ਤੁਪਕਾ ਸਿੰਚਾਈ ਪ੍ਰਣਾਲੀ ਰਾਹੀਂ ਫ਼ਰਟੀਗੇਸ਼ਨ ਕਰਨ ਨਾਲ ਝਾੜ ਨੂੰ ਪ੍ਰਭਾਵਿਤ ਕੀਤੇ ਬਗੈਰ ਖਾਦ ਦੀ ਜ਼ਰੂਰਤ ਨੂੰ 10-25% ਤੱਕ ਘਟਾਇਆ ਜਾ ਸਕਦਾ ਹੈ। ਤੁਪਕਾ ਸਿੰਚਾਈ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਰਾਜ ਸਰਕਾਰ ਵਲੋਂ ਸਬਸਿਡੀ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ।
ਬਹਾਰ ਰੁੱਤ ਦੀਆਂ ਫ਼ਸਲਾਂ ਜਿਵੇਂ ਕਿ ਮੱਕੀ, ਸੂਰਜਮੁਖੀ ਅਤੇ ਮੈਂਥਾ ਦੀ ਕਾਸ਼ਤ ਗਰਮ ਅਤੇ ਖੁਸ਼ਕ ਮੌਸਮ, ਜਦੋਂ ਵਾਸ਼ਪੀਕਰਨ ਸਭ ਤੋਂ ਵੱਧ ਹੁੰਦਾ ਹੈ ਵਿੱਚ ਕੀਤੀ ਜਾਂਦੀ ਹੈੈ। ਇਸ ਕਰਕੇ ਇਹਨਾਂ ਫ਼ਸਲਾਂ ਨੂੰ ਵੱਧ ਸਿੰਚਾਈਆਂ ਦੀ ਜ਼ਰੂਰਤ ਪੈਂਦੀ ਹੈ। ਜ਼ਿਆਦਾ ਤਾਪਮਾਨ ਅਤੇ ਗਰਮ ਹਵਾਵਾਂ ਮੱਕੀ ਦੀ ਫ਼ਸਲ ਲਈ ਨੁਕਸਾਨਦਾਇਕ ਹੁੰਦੀਆਂ ਹਨ ਅਤੇ ਇਹਨਾਂ ਕਠੋਰ ਸਥਿਤੀਆਂ ਦਾ ਮੁਕਾਬਲਾ ਕਰਨ ਲਈ ਫ਼ਸਲ ਨੂੰ ਤਕਰੀਬਨ 15-18 ਪਾਣੀ ਲਾਉਣੇ ਪੈਂਦੇ ਹਨ। ਇਸੇ ਤਰਾਂ, ਮੈਂਥਾ ਇੱਕ ਲੰਬਾ ਸਮਾਂ ਚੱਲਣ (ਅਖੀਰ ਜਨਵਰੀ ਤੋਂ ਅਖੀਰ ਜੂਨ) ਵਾਲੀ ਫ਼ਸਲ ਹੈ ਜਿਸ ਨੂੰ 18-20 ਸਿੰਚਾਈਆਂ ਦੀ ਲੋੜ ਪੈਂਦੀ ਹੈ। ਭਾਵੇਂ ਕਿ ਸੂਰਜਮੁਖੀ ਘੱਟ ਸਮਾਂ ਲੈਣ ਵਾਲੀ ਫ਼ਸਲ ਹੈ ਪਰ ਝਾੜ ਘਟਣ ਤੋਂ ਬਚਾਉਣ ਲਈ ਸਮੇਂ-ਸਮੇਂ ਤੇ ਸਿੰਚਾਈ ਦੀ ਜ਼ਰੂਰਤ ਪੈਂਦੀ ਹੈ।ਬਹਾਰ ਰੁੱਤ ਤੇ ਅਧਾਰਿਤ ਫ਼ਸਲੀ ਚੱਕਰਾਂ ਵਿੱਚ ਸਿੰਚਾਈ ਵਾਲੇ ਪਾਣੀ ਦੀ ਜ਼ਰੂਰਤ ਸੂਬੇ ਦੇ ਸਭ ਤੋਂ ਪ੍ਰਮੁੱਖ ਫ਼ਸਲੀ ਚੱਕਰ (ਝੋਨੇ-ਕਣਕ) ਦੀ ਸਿੰਚਾਈ ਵਾਲੇ ਪਾਣੀ ਦੀ ਜ਼ਰੂਰਤ ਤੋਂ ਵੀ ਵੱਧ ਹੈ। ਬਹਾਰ ਰੁੱਤ ਦੀਆਂ ਫ਼ਸਲਾਂ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਰਾਹੀਂ ਸਿੰਚਾਈ ਵਾਲੇ ਪਾਣੀ ਦੀ ਕੁਸ਼ਲ ਵਰਤੋਂ ਨਾਲ ਜ਼ਮੀਨੀ ਪਾਣੀ ਦੇ ਪੱਧਰ ਵਿੱਚ ਗਿਰਾਵਟ ਨੂੰ ਰੋਕਿਆ ਜਾ ਸਕਦਾ ਹੈ ਅਤੇ ਸੂਬੇ ਵਿੱਚ ਬਿਜਲੀ ਸਬਸਿਡੀਆਂ ਘਟਾਈਆਂ ਜਾ ਸਕਦੀਆਂ ਹਨ। ਇਹਨਾਂ ਫ਼ਸਲਾਂ ਦੀ ਉਤਪਾਦਕਤਾ ਪਾਣੀ ਅਤੇ ਖੁਰਾਕੀ ਤੱਤਾਂ ਦੁਆਰਾ ਬਹੁਤ ਪ੍ਰਭਾਵਿਤ ਹੁੰਦੀ ਹੈ ਅਤੇ ਤੁਪਕਾ ਸਿੰਚਾਈ ਪ੍ਰਣਾਲੀ ਅਧੀਨ ਪਾਣੀ ਅਤੇ ਤੱਤਾਂ ਨੂੰ ਵਧੀਆ ਢੰਗ ਨਾਲ ਮੁਹੱਈਆ ਕਰਾ ਕੇ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।
ਬਹਾਰ ਰੁੱਤ ਦੀ ਮੱਕੀ: ਬਹਾਰ ਰੁੱਤ ਦੀ ਮੱਕੀ ਵਿੱਚ ਤੁਪਕਾ ਸਿੰਚਾਈ ਦੀ ਵਰਤੋਂ ਕਰਨ ਲਈ ਖਾਲ਼ੀ ਦੇ ਕੇਂਦਰ ਤੋਂ ਕੇਦਰ ਦੀ 1.20 ਮੀਟਰ ਦੀ ਦੂਰੀ ਰੱਖ ਕੇ ਚੌੜੇ ਬੈਡ ਬਣਾਏ ਜਾਂਦੇ ਹਨ। ਇਹ ਬੈਡ 80 ਸੈਂਟੀਮੀਟਰ ਚੌੜੇ ਹੁੰਦੇ ਹਨ ਅਤੇ ਬੈਡ ਤੋਂ ਬੈਡ ਦਾ ਫ਼ਾਸਲਾ 40 ਸੈਂਟੀਮੀਟਰ ਦਾ ਹੁੰਦਾ ਹੈ। ਇਹ ਬੈਡ ਯੂ. ਵੀ. ਸਟੈਬਲਾਈਜ਼ਰ 25 ਮਾਈਕਰੋਨ (23 ਗ੍ਰਾਮ ਪ੍ਰਤੀ ਵਰਗ ਮੀਟਰ) ਦੀ ਮੋਟਾਈ ਵਾਲੀ ਕਾਲੇ ਰੰਗ ਦੀ ਪਲਾਸਟਿਕ ਸ਼ੀਟ ਨਾਲ ਢੱਕੇ ਜਾਂਦੇ ਹਨ। ਚੌੜੇ ਬੈਡਾਂ ਤੇ ਮੱਕੀ ਦੀਆਂ ਦੋ ਕਤਾਰਾਂ 60 ਸੈਂਟੀਮੀਟਰ ਦੀ ਦੂਰੀ ਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖਦੇ ਹੋਏ ਬੀਜੀਆਂ ਜਾਂਦੀਆਂ ਹਨ। ਮੱਕੀ ਦੀਆਂ ਦੋ ਕਤਾਰਾਂ ਵਿੱਚ ਇੱਕ ਡਰਿੱਪ ਲਾਈਨ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਵਿੱਚ ਡਰਿੱਪਰ ਤੋਂ ਡਰਿੱਪਰ ਦਾ ਫ਼ਾਸਲਾ 30 ਸੈ.ਮੀ. ਹੋਵੇ। ਜੇਕਰ ਡਰਿਪਰ ਦੀ 2.2 ਲੀਟਰ ਪਾਣੀ ਪ੍ਰਤੀ ਘੰਟਾ ਕੱਢਣ ਦੀ ਸਮਰੱਥਾ ਹੋਵੇ ਤਾਂ ਵੱਖ-ਵੱਖ ਮਹੀਨਿਆਂ ਵਿੱਚ ਮੱਕੀ ਨੂੰ ਪਾਣੀ ਲਾਉਣ ਦਾ ਸਮਾਂ ਸਾਰਨੀ ਨੰ. 1 ਅਨੁਸਾਰ ਹੈ। ਦਰਮਿਆਨੀਆਂ ਜ਼ਮੀਨ ਵਿੱਚ ਬੀਜੀ ਮੱਕੀ ਲਈ 80 ਕਿਲੋ ਯੂਰੀਆ, 32 ਕਿਲੋ ਮੋਨੋ ਅਮੋਨੀਅਮ ਫ਼ਾਸਫ਼ੇਟ ਅਤੇ 16 ਕਿਲੋ ਮਿਊਰੇਟ ਆਫ਼ ਪੋਟਾਸ਼ (ਸਫ਼ੇਦ) ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਮੱਕੀ ਦੀ ਬਿਜਾਈ ਤੋਂ 12 ਦਿਨ ਬਾਅਦ ਫਰਟੀਗੇਸ਼ਨ ਸ਼ੁਰੂ ਕਰ ਦੇਣੀ ਚਾਹੀਦੀ ਹੈ। 25% ਖਾਦਾਂ ਪਹਿਲੇ ਮਹੀਨੇ ਕਿਸ਼ਤਾਂ ਵਿੱਚ ਹਫ਼ਤੇ ਹਫ਼ਤੇ ਦੇ ਵਕਫ਼ੇ ‘ਤੇ ਅਤੇ ਬਾਕੀ ਰਹਿੰਦੀਆਂ ਖਾਦਾਂ ਮਈ ਦੇ ਪਹਿਲੇ ਹਫ਼ਤੇ ਤੱਕ ਹਫ਼ਤੇ ਹਫ਼ਤੇ ਦੇ ਵਕਫ਼ੇ ‘ਤੇ ਬਰਾਬਰ ਕਿਸ਼ਤਾਂ ਵਿੱਚ ਪਾਉਣੀਆਂ ਚਾਹੀਦੀਆਂ ਹਨ।
ਸੂਰਜਮੁਖੀ: ਸੂਰਜਮੁਖੀ ਨੂੰ 60 ਸੈਂਟੀਮੀਟਰ ਵਿੱਥ ਤੇ ਬਣਾਈਆਂ ਵੱਟਾਂ ਉਪਰ ਬੂਟੇ ਤੋਂ ਬੂਟੇ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖ ਕੇ ਬੀਜਣਾ ਚਾਹੀਦਾ ਹੈ। ਬਿਜਾਈ ਤੋਂ ਬਾਅਦ ਹਰ ਇੱਕ ਵੱਟ ਉਪੱਰ ਬਰੀਕ ਪਾਈਪ (ਲੇਟਰਲ ਪਾਈਪ) ਜਿਸ ਤੇ 30 ਸੈ.ਮੀ ਦੀ ਦੂਰੀ ਤੇ ਡਰਿੱਪਰ ਲੱਗੇ ਹੋਣ, ਵਿਛਾਉ। ਬਿਜਾਈ ਤੋਂ ਇੱਕ ਮਹੀਨੇ ਬਾਅਦ ਤਿੰਨ ਦਿਨਾਂ ਦੇ ਵਕਫੇ ਤੇ ਪਾਣੀ ਲਾਉਣਾ ਚਾਹੀਦਾ ਹੈ। ਜੇਕਰ ਡਰਿੱਪਰ ਦੀ 2.2 ਲੀਟਰ ਪਾਣੀ ਪ੍ਰਤੀ ਘੰਟਾ ਕੱਢਣ ਦੀ ਸਮਰੱਥਾ ਹੋਵੇ ਤਾਂ ਸੂਰਜਮੁਖੀ ਨੂੰ ਵੱਖ-ਵੱਖ ਮਹੀਨਿਆਂ ਵਿੱਚ ਪਾਣੀ ਲਾਉਣ ਦਾ ਸਮਾਂ ਸਾਰਨੀ ਨੰ. 1 ਅਨੁਸਾਰ ਹੈ। ਇਸ ਵਿਧੀ ਵਿੱਚ 8 ਕਿੱਲੋਗ੍ਰਾਮ ਯੂਰੀਆ ਅਤੇ 12 ਕਿੱਲੋਗ੍ਰਾਮ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਈ ਜਾਂਦੀ ਹੈ। ਜੇ ਮਿੱਟੀ ਦੀ ਪਰਖ ਮੁਤਾਬਕ ਪੋਟਾਸ਼ ਦੀ ਘਾਟ ਹੈ ਤਾਂ 20 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਵੀ ਬਿਜਾਈ ਵੇਲੇ ਪਾ ਦੇਣੀ ਚਾਹੀਦੀ ਹੈ। ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿਆਂ ਵਿੱਚ 40 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੀ ਵਰਤੋ ਕਰਨੀ ਚਾਹੀਦੀ ਹੈ। ਬਿਜਾਈ ਤੋਂ ਇੱਕ ਮਹੀਨੇ ਬਾਅਦ ਸ਼ੁਰੂ ਕਰਕੇ 32 ਕਿੱਲੋ ਯੂਰੀਆ ਅਤੇ 12 ਲਿਟਰ ਓਰਥੋਫਾਸਫੋਰਿਕ ਐਸਿਡ (88%) 5 ਬਰਾਬਰ ਕਿਸ਼ਤਾਂ ਵਿੱਚ ਤੁਪਕਾ ਸਿੰਚਾਈ ਰਾਹੀਂ ਅਗਲੇ 45 ਦਿਨਾਂ ਤੱਕ ਵਰਤਣਾ ਚਾਹੀਦਾ ਹੈ।
ਮੈਂਥਾ: ਮੈਂਥੇ ਦੀਆਂ 2 ਕਤਾਰਾਂ ਨੂੰ 22.5 ਸੈਂਟੀਮੀਟਰ ਦੀ ਵਿੱਥ ਰੱਖਦੇ ਹੋਏ 37.5 ਸੈਂਟੀਮੀਟਰ ਚੌੜੇ ਬੈੱਡਾਂ ਤੇ ਬੀਜਣਾ ਚਾਹੀਦਾ ਹੈ। ਇੱਕ ਬੈਡ ਤੇ ਦੋ ਕਤਾਰਾਂ ਨੂੰ ਸਿੰਜਣ ਲਈ ਹਰੇਕ ਬੈਡ ਤੇ ਇੱਕ ਬਰੀਕ ਪਾਈਪ (ਲੇਟਰਲ ਪਾਈਪ), ਜਿਸ ਤੇ 30 ਸੈਂਟੀਮੀਟਰ ਦੀ ਵਿੱਥ ਤੇ 2.2 ਲੀਟਰ ਪ੍ਰਤੀ ਘੰਟਾ ਪਾਣੀ ਕਢਣ ਦੀ ਸਮਰਥਾ ਵਾਲੇ ਡਰਿਪਰ ਲਗੇ ਹੋਣ, ਵਿਛਾਈ ਜਾਂਦੀ ਹੈ। ਮੈਂਥੇ ਨੂੰ 3 ਦਿਨਾਂ ਦੇ ਵਕਫੇ ਤੇ ਸਾਰਨੀ ਨੰ. 1 ਵਿੱਚ ਲਿਖੇ ਅਨੁਸਾਰ ਪਾਣੀ ਲਾਉਣਾ ਚਾਹੀਦਾ ਹੈ। ਮੈਂਥੇ ਦੇ ਪਹਿਲੇ ਕੱਟ ਲਈ, ਤੁਪਕਾ ਸਿੰਚਾਈ ਵਿਧੀ ਨਾਲ ਪਾਣੀ ਦੇ ਨਾਲ ਹੀ 24 ਕਿਲੋ ਨਾਈਟ੍ਰੋਜਨ ਅਤੇ 12.8 ਕਿਲੋ ਫ਼ਾਸਫ਼ੋਰਸ ਪ੍ਰਤੀ ਏਕੜ ਨੂੰ 10 ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਪਾਉਣਾ ਚਾਹੀਦਾ ਹੈ। ਪਹਿਲਾ 1/10 ਹਿੱਸਾ ਬਿਜਾਈ ਤੋਂ ਤਰੁੰਤ ਬਾਅਦ ਪਹਿਲੇ ਪਾਣੀ ਦੇ ਨਾਲ ਅਤੇ ਬਾਕੀ ਬਚਦੇ 9 ਹਿੱਸਿਆਂ ਨੂੰ ਬਿਜਾਈ ਤੋਂ ਇੱਕ ਮਹੀਨੇ ਬਾਅਦ 9 ਦਿਨਾਂ ਦੇ ਵਕਫੇ ਬਾਅਦ ਪਾਉਣਾ ਚਾਹੀਦਾ ਹੈ। ਨਾਈਟ੍ਰੋਜਨ ਅਤੇ ਫ਼ਾਸਫ਼ੋਰਸ ਲਈ ਕ੍ਰਮਵਾਰ ਯੂਰੀਆ (46%) ਅਤੇ ਮੋਨੋ ਅਮੋਨੀਅਮ ਫ਼ਾਸਫ਼ੇਟ (12-61-0 ਗਰੇਡ) ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਪਾਣੀ ਵਿੱਚ ਅਸਾਨੀ ਨਾਲ ਘੁਲਣਸ਼ੀਲ ਹਨ। ਇਸ ਵਿਧੀ ਰਾਹੀਂ ਪਾਣੀ ਅਤੇ ਖਾਦਾਂ ਪਾਉਣ ਨਾਲ ਪ੍ਰਚਲਿਤ ਵਿਧੀ ਨਾਲੋਂ ਤੇਲ ਦੇ ਝਾੜ ਵਿੱਚ 25 ਪ੍ਰਤੀਸ਼ਤ ਦਾ ਵਾਧਾ ਅਤੇ ਨਾਲ ਹੀ 36 ਪ੍ਰਤੀਸ਼ਤ ਪਾਣੀ ਅਤੇ 20 ਪ੍ਰਤੀਸ਼ਤ ਖਾਦਾਂ ਦੀ ਬਚਤ ਹੁੰਦੀ ਹੈ ।
ਵਜਿੰਦਰ ਪਾਲ, ਵਿਨੇ ਸਿੰਧੂ ਅਤੇ ਵਿਵੇਕ ਕੁਮਾਰ
ਫ਼ਸਲ ਵਿਗਿਆਨ ਵਿਭਾਗ
ਵਜਿੰਦਰ ਪਾਲ: 95307-96002
Summary in English: Adopt drip irrigation system to save water in spring crops