ਪਾਣੀ ਦੀ ਵਰਤੋਂ ਅਤੇ ਫਸਲਾਂ ਦੀ ਕਾਸ਼ਤ ਨਾਲ-ਨਾਲ ਚੱਲਦੀ ਹੈ। ਜਿਸ ਤਰੀਕੇ ਨਾਲ ਪਾਣੀ ਦੀ ਬੱਚਤ ਹੁੰਦੀ ਹੈ, ਉਸ ਨੂੰ ਤਰਜੀਹ ਦੇਣੀ ਚਾਹੀਦੀ ਹੈ, ਬਸ ਉਸ ਵਿੱਚ ਉਪਜ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕਰਨਾ ਪਵੇ। ਜੇਕਰ ਅਸੀਂ ਝੋਨੇ ਦੀ ਫਸਲ ਦੀ ਗੱਲ ਕਰੀਏ ਤਾਂ ਝੋਨੇ ਦੇ ਰੋਪਣ ਕਾਰਨ ਜ਼ਮੀਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ, ਜਿਸਦੇ ਨਤੀਜੇ ਵਜੋਂ ਉੱਪਰੀ ਜ਼ਮੀਨ ਅਤੇ ਕਣਕ ਦੀ ਫਸਲ ਨੂੰ ਨੁਕਸਾਨ ਹੁੰਦਾ ਹੈ। ਝੋਨੇ ਦੀ ਸਿੱਧੀ ਬਿਜਾਈ ਨਾਲ ਪਨੀਰੀ ਅਤੇ ਕੱਦੂ ਕਰਨ ਦਾ ਕੰਮ ਅਤੇ ਮਿੱਟੀ ਦਾ ਨੁਕਸਾਨ ਘੱਟ ਜਾਂਦਾ ਹੈ।
ਝੋਨੇ ਦੀ ਸਿੱਧੀ ਬਿਜਾਈ ਦੇ ਕੱਦੂ ਕਰਕੇ ਲਾਏ ਝੋਨੇ ਨਾਲੋਂ ਬਹੁਤ ਫਾਇਦੇ ਹਨ, ਜਿਵੇਂ ਕਿ 15-20% ਪਾਣੀ ਦੀ ਬੱਚਤ, ਭੂਮੀਗਤ ਪਾਣੀ ਦਾ 10-12% ਜਿਆਦਾ ਰੀਚਾਰਜ, ਘੱਟ ਬਿਮਾਰੀਆਂ, ਪਰਾਲੀ ਦਾ ਪ੍ਰਬੰਧ ਕਰਨਾ ਸੌਖਾ ਅਤੇ ਕਣਕ ਦਾ ਝਾੜ 100 ਕਿਲੋ/ਏਕੜ ਜਿਆਦਾ ਮਿਲਦਾ ਹੈ। ਸਿੱਧੀ ਬਿਜਾਈ ਦੀ ਨਵੀਂ ਤਕਨੀਕ “ਤਰ-ਵੱਤਰ ਖੇਤ ਵਿੱਚ ਸਿੱਧੀ ਬਿਜਾਈ” ਰਾਹੀਂ ਬੀਜੀ ਫਸਲ ਨੂੰ ਪਹਿਲਾ ਪਾਣੀ ਤਕਰੀਬਨ 21 ਦਿਨ ਬਾਦ ਲਾਇਆ ਜਾਂਦਾ ਹੈ। ਇਸ ਸਮੇਂ ਦੌਰਾਨ ਬੂਟਾ ਆਪਣੀ ਜਿਆਦਾ ਤਾਕਤ ਜੜ੍ਹਾਂ ਡੂੰਘੀਆਂ ਕਰਨ ਤੇ ਲਾਉਂਦਾ ਹੈ ਅਤੇ ਉੱਪਰ ਨੂੰ ਘੱਟ ਵੱਧਦਾ ਹੈ। ਜਿਸ ਕਰਕੇ ਸ਼ੁਰੂ ਵਿੱਚ ਖੇਤ ਖਾਲੀ-ਖਾਲੀ ਲੱਗਦਾ ਹੈ। ਇਸ ਤੋਂ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਪਹਿਲੇ ਪਾਣੀ ਤੋਂ ਬਾਅਦ ਬੂਟੇ ਦਾ ਉਪਰਲਾ ਵਾਧਾ ਬਹੁਤ ਤੇਜ ਹੁੰਦਾ ਹੈ ਅਤੇ ਅਗਲੇ 15-20 ਦਿਨ ਵਿੱਚ ਖੇਤ ਭਰਿਆ-ਭਰਿਆ ਦਿਸਣ ਲੱਗ ਪੈਂਦਾ ਹੈ। ਪਹਿਲੀ ਸਿੰਚਾਈ ਲੇਟ ਕਰਨ ਨਾਲ ਇਕ ਤਾਂ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ ਅਤੇ ਦੂਸਰਾ, ਜੜ੍ਹਾਂ ਡੂੰਘੀਆਂ ਜਾਣ ਕਰਕੇ ਖੁਰਾਕੀ ਤੱਤਾਂ ਖਾਸ ਕਰਕੇ ਲੋਹੇ ਦੀ ਘਾਟ ਬਹੁਤ ਘੱਟ ਆਉਂਦੀ ਹੈ।
ਝੋਨੇ ਦੀ ਸਿੱਧੀ ਬਿਜਾਈ ਲਈ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ
ਢੁੱਕਵੀ ਜ਼ਮੀਨਾਂ: ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ (ਰੇਤਲੀ ਮੈਰਾ, ਮੈਰਾ, ਚੀਕਣੀ ਮੈਰਾ, ਭੱਲ ਵਾਲੀ ਮੈਰਾ) ਬਹੁਤ ਅਨੁਕੂਲ ਹਨ। ਹਲਕੀਆਂ ਜ਼ਮੀਨਾਂ (ਰੇਤਲੀ, ਮੈਰਾ ਰੇਤਲੀ) ਢੁੱਕਵੀਆਂ ਨਹੀਂ ਹਨ।
ਢੁੱਕਵੀਆਂ ਕਿਸਮਾਂ: ਘੱਟ ਸਮਾਂ ਲੈਕੇ ਪੱਕਣ ਵਾਲੀਆਂ ਕਿਸਮਾਂ ਜ਼ਿਆਦਾ ਢੁੱਕਵੀਆਂ ਹਨ।
ਖੇਤ ਦੀ ਤਿਆਰੀ: ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ ਹਾਲਤ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ।
ਬਿਜਾਈ ਦਾ ਸਹੀ ਸਮਾਂ: ਜੂਨ ਦਾ ਪਹਿਲਾ ਪੰਦਰਵਾੜਾ (1 ਤੋਂ 15 ਜੂਨ)।
ਬੀਜ ਦੀ ਮਾਤਰਾ ਅਤੇ ਸੋਧ: ਇੱਕ ਏਕੜ ਲਈ 8-10 ਕਿਲੋ ਬੀਜ ਵਰਤੋ। ਬੀਜ ਨੂੰ 12 ਘੰਟੇ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ+ਕਾਰਬੈਂਡਾਜ਼ਿਮ) ਨੂੰ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ (10-12 ਮਿਲੀਲੀਟਰ ਪਾਣੀ ਵਿੱਚ ਮਿਲਾ ਕੇ) ਸੋਧ ਲਵੋ।
ਬਿਜਾਈ ਦਾ ਢੰਗ: ਬਿਜਾਈ ਲਈ 'ਲੱਕੀ ਸੀਡ ਡਰਿੱਲ', ਜਿਹੜੀ ਕਿ ਝੋਨੇ ਦੀ ਬਿਜਾਈ ਅਤੇ ਨਦੀਨ ਨਾਸ਼ਕ ਦੀ ਸਪਰੇ ਨਾਲੋ-ਨਾਲ ਕਰਦੀ ਹੈ, ਨੂੰ ਤਰਜੀਹ ਦਿਓ। ਜੇਕਰ ਇਹ ਮਸ਼ੀਨ ਨਾ ਹੋਵੇ ਤਾਂ ਝੋਨਾ ਬੀਜਣ ਵਾਲ਼ੀ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਬਿਜਾਈ ਕਰ ਦਿਉ ਅਤੇ ਬਿਜਾਈ ਦੇ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਛਿੜਕਾਅ ਕਰ ਦਿਓ। ਬਿਜਾਈ 20 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿਚੱ ਕਰੋ। ਬੀਜ ਸਵਾ ਤੋਂ ਡੇਢ ਇੰਚ ਡੂੰਘਾਈ ਤੇ ਰੱਖੋ।
ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ ਤੁਰੰਤ ਬਾਅਦ ਸਟੌਪ/ਬੰਕਰ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ। ਜੇਕਰ ਲੱਕੀ ਸੀਡ ਡਰਿੱਲ ਵਰਤੀ ਜਾਵੇ ਤਾਂ ਉਸਦੇ ਨਾਲ ਨਦੀਨ ਨਾਸ਼ਕ ਦਾ ਛਿੜਕਾਅ ਬਿਜਾਈ ਦੇ ਨਾਲੋ ਨਾਲ ਹੀ ਹੋ ਜਾਂਦਾ ਹੈ।
ਕਰੰਡ ਤੋੜਨਾ: ਜੇਕਰ ਝੋਨੇ ਦੇ ਪੁੰਗਾਰ ਹੋਣ ਤੋਂ ਪਹਿਲਾਂ ਬਰਸਾਤ ਪੈਣ ਕਰਕੇ ਝੋਨਾ ਕਰੰਡ ਹੋ ਜਾਵੇ ਤਾਂ ਉਸਨੂੰ 'ਸਰੀਆ ਵਾਲੀ ਕਰੰਡੀ' ਨਾਲ ਕਰੰਡ ਤੋੜ ਦਿਉ।
ਸਿੰਚਾਈ ਪ੍ਰਬੰਧ: ਤਰ-ਵੱਤਰ ਖੇਤ ਵਿੱਚ ਬਿਜਾਈ ਕਰਕੇ ਪਹਿਲਾ ਪਾਣੀ ਤਕਰੀਬਨ 21 ਦਿਨ ਬਾਅਦ ਲਾਉ। ਅਗਲੇ ਪਾਣੀ 5-7 ਦਿਨਾਂ ਦੇ ਵਕਫੇ ਤੇ ਲਾਓ। ਆਖਰੀ ਪਾਣੀ ਕਟਾਈ ਤੋਂ 10 ਦਿਨ ਪਹਿਲਾਂ ਲਾਓ।
ਖੜੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਕਿਸਮ ਦੇ ਆਧਾਰ ਤੇ ਨੌਮਨੀਗੋਲਡ 10 ਐਸ ਸੀ (ਬਿਸਪਾਇਰੀਬੈਕ ਸੋਡੀਅਮ) @100
ਮਿਲੀਲਿਟਰ (ਸਵਾਂਕ, ਸਵਾਂਕੀ, ਝੋਨੇ ਦੇ ਮੋਥੇ ਲਈ) ਜਾਂ ਰਾਈਸਸਟਾਰ 6.7 ਈ ਸੀ (ਫਿਨਾਕਸਾਪਰੋਪ-ਪੀ-ਇਥਾਇਲ) @400 ਮਿਲੀਲਿਟਰ (ਗੁੜਤ ਮਧਾਨਾ, ਘੋੜਾ ਘਾਹ, ਤੱਕੜੀ ਘਾਹ ਲਈ) ਜਾਂ ਐਲਮਿਕਸ 20 ਡਬਲਯੂਪੀ (ਕਲੋਰੀਮਿਯੂਰਾਨ ਇਥਾਇਲ + ਮੈਟਸਲਫੂਰਾਨ ਮਿਥਾਇਲ) @8 ਗ੍ਰਾਮ (ਚੌੜੇ ਪੱਤੇ ਵਾਲੇ, ਝੋਨੇ ਦੇ ਮੋਥੇ, ਗੰਢੀ ਵਾਲਾ ਡੀਲਾ/ਮੋਥਾ ਲਈ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਖਾਦਾਂ ਦੀ ਵਰਤੋਂ: ਪਰਮਲ ਝੋਨੇ ਵਿੱਚ 130 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਤਿੰਨ ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਬਿਜਾਈ ਤੋਂ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਓ। ਬਾਸਮਤੀ ਝੋਨੇ ਵਿੱਚ 54 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਬਿਜਾਈ ਤੋਂ 3, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਓ। ਫਾਸਫੋਰਸ, ਪੋਟਾਸ਼ ਅਤੇ ਜਿੰਕ ਤੱਤਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਤੇ ਕਰੋ। ਲੋਹੇ ਦੀ ਘਾਟ ਆਉਣ ਤੇ 1 ਕਿਲੋ ਫੈਰਸ ਸਲਫੇਟ 100 ਲਿਟਰ ਪਾਣੀ ਵਿਚ ਘੋਲ ਕੇ ਦੋ ਛਿੜਕਾਅ ਹਫਤੇ ਦੀ ਵਿੱਥ ਤੇ ਕਰੋ।
ਚੋਭੇ/ਰਲ੍ਹੇ ਦਾ ਪ੍ਰਬੰਧ: ਜਿੰਨ੍ਹਾਂ ਖੇਤਾਂ ਵਿੱਚ ਚੋਭੇ/ਰਲ੍ਹੇ ਦੀ ਸਮੱਸਿਆ ਹੋਵੇ ਤਾਂ ਦੂਹਰੀ ਰੌਣੀ ਕਰੋ ਅਤੇ ਅਗੇਤੀ ਬਿਜਾਈ (ਮਈ ਮਹੀਨੇ) ਨਾ ਕਰੋ।
ਝੋਨੇ ਦੀ ਸਿੱਧੀ ਬਿਜਾਈ ਲਈ ਕੀ ਕਰੀਏ
1. ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਅਤੇ ਭਾਰੀਆਂ ਜਮੀਨਾਂ ਵਿੱਚ ਹੀ ਕਰੋ।
2. ਸਿੱਧੀ ਬਿਜਾਈ ਸਿਰਫ ਉਹਨਾਂ ਖੇਤਾਂ ਵਿੱਚ ਹੀ ਕਰੋ ਜਿੱਥੇ ਪਿਛਲੇ ਸਾਲਾਂ ਦੌਰਾਨ ਝੋਨਾ ਲਾਇਆ ਜਾਂਦਾ ਰਿਹਾ ਹੋਵੇ ।
3. 1 ਤੋਂ 15 ਜੂਨ ਸਿੱਧੀ ਬਿਜਾਈ ਲਈ ਬਹੁਤ ਢੁਕਵਾਂ ਹੈ।
4. ਸਿੱਧੀ ਬਿਜਾਈ ਲਈ ਘੱਟ ਸਮਾਂ ਲੈਕੇ ਪੱਕਣ ਵਾਲੀਆ ਕਿਸਮਾਂ ਦੀ ਚੋਣ ਕਰੋ।
5. ਜ਼ਮੀਨ ਨੂੰ ਤਰ-ਵੱਤਰ/ਖੁਰ-ਗੱਡ ਵੱਤਰ ਹਾਲਤ ਵਿੱਚ ਹੋਛਾ ਵਾਹੁਣ ਉਪਰੰਤ 2 ਵਾਰ ਸੁਹਾਗਾ ਮਾਰਕੇ ਤੁਰੰਤ ਬਿਜਾਈ ਕਰ ਦਿਉ।
6. ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਹੀ ਪਾਉ ।
7. ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 21 ਦਿਨਾਂ ਬਾਅਦ ਲਾਓ।
8. ਖੇਤ ਦੀ ਤਿਆਰੀ, ਬਿਜਾਈ ਅਤੇ ਨਦੀਨ ਨਾਸ਼ਕ ਦਾ ਛਿੜਕਾਅ ਸਵੇਰ ਵੇਲੇ ਜਾਂ ਸ਼ਾਮ ਵੇਲੇ ਹੀ ਕਰੋ।
9. ਨਦੀਨ ਨਾਸ਼ਕ ਦਾ ਛਿੜਕਾਅ ਹਮੇਸ਼ਾ ਚੰਗੇ ਸਿਲ੍ਹਾਬ ਵਿੱਚ ਹੀ ਕਰੋ।
10. ਖੜ੍ਹੀ ਫਸਲ ਵਿੱਚ ਨਦੀਨ ਨਾਸ਼ਕ ਦੇ ਛਿੜਕਾਅ ਤੋਂ ਬਾਅਦ ਇਕ ਹਫਤਾ ਖੇਤ ਵਿੱਚ ਸਿਲ੍ਹਾਬ ਰੱਖੋ। ਜੇਕਰ ਲੋੜ ਪਵੇ ਤਾਂ ਸਪਰੇਅ ਤੋਂ 2-3 ਦਿਨ ਬਾਅਦ ਹਲਕਾ ਪਾਣੀ ਲਾ ਦਿਓ।
ਝੋਨੇ ਦੀ ਸਿੱਧੀ ਬਿਜਾਈ ਲਈ ਕੀ ਨਾ ਕਰੀਏ
1. ਸਿੱਧੀ ਬਿਜਾਈ ਰੇਤਲੀਆਂ ਜ਼ਮੀਨਾਂ ਵਿੱਚ ਨਾ ਕਰੋ।
2. ਪਿਛਲੇ ਸਾਲਾਂ ਵਿੱਚ ਗੰਨਾ, ਕਪਾਹ, ਮੱਕੀ ਆਦਿ ਦੀ ਕਾਸ਼ਤ ਵਾਲੇ ਖੇਤਾਂ ਵਿੱਚ ਸਿੱਧੀ ਬਿਜਾਈ ਤੋਂ ਗੁਰੇਜ ਕਰੋ।
3. ਅਗੇਤੀ ਬਿਜਾਈ (ਮਈ ਦੇ ਮਹੀਨੇ) ਨਾ ਕਰੋ।
4. ਲੰਬੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਵਿੱਚ ਜ਼ਿਆਦਾ ਬਿਮਾਰੀ ਅਤੇ ਪਾਣੀ ਦੀ ਖਪਤ ਵੀ ਜ਼ਿਆਦਾ ਹੋਵੇਗੀ।
5. ਖੇਤ ਨੂੰ ਬਿਜਾਈ ਤੋਂ ਜ਼ਿਆਦਾ ਪਹਿਲਾਂ ਨਾ ਤਿਆਰ ਕਰੋ। ਅਜਿਹਾ ਕਰਨ ਨਾਲ ਖੇਤ ਦਾ ਵੱਤਰ ਸੁੱਕ ਜਾਂਦਾ ਹੈ ਅਤੇ ਫਸਲ ਦਾ ਜੰਮ ਘੱਟ ਜਾਂਦਾ ਹੈ।
6. ਜ਼ਿਆਦਾ ਬੀਜ ਪਾਉਣ ਤੇ ਬੀਮਾਰੀਆਂ ਜ਼ਿਆਦਾ ਲਗਦੀਆਂ ਹਨ, ਦਾਣਿਆਂ ਵਿੱਚ ਥੋਥ ਜ਼ਿਆਦਾ ਆਉਂਦੀ ਹੈ।
7. ਪਹਿਲਾ ਪਾਣੀ ਅਗੇਤਾ ਨਾ ਲਗਾਉ, ਅਜਿਹਾ ਕਰਨ ਨਾਲ ਨਦੀਨ ਜ਼ਿਆਦਾ ਹੋਣਗੇ ਅਤੇ ਲੋਹੇ ਦੀ ਘਾਟ ਜ਼ਿਆਦਾ ਆਵੇਗੀ।
8. ਖੇਤ ਦੀ ਤਿਆਰੀ, ਸਿੱਧੀ ਬਿਜਾਈ ਅਤੇ ਨਦੀਨ ਨਾਸ਼ਕ ਦਾ ਛਿੜਕਾਅ ਕਦੇ ਵੀ ਦੁਪਹਿਰ ਵੇਲੇ ਨਾ ਕਰੋ।
9. ਨਦੀਨ ਨਾਸ਼ਕ ਦਾ ਛਿੜਕਾਅ ਕਦੇ ਵੀ ਸੁੱਕੇ ਖੇਤ ਵਿੱਚ ਨਾ ਕਰੋ।
10. ਖੜ੍ਹੀ ਫਸਲ ਵਿੱਚ ਨਦੀਨ ਨਾਸ਼ਕ ਦੇ ਛਿੜਕਾਅ ਤੋਂ ਬਾਅਦ ਖੇਤ ਨੂੰ ਖੁਸ਼ਕ ਨਾ ਹੋਣ ਦਿਓ ਨਹੀਂ ਤਾਂ ਨਦੀਨ ਨਾਸ਼ਕ ਦਾ ਅਸਰ ਘੱਟ ਜਾਵੇਗਾ।
ਇਹ ਵੀ ਪੜ੍ਹੋ: ਕਾਲੀ ਹਲਦੀ ਦੀ ਕਾਸ਼ਤ ਨਾਲ ਕਿਸਾਨਾਂ ਨੂੰ ਹੋਵੇਗੀ ਚੰਗੀ ਕਮਾਈ! ਜਾਣੋ ਢੁਕਵਾਂ ਤਰੀਕਾ
ਹੋਰ ਧਿਆਨ ਰੱਖਣ ਯੋਗ ਗੱਲਾਂ
1. ਕਿਸਾਨ ਵੀਰ ਆਪਣੇ ਤੋਰ ਤੇ ਵਿਸ਼ੇਸ਼ ਧਿਆਨ ਦੇ ਕੇ ਤਰ-ਵੱਤਰ ਖੁੰਜਣ/ਖੁਸਣ ਨਾ ਦੇਣ।
2. ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਲੋੜ ਨਹੀਂ, ਬਸ ਖੇਤ ਨੂੰ ਸਿਲ੍ਹਾਬਾ ਰੱਖੋ।
3. ਬਿਜਾਈ ਲਈ ਚੌੜੇ ਪਹੀਆਂ ਵਾਲੀ ਲੱਕੀ ਸੀਡ ਡਰਿੱਲ ਨੂੰ ਤਰਜੀਹ ਦਿਉ।
4. ਪਹੀਆ ਵਾਲੀ ਡਰਿੱਲ ਨਾਲ ਬਿਜਾਈ ਕਰਨ ਤੇ ਕਰੰਡ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ।
5. ਜੇਕਰ ਪੁੰਗਾਰਾ ਮਾਰਨ ਤੋਂ ਪਹਿਲਾਂ ਕਰੰਡ ਹੋ ਜਾਵੇ ਤਾਂ ਸਰੀਆਂ ਵਾਲੀ ਕਰੰਡੀ/ਜ਼ਾਲ ਨਾਲ ਤੋੜ ਦਿਉ।
6. ਫ਼ਸਲ ਨੂੰ ਪਾਣੀ ਲਾਉਣ ਤੋਂ ਪਹਿਲਾਂ ਕਿਸਾਨ ਵੀਰ ਫ਼ਸਲ/ਖੇਤ ਦਾ ਨਿਰੀਖਣ ਸਵੇਰ ਵੇਲੇ ਕਰਨ।
Summary in English: Adopt direct sowing of paddy to save water, electricity and labor!