ਪੰਜਾਬ ਵਿੱਚ ਨਰਮੇ-ਕਪਾਹ ਦੀ ਕਾਸਤ ਪ੍ਰਮੁੱਖ ਤੌਰ ਤੇ ਬਠਿੰਡਾ, ਮਾਨਸਾ, ਫਾਜਿਲਕਾ, ਮੁਕਤਸਰ, ਫਰੀਦਕੋਟ, ਸੰਗਰੂਰ ਅਤੇ ਬਰਨਾਲਾ ਜ਼ਿਲਿਆਂ ਵਿੱਚ ਕੀਤੀ ਜਾਂਦੀ ਹੈ। ਨਰਮੇ-ਕਪਾਹ ਹੇਠਲਾ ਰਕਬਾ ਝੋਨੇ ਹੇਠ ਜਾ ਰਿਹਾ ਹੈ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ ਅਤੇ ਨਾਲ ਹੀ ਜਮੀਨ ਦੀ ਸਿਹਤ ਤੇ ਵੀ ਮਾੜਾ ਅਸਰ ਪੈ ਰਿਹਾ ਹੈ ।
ਕਿਸਾਨ ਵੀਰਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹਨਾਂ ਇਲਾਕਿਆਂ ਵਿੱਚ ਖਾਰੇ ਪਾਣੀ ਨਾਲ ਝੋਨੇ-ਬਾਸਮਤੀ ਦੀ ਕਾਸਤ ਜਮੀਨ ਲਈ ਹਾਨੀਕਾਰਕ ਹੈ ਅਤੇ ਸਿਰਫ ਨਰਮੇ-ਕਪਾਹ ਦੀ ਕਾਸਤ ਹੀ ਸੂਬੇ ਦੇ ਇਸ ਖਿੱਤੇ ਲਈ ਢੁੱਕਵੀ ਹੈ। ਬੀ.ਟੀ. ਨਰਮੇ ਦੀ ਕਾਸਤ ਕਾਰਨ ਪੰਜਾਬ ਵਿੱਚ ਅਮਰੀਕਨ ਸੁੰਡੀ ਦਾ ਹਮਲਾ ਘੱਟ ਗਿਆ ਜਿਸ ਕਾਰਨ ਗੈਰ ਬੀ.ਟੀ. ਕਿਸਮਾਂ ਵੀ ਬੀ.ਟੀ .ਕਿਸਮਾਂ ਜਿੰਨਾ ਝਾੜ ਦੇ ਦਿੰਦੀਆਂ ਹਨ। ਕਿਉਕਿ ਉਨਾਂ ਨੂੰ ਬੀ.ਟੀ. ਕਿਸਮਾਂ ਨਾਲੋ ਖਾਦ ਪਾਣੀ ਦੀ ਘੱਟ ਲੋੜ ਹੁੰਦੀ ਹੈ ਇਸ ਕਰਕੇ ਜਿਨਾਂ ਕਸਬਿਆਂ ਵਿੱਚ ਪਾਣੀ ਦੀ ਘਾਟ ਹੈ ਉਥੇ ਕਿਸਾਨਾਂ ਨੂੰ ਗੈਰ ਬੀ.ਟੀ.ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ। ਗੈਰ ਬੀ.ਟੀ. ਕਿਸਮਾਂ ਵਿੱਚ ਤੇਲੇ, ਚਿੱਟੀ ਮੱਖੀ, ਪੈਰਾਵਿਲਟ ਲਈ ਵੀ ਜਿਆਦਾ ਸਹਿਣਸੀਲਤਾ ਹੁੰਦੀ ਹੈ। ਦੇਸੀ ਕਪਾਹ ਦੀਆਂ ਕਿਸਮਾਂ ਨੂੰ ਪੱਤਾ ਮਰੋੜ ਰੋਗ ਨਹੀਂ ਲਗਦਾ ਅਤੇ ਰਸ ਚੂਸਣ ਵਾਲੇ ਕੀੜੇ ਖਾਸ ਕਰਕੇ ਚਿੱਟੀ ਮੱਖੀ ਦੇ ਹਮਲੇ ਤੋਂ ਸਹਿਣਸੀਲਤਾ ਰੱਖਦੀ ਹੈ। ਇਸ ਤੋਂ ਇਲਾਵਾ ਦੇਸੀ ਕਪਾਹ ਨੂੰ ਹਲਕੀਆਂ ਜਮੀਨਾਂ ਅਤੇ ਘੱਟ ਪਾਣੀ ਦੇ ਹਾਲਤਾਂ ਵਿਚ ਉਗਾਅ ਕੇ ਵੀ ਵਧੀਆ ਝਾੜ ਲਿਆ ਜਾ ਸਕਦਾ ਹੈ। ਸੁਚੱਜੀ ਕਾਸਤਕਾਰੀ ਢੰਗਾਂ ਨਾਲ ਅਣਚਾਹੇ ਖਰਚਿਆਂ ਨੂੰ ਘਟਾਇਆ ਅਤੇ ਮੁਨਾਫੇ ਨੂੰ ਵਧਾਇਆ ਜਾ ਸਕਦਾ ਹੈ ।
ਉਨਤ ਕਿਸਮਾਂ: ਨਰਮੇ-ਕਪਾਹ ਤੋ ਵੱਧ ਝਾੜ ਲੈਣ ਲਈ ਕਿਸਾਨਾਂ ਨੂੰ ਹੇਠ ਲਿਖੀਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋ ਪ੍ਰਮਾਣਿਤ ਬੀ.ਟੀ ਅਤੇ ਗੈਰ ਬੀ.ਟੀ. ਕਿਸਮਾਂ ਬੀਜਣੀਆਂ ਚਾਹੀਦੀਆਂ ਹਨ:-
ੳ) ਬੀ. ਟੀ. ਕਿਸਮਾਂ:
ਨਰਮੇ ਦੀਆਂ ਬੀ.ਟੀ ਦੋਗਲੀਆਂ ਕਿਸਮਾਂ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋ ਬੀ.ਟੀ. ਨਰਮੇ ਦੀਆਂ ਵੱਖ-ਵੱਖ ਦੋਗਲੀਆਂ ਕਿਸਮਾਂ ਦੀ ਪਰਖ ਹਰ ਸਾਲ ਆਪਣੇ ਤਜਰਬਿਆਂ ਵਿੱਚ ਕੀਤੀ ਜਾਂਦੀ ਹੈ। ਕਿਸਾਨਾਂ ਨੂੰ ਸਿਰਫ ਸਿਫਾਰਿਸ ਕੀਤੀਆਂ ਦੋਗਲੀਆਂ ਕਿਸਮਾਂ ਦੀ ਹੀ ਕਾਸਤ ਕਰਨੀ ਚਾਹੀਦੀ ਹੈ।
ਪੀ.ਏ.ਯੂ. ਬੀ.ਟੀ.-1 : ਇਹ ਭਾਰਤ ਵਿੱਚ ਕਿਸੇ ਸਰਕਾਰੀ ਅਦਾਰੇ ਵੱਲੋ ਤਿਆਰ ਕੀਤੀ ਪਹਿਲੀ ਬੀ.ਟੀ. ਨਰਮੇ ਦੀ ਕਿਸਮ ਹੈ। ਇਸ ਦਾ ਔਸਤਨ ਝਾੜ 11.2 ਕੁਇੰਟਲ ਪ੍ਰਤੀ ਏਕੜ ਅਤੇ ਰੂੰ ਦਾ ਕਸ 41.4 ਪ੍ਰਤੀਸਤ ਹੈ।
ਅ) ਨਰਮੇ ਦੀਆਂ ਗੈਰ ਬੀ.ਟੀ. ਕਿਸਮਾਂ
ਐਫ 2228: ਇਹ ਕਿਸਮ ਲਗਭਗ 180 ਦਿਨਾਂ ਵਿੱਚ ਪੱਕੇ ਕੇ 7.4 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ । ਇਸ ਦੇ ਰੇਸੇ ਦੀ ਲੰਬਾਈ 29.0 ਮਿਲੀਮੀਟਰ ਅਤੇ ਰੂੰ ਦਾ ਕਸ 34.4 ਪ੍ਰਤੀਸਤ ਹੁੰਦਾ ਹੈ ।
ਐਫ 2383: ਇਸ ਦਾ ਔਸਤਨ ਝਾੜ 7.9 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਨਰਮੇ ਦੀ ਸੰਘਣੀ ਬਿਜਾਈ ਲਈ ਢੁੱਕਵੀ ਹੈ ਅਤੇ 160 ਦਿਨਾਂ ਵਿੱਚ ਪੱਕ ਜਾਂਦੀ ਹੈ ।
ਐਲ.ਐਚ. 2108: ਇਹ ਕਿਸਮ 165-170 ਦਿਨਾਂ ਵਿਚ ਪੱਕ ਕੇ 8.4 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ। ਇਸ ਦੇ ਰੇਸੇ ਦੀ ਲੰਬਾਈ 27.9 ਮਿਲੀਮੀਟਰ ਅਤੇ ਰੂੰ ਦਾ ਕੱਸ 34.8 ਪ੍ਰਤੀਸਤ ਹੁੰਦਾ ਹੈ।
ਐਲ.ਐਚ.2076: ਇਹ 165-170 ਦਿਨਾਂ ਵਿਚ ਪੱਕੇ ਕੇ 7.8 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ। ਇਸ ਦੇ ਰੇਸੇ ਦੀ ਲੰਬਾਈ 27.1 ਮਿਲੀਮੀਟਰ ਅਤੇ ਰੂੰ ਦਾ ਕਸ 33.4 ਪ੍ਰਤੀਸਤ ਹੁੰਦਾ ਹੈ।
ਐਲ.ਐਚ.ਐਚ. 144: ਇਹ ਨਰਮੇ ਦੀ ਦੋਗਲੀ ਕਿਸਮ ਹੈ। ਇਹ 180 ਦਿਨਾਂ ਵਿਚ ਪੱਕਦੀ ਹੈ ਅਤੇ ਇਸ ਦਾ ਔਸਤਨ ਝਾੜ 7.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ੲ) ਦੇਸੀ ਕਪਾਹ ਦੀਆਂ ਕਿਸਮਾਂ
ਐਲ.ਡੀ. 1019: ਇਹ ਇੱਕ ਘੱਟ ਝੜਨ ਵਾਲੀ ਕਿਸਮ ਹੈ। ਜਿਸ ਕਰਕੇ ਇਸ ਨੂੰ ਸਿਰਫ 2 ਜਾਂ 3 ਚੁਗਾਈਆਂ ਦੀ ਲੋੜ ਪੈਦੀ ਹੈ। ਇਸ ਦਾ ਔਸਤਨ ਝਾੜ 8.6 ਕੁਇੰਟਲ ਪ੍ਰਤੀ ਏਕੜ ਹੈ।
ਐਲ.ਡੀ. 949: ਇਸ ਕਿਸਮ ਦੀ ਰੂੰ ਦਾ ਕਸ 40.1 ਪ੍ਰਤੀਸਤ ਹੈ। ਇਸ ਦੇ ਰੇਸੇ ਛੋਟੇ (20.7 ਮਿ.ਮੀ.) ਅਤੇ ਖੁਰਦਰੇ ਹਨ। ਕਪਾਹ ਦਾ ਔਸਤਨ ਝਾੜ 9.92 ਕੁਇੰਟਲ ਪ੍ਰਤੀ ਏਕੜ ਹੈ।
ਐਫ.ਡੀ.ਕੇ.124: ਇਸ ਕਿਸਮ ਦਾ ਔਸਤਨ ਝਾੜ 9.28 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਕਰੀਬ 160 ਦਿਨਾਂ ਵਿਚ ਖੇਤ ਖਾਲੀ ਕਰ ਦਿੰਦੀ ਹੈ।
ਖੇਤ ਦੀ ਵਹਾਈ ਤੇ ਤਿਆਰੀ: ਨਰਮੇ ਦੀਆਂ ਜੜਾਂ ਡੂੰਘੀਆਂ ਹੋਣ ਕਾਰਣ, ਡੂੰਘੀ ਵਹਾਈ ਨਰਮੇ ਲਈ ਲਾਹੇਵੰਦ ਹੁੰਦੀ ਹੈ । ਖਾਸ ਤੌਰ ਤੇ ਜਿਨਾਂ ਜਮੀਨਾਂ ਹੇਠ ਸਖਤ ਤਹਿ ਹੋਵੇ ਜਾਂ ਫਿਰ ਪਾਣੀ ਘੱਟ ਜ਼ੀਰਦਾ ਹੋਵੇ, ਉਥੇ ਇੱਕ ਮੀਟਰ ਦੀ ਦੂਰੀ ਤੇ ਦੋ ਤਰਫਾ 45-50 ਸੈਟੀਮੀਟਰ ਡੂੰਘੀ ਵਹਾਈ ਖੇਤ ਤਿਆਰ ਕਰਨ ਤੋ ਪਹਿਲਾਂ ਸਬ-ਸੋਇਲਰ (ਤਹਿ ਤੋੜ ਹਲ) ਨਾਲ ਜਰੂਰ ਕਰੋ । ਖੇਤ ਦੀ ਤਿਆਰੀ ਲਈ 2-3 ਵਾਰ ਸੁੱਕੀ ਵਹਾਈ ਤੋ ਬਾਅਦ ਨਹਿਰੀ ਪਾਣੀ ਨਾਲ ਜਾਂ ਨਹਿਰ ਅਤੇ ਟਿਊਬਵੈਲ ਦੇ ਪਾਣੀ ਨਾਲ ਰਲਾ ਕੇ ਭਰਵੀਂ ਰੌਣੀ ਕਰੋ । ਖੇਤ ਦੇ ਸਹੀ ਵੱਤਰ ਆਉਣ ਤੇ ਦੋ-ਤਿੰਨ ਵਾਰ ਵਾਹੋ ਅਤੇ ਸੁਹਾਗਾ ਮਾਰੋ ।
ਬਿਜਾਈ ਦਾ ਸਮਾਂ : ਨਰਮੇ-ਕਪਾਹ ਦੀਆਂ ਸਾਰੀਆਂ ਕਿਸਮਾਂ ਦੀ ਬਿਜਾਈ ਲਈ ਸਿਫਾਰਿਸ ਕੀਤਾ ਸਮਾਂ ਅਪ੍ਰੈਲ ਤੋ 15 ਮਈ ਤੱਕ ਹੈ। ਬਿਜਾਈ ਪਛੇਤੀ ਹੋਣ ਕਰਕੇ ਫਸਲ ਦਾ ਵਾਧਾ ਘੱਟ ਹੁੰਦਾ ਹੈ ਅਤੇ ਕੀੜੇ-ਮਕੌੜਿਆਂ ਤੇ ਬਿਮਾਰੀਆਂ (ਖਾਸ ਕਰਕੇ ਚਿੱਟੀ ਮੱਖੀ ਅਤੇ ਪੱਤਾ ਮਰੋੜ ) ਦਾ ਹਮਲਾ ਵਧੇਰੇ ਹੁੰਦਾ ਹੈ।
ਬੀਜ ਦੀ ਮਾਤਰਾ: ਨਰਮੇ ਦੇ ਸਾਰੇ ਬੀ ਟੀ ਹਾਈਬਿ੍ਰਡਾਂ ਲਈ 900 ਗ੍ਰਾਮ (ਬੀ.ਟੀ.) 240 ਗ੍ਰਾਮ (ਗੈਰ ਬੀ.ਟੀ.) ਬੀਜ ਪ੍ਰਤੀ ਏਕੜ, ਨਰਮੇ ਦੀ ਬੀ.ਟੀ. ਕਿਸਮ ਪੀ.ਏ.ਯੂ. ਬੀ. ਟੀ. 1 ਲਈ 4.0 ਕਿਲੋਗ੍ਰਾਮ (ਬੀ.ਟੀ.), ਅਤੇ ਪੀ.ਏ.ਯੂ. ਬੀ ਟੀ 2 ਤੇ 3 ਲਈ 5.0 ਕਿਲੋਗ੍ਰਾਮ ਦੇ ਨਾਲ 1.0 ਕਿਲੋਗ੍ਰਾਮ (ਗੈਰ ਬੀ.ਟੀ.) ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫਾਰਿਸ ਕੀਤੀ ਜਾਂਦੀ ਹੈ । ਬਾਕੀ ਨਰਮਾ ਕਿਸਮਾਂ ਜਿਵੇ ਕਿ ਐਫ 2228, ਐਲ ਐਚ 2108 ਅਤੇ ਐਲ ਐਚ 2076 ਦਾ ਬੀਜ 3.5 ਕਿਲੋਗ੍ਰਾਮ ਪ੍ਰਤੀ ਏਕੜ ਅਤੇ ਦੇਸੀ ਕਪਾਹ ਦੀਆਂ ਕਿਸਮਾਂ ਐਲ ਡੀ 1019, ਐਲ ਡੀ 949 ਅਤੇ ਐਫ ਡੀ ਕੇ 124 ਦਾ 3.0 ਕਿਲੋਗ੍ਰਾਮ/ਏਕੜ ਦੇ ਹਿਸਾਬ ਨਾਲ ਪਾਓ । ਨਰਮੇ ਦੀ ਦੋਗਲੀ ਕਿਸਮ ਐਲ ਐਚ ਐਚ 144 ਦੇ ਬੀਜ ਲਈ 1.5 ਕਿਲੋਗ੍ਰਾਮ/ਏਕੜ ਦੀ ਸਿਫਾਰਿਸ ਕੀਤੀ ਗਈ ਹੈ ।
ਬਿਜਾਈ ਦੇ ਢੰਗ ਅਤੇ ਫਾਸਲਾ: ਨਰਮੇ-ਕਪਾਹ ਦੀ ਬਿਜਾਈ ਠੀਕ ਡੂੰਘਾਈ ਅਤੇ ਸਹੀ ਵੱਤਰ ਵਿੱਚ ਸਵੇਰੇ ਜਾਂ ਸਾਮ ਵੇਲੇ ਕਰਨੀ ਚਾਹੀਦੀ ਹੈ । ਬਿਜਾਈ ਟਰੈਕਟਰ ਨਾਲ ਚੱਲਣ ਵਾਲੀ ਡਰਿੱਲ ਨਾਲ 67.5 ਸੈਟੀਮੀਟਰ ਦੀ ਦੂਰੀ ਤੇ ਕਤਾਰਾਂ ਵਿੱਚ ਕਰੋ । ਕਤਾਰਾਂ ਵਿੱਚ ਬੁੂਟੇ ਤੋ ਬੂਟੇ ਦਾ ਫਾਸਲਾ, ਪੀ.ਏ.ਯੂ. ਬੀ.ਟੀ.1 ਲਈ 45 ਸੈਟੀਮੀਟਰ, ਪੀ.ਏ.ਯੂ. ਬੀ.ਟੀ. 2 ਅਤੇ ਪੀ.ਏ.ਯੂ. ਬੀ.ਟੀ. 3 ਲਈ 30 ਸੈਟੀਮੀਟਰ ਰੱਖੋ । ਦੇਸੀ ਕਪਾਹ ਦੀਆਂ ਸਾਰੀਆਂ ਕਿਸਮਾਂ ਵਿੱਚ ਬੂਟੇ ਤੋ ਬੂਟੇ ਦਾ ਫਾਸਲਾ 45 ਸੈਟੀਮੀਟਰ ਰੱਖੋ । ਨਰਮੇ ਦੀਆਂ ਬਾਕੀ ਕਿਸਮਾਂ ਜਿਵੇ ਐਫ 2228, ਐਲ.ਐਚ. 2108 ਅਤੇ ਐਲ.ਐਚ. 2076 ਲਈ ਬੂਟੇ ਤੋਂ ਬੂਟੇ ਦਾ ਫਾਸਲਾ 60 ਸੈਟੀਮੀਟਰ ਰੱਖੋ । ਸਾਰੇ ਬੀਟੀ ਹਾਈਬਿ੍ਰਡਾਂ ਵਿੱਚ ਇਹ ਫਾਸਲਾ 75 ਸੈਂਟੀਮੀਟਰ ਰੱਖੋ ।
ਬੂਟਿਆਂ ਦੀ ਗਿਣਤੀ ਪੂਰੀ ਕਰਨਾ: ਬੀਜ ਦੀ ਉਗਣ ਸਕਤੀ ਘੱਟ ਹੋਣ ਜਾਂ ਬੂਟੇ ਮੱਚ ਜਾਣ ਕਾਰਨ ਕਈ ਵਾਰ ਫਸਲ ਵਿਰਲੀ ਰਹਿ ਜਾਂਦੀ ਹੈ ਜਿਸ ਕਾਰਨ ਝਾੜ ਘਟਦਾ ਹੈ। ਇਸ ਲਈ 4”ਣ 6” ਦੇ ਪੌਲੀਥੀਨ ਲਿਫਾਫਿਆਂ ਵਿੱਚ ਮਿੱਟੀ ਅਤੇ ਰੂੜੀ ਦਾ ਬਰਾਬਰ ਮਿਸਰਣ ਨਾਲ ਭਰ ਕੇ ਬੀਜ ਦੇਵੋ ਅਤੇ 3 ਹਫਤਿਆਂ ਦੇ ਬੂਟੇ ਪਹਿਲੀ ਸਿੰਚਾਈ ਤੋ ਪਹਿਲਾਂ ਖੇਤ ਵਿੱਚ ਲਗਾ ਦਿਉ ।
ਖਾਦਾਂ ਦੀ ਵਰਤੋ: ਆਮ ਜਮੀਨਾਂ ਲਈ, ਪੀ.ਏ.ਯੂ. ਨੇ 30 ਕਿਲੋ ਨਾਈਟ੍ਰੋਜਨ (65 ਕਿਲੋ ਯੂਰੀਆ) ਦੀ ਸਿਫਾਰਿਸ ਸਾਰੀਆਂ ਗੈਰ ਬੀ.ਟੀ. ਕਿਸਮਾਂ ਲਈ ਅਤੇ 37 ਕਿਲੋਗ੍ਰਾਮ ਨਾਈਟ੍ਰੋਜਨ (80 ਕਿਲੋੋ ਯੂਰੀਆ) ਦੀ ਸਿਫਾਰਿਸ ਬੀ.ਟੀ. ਕਿਸਮਾਂ (ਪੀ.ਏ.ਯੂ. ਬੀ. ਟੀ. 1,2 ਤੇ 3) ਲਈ ਪ੍ਰਤੀ ਏਕੜ ਦੇ ਆਧਾਰ ਤੇ ਕੀਤੀ ਹੈ। ਦੋਗਲੇ (ਬੀ.ਟੀ. ਅਤੇ ਗੈਰ ਬੀ.ਟੀ.) ਲਈ ਪ੍ਰਤੀ ਏਕੜ 42 ਕਿਲੋਗ੍ਰਾਮ ਨਾਈਟ੍ਰੋਜਨ (90 ਕਿਲੋ ਯੂਰੀਆ) ਦੀ ਸਿਫਾਰਿਸ ਕੀਤੀ ਗਈ ਹੈ । ਨਾਈਟ੍ਰੋਜਨ ਦੀ ਪਹਿਲੀ ਕਿਸਤ ਪਹਿਲੀ ਸਿੰਚਾਈ ਤੋ ਬਾਅਦ ਅਤੇ ਬਾਕੀ ਅੱਧੀ ਨੂੰ ਫੁੱਲ-ਡੋਡੀ ਪੈਣ ਤੇ ਦਿਤਾ ਜਾਣਾ ਚਾਹੀਦਾ ਹੈ । ਜੇਕਰ ਕਪਾਹ ਤੋ ਪਹਿਲਾਂ ਕਣਕ ਦੀ ਕਾਸਤ ਕੀਤੀ ਹੈ ਅਤੇ ਫਾਸਫੋਰਸ ਦੀ ਸਿਫਾਰਿਸ ਕੀਤੀ ਮਾਤਰਾ ਕਣਕ ਦੀ ਫਸਲ ਨੂੰ ਦਿੱਤੀ ਗਈ ਹੋਵੇ, ਫਿਰ ਕਪਾਹ ਨੂੰ ਫਾਸਫੋਰਸ ਪਾਉਣ ਦੀ ਕੋਈ ਜਰੂਰਤ ਨਹੀ । ਇਸ ਤੋ ਇਲਾਵਾ ਕਪਾਹ ਨੂੰ 12 ਕਿਲੋ ਫਾਸਫੋਰਸ (75 ਕਿਲੋ ਸੁਪਰ ਜਾਂ 27 ਕਿਲੋ ਡੀ.ਏ.ਪੀ.) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇ ਪਾਉ । ਜਿੱਥੇ ਫਾਸਫੋਰਸ ਲਈ 27 ਕਿਲੋ ਡੀ.ਏ.ਪੀ. ਵਰਤਿਆ ਜਾਂਦਾ ਹੈ, ਉਥੇ ਯੂਰੀਆ ਦੀ ਮਾਤਰਾ 10 ਕਿਲੋ ਘੱਟ ਕਰ ਦੇਵੋ । ਹਲਕੀਆਂ ਜਮੀਨਾਂ ਵਿੱਚ 20 ਕਿਲੋ ਪੋਟਾਸ ਅਤੇ 10 ਕਿਲੋ ਜਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 6.5 ਕਿਲੋਗ੍ਰਾਮ ਜਿੰਕ ਸਲਫੇਟ ਮੋਨੋਹਾਈਡਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਜਰੂਰ ਪਾਉ । ਫਾਸਫੋਰਸ, ਪੋਟਾਸ ਅਤੇ ਜਿੰਕ ਖਾਦਾਂ ਦੀ ਪੂਰੀ ਮਾਤਰਾ ਬਿਜਾਈ ਸਮੇ ਪਾ ਦਿਉ । ਘੱਟ ਉਪਜਾਊ ਜਮੀਨਾਂ ਵਿੱਚ ਨਾਈਟ੍ਰੋਜਨ ਦੀ ਇੱਕ ਕਿਸਤ ਬਿਜਾਈ ਸਮੇਂ ਪਾ ਦੇਣੀ ਚਾਹੀਦੀ ਹੈ । ਲੋੜ ਅਨੁਸਾਰ ਯੂਰੀਆ ਪਾਉਣ ਲਈ ਪੱਤਾ ਰੰਗ ਚਾਰਟ ਦੀ ਵਰਤੋ ਕੀਤੀ ਜਾ ਸਕਦੀ ਹੈ । ਬੋਰੋਨ ਦੀ ਘਾਟ ਵਾਲੀਆਂ ਜਮੀਨਾਂ (0.5 ਕਿਲੋ ਪ੍ਰਤੀ ਏਕੜ ਤੋ ਘੱਟ ਬੋਰੋਨ), ਜਿਸ ਵਿੱਚ 2% ਜਾਂ ਵਧੇਰੇ ਕੈਲਸੀਅਮ ਕਾਰਬੋਨੇਟ ਹੋਣ, ਵਿੱਚ ਬਿਜਾਈ ਦੇ ਸਮੇ 400 ਗ੍ਰਾਮ ਬੋਰੋਨ (4 ਕਿਲੋ ਬੋਰੈਕਸ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ । ਬੋਰੋਨ ਨੂੰ ਅੰਨੇਵਾਹ ਢੰਗ ਨਾਲ ਸਾਰੀਆਂ ਜਮੀਨਾਂ ਵਿੱਚ ਨਹੀ ਪਾਉਣਾ ਚਾਹੀਦਾ, ਕਿਉਕਿ ਜਮੀਨ ਵਿੱਚ ਬਹੁਤ ਜਿਆਦਾ ਬੋਰੋਨ ਫਸਲ ਲਈ ਜਹਿਰੀਲਾ ਸਾਬਤ ਹੋ ਸਕਦਾ ਹੈ ।
ਨਰਮੇ ਤੋ ਵਧੇਰੇ ਝਾੜ ਲੈਣ ਲਈ, ਪੋਟਾਸੀਅਮ ਨਾਈਟ੍ਰੇਟ ਦੇ 4 ਸਪਰੇਅ ਕਰਨ ਨਾਲ ਫੁੱਲ ਡੋਡੀ ਅਤੇ ਕੱਚੇ ਟੀਡੇ ਨਹੀ ਝੜਦੇ, ਜਿਸ ਨਾਲ ਪੈਦਾਵਾਰ ਵਿੱਚ ਚੋਖਾ ਵਾਧਾ ਹੁੰਦਾ ਹੈ। ਫੁੱਲਾਂ ਦੀ ਸੁਰੂਆਤ ਤੋ ਲੈ ਕੇ 2% ਪੋਟਾਸੀਅਮ ਨਾਈਟੇ੍ਰਟ (13:0:45::ਂ:ਫ:ਖ) ਦੇ ਚਾਰ ਸਪਰੇਅ ਹਫਤੇ ਦੇ ਵਕਫੇ ਤੇ ਕਰੋ । 2% ਪੋਟਾਸੀਅਮ ਨਾਈਟ੍ਰੇਟ ਦਾ ਮਤਲਬ ਹੈ ਕਿ 2 ਕਿਲੋ ਪੋਟਾਸੀਅਮ ਨਾਈਟ੍ਰੇਟ ਨੂੰ 100 ਲੀਟਰ ਪਾਣੀ ਵਿੱਚ ਘੋਲ ਲਓ ।ਨਰਮੇ ਵਿੱਚ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ, 1% ਮੈਗਨੀਸੀਅਮ ਸਲਫੇਟ (1 ਕਿਲੋ ਮੈਗਨੀਸਅਮ ਸਲਫੇਟ ਨੂੰ 100 ਲੀਟਰ ਪਾਣੀ ਵਿਚ ਘੋਲ ਲਓ) ਦੇ ਦੋ ਸਪਰੇਅ ਫੁੱਲ ਡੋਡੀ ਅਤੇ ਟੀਡੇ ਬਨਣ ਦੀ ਅਵਸਥਾ ਦੌਰਾਨ 15 ਦਿਨਾਂ ਦੇ ਵਕਫੇ ਤੇ ਕਰੋ । ਜਿਸ ਖੇਤ ਵਿੱਚ ਪਿਛਲੇ ਸਾਲ ਨਰਮੇ ਤੇ ਲਾਲੀ ਆਈ ਹੋਵੇ, ਉਸ ਖੇਤ ਵਿੱਚ ਪੱਤਿਆਂ ਤੇ ਲਾਲੀ ਆਉਣ ਤੋਂ ਪਹਿਲਾਂ ਪਹਿਲਾ 1% ਮੈਗਨੀਸਅਮ ਸਲਫੇਟ ਦੇ ਦੋ ਸਪਰੇਅ ਜ਼ਰੂਰ ਕਰਨੇ ਚਾਹੀਦੇ ਹਨ ।
ਨਦੀਨਾਂ ਦੀ ਸੁਚੱਜੀ ਰੋਕਥਾਮ: ਇਟਸਿਟ, ਮਧਾਣਾ, ਮੱਕੜਾ, ਚੁਲਾਈ, ਤਾਂਦਲਾ, ਭੱਖੜਾ, ਕੰਗੀ ਬੁੂਟੀ, ਪੀਲੀ ਬੂਟੀ ਆਦਿ ਨਰਮੇ-ਕਪਾਹ ਦੇ ਪ੍ਰਮੁੱਖ ਨਦੀਨ ਹਨ । ਇਹਨਾਂ ਨਦੀਨਾਂ ਦੀ ਰੋਕਥਾਮ 2-3 ਗੋਡੀਆਂ ਜਾਂ ਫਿਰ ਨਦੀਨਨਾਸਕਾਂ ਨਾਲ ਕੀਤੀ ਜਾ ਸਕਦੀ ਹੈ । ਨਦੀਨਾਂ ਦੀ ਰੋਕਥਾਮ ਸਟੌਪ 30 ਈ ਸੀ (ਪੈਡੀਮੈਥਾਲਿਨ) 1 ਲੀਟਰ ਨੂੰ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਦੇ 24 ਘੰਟਿਆਂ ਦੇ ਅੰਦਰ-ਅੰਦਰ ਛਿੜਕਾਅ ਕਰਕੇ ਵੀ ਕੀਤੀ ਜਾ ਸਕਦੀ ਹੈ। ਜੇਕਰ ਪਹਿਲੀ ਸਿੰਚਾਈ ਜਾਂ ਬਾਰਿਸ ਤੋ ਬਾਅਦ ਨਦੀਨਾਂ ਦੇ ਜ਼ਿਆਦਾ ਜੰਮਣ ਦੀ ਸੰਭਾਵਨਾ ਹੋਵੇ ਤਾਂ ਪਹਿਲੀ ਸਿੰਚਾਈ ਜਾਂ ਬਾਰਿਸ ਤੋ ਬਾਅਦ ਚੰਗੇ ਵੱਤਰ ਤੇ ਵੀ ਇਹੋ ਦਵਾਈ ਨਦੀਨ ਉਗਣ ਤੋ ਪਹਿਲਾਂ ਖੇਤ ਵਿੱਚ ਸਪਰੇਅ ਕੀਤੀ ਜਾ ਸਕਦੀ ਹੈ। ਸਟੌਪ ਰਸਾਇਣ ਉਗੇ ਹੋਏ ਨਦੀਨਾਂ ਅਤੇ ਫਸਲ ਨੂੰ ਨਹੀ ਮਾਰਦਾ । ਨਦੀਨਨਾਸਕ ਦਾ ਛਿੜਕਾਅ ਫਲੈਟ ਫੈਨ ਜਾਂ ਫਲੱਡ ਜੈਟ ਨੋਜਲ ਨਾਲ ਕਰੋ । ਸਟੌਪ ਦੇ ਛਿੜਕਾਅ ਤੋ ਬਾਅਦ ਉਗੇ ਨਦੀਨਾਂ ਨੂੰ ਬਿਜਾਈ ਤੋ 45 ਦਿਨਾਂ ਬਾਅਦ ਇੱਕ ਗੋਡੀ ਜਾਂ ਤਿ੍ਰਫਾਲੀ ਜਾਂ ਸੀਲਰ ਨਾਲ ਕਾਬੂ ਕੀਤਾ ਜਾ ਸਕਦਾ ਹੈ ।
ਨਰਮੇ ਦੀ ਫਸਲ ਵਿੱਚ ਪਹਿਲੇ ਪਾਣੀ ਤੋ ਬਾਅਦ ਖੇਤ ਵੱਤਰ ਆਉਣ ਤੇ 500 ਮਿਲੀਲੀਟਰ ਹਿਟਵੀਡ ਮੈਕਸ (10 ਐਮ ਈ ਸੀ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਤੇ ਘਾਹ ਵਾਲੇ ਅਤੇ ਚੌੜੇ ਪੱਤੇ ਵਾਲੇ ਮੌਸਮੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ਖਾਸ ਤੌਰ ਤੇ ਬਰਸਾਤੀ ਮੌਸਮ ਦੌਰਾਨ ਗੋਡੀ ਜਾਂ ਤਿ੍ਰਫਾਲੀ ਤੋ ਬਿਨਾਂ ਨਦੀਨਾਂ ਦੀ ਰੋਕਥਾਮ ਲਈ 500 ਮਿਲੀਲੀਟਰ ਗਰੈਮਕਸੋਨ 24% ਐਸ.ਐਲ. (ਪੈਰਾਕੁਐਟ) ਜਾਂ 900 ਮਿਲੀਲੀਟਰ ਸਵੀਪ ਪਾਵਰ 13.5% ਐਸ.ਐਲ. (ਗਲੂਫੋਸੀਨੇਟ ਅਮੋਨੀਅਮ) ਨੂੰ 100 ਲੀਟਰ ਪਾਣੀ ਵਿੱਚ ਬਿਜਾਈ ਤੋਂ 6-8 ਹਫਤਿਆਂ ਬਾਅਦ ਜਦੋਂ ਫਸਲ ਦਾ ਕੱਦ 40-45 ਸੈਟੀਮੀਟਰ ਹੋਵੇ, ਕਤਾਰਾਂ ਵਿਚਕਾਰ ਛਿੜਕਾਅ ਕਰੋ । ਇਹ ਦੋਵੇਂ ਨਦੀਨਨਾਸਕ ਗੈਰ-ਚੋਣਵੀ ਨਦੀਨਨਾਸਕ ਹਨ, ਸੋ ਸਪਰੇਅ ਫਸਲ ਉਪਰ ਨਹੀ ਪੈਣੀ ਚਾਹੀਦੀ ਕਿਉਂਕਿ ਇਸ ਨਾਲ ਫਸਲ ਦਾ ਨੁਕਸਾਨ ਹੋਵੇਗਾ । ਛਿੜਕਾਅ ਕਰਨ ਸਮੇ ਨੋਜਲ ਜਮੀਨ ਤੋਂ 15-20 ਸੈਂਟੀਮੀਟਰ ਉਪਰ ਹੋਣੀ ਚਾਹੀਦੀ ਹੈ ਅਤੇ ਛਿੜਕਾਅ ਕਰਨ ਲਈ ਸੁਰੱਖਿਅਤ ਹੁੱਡ ਦੀ ਵਰਤੋ ਜ਼ਰੂਰ ਕਰੋ। ਵਗਦੀ ਹਵਾ ਵਿੱਚ ਇਹਨਾਂ ਨਦੀਨਨਾਸਕਾਂ ਦਾ ਛਿੜਕਾਅ ਨਹੀ ਕਰਨਾ ਚਾਹੀਦਾ ।
ਬੂਟਿਆਂ ਦੇ ਅਣਚਾਹੇ ਵਾਧੇ ਨੂੰ ਰੋਕਣਾ: ਜਿਆਦਾ ਉਪਜਾਊ ਜਮੀਨਾਂ ਵਿੱਚ ਨਰਮੇ ਦਾ ਅਣਚਾਹਿਆ ਵਾਧਾ ਸਮੱਸਿਆ ਬਣ ਜਾਂਦਾ ਹੈ ਜਿਸ ਨਾਲ ਫੁੱਲ ਡੋਡੀ ਝੜ ਜਾਂਦੀ ਹੈ। ਬੂਟਿਆਂ ਦੇ ਅਣਚਾਹੇ ਵਾਧੇ ਨੂੰ ਰੋਕਣ ਲਈ ਚਮਤਕਾਰ (ਮੈਪੀਕੁਐਟ ਕਲੋਰਾਈਡ 5%)ਦੇ ਦੋ ਸਪਰੇਅ 300 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਰਤ ਕੇ ਬਿਜਾਈ ਤੋਂ ਕਰੀਬ 60 ਅਤੇ 75 ਦਿਨਾਂ ਬਾਅਦ ਕਰੋ ।
ਸਿੰਚਾਈ ਅਤੇ ਜਲ-ਨਿਕਾਸ: ਬਾਰਿਸ ਅਤੇ ਮੌਸਮ ਦੇ ਆਧਾਰ ਤੇ ਨਰਮੇ ਦੀ ਫਸਲ ਨੂੰ 4-6 ਸਿੰਚਾਈਆਂ ਦੀ ਜਰੂਰਤ ਪੈਂਦੀ ਹੈ। ਪਹਿਲੀ ਸਿੰਚਾਈ ਬਿਜਾਈ ਤੋਂ 4-6 ਹਫਤਿਆਂ ਬਾਅਦ ਅਤੇ ਅਗਲੀਆਂ 2-3 ਹਫਤਿਆਂ ਬਾਅਦ, ਮਿੱਟੀ ਦੇ ਕਿਸਮ ਅਤੇ ਬਾਰਿਸ ਦੇ ਆਧਾਰ ਤੇ ਦਿਓ । ਹਲਕੀਆਂ ਜਮੀਨਾਂ ਵਿੱਚ ਪਹਿਲੀ ਸਿੰਚਾਈ ਮੌਸਮ ਦੇ ਅਨੁਸਾਰ ਪਹਿਲਾਂ ਵੀ ਦਿੱਤੀ ਜਾ ਸਕਦੀ ਹੈ । ਆਖਰੀ ਸਿੰਚਾਈ ਸਤੰਬਰ ਦੇ ਅੰਤ ਤੱਕ ਦਿੱਤੀ ਜਾ ਸਕਦੀ ਹੈ ਤਾਂ ਜੋ ਟੀਂਡੇ ਵਧੀਆ ਖਿੜਨ। ਫੁੱਲ ਡੋਡੀ ਬਣਨ ਸਮੇ ਨਰਮੇ-ਕਪਾਹ ਨੂੰ ਕਦੇ ਵੀ ਪਾਣੀ ਦੀ ਔੜ ਨਹੀ ਲੱਗਣ ਦੇਣੀ ਚਾਹੀਦੀ ਨਹੀ ਤਾਂ ਫੁੱਲ ਡੋਡੀ ਝੜ ਜਾਵੇਗੀ । ਨਰਮੇ-ਕਪਾਹ ਦੀ ਫਸਲ ਵਿੱਚ ਪਾਣੀ ਜਿਆਦਾ ਸਮਾਂ ਖੜਨ ਨਾਲ ਹੀ ਫਸਲ ਦਾ ਨੁਕਸਾਨ ਹੁੰਦਾ ਹੈ। ਇਸ ਲਈ ਸਹੀ ਪਾਣੀ ਨਿਕਾਸ ਹੋਣਾ ਬਹੁਤ ਜਰੂਰੀ ਹੈ ।
ਤੁਪਕਾ ਸਿੰਚਾਈ ਅਤੇ ਫਰਟੀਗੇਸਨ: ਨਰਮੇ ਵਿੱਚ ਤੁਪਕਾ ਸਿੰਚਾਈ ਅਤੇ ਫਰਟੀਗੇਸਨ ਜਮੀਨ ਦੇ ਉਪਰ ਅਤੇ ਜਮੀਨ ਦੇ ਅੰਦਰ ਡਰਿੱਪਰ ਪਾਈਪਾਂ ਨਾਲ ਕੀਤੀ ਜਾ ਸਕਦੀ ਹੈ। ਸਤਾ ਤੁਪਕਾ ਸਿੰਚਾਈ ਵਿੱਚ ਡਰਿੱਪਰ ਪਾਈਪਾਂ ਜਮੀਨ ਦੇ ਉਪਰ 67.5 ਸੈਟੀਮੀਟਰ ਦੀ ਵਿੱਥ ਤੇ ਨਰਮੇ ਦੀਆਂ ਕਤਾਰਾਂ ਦੇ ਨਾਲ ਵਿਛਾਈਆਂ ਹੁੰਦੀਆਂ ਹਨ ਅਤੇ ਧਰਤੀ ਹੇਠ ਤੁਪਕਾ ਸਿੰਚਾਈ ਵਿੱਚ ਡਰਿੱਪਰ ਪਾਈਪਾਂ 67.5 ਸੈਟੀਮੀਟਰ ਦੀ ਵਿੱਥ ਤੇ ਜਮੀਨ ਵਿੱਚ 20 ਸੈਂਟੀਮੀਟਰ ਡੂੰਘੀਆਂ ਪਾਈਆਂ ਜਾਂਦੀਆਂ ਹਨ । ਨਰਮੇ ਨੂੰ 7 ਦਿਨਾਂ ਦੇ ਵਕਫੇ ਤੇ ਸਤਾ ਉਪਰ ਰੱਖੀ ਡਰਿੱਪਰ ਪਾਈਪਾਂ ਨਾਲ, ਜਿੰਨਾਂ ਵਿੱਚ ਡਰਿੱਪਰ ਤੋ ਡਰਿੱਪਰ ਦਾ ਫਾਸਲਾ 75 ਸੈਂਟੀਮੀਟਰ ਹੋਵੇ ਅਤੇ ਪਾਣੀ ਦੀ ਨਿਕਾਸ ਦਰ 2.2 ਲਿਟਰ ਪ੍ਰਤੀ ਘੰਟਾ ਹੋਵੇ, ਨਾਲ ਮਈ/ਜੂਨ, ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੌਰਾਨ ਕ੍ਰਮਵਾਰ 50,45,40 ਅਤੇ 35 ਮਿੰਟਾਂ ਲਈ ਪਾਣੀ ਦਿਓ । ਫਰਟੀਗੇਸ਼ਨ ਲਈ 100 ਕਿਲੋ ਯੂਰੀਆ/ਏਕੜ ਨੂੰ 10 ਬਰਾਬਰ ਕਿਸਤਾਂ ਵਿੱਚ 7 ਦਿਨ ਦੇ ਵਕਫੇ ਤੇ ਬਿਜਾਈ ਤੋ 35 ਦਿਨਾਂ ਬਾਅਦ ਤੋ ਸ਼ੁਰੂ ਕਰਕੇ 110-120 ਦਿਨਾਂ ਤੱਕ ਪਾਇਆ ਜਾ ਸਕਦਾ ਹੈ ।
ਪੱਤੇ ਝਾੜਨਾ: ਟੀਂਡੇ ਅਗੇਤੇ ਅਤੇ ਇਕਸਾਰ ਖਿੜਾਉਣ ਲਈ, ਅਕਤੂਬਰ ਦੇ ਆਖਰੀ ਹਫਤੇ ਵਿੱਚ 500 ਮਿਲੀਲੀਟਰ ਈਥਰਲ 39% (ਇਥੀਫੋਨ) ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ । ਸਪਰੇਅ ਤੋਂ 7-10 ਦਿਨਾਂ ਦੇ ਬਾਅਦ ਬਹੁਤੇ ਪੱਤੇ ਝੜ ਜਾਂਦੇ ਹਨ ਜਿਸ ਨਾਲ ਨਰਮੇ ਦੀ ਗੁਣਵੱਤਾ ਅਤੇ ਉਤਪਾਦਨ ਵਿੱਚ ਵਾਧਾ ਹੁੰਦਾ ਹੈ ।
ਚੁਗਾਈ: ਨਰਮੇ ਦੇ ਮੁਕਾਬਲੇ ਕਪਾਹ ਦੀ ਚੁਗਾਈ ਅਗੇਤੀ ਅਤੇ ਜਲਦੀ ਕਰਨੀ ਪੈਦੀ ਹੈ । ਨਰਮਾ ਕਪਾਹ ਦੇ ਜਮੀਨ ਤੇ ਡਿੱਗਣ ਨਾਲ ਹੁੰਦੇ ਨੁਕਸਾਨ ਤੋ ਬਚਣ ਲਈ 15-20 ਦਿਨ ਦੇ ਵਕਫੇ ਤੇ ਸਾਫ ਅਤੇ ਸੁੱਕੇ ਨਰਮੇ ਕਪਾਹ ਦੀ ਚੁਗਾਈ ਕਰੋ। ਪਹਿਲੀ ਅਤੇ ਆਖਰੀ ਚੁਗਾਈ ਨੂੰ ਵੱਖਰੇ ਅਤੇ ਗੁਣਵੱਤਾ ਅਨੁਸਾਰ ਵੱਖ ਵੱਖ ਕਿਸਮਾਂ ਦੇ ਉਤਪਾਦਾਂ ਨੂੰ ਵੱਖਰੇ ਰੱਖਣ ਨਾਲ ਮਾਰਕੀਟ ਵਿੱਚ ਚੰਗੀ ਕੀਮਤ ਮਿਲਦੀ ਹੈ ।
ਪਰਮਜੀਤ ਸਿੰਘ : 9463628801
ਪਰਮਜੀਤ ਸਿੰਘ, ਪੰਕਜ ਰਠੌਰ ਅਤੇ ਵਿਨੀਤ ਕੁਮਾਰ
ਖੇਤਰੀ ਖੋਜ ਕੇਂਦਰ, ਬਠਿੰਡਾ
Summary in English: Adopt certified cotton varieties and weaving techniques for higher yields