦਿਵਾਉਂਦੀ ਹੈ। ਇਸ ਦੇ ਫੁੱਲਾਂ ਦੀ ਵਰਤੋਂ ਵੈਲਿਊ-ਅਡੀਸ਼ਨ ਕਰਕੇ ਗੁਲਕੰਦ, ਰੋਜ ਵਾਟਰ, ਰੋਜ ਸ਼ਰਬਤ, ਮਠਿਆਈਆਂ ਆਦਿ ਵਿੱਚ ਵੀ ਕੀਤੀ ਜਾ ਰਹੀ ਹੈ।
ਦੇਸੀ ਗੁਲਾਬ ਦੀ ਸੰਭਾਲ ਕਰਨ ਲਈ ਕੋਈ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪੈਂਦੀ। ਦੇਸੀ ਗੁਲਾਬ ਦੇ ਬੂਟੇ 15 ਤੋਂ 25 ਡਿਗਰੀ ਸੈਲਸੀਅਸ ਤਾਪਮਾਨ 'ਤੇ ਵਧੀਆ ਵਧਦੇ-ਫੁਲਦੇ ਹਨ। ਪਰ ਇਹ 40 ਡਿਗਰੀ ਸੈਲਸੀਅਸ ਤੱਕ ਤਾਪਮਾਨ ਵੀ ਸਹਾਰ ਸਕਦੇ ਹਨ। ਇਸ ਦੀ ਸਫ਼ਲ ਕਾਸ਼ਤ ਲਈ ਰੇਤਲੀ ਮੈਰਾ ਅਤੇ ਚੰਗੇ ਜਲ ਨਿਕਾਸ ਵਾਲੀ ਮਿੱਟੀ ਚਾਹੀਦੀ ਹੈ।
ਦੇਸੀ ਗੁਲਾਬ ਦੇ ਡੰਡੀ ਰਹਿਤ ਫੁੱਲਾਂ ਲਈ ਲਾਲ, ਚਿੱਟੇ ਅਤੇ ਗੁਲਾਬੀ ਰੰਗ ਦੇ ਫੁੱਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਹ ਸਾਰੇ ਫੁੱਲ ਖੁਸ਼ਬੂਦਾਰ ਹੁੰਦੇ ਹਨ। ਜ਼ਿਆਦਾਤਰ ਇਸ ਦੀ ਕਾਸ਼ਤ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ। ਉਕਤ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਬਾਗਬਾਨੀ ਵਿਭਾਗ ਪੰਜਾਬ, ਜੰਗਲਾਤ ਵਿਭਾਗ ਪੰਜਾਬ ਅਤੇ ਪ੍ਰਾਈਵੇਟ ਨਰਸਰੀਆਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਬੂਟੇ ਲਗਾਉਣ ਦਾ ਸਮਾਂ: ਦੇਸੀ ਗੁਲਾਬ ਦੇ ਬੂਟੇ ਦਸੰਬਰ ਤੋਂ ਫ਼ਰਵਰੀ ਤੱਕ ਬਗੈਰ ਗਾਚੀ ਤੋਂ ਲਗਾਏ ਜਾ ਸਕਦੇ ਹਨ। ਪਰ ਥੈਲੀਆਂ ਵਿੱਚ ਤਿਆਰ ਬੂਟੇ ਮਈ-ਜੂਨ ਦੀ ਗਰਮੀ ਤੋਂ ਬਿਨਾਂ ਸਾਰਾ ਸਾਲ ਹੀ ਲਗਾਏ ਜਾ ਸਕਦੇ ਹਨ। ਇਹ ਬੂਟੇ 90 ਸੈਂਟੀਮੀਟਰ ਚੌੜਾ ਬੈੱਡ ਬਣਾ ਕੇ ਲਗਾਏ ਜਾਂਦੇ ਹਨ। ਪੌਦਿਆਂ ਦਾ ਕਤਾਰ ਤੋਂ ਕਤਾਰ ਦਾ ਫਾਸਲਾ 70 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫਾਸਲਾ 100 ਸੈਂਟੀਮੀਟਰ ਹੋਣਾ ਚਾਹੀਦਾ ਹੈ। ਜੇਕਰ ਮਿੱਟੀ ਜ਼ਿਆਦਾ ਉਪਜਾਊ ਹੈ ਤਾਂ ਕਤਾਰ ਤੋਂ ਕਤਾਰ ਦਾ ਫਾਸਲਾ 3 ਫੁੱਟ ਅਤੇ ਬੂਟਿਆਂ ਵਿਚਕਾਰ ਫਾਸਲਾ 5 ਫੁੱਟ ਹੋ ਸਕਦਾ ਹੈ।
ਇਹ ਵੀ ਪੜ੍ਹੋ: How to Start a Fruit Garden: ਬਾਗ ਲਗਾਉਣ ਲਈ ਸੁਚੱਜੀ ਵਿਉਂਤਬੰਦੀ ਅਤੇ ਪ੍ਰਬੰਧਨ ਜ਼ਰੂਰੀ, PAU ਨੇ ਸਿਫ਼ਾਰਸ਼ ਕੀਤੀਆਂ ਫ਼ਲਦਾਰ ਬੂਟਿਆਂ ਦੀਆਂ ਉੱਨਤ ਕਿਸਮਾਂ
ਸਿੰਚਾਈ: ਦੇਸੀ ਗੁਲਾਬ ਦੇ ਬੂਟਿਆਂ ਨੂੰ ਗਰਮੀਆਂ ਵਿੱਚ 5 ਤੋਂ 6 ਦਿਨਾਂ ਬਾਅਦ ਪਾਣੀ ਦੇਣਾ ਚਾਹੀਦਾ ਹੈ, ਜਦੋਂਕਿ ਸਰਦੀਆਂ ਵਿੱਚ 10 ਤੋਂ 15 ਦਿਨਾਂ ਬਾਅਦ ਪਾਣੀ ਦੇਣਾ ਚਾਹੀਦਾ ਹੈ।
ਕਾਂਟ-ਛਾਂਟ: ਪਹਿਲਾਂ ਤੋਂ ਲੱਗੇ ਹੋਏ ਦੇਸੀ ਗੁਲਾਬ ਦੇ ਬੂਟਿਆਂ ਨੂੰ ਹਰੇਕ ਸਾਲ ਦਸੰਬਰ-ਜਨਵਰੀ ਮਹੀਨੇ 1 ਫੁੱਟ ਦੀ ਉੱਚਾਈ ਤੋਂ ਕੱਟ ਦਿੱਤਾ ਜਾਂਦਾ ਹੈ। ਕਟਾਈ ਉਪਰੰਤ ਬਲਾਈਟੋਕਸ 300 ਗ੍ਰਾਮ/100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨੀ ਚਾਹੀਦੀ ਹੈ ਜਾਂ ਬੋਰਡੋ ਮਿਸ਼ਰਣ ਆਪਣੇ ਪੱਧਰ 'ਤੇ ਤਿਆਰ ਕਰਕੇ ਸਪਰੇਅ ਕੀਤੀ ਜਾ ਸਕਦੀ ਹੈ।
ਖਾਦ: ਕਾਂਟ-ਛਾਂਟ ਕਰਨ ਉਪਰੰਤ ਲਗਭਗ 3 ਕਿਲੋ ਦੇਸੀ ਖਾਦ ਪ੍ਰਤੀ ਬੂਟਾ ਪਾਉਣੀ ਚਾਹੀਦੀ ਹੈ ਅਤੇ 15 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਹਰੇਕ ਮਹੀਨੇ ਪਾਓ, ਜਿਸ ਨਾਲ ਜ਼ਿਆਦਾ ਫੁੱਲਾਂ ਦੀ ਪੈਦਾਵਾਰ ਹੋਵੇਗੀ ਅਤੇ ਆਮਦਨ ਵਿੱਚ ਵਾਧਾ ਹੋਵੇਗਾ।
ਪੈਦਾਵਾਰ: ਦੇਸੀ ਗੁਲਾਬ ਦੇ ਫੁੱਲਾਂ ਦੀ ਪੈਦਾਵਾਰ ਤਕਰੀਬਨ 30-35 ਕੁਇੰਟਲ ਪ੍ਰਤੀ ਏਕੜ ਹੋਵੇਗੀ। ਸਰਦੀ ਮੌਸਮ ਦੌਰਾਨ ਫੁੱਲਾਂ ਦੀ ਕੀਮਤ ਤਕਰੀਬਨ 150-200 ਰੁਪਏ ਪ੍ਰਤੀ ਕਿਲੋ ਅਤੇ ਗਰਮੀਆਂ ਵਿੱਚ 250-300 ਰੁਪਏ ਪ੍ਰਤੀ ਕਿਲੋ ਮਿਲ ਜਾਂਦੀ ਹੈ। ਜੇਕਰ ਕਿਸਾਨ ਪੂਰਾ ਖੇਤ ਨਹੀਂ ਲਗਾਉਣਾ ਚਾਹੁੰਦਾ ਤਾਂ ਉਹ ਖੇਤ ਦੀ ਬਾਊਂਡਰੀ 'ਤੇ ਲਗਾ ਕੇ ਵੀ ਵਾਧੂ ਆਮਦਨ ਪ੍ਰਾਪਤ ਕਰ ਸਕਦੇ ਹਨ ।
ਬਾਗਬਾਨੀ ਵਿਭਾਗ ਪੰਜਾਬ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਅਧੀਨ 40% ਸਬਸਿਡੀ ਦਿੱਤੀ ਜਾਂਦੀ ਹੈ ਅਤੇ ਇਹ ਵੱਧ ਤੋਂ ਵੱਧ 2 ਹੈਕਟੇਅਰ ਲਈ ਪ੍ਰਾਪਤ ਕੀਤੀ ਜਾ ਸਕਦੀ ਹੈ। ਕੌਮੀ ਬਾਗਬਾਨੀ ਮਿਸ਼ਨ ਅਧੀਨ ਵਿਭਾਗ ਵੱਲੋਂ ਗੁਲਾਬ ਦੇ ਫੁੱਲਾਂ ਦੇ ਪ੍ਰੋਡਕਟ ਬਣਾਉਣ ਲਈ ਪ੍ਰੋਸੈਸਿੰਗ ਯੂਨਿਟ ਲਗਾਉਣ 'ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ।
ਦੇਸੀ ਗੁਲਾਬ ਦੀ ਕਾਸ਼ਤ ਕਰਨ ਅਤੇ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ ਜਾਣਕਾਰੀ ਬਾਗਬਾਨੀ ਵਿਭਾਗ ਪੰਜਾਬ ਜਾਂ ਪੀ.ਏ.ਯੂ. ਲੁਧਿਆਣਾ ਦੇ ਬਾਗਬਾਨੀ ਮਾਹਿਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਦੇਸੀ ਗੁਲਾਬ ਦੇ ਬੂਟੇ ਘਰਾਂ ਵਿੱਚ, ਪਾਰਕਾਂ ਵਿੱਚ ਅਤੇ ਰੋਡ ਸਾਈਡਾਂ 'ਤੇ ਲਗਾ ਕੇ ਵਾਤਾਵਰਨ ਨੂੰ ਸੁੰਦਰ, ਮਨਮੋਹਕ ਅਤੇ ਸੁਗੰਧੀਆਂ ਭਰਿਆ ਬਣਾ ਸਕਦੇ ਹਾਂ।
ਸਰੋਤ: ਡਾ. ਸਵਰਨ ਸਿੰਘ ਮਾਨ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ ਮੋ: 75080-18903
Summary in English: Rose farming is a profitable business in agricultural diversification.