Fruit Fly Trap Technique: ਕਿਸਾਨਾਂ ਲਈ ਮਸੀਹਾ ਮੰਨੀ ਜਾਂਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਸਮੇਂ-ਸਮੇਂ 'ਤੇ ਨਵੇਕਲੇ ਕਦਮ ਚੁੱਕਦੀ ਰਹਿੰਦੀ ਹੈ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਇਸ ਲੜੀ ਨੂੰ ਅੱਗੇ ਤੋਰਦਿਆਂ ਪੀਏਯੂ (PAU) ਨੇ ਬਾਗਬਾਨੀ ਕਿਸਾਨਾਂ ਲਈ ਈਕੋ-ਫ੍ਰੈਂਡਲੀ ਤਕਨੀਕ (Eco-friendly Technique) ਵਿਕਸਿਤ ਕੀਤੀ ਹੈ।
ਦਰਅਸਲ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਫਲਾਂ ਦੀਆਂ ਮੱਖੀਆਂ ਤੋਂ ਬਾਗਾਂ ਨੂੰ ਬਚਾਉਣ ਲਈ ਫਰੂਟ ਫਲਾਈ ਟਰੈਪ ਤਕਨੀਕ ਵਿਕਸਿਤ ਕੀਤੀ ਹੈ। ਕ੍ਰਿਸ਼ੀ ਜਾਗਰਣ ਦੇ ਇਸ ਲੇਖ ਵਿੱਚ, ਅੱਜ ਅਸੀਂ ਆਪਣੇ ਬਾਗਬਾਨੀ ਕਿਸਾਨਾਂ ਨੂੰ ਦੱਸਾਂਗੇ ਕਿ ਫ਼ਰੂਟ ਫ਼ਲਾਈ ਟਰੈਪ ਕਿਵੇਂ ਕੰਮ ਕਰਦਾ ਹੈ ਅਤੇ ਇਸਦੀ ਵਰਤੋਂ ਦੇ ਕੀ-ਕੀ ਫਾਇਦੇ ਹਨ।
ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਦੀ ਵਰਤੋਂ ਕਿਵੇਂ ਕਰੀਏ?
• ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਅਪ੍ਰੈਲ ਦੇ ਦੂਜੇ ਹਫ਼ਤੇ ਅਲੂਚੇ ਦੇ ਬਾਗਾਂ ਵਿੱਚ, ਮਈ ਦੇ ਪਹਿਲੇ ਹਫ਼ਤੇ ਆੜੂ ਦੇ ਬਾਗਾਂ ਵਿੱਚ, ਮਈ ਤੇ ਤੀਜੇ ਹਫ਼ਤੇ ਅੰਬ ਦੇ ਬਾਗਾਂ ਵਿੱਚ, ਜੂਨ ਦੇ ਪਹਿਲੇ ਹਫ਼ਤੇ ਨਾਸ਼ਪਾਤੀ ਦੇ ਬਾਗਾਂ ਵਿੱਚ, ਜੁਲਾਈ ਦੇ ਪਹਿਲੇ ਹਫ਼ਤੇ ਅਮਰੂਦ ਦੇ ਬਾਗਾਂ ਵਿੱਚ ਅਤੇ ਅਗਸਤ ਦੇ ਦੂਜੇ ਹਫ਼ਤੇ ਕਿੰਨੂ ਦੇ ਬਾਗਾਂ ਵਿੱਚ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਲਗਾਉ।
• ਟਰੈਪਾਂ ਨੂੰ ਬਾਗਾਂ ਵਿੱਚ ਉਸ ਸਮੇਂ ਤੱਕ ਟੰਗੀ ਰੱਖੋ ਜਦੋਂ ਤੱਕ ਫ਼ਲਾਂ ਦੀ ਪੂਰੀ ਤੁੜਾਈ ਹੋ ਜਾਵੇ। ਟਰੈਪਾਂ ਨੂੰ ਬੂਟਿਆਂ ਦੇ ਨਾਲ ਲੋਹੇ ਦੀ ਤਾਰ ਜਾਂ ਮਜ਼ਬੂਤ ਧਾਗੇ ਦੀ ਮਦਦ ਨਾਲ ਬੂਟਿਆਂ ਦੀ ਉਚਾਈ ਦੇ ਹਿਸਾਬ ਨਾਲ ਜ਼ਮੀਨ ਤੋਂ ਤਕਰੀਬਨ 1-1.5 ਮੀਟਰ ਉੱਚਾ ਟੰਗੋ।
• ਬਾਗ ਵਿੱਚ ਟਰੈਪ ਲਾਉਣ ਤੋਂ ਬਾਦ ਜੇਕਰ ਫ਼ਲਾਂ ਤੇ ਮੱਖੀ ਦਾ ਤਾਜ਼ਾ ਹਮਲਾ ਜ਼ਿਆਦਾ ਹੋਵੇ ਤਾਂ ਟਰੈਪ ਵਿੱਚ ਖੁਸ਼ਬੂ ਦੀ ਨਵੀਂ ਟਿੱਕੀ ਲਾ ਲਉ।
ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਦੀ ਵਰਤੋਂ ਦੇ ਫ਼ਾਇਦੇ
• ਬਾਗਾਂ ਵਿੱਚ ਟਰੈਪ ਦੀ ਵਰਤੋਂ ਇੱਕ ਵਾਤਾਵਰਣ-ਸਹਾਈ ਤਕਨੀਕ ਹੈ ਕਿਉਂਕਿ ਬਿਨਾਂ ਛਿੜਕਾਅ ਦੀ ਇਸ ਤਕਨੀਕ ਨਾਲ ਫ਼ਲਾਂ ਅਤੇ ਵਾਤਾਵਰਣ ਵਿੱਚ ਕੀਟਨਾਸ਼ਕਾਂ ਦੇ ਅੰਸ਼ ਨਹੀਂ ਰਹਿੰਦੇ।
• ਵਧੀਆ ਗੁਣਵਤਾ ਵਾਲੇ ਮੰਡੀਕਰਨ ਯੋਗ ਫ਼ਲ ਪੈਦਾ ਹੁੰਦੇ ਹਨ ਅਤੇ ਫ਼ਲਾਂ ਦੇ ਝਾੜ੍ਹ ਤੇ ਮਹੱਤਵਪੂਰਨ ਅਸਰ ਪੈਂਦਾ ਹੈ।
• ਕੀਟਨਾਸ਼ਕਾਂ ਤੇ ਆਉਂਦੇ ਖਰਚ ਦੇ ਮੁਕਾਬਲੇ ਇਹ ਸਸਤੀ ਤਕਨੀਕ ਹੈ।
• ਇਸ ਤਕਨੀਕ ਦੀ ਵਰਤੋਂ ਨਾਲ ਨਰ ਮੱਖੀਆਂ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਟਰੈਪ ਵਿੱਚ ਫ਼ਸ ਕੇ ਮਰ ਜਾਂਦੀਆਂ ਹਨ ਜਿਸ ਕਰਕੇ ਨਰ ਅਤੇ ਮਾਦਾ ਮੱਖੀਆਂ ਦੇ ਸੰਭੋਗ ਦੀ ਸੰਭਾਵਨਾ ਕਾਫ਼ੀ ਘੱਟ ਜਾਂਦੀ ਹੈ ਅਤੇ ਨਵੀਆਂ ਮੱਖੀਆਂ ਘੱਟ ਗਿਣਤੀ ਵਿੱਚ ਪੈਦਾ ਹੁੰਦੀਆਂ ਹਨ।
• ਕੀਟਨਾਸ਼ਕਾਂ ਦੇ ਮੁਕਾਬਲੇ ਟਰੈਪ ਦੀ ਵਰਤੋਂ ਨਾਲ ਬਾਗਾਂ ਵਿੱਚ ਲੰਬੇ ਸਮੇਂ ਤੱਕ ਮੱਖੀਆਂ ਦੀ ਰੋਕਥਾਮ ਹੁੰਦੀ ਹੈ।ਜੇਕਰ ਬਾਗਾਂ ਵਿੱਚ ਮੱਖੀਆਂ ਦਾ ਸਿਰਫ਼ ਨਿਰੀਖਣ ਹੀ ਕਰਨਾ ਹੋਵੇ ਤਾਂ ਇਹ ਟਰੈਪ ਹੋਰ ਵੀ ਲੰਬਾ ਸਮਾਂ ਕੰਮ ਕਰਦੇ ਹਨ।
• ਟਰੈਪਾਂ ਦੀ ਵਰਤੋਂ ਮੱਖੀਆਂ ਦੇ ਸੰਯੁਕਤ ਕੀਟ ਪ੍ਰਬੰਧ ਪ੍ਰੋਗਰਾਮ ਵਿੱਚ ਪੂਰੀ ਤਰ੍ਹਾਂ ਸਹਾਈ ਹੁੰਦੀ ਹੈ ਅਤੇ ਟਰੈਪ ਬਰਸਾਤਾਂ ਵਿੱਚ ਵੀ ਕਾਮਯਾਬ ਹੁੰਦੇ ਹਨ।
• ਟਰੈਪਾਂ ਦੀ ਵਰਤੋਂ ਨਾਲ ਮਿੱਤਰ ਕੀੜਿਆਂ ਤੇ ਕੋਈ ਵੀ ਮਾੜਾ ਅਸਰ ਨਹੀਂ ਪੈਂਦਾ
• ਟਰੈਪਾਂ ਨੂੰ ਫ਼ਲਾਂ ਦੀ ਤੁੜਾਈ ਖਤਮ ਹੋਣ ਤੋਂ ਬਾਦ ਵੱਖ-ਵੱਖ ਫ਼ਲਾਂ ਦੇ ਬਾਗਾਂ ਵਿੱਚ ਵਰਤਿਆ ਜਾ ਸਕਦਾ ਹੈ ਬੇਸ਼ਰਤੇ ਕਿ ਉਨ੍ਹਾਂ ਵਿੱਚ ਵਰਤੀ ਜਾਣ ਵਾਲੀ ਖੁਸ਼ਬੂ ਦੀ ਟਿੱਕੀ ਲੋੜ ਅਨੁਸਾਰ ਦੁਬਾਰਾ ਲਗਾਈ ਜਾਵੇ ।
• ਇੱਕ ਟਰੈਪ ਵਿੱਚ 6000 ਦੇ ਕਰੀਬ ਨਰ ਮੱਖੀਆਂ ਫ਼ਸ ਕੇ ਮਰ ਜਾਂਦੀਆਂ ਹਨ।
• ਇਸ ਤਕਨੀਕ ਦੀ ਵਰਤੋਂ ਨਾਲ ਪਾਣੀ ਦੀ ਵੀ ਕਾਫ਼ੀ ਬੱਚਤ ਹੁੰਦੀ ਹੈ ਜੋ ਕਿ ਕੀਟਨਾਸ਼ਕਾਂ ਦੇ ਛਿੜਕਾਅ ਲਈ ਲੋੜੀਂਦਾ ਹੁੰਦਾ ਹੈ।
ਇਹ ਵੀ ਪੜ੍ਹੋ : Melon Farming: ਖਰਬੂਜੇ ਦੀ ਖੇਤੀ ਤੋਂ ਕਮਾਓ ਲੱਖਾਂ ਦਾ ਮੁਨਾਫਾ, ਜਾਣੋ ਚੰਗਾ ਝਾੜ ਲੈਣ ਲਈ ਇਹ Scientific Method
ਪੀ.ਏ.ਯੂ. ਫਰੂਟ ਫਲਾਈ ਟਰੈਪ ਕਦੋਂ ਘੱਟ ਕਾਰਗਰ ਸਿੱਧ ਹੁੰਦਾ ਹੈ?
• ਜੇਕਰ ਟਰੈਪਾਂ ਨੂੰ ਬਾਗਾਂ ਵਿੱਚ ਟੰਗਣ ਤੋਂ ਪਹਿਲਾਂ ਹੀ ਫ਼ਲਾਂ ਤੇ ਮੱਖੀ ਦਾ ਹਮਲਾ ਹੋ ਗਿਆ ਹੋਵੇ।
• ਜੇਕਰ ਟਰੈਪ ਬਾਗਾਂ ਦੀ ਬਜਾਏ ਘਰੇਲੂ ਬਗੀਚੀ ਵਿੱਚ ਟੰਗੇ ਹੋਣ।
• ਜੇਕਰ ਟਰੈਪ ਸਿਫ਼ਾਰਸ਼ ਕੀਤੇ ਸਮੇਂ ਤੋਂ ਪਹਿਲਾਂ/ਲੇਟ ਲਗਾਏ ਹੋਣ।
• ਜੇਕਰ ਟਰੈਪ ਦੀ ਸੰਖਿਆਂ ਸਿਫ਼ਾਰਸ਼ ਕੀਤੀ ਸੰਖਿਆਂ ਤੋਂ ਘੱਟ ਹੋਵੇ।
• ਜੇਕਰ ਬਾਗਾਂ ਵਿੱਚ ਵੇਲਾਂ ਵਾਲੀਆਂ ਸਬਜ਼ੀਆਂ ਲਾਈਆਂ ਹੋਣ।
• ਜੇਕਰ ਬਾਗਾਂ ਵਿੱਚ ਸਾਫ਼-ਸਫ਼ਾਈ ਨਾ ਹੋਵੇ।
ਇਹ ਵੀ ਪੜ੍ਹੋ : Watermelon Cultivation: ਕਿਸਾਨ ਇਸ ਤਰ੍ਹਾਂ ਕਰਨ ਹਾਈਬ੍ਰਿਡ ਤਰਬੂਜ ਦੀ ਕਾਸ਼ਤ, ਘੱਟ ਖਰਚੇ ਵਿੱਚ ਲੱਖਾਂ ਦਾ ਮੁਨਾਫਾ ਪੱਕਾ
ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਕਿੱਥੋਂ ਮਿਲਦੇ ਹਨ?
• ਇਹ ਟਰੈਪ ਪੀ.ਏ.ਯੂ., ਲੁਧਿਆਣਾ ਦੇ ਫ਼ਲ ਵਿਗਿਆਨ ਵਿਭਾਗ ਦੀ ਕੀਟ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਉਪਲਭਦ ਹਨ। ਇੱਕ ਟਰੈਪ ਦਾ ਮੁੱਲ 118 ਰੁਪਏ ਹੈ।
• ਪੀ.ਏ.ਯੂ., ਲੁਧਿਆਣਾ ਵਿਖੇ ਟਰੈਪਾਂ ਦੀ ਬੁਕਿੰਗ ਲਈ ਡਾ. ਸਨਦੀਪ ਸਿੰਘ ਕੋਲ ਮੋਬਾਈਲ ਨੰ. 9988686072, 8872399221 ਜਾਂ ਟੈਲੀਫ਼ੋਨ ਨੰਬਰ 158 0161-2401960- ਐਕਸਟੈਂਸ਼ਨ 303 (ਫ਼ਲ ਵਿਗਿਆਨ ਵਿਭਾਗ) ਤੇ ਕਿਸੇ ਵੀ ਕੰਮ-ਕਾਰ ਵਾਲੇ ਦਿਨ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਕਰਵਾ ਸਕਦੇ ਹੋ।
• ਟਰੈਪਾਂ ਦੀ ਬੁਕਿੰਗ ਈ-ਮੇਲ ਪਤੇ (sandeep_pau.1974@pau.edu) ਤੇ ਵੀ ਕਰਵਾ ਸਕਦੇ ਹੋ ।
• ਵੱਖ-ਵੱਖ ਜ਼ਿਲਿਆ ਦੇ ਬਾਗਬਾਨ ਵੀਰ ਟਰੈਪਾਂ ਦੀ ਬੁਕਿੰਗ ਆਪਣੇ ਜ਼ਿਲ੍ਹੇ ਵਿੱਚ ਸਥਿਤ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ/ਫ਼ਾਰਮ ਸਲਾਹਕਾਰ ਸੇਵਾ ਕੇਂਦਰ/ਖੇਤਰੀ ਖੋਜ ਕੇਂਦਰ/ਫ਼ਲ ਖੋਜ ਕੇਂਦਰ ਜਾਂ ਪੰਜਾਬ ਸਰਕਾਰ ਦੇ ਬਾਗਬਾਨੀ ਮਹਿਕਮੇ ਦੇ ਡਿਪਟੀ ਡਾਇਰੈਕਰ ਜਾਂ ਬਾਗਬਾਨੀ ਵਿਕਾਸ ਅਫ਼ਸਰ ਕੋਲ ਵੀ ਕਰਵਾ ਸਕਦੇ ਹਨ।
Summary in English: What is the Fruit Fly Trap Technique and how can farmers use it? Here are the possible benefits of fruit fly traps and where to get them.