Wheat Crop: ਕਣਕ ਦੀ ਫ਼ਸਲ ਨੂੰ ਪੀਲੇ ਪੈਣ ਤੋਂ ਬਚਾਉਣ ਲਈ ਢੁੱਕਵਾਂ ਇਲਾਜ ਨਾ ਹੋਣ ਕਰਕੇ ਕਿਸਾਨਾਂ ਦਾ ਖੇਤੀ ਖਰਚਾ ਤਾਂ ਵੱਧਦਾ ਹੀ ਹੈ, ਨਾਲ ਹੀ ਫਸਲ 'ਤੇ ਆਈ ਅਲਾਮਤ ਦਾ ਸਹੀ ਇਲਾਜ ਨਾ ਹੋਣ ਕਰਕੇ ਕਣਕ ਦੇ ਝਾੜ 'ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਕਿਸਾਨ ਵੀਰੋਂ ਜਦੋਂ ਤੱਕ ਕਿਸੇ ਅਲਾਮਤ ਜਾਂ ਬਿਮਾਰੀ ਦੇ ਕਾਰਨਾਂ ਦਾ ਸਹੀ ਪਤਾ ਨਹੀਂ ਲੱਗਦਾ ਉਦੋਂ ਤੱਕ ਉਸਦਾ ਢੁੱਕਵਾਂ ਇਲਾਜ ਕਰਨਾ ਅਸੰਭਵ ਹੋ ਜਾਂਦਾ ਹੈ। ਇਸ ਲਈ ਤੁਹਾਡੇ ਵਾਸਤੇ ਇਸ ਲੇਖ ਵਿੱਚ ਕਣਕ ਦੇ ਪੀਲੇ ਪੈਣ ਦੇ ਕਾਰਨ ਅਤੇ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
1. ਲੋੜ ਤੋਂ ਵੱਧ ਪਾਣੀ ਲੱਗਣਾ
ਆਮ ਤੌਰ ਤੇ ਭਾਰੀਆਂ ਜਮੀਨਾਂ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ ਬਾਅਦ ਵਿਚ ਕਣਕ ਦੇ ਪੀਲੇ ਹੋਣ ਦੀ ਸਮੱਸਿਆ ਅਕਸਰ ਆ ਜਾਂਦੀ ਹੈ। ਕਿਉਂਕਿ ਭਾਰੀਆਂ ਜ਼ਮੀਨਾਂ ਵਿੱਚ ਪਾਣੀ ਜੀਰਨ ਦੀ ਰਫ਼ਤਾਰ ਬਹੁਤ ਘੱਟ ਹੁੰਦੀ ਹੈ। ਜ਼ਿਆਦਾ ਪਾਣੀ ਲੱਗਣ ਨਾਲ ਫ਼ਸਲ ਦੀਆਂ ਜੜ੍ਹਾਂ ਨੂੰ ਹਵਾ ਸਹੀ ਮਾਤਰਾ ਵਿੱਚ ਨਹੀਂ ਮਿਲਦੀ ਅਤੇ ਫ਼ਸਲ ਪੀਲੀ ਪੈ ਜਾਂਦੀ ਹੈ। ਇਸ ਲਈ ਕਣਕ ਦੀ ਫ਼ਸਲ ਨੂੰ ਬਹੁਤਾ ਭਰਵਾਂ ਪਾਣੀ ਨਾ ਲਾਓ ਅਤੇ ਭਾਰੀਆਂ ਜ਼ਮੀਨਾਂ ਵਿੱਚ ਪਾਣੀ ਲਗਾਉਣ ਲਈ ਪ੍ਰਤੀ ਏਕੜ 8 ਕਿਆਰੇ ਅਤੇ ਹਲਕੀਆਂ ਜ਼ਮੀਨਾਂ ਵਿੱਚ 16 ਕਿਆਰੇ ਪਾ ਕੇ ਸਿੰਚਾਈ ਕਰੋਂ। ਹੈਪੀ ਸੀਡਰ ਵਾਲੀ ਕਣਕ ਵਿੱਚ ਪਹਿਲਾ ਪਾਣੀ ਹਲਕਾ ਅਤੇ ਕੁਝ ਦੇਰ ਨਾਲ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਹਲਕੀਆਂ ਜ਼ਮੀਨਾਂ ਵਿੱਚ ਕਣਕ ਨੂੰ ਪਹਿਲਾ ਪਾਣੀ ਤਕਰੀਬਨ 25-30 ਦਿਨ ਅਤੇ ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ ਵਿੱਚ 30-35 ਦਿਨਾਂ ਤੱਕ ਲਾਉਣਾ ਚਾਹੀਦਾ ਹੈ। ਪਾਣੀ ਮੌਸਮ ਦੀ ਬਰਸਾਤ ਨੂੰ ਧਿਆਨ ਵਿੱਚ ਰੱਖ ਕੇ ਹੀ ਲਾਓ।
2. ਨਾਈਟ੍ਰੋਜਨ ਦੀ ਘਾਟ
ਨਾਈਟ੍ਰੋਜਨ ਦੀ ਘਾਟ ਵੀ ਕਣਕ ਦੀ ਫ਼ਸਲ ਦੇ ਪੀਲੇ ਪੈਣ ਦਾ ਕਾਰਨ ਬਣ ਜਾਂਦੀ ਹੈ। ਨਾਈਟ੍ਰੋਜਨ ਤੱਤ ਦੀ ਘਾਟ ਦਾ ਮੁੱਖ ਕਾਰਨ ਖਾਦਾਂ ਦੀ ਸਹੀ ਮਾਤਰਾ ਅਤੇ ਸਹੀ ਸਮੇਂ ਤੇ ਵਰਤੋਂ ਨਾ ਹੋਣਾ, ਜ਼ਮੀਨ ਵਿੱਚ ਨਾਈਟ੍ਰੋਜਨ ਤੱਤ ਦੀ ਜਮਾਂਦਰੂ ਤੌਰ ਤੇ ਘਾਟ ਅਤੇ ਜ਼ਿਆਦਾ ਮੀਂਹ ਪੈਣ ਨਾਲ ਨਾਈਟ੍ਰੋਜਨ ਤੱਤ ਦਾ ਜੀਰ ਜਾਣਾ ਆਦਿ ਹਨ। ਇਸ ਘਾਟ ਨੂੰ ਪੂਰਾ ਕਰਨ ਲਈ ਸਿਫ਼ਾਰਸ਼ ਮੁਤਾਬਿਕ ਯੂਰੀਆ ਖਾਦ ਦੀ ਵਰਤੋਂ ਕਰੋਂ।
ਮਾੜੀਆਂ ਅਤੇ ਕਲਰਾਠੀਆਂ ਜ਼ਮੀਨਾਂ ਵਿੱਚ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਤੋਂ 25 % ਵੱਧ ਨਾਈਟ੍ਰੋਜਨ ਪਾਉਣੀ ਚਾਹੀਦੀ ਹੈ।ਫ਼ਸਲ ਨੂੰ ਖੁਰਾਕੀ ਤੱਤਾਂ ਦੀ ਪੂਰਤੀ ਲਈ ਸਰਵਪੱਖੀ ਢੰਗ ਅਪਨਾਉਣੇ ਚਾਹੀਦੇ ਹਨ। ਨਾਈਟ੍ਰੋਜਨ ਤੱਤ ਦੀ ਘਾਟ ਪੂਰੀ ਕਰਨ ਲਈ 3% ਯੂਰੀਏ (3 ਕਿਲੋ ਯੂਰੀਆ 100 ਲਿਟਰ ਪਾਣੀ ਵਿੱਚ) ਦਾ ਛਿੜਕਾਅ ਕੀਤਾ ਜਾ ਸਕਦਾ ਹੈ।
3. ਮੈਂਗਨੀਜ਼ ਦੀ ਘਾਟ
ਮੈਂਗਨੀਜ਼ ਦੀ ਘਾਟ ਆਮ ਤੌਰ ਤੇ ਝੋਨਾ-ਕਣਕ ਫ਼ਸਲੀ ਚੱਕਰ ਵਾਲੀਆਂ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਵੇਖਣ ਵਿੱਚ ਆਉਂਦੀ ਹੈ। ਇਸ ਨਾਲ ਵੀ ਕਣਕ ਦੀ ਫ਼ਸਲ ਪੀਲੀ ਪੈ ਜਾਂਦੀ ਹੈ। ਇਸ ਦੀਆਂ ਨਿਸ਼ਾਨੀਆਂ ਬੂਟੇ ਦੇ ਵਿਚਕਾਰਲੇ ਪੱਤਿਆਂ ਤੇ ਦਿਖਾਈ ਦਿੰਦੀਆਂ ਹਨ। ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਪੀਲੀ ਪੈ ਜਾਂਦੀ ਹੈ ਅਤੇ ਇਸ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ।
ਮੈਂਗਨੀਜ਼ ਦੀ ਘਾਟ ਪੂਰੀ ਕਰਨ ਲਈ 0.5% ਮੈਗਨੀਜ਼ ਸਲਫ਼ੇਟ (ਇੱਕ ਕਿਲੋ ਮੈਂਗਨੀਜ਼ ਸਲਫ਼ੇਟ 200 ਲਿਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨਾਂ ਵਿੱਚ ਕਰਨੇ ਚਾਹੀਦੇ ਹਨ।
ਇਹ ਵੀ ਪੜ੍ਹੋ: ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਿਫ਼ਾਰਿਸ਼ਾਂ
4. ਗੰਧਕ ਦੀ ਘਾਟ
ਗੰਧਕ ਦੀ ਘਾਟ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਆਉਂਦੀ ਹੈ ਜਦੋਂ ਕਣਕ ਦੇ ਵਾਧੇ ਦੇ ਮੁੱਢਲੇ ਸਮੇਂ ਸਰਦੀਆਂ ਦੀ ਵਰਖ਼ਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ। ਇਸ ਦੀ ਘਾਟ ਵਿੱਚ ਬੂਟੇ ਦੇ ਨਵੇਂ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਅਤੇ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ।
ਨਾਈਟ੍ਰੋਜਨ ਦੀ ਘਾਟ ਹੇਠਲੇ ਪੱਤਿਆਂ ਦੇ ਪੀਲੇ ਹੋਣ ਨਾਲ ਸ਼ੁਰੂ ਹੁੰਦੀ ਹੈ। ਗੰਧਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਜਿੱਥੇ ਫਾਸਫ਼ੋਰਸ ਤੱਤ ਸਿੰਗਲ ਸੁਪਰਫਾਸਫੇਟ ਦੀ ਬਜਾਏ ਡੀ.ਏ.ਪੀ ਰਾਹੀਂ ਪਾਇਆ ਹੋਵੇ, ਉੱਥੇ 100 ਕਿਲੋ ਜਿਪਸਮ ਜਾਂ 18 ਕਿਲੋ ਬੈਂਟੋਨਾਈਟ-ਸਲਫ਼ਰ (90%) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾ ਦਿਓ ਤਾਂ ਜੋ ਕਣਕ ਵਿੱਚ ਗੰਧਕ ਦੀ ਲੋੜ ਪੂਰੀ ਹੋ ਜਾਵੇ।
5. ਪੀਲੀ ਕੁੰਗੀ ਦਾ ਹਮਲਾ
ਇਸ ਬਿਮਾਰੀ ਦਾ ਹਮਲਾ ਹੋਣ ਨਾਲ ਵੀ ਫ਼ਸਲ ਪੀਲੀ ਪੈ ਜਾਂਦੀ ਹੈ। ਖੁਰਾਕੀ ਤੱਤਾਂ ਦੀ ਘਾਟ ਕਰਕੇ ਫ਼ਸਲ ਦੇ ਪੀਲੀ ਪੈਣ ਨਾਲੋਂ ਪੀਲੀ ਕੁੰਗੀ ਦਾ ਫ਼ਰਕ ਇਹ ਹੁੰਦਾ ਹੈ ਕਿ ਇਸ ਰੋਗ ਨਾਲ ਪੱਤਿਆਂ ਤੇ ਪੀਲੇ ਧੱਬੇ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ਜਿਨ੍ਹਾਂ ਤੇ ਪੀਲਾ ਹਲਦੀ ਨੁਮਾ ਧੂੜਾ ਨਜ਼ਰ ਆਉਂਦਾ ਹੈ। ਜੇਕਰ ਬਿਮਾਰੀ ਵਾਲੇ ਪੱਤਿਆਂ ਨੂੰ ਹੱਥਾਂ ਨਾਲ ਛੂਹਿਆ ਜਾਵੇ ਤਾਂ ਇਹ ਪੀਲੇ ਰੰਗ ਦਾ ਧੂੜਾ ਹੱਥਾਂ ਨੂੰ ਲੱਗ ਜਾਂਦਾ ਹੈ। ਪੀਲੀ ਕੁੰਗੀ ਦੀ ਰੋਕਥਾਮ ਲਈ ਸਰਵਪੱਖੀ ਢੰਗ ਅਪਣਾਉਣੇ ਚਾਹੀਦੇ ਹਨ।
Summary in English: 5 main reasons for wheat crop turning yellow, follow these methods for treatment