1. Home
  2. ਖੇਤੀ ਬਾੜੀ

Kharif Crops ਲਈ ਅਪਣਾਓ ਸੰਯੁਕਤ ਖਾਦ ਪ੍ਰਬੰਧਨ, ਮਿੱਟੀ ਦੀ ਸਿਹਤ ਰਹੇਗੀ ਬਰਕਰਾਰ - ਕਿਸਾਨਾਂ ਨੂੰ ਮਿਲੇਗਾ ਵੱਧ ਝਾੜ

ਫ਼ਸਲਾਂ ਦੇ ਵਿਕਾਸ ਅਤੇ ਵਧੇਰੇ ਝਾੜ ਲਈ 17 ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਵਿੱਚੋਂ ਕਾਰਬਨ, ਹਾਈਡ੍ਰੋਜਨ ਅਤੇ ਆਕਸੀਜਨ ਹਵਾ ਅਤੇ ਪਾਣੀ ਤੋਂ ਪ੍ਰਾਪਤ ਹੁੰਦੇ ਹਨ, ਜਦਕਿ ਬਾਕੀ 14 ਤੱਤ ਮਿੱਟੀ ਤੋਂ ਲਏ ਜਾਂਦੇ ਹਨ। ਮੁੱਖ ਤੱਤਾਂ ਵਿੱਚ...

Gurpreet Kaur Virk
Gurpreet Kaur Virk
ਆਧੁਨਿਕ ਖੇਤੀ ਵਿੱਚ ਫ਼ਸਲਾਂ ਦੀ ਉੱਚ ਪੈਦਾਵਾਰ ਲਈ ਖਾਦਾਂ ਦੀ ਅਹਿਮ ਭੂਮਿਕਾ

ਆਧੁਨਿਕ ਖੇਤੀ ਵਿੱਚ ਫ਼ਸਲਾਂ ਦੀ ਉੱਚ ਪੈਦਾਵਾਰ ਲਈ ਖਾਦਾਂ ਦੀ ਅਹਿਮ ਭੂਮਿਕਾ

Integrated Nutrient Management: ਆਧੁਨਿਕ ਖੇਤੀ ਵਿੱਚ ਫ਼ਸਲਾਂ ਦੀ ਉੱਚ ਪੈਦਾਵਾਰ ਲਈ ਖਾਦਾਂ ਦੀ ਅਹਿਮ ਭੂਮਿਕਾ ਹੈ, ਪਰ ਇਸ ਨਾਲ ਖੇਤੀ ਦੀ ਲਾਗਤ ਦਾ ਇੱਕ ਵੱਡਾ ਹਿੱਸਾ ਵੀ ਖਾਦਾਂ ਉੱਤੇ ਖਰਚ ਹੁੰਦਾ ਹੈ। ਖਾਦਾਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਅਤੇ ਉਨ੍ਹਾਂ ਦੀ ਬੇਲੋੜੀ ਵਰਤੋਂ ਨਾ ਸਿਰਫ ਫਸਲਾਂ ਦੇ ਉਤਪਾਦਨ ਦੀ ਲਾਗਤ ਵਿੱਚ ਵਾਧਾ ਕਰਦੀ ਹੈ ਬਲਕਿ ਮਿੱਟੀ ਅਤੇ ਵਾਤਾਵਰਣ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ।

ਇਸ ਲਈ ਇਹ ਜਰੂਰੀ ਹੈ ਕਿ ਖਾਦਾਂ ਦੀ ਵਰਤੋਂ ਸੰਜਮ ਨਾਲ ਅਤੇ ਫ਼ਸਲ ਦੀ ਲੋੜ ਅਨੁਸਾਰ ਕੀਤੀ ਜਾਵੇ, ਤਾਂ ਜੋ ਖੇਤੀ ਖਰਚ ਨੂੰ ਘਟਾਇਆ ਜਾ ਸਕੇ ਅਤੇ ਵਾਤਾਵਰਣ ਦੀ ਸੁਰੱਖਿਆ ਕਰਦਿਆਂ, ਫ਼ਸਲਾਂ ਤੋਂ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕੇ।

ਫ਼ਸਲਾਂ ਦੇ ਵਿਕਾਸ ਅਤੇ ਵਧੇਰੇ ਝਾੜ ਲਈ 17 ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਵਿੱਚੋਂ ਕਾਰਬਨ, ਹਾਈਡ੍ਰੋਜਨ ਅਤੇ ਆਕਸੀਜਨ ਹਵਾ ਅਤੇ ਪਾਣੀ ਤੋਂ ਪ੍ਰਾਪਤ ਹੁੰਦੇ ਹਨ, ਜਦਕਿ ਬਾਕੀ 14 ਤੱਤ ਮਿੱਟੀ ਤੋਂ ਲਏ ਜਾਂਦੇ ਹਨ। ਮੁੱਖ ਤੱਤਾਂ ਵਿੱਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਗੰਧਕ ਸ਼ਾਮਿਲ ਹਨ, ਜਦਕਿ ਸੂਖਮ ਤੱਤਾਂ ਵਿੱਚ ਲੋਹਾ, ਮੈਂਗਨੀਜ਼, ਜ਼ਿੰਕ, ਤਾਂਬਾ, ਮੋਲੀਬਡੇਨਮ, ਬੋਰੋਨ, ਕਲੋਰੀਨ ਅਤੇ ਨਿਕਲ ਆਉਂਦੇ ਹਨ। ਹਾਲਾਂਕਿ ਸੂਖਮ ਤੱਤਾਂ ਦੀ ਲੋੜ ਮੁੱਖ ਤੱਤਾਂ ਨਾਲੋਂ ਘੱਟ ਹੁੰਦੀ ਹੈ, ਪਰ ਫ਼ਸਲਾਂ ਦੇ ਵਿਕਾਸ ਅਤੇ ਉੱਚ ਪੈਦਾਵਾਰ ਲਈ ਇਹਨਾਂ ਦੀ ਭੂਮਿਕਾ ਵੀ ਬਹੁਤ ਜਰੂਰੀ ਹੈ। ਰਸਾਇਣਕ, ਜੈਵਿਕ ਅਤੇ ਜੀਵਾਣੂੰ ਖਾਦਾਂ ਦੀ ਮਿਲੀ-ਜੁਲੀ ਵਰਤੋਂ, ਫ਼ਸਲ ਅਨੁਸਾਰ ਖਾਦਾਂ ਦੀ ਮਾਤਰਾ ਅਤੇ ਸਹੀ ਸਮੇਂ 'ਤੇ ਖਾਦਾਂ ਦੀ ਵਰਤੋਂ ਦੇ ਨਾਲ ਖੇਤੀ ਦੇ ਖਰਚ ਨੂੰ ਘਟਾ ਕੇ ਵਧੇਰੇ ਪੈਦਾਵਾਰ ਅਤੇ ਵਾਤਾਵਰਣ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ।

ਖੇਤੀ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਵਧੇਰੀ ਪੈਦਾਵਾਰ ਲਈ ਸੁਝਾਅ

ਫ਼ਸਲਾਂ ਦੇ ਚੰਗੇ ਝਾੜ ਅਤੇ ਜ਼ਮੀਨ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ, ਰਸਾਇਣਕ ਅਤੇ ਜੈਵਿਕ ਖਾਦਾਂ ਦੀ ਰਲਵੀਂ ਅਤੇ ਸੰਤੁਲਿਤ ਵਰਤੋਂ ਬਹੁਤ ਜਰੂਰੀ ਹੈ।ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਨਾਲ ਤੁਸੀਂ ਫ਼ਸਲਾਂ ਦੀ ਚੰਗੀ ਪੈਦਾਵਾਰ ਪ੍ਰਾਪਤ ਕਰ ਸਕਦੇ ਹੋ:

ਝੋਨਾ: ਝੋਨੇ-ਕਣਕ ਫਸਲੀ ਚੱਕਰ ਵਿੱਚ ਕਣਕ ਦੀ ਵਾਢੀ ਤੋਂ ਬਾਅਦ ਅਤੇ ਝੋਨੇ ਦੀ ਲਵਾਈ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ ਜੈਵਿਕ ਖਾਦ ਖੇਤ ਵਿੱਚ ਪਾਉਣ ਲਈ ਸੱਭ ਤੋਂ ਢੁਕਵਾਂ ਸਮਾਂ ਹੁੰਦਾ ਹੈ।ਜੈਵਿਕ ਖਾਦਾਂ ਜਿਵੇਂ ਕਿ ਰੂੜੀ ਦੀ ਖਾਦ, ਪ੍ਰੈਸਮੱਡ, ਗੋਬਰ ਗੈਸ ਪਲਾਂਟ ਵਿਚੋਂ ਨਿਕਲੀ ਹੋਈ ਸੱਲਰੀ (ਸੁੱਕੀ ) ਅਤੇ ਮੁਰਗੀਆਂ ਦੀ ਖਾਦ ਆਦਿ ਵਿੱਚੋਂ ਜੋ ਵੀ ਅਸਾਨੀ ਨਾਲ ਉਪਲਬਧ ਹੋਵੇ ਕਿਸਾਨ ਵੀਰ ਖੇਤਾਂ ਵਿੱਚ ਪਾ ਸਕਦੇ ਹਨ।6 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਰੂੜੀ ਖਾਦ ਜਾਂ ਗੋਬਰ ਗੈਸ ਪਲਾਂਟ ਵਿਚੋਂ ਨਿਕਲੀ ਹੋਈ ਸੱਲਰੀ (ਸੁੱਕੀ) ਨਾਲ 35 ਕਿਲੋ ਯੂਰੀਆ ਅਤੇ 6 ਟਨ ਪ੍ਰੈਸਮੱਡ ਖਾਦ ਜਾਂ 2.5 ਟਨ ਮੁਰਗੀਆਂ ਦੀ ਖਾਦ ਪ੍ਰਤੀ ਏਕੜ ਪਾਉਣ ਨਾਲ 55 ਕਿਲੋ ਯੂਰੀਆ ਖਾਦ ਦੀ ਬੱਚਤ ਕੀਤੀ ਜਾ ਸਕਦੀ ਹੈ।ਝੋਨੇ ਦੀ ਲਵਾਈ ਤੋਂ ਪਹਿਲਾਂ ਹਰੀ ਖਾਦ ਜਿਵੇਂ ਕਿ ਜੰਤਰ ਜਾਂ ਸਣ ਖੇਤ ਵਿੱਚ ਦਬਾਉਣ ਨਾਲ ਝੋਨੇ ਵਿਚ ਲੋਹੇ ਦੀ ਘਾਟ ਘੱਟ ਆਉਂਦੀ ਹੈ ਅਤੇ 55 ਕਿਲੋ ਯੂਰੀਆ ਖਾਦ ਦੀ ਵੀ ਬੱਚਤ ਹੁੰਦੀ ਹੈ।

ਮੱਕੀ: ਸਾਉਣੀ ਰੁੱਤ ਦੀ ਮੱਕੀ ਦਾ ਚੰਗਾ ਝਾੜ ਪ੍ਰਾਪਤ ਕਰਨ ਲਈ 50 ਦਿਨ ਦੀ ਹਰੀ ਖਾਦ ਜਿਵੇਂ ਕਿ ਸਣ/ਜੰਤਰ ਜਾਂ ਰਵਾਂਹ ਮੱਕੀ ਦੀ ਬਿਜਾਈ ਤੋਂ 10 ਦਿਨ ਪਹਿਲਾਂ ਖੇਤ ਵਿੱਚ ਦਬਾਓ।ਜਿਸ ਖੇਤ ਵਿੱਚ ਗਰਮ ਰੁੱਤ ਦੀ ਮੂੰਗੀ ਬੀਜੀ ਹੋਵੇ ਤਾਂ ਫ਼ਲੀਆਂ ਤੋੜਨ ਪਿੱਛੋਂ ਮੂੰਗੀ ਦਾ ਟਾਂਗਰ ਮੱਕੀ ਦੀ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਦੱਬ ਦਿਉ।ਜੇਕਰ ਕਿਸਾਨ ਵੀਰ ਹਰੀ ਖਾਦ ਨਾ ਕਰ ਸਕਣ ਤਾਂ ਮੱਕੀ ਵਿਚ 6 ਟਨ ਪ੍ਰਤੀ ਏਕੜ ਦੇਸੀ ਰੂੜੀ ਦੀ ਖਾਦ ਪਾ ਸਕਦੇ ਹਨ ਜਿਸ ਨਾਲ ਬਿਜਾਈ ਵੇਲੇ ਨਾਈਟ੍ਰੋਜਨ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ ਅਤੇ ਫਾਸਫੋਰਸ ਘਾਟ ਵਾਲੀਆਂ ਜ਼ਮੀਨਾਂ ਵਿਚ ਵੀ ਬਿਨਾਂ ਫਾਸਫੋਰਸ ਪਾਏ ਪੂਰਾ ਝਾੜ ਮਿਲ ਜਾਂਦਾ ਹੈ।

ਕਮਾਦ: ਕਮਾਦ ਵਿੱਚ ਸੰਯੁਕਤ ਖਾਦ ਪ੍ਰਬੰਧਨ ਨਾਲ ਪੂਰਾ ਝਾੜ ਲੈਣ ਲਈ ਬਿਜਾਈ ਤੋਂ 15 ਦਿਨ ਪਹਿਲਾਂ 8 ਟਨ ਰੂੜੀ ਦੇ ਨਾਲ 90 ਕਿਲੋ ਯੂਰੀਆ/ਏਕੜ ਪਾਓ। ਜੇਕਰ ਰੂੜੀ ਦੇ ਨਾਲ ਸਿਫਾਰਿਸ਼ ਕੀਤੀ ਯੂਰੀਏ ਦੀ ਪੂਰੀ ਮਾਤਰਾ (130 ਕਿਲੋ ਯੂਰੀਆ/ਏਕੜ) ਪਾਈ ਜਾਵੇ ਤਾਂ 10 ਫੀਸਦੀ ਵਧੇਰੇ ਝਾੜ ਮਿਲ ਸਕਦਾ ਹੈ।
ਸੋਇਆਬੀਨ: ਸੋਇਆਬੀਨ ਦੀ ਬਿਜਾਈ ਤੋਂ 5 ਤੋਂ 7 ਦਿਨ ਪਹਿਲਾਂ 40-45 ਦਿਨਾਂ ਦੀ ਸਣ ਦੀ ਹਰੀ ਖਾਦ ਦੀ ਫਸਲ ਨੂੰ ਖੇਤ ਵਿੱਚ ਦੱਬ ਦਿਉ ਅਤੇ ਨਾਈਟ੍ਰੋਜਨ ਖਾਦ ਦੀ ਪੂਰੀ ਮਾਤਰਾ ਪਾਓ ਜਿਸ ਨਾਲ ਸੋਇਆਬੀਨ ਦਾ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਸੋਇਆਬੀਨ ਤੋਂ ਵਧੇਰੇ ਝਾੜ ਪ੍ਰਾਪਤ ਕਰਨ ਲਈ ਬਿਜਾਈ ਤੋਂ ਪਹਿਲਾਂ 4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ ਦੀ ਖਾਦ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ: Zytonic Neem: ਕਿਸਾਨ ਵੀਰੋਂ, ਫਸਲਾਂ ਵਿੱਚ ਕੀਟ ਨਿਯੰਤਰਣ ਲਈ ਕੁਦਰਤੀ ਅਤੇ ਟਿਕਾਊ ਹੱਲ 'ਜ਼ਾਇਟੋਨਿਕ ਨਿੰਮ' ਅਪਣਾਓ

ਜੀਵਾਣੂੰ ਖਾਦਾਂ: ਸਾਉਣੀ ਦੀਆਂ ਫ਼ਸਲਾਂ ਵਿੱਚ ਕੁਝ ਖ਼ਾਸ ਜੀਵਾਣੂਆਂ ਦੀ ਵਰਤੋਂ ਨਾਲ ਨਾ ਸਿਰਫ਼ ਝਾੜ ਵਿੱਚ ਵਾਧਾ ਹੁੰਦਾ ਹੈ, ਬਲਕਿ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਆਉਂਦਾ ਹੈ। ਇਹ ਜੀਵਾਣੂ ਟੀਕਾ ਮਾਈਕ੍ਰੋਬਾਇਓਲੋਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੀ ਬੀਜਾਂ ਵਾਲੀ ਦੁਕਾਨ (ਗੇਟ ਨੰਬਰ 1) ਤੋਂ ਮਿਲਦਾ ਹੈ, ਅਤੇ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਕੇਂਦਰਾਂ ਉੱਤੇ ਵੀ ਉਪਲਬਧ ਹੈ।ਹੇਠਾਂ ਸਾਉਣੀ ਦੀਆਂ ਮੁੱਖ ਫ਼ਸਲਾਂ ਲਈ ਸ਼ਿਫਾਰਸ਼ ਜੀਵਾਣੂੰ ਖਾਦਾਂ ਬਾਰੇ ਦਸਿਆ ਗਿਆ ਹੈ।

ਫ਼ਸਲ

ਜੀਵਾਣੂੰ ਖਾਦ

ਮਾਤਰਾ/ਏਕੜ

ਲਾਉਣ ਦਾ ਢੰਗ

ਝੋਨਾ

ਐਜ਼ੋਸਪਿਰਿਲਮ

500 ਗ੍ਰਾਮ

ਝੋਨੇ ਦੀ ਪਨੀਰੀ ਦੀਆਂ ਜੜ੍ਹਾਂ ਨੂੰ ਜੀਵਾਣੂੰ ਖਾਦ ਦੇ ਘੋਲ ਵਿੱਚ 45 ਮਿੰਟ ਦੁਬੋਣ ਤੋਂ ਬਾਅਦ ਪਨੀਰੀ ਖੇਤ ਵਿੱਚ ਲਾਉ।

ਮੱਕੀ

ਕਨਸੋਰਸ਼ੀਅਮ

500 ਗ੍ਰਾਮ

ਜੀਵਾਣੂੰ ਖਾਦ ਨੂੰ ਇੱਕ ਲੀਟਰ ਪਾਣੀ ਵਿੱਚ ਮਿਲਾ ਕੇ ਮੱਕੀ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰ੍ਹਾਂ ਮਿਕਾ ਲਉ। ਸੋਧੇ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਇੱਕ ਘੰਟੇ ਦੇ ਅੰਦਰ ਬਿਜਾਈ ਕਰ ਦਿਉ

ਕਮਾਦ

ਐਜ਼ੋਟੋਬੈਕਟਰ/ ਕਨਸੋਰਸ਼ੀਅਮ

4 ਕਿਲੋਗ੍ਰਾਮ

ਬਿਜਾਈ ਸਮੇਂ ਖਾਲੀਆਂ ਵਿਚ ਪਾਉ

 

ਸੋਇਆਬੀਨ

ਬਰੈਡੀਰਇੀਜ਼ੋਬੀਅਮ

ਇੱਕ ਪੈਕਟ

ਇੱਕ ਏਕੜ ਦੇ ਬੀਜ ਨੂੰ ਘੱਟ ਤੋਂ ਘੱਟ ਪਾਣੀ ਨਾਲ ਭਿਉਂ ਲਉ। ਟੀਕੇ ਦਾ ਇੱਕ ਪੈਕਟ ਇਸ ਭਿੱਜੇ ਹੋਏ ਬੀਜ ਨਾਲ ਚੰਗੀ ਤਰ੍ਹਾਂ ਰਲਾ ਦਿਉ। ਫਿਰ ਬੀਜ ਛਾਂ ਵਿਚ ਸੁਕਾਉਣ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਬਿਜਾਈ ਕਰ ਦਿਉ।

ਸਾਉਣੀ ਦੀਆਂ ਫ਼ਸਲਾਂ ਲਈ ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ

ਆਮ ਤੌਰ 'ਤੇ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ 'ਤੇ ਕੀਤੀ ਜਾਵੇ, ਤਾਂ ਜੋ ਇਨ੍ਹਾਂ ਤੋਂ ਪੂਰਾ ਲਾਭ ਲਿਆ ਜਾ ਸਕੇ। ਜੇਕਰ ਮਿੱਟੀ ਪਰਖ ਨਾ ਕਰਵਾਈ ਹੋਈ ਹੋਵੇ, ਤਾਂ ਖਾਦਾਂ ਦੀ ਮਾਤਰਾ ਮਿੱਟੀ ਦੀ ਦਰਮਿਆਨੀ ਉਪਜਾਊ ਸ਼ਕਤੀ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਂਦੀ ਹੈ। ਮਿੱਟੀ ਪਰਖ ਦੇ ਨਤੀਜਿਆਂ ਅਨੁਸਾਰ, ਜ਼ਮੀਨ ਵਿੱਚ ਪੋਸ਼ਕ ਤੱਤਾਂ ਦੀ ਉਪਲੱਬਧਤਾ ਦੇ ਆਧਾਰ 'ਤੇ ਖਾਦਾਂ ਦੀ ਮਾਤਰਾ ਘਟਾਈ ਜਾਂ ਵਧਾਈ ਜਾ ਸਕਦੀ ਹੈ। ਜੇਕਰ ਕਿਸੇ ਤੱਤ ਦੀ ਉਪਲੱਬਧਤਾ ਘਾਟ ਵਾਲੀ ਸ਼੍ਰੇਣੀ ਵਿੱਚ ਹੋਵੇ, ਤਾਂ ਉਸ ਤੱਤ ਵਾਲੀ ਖਾਦ ਦੀ ਮਾਤਰਾ 25 ਫੀਸਦੀ ਵਧਾ ਕੇ ਪਾਉਣੀ ਚਾਹੀਦੀ ਹੈ। ਦੂਜੇ ਪਾਸੇ, ਜੇ ਉਪਲੱਬਧਤਾ ਜ਼ਿਆਦਾ ਵਾਲੀ ਸ਼੍ਰੇਣੀ ਵਿੱਚ ਹੋਵੇ, ਤਾਂ ਉਸ ਤੱਤ ਦੀ ਖਾਦ 25 ਫੀਸਦੀ ਘਟਾ ਕੇ ਪਾਈ ਜਾਂਦੀ ਹੈ।

ਖਾਦਾਂ ਦੀ ਵਰਤੋਂ ਬਾਰੇ ਵਿਸ਼ੇਸ਼ ਹਦਾਇਤਾਂ

• ਜੇਕਰ 27 ਕਿਲੋ ਡੀਏਪੀ ਪ੍ਰਤੀ ਏਕੜ ਪਾਈ ਗਈ ਹੋਵੇ, ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦੇਵੋ।ਜੇਕਰ 55 ਕਿਲੋ ਡੀਏਪੀ ਵਰਤੀ ਗਈ ਹੋਵੇ, ਤਾਂ ਯੂਰੀਆ 20 ਕਿਲੋ ਘਟਾ ਦੇਣੀ ਚਾਹੀਦੀ ਹੈ।

• ਜੇ ਝੋਨੇ, ਬਾਸਮਤੀ, ਮੱਕੀ, ਨਰਮਾ ਜਾਂ ਮੂੰਗਫਲੀ ਤੋਂ ਪਹਿਲਾਂ ਕਣਕ ਦੀ ਫਸਲ ਵਿੱਚ ਸਿਫਾਰਸ਼ੀ ਮਾਤਰਾ ਵਿੱਚ ਫਾਸਫੋਰਸ ਪਾਇਆ ਗਿਆ ਹੋਵੇ, ਤਾਂ ਇਨ੍ਹਾਂ ਫ਼ਸਲਾਂ ਨੂੰ ਫਾਸਫੋਰਸ ਪਾਉਣ ਦੀ ਲੋੜ ਨਹੀਂ। ਪਰ ਜੇ ਸੋਇਆਬੀਨ ਦੀ ਫਸਲ ਲਗਾਈ ਜਾ ਰਹੀ ਹੋਵੇ, ਤਾਂ 200 ਕਿਲੋ ਸਿੰਗਲ ਸੁਪਰਫਾਸਫੇਟ ਦੀ ਥਾਂ ਸਿਰਫ਼ 150 ਕਿਲੋ ਪ੍ਰਤੀ ਏਕੜ ਹੀ ਪਾਓ (ਜੇਕਰ ਕਣਕ ਵਿਚ ਪਹਿਲਾਂ ਹੀ ਸਿਫਾਰਸ਼ੀ ਮਾਤਰਾ ਅਨੁਸਾਰ ਫਾਸਫੋਰਸ ਪਾਇਆ ਹੋਵੇ)।

• ਜੇ ਜੰਤਰ ਜਾਂ ਸਣ ਦੀ 45–55 ਦਿਨਾਂ ਦੀ ਹਰੀ ਖਾਦ ਖੇਤ ਵਿੱਚ ਦੱਬੀ ਹੋਈ ਹੋਵੇ ਜਾਂ ਗਰਮੀ ਰੁੱਤ ਵਿੱਚ ਮੂੰਗੀ ਦੀਆਂ ਫਲੀਆਂ ਤੋੜ ਕੇ ਉਸ ਦੇ ਹਰੇ ਟਾਂਗਰ ਨੂੰ ਖੇਤ ਵਿੱਚ ਦੱਬਿਆ ਗਿਆ ਹੋਵੇ, ਤਾਂ ਬਾਸਮਤੀ ਦੀ ਫ਼ਸਲ ਲਈ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ।

• ਪੋਟਾਸ਼ ਦੀ ਖਾਦ ਸਿਰਫ਼ ਉਨ੍ਹਾਂ ਜ਼ਮੀਨਾਂ ਵਿੱਚ ਪਾਓ ਜਿੱਥੇ ਉਪਲੱਬਧ ਪੋਟਾਸ਼ 55 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ।

• ਜੇ ਜ਼ਮੀਨ ਵਿਚ ਗੰਧਕ ਦੀ ਘਾਟ ਹੋਵੇ, ਤਾਂ ਡੀਏਪੀ ਦੀ ਥਾਂ ਸਿੰਗਲ ਸੁਪਰਫਾਸਫੇਟ ਵਰਤਣਾ ਵਧੀਆ ਰਹੇਗਾ। ਜੇ ਇਹ ਉਪਲੱਬਧ ਨਾ ਹੋਵੇ, ਤਾਂ ਮੂੰਗਫਲੀ ਦੀ ਬਿਜਾਈ ਵੇਲੇ 50 ਕਿਲੋ ਜਿਪਸਮ ਪ੍ਰਤੀ ਏਕੜ ਪਾਓ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਕਪਾਹ ਦੀ ਖੇਤੀ ਕਿਉਂ ਕਰਨੀ ਚਾਹੀਦੀ ਹੈ? ਇੱਥੇ ਜਾਣੋ ਭਾਰਤ ਵਿੱਚ Cotton Farming ਦੀਆਂ ਚੁਣੌਤੀਆਂ, ਹੱਲ ਅਤੇ ਸੰਭਾਵਨਾਵਾਂ

ਖਾਦ ਪਾਉਣ ਦਾ ਸਮਾਂ:

• ਸਾਰੀਆਂ ਫ਼ਸਲਾਂ ਨੂੰ ਸਿਫਾਰਿਸ਼ ਕੀਤੀ ਸਾਰੀ ਫਾਸਫੋਰਸ ਅਤੇ ਪੋਟਾਸ਼ ਬਿਜਾਈ ਵੇਲੇ ਹੀ ਪਾਓ।

• ਝੋਨੇ ਦੀ ਫ਼ਸਲ ਨੂੰ ਯੂਰੀਆ ਖਾਦ ਤਿੰਨ ਬਰਾਬਰ ਹਿੱਸਿਆਂ ਵਿੱਚ ਪਾਓ। ਪਹਿਲੀ ਕਿਸ਼ਤ ਲਵਾਈ ਤੋਂ 7–10 ਦਿਨਾਂ ਬਾਅਦ, ਦੂਜੀ ਕਿਸ਼ਤ 21 ਦਿਨਾਂ ਬਾਅਦ ਅਤੇ ਤੀਜੀ ਕਿਸ਼ਤ ਪੀ ਆਰ 126 ਕਿਸਮ ਵਿੱਚ 35 ਦਿਨਾਂ 'ਚ ਤੇ ਹੋਰ ਕਿਸਮਾਂ ਵਿੱਚ 42 ਦਿਨਾਂ ਵਿੱਚ ਪਾਓ।

• ਬਾਸਮਤੀ ਵਿੱਚ ਯੂਰੀਆ ਦੀ ਸਿਫਾਰਿਸ਼ੀ ਮਾਤਰਾ ਦੋ ਬਰਾਬਰ ਹਿੱਸਿਆਂ ਵਿੱਚ ਪਨੀਰੀ ਲਾਉਣ ਤੋਂ 3 ਅਤੇ 6 ਹਫ਼ਤਿਆਂ ਬਾਅਦ ਪਾਓ। ਜੇ ਬਾਸਮਤੀ ਦੀ ਸਿੱਧੀ ਬਿਜਾਈ ਹੋਈ ਹੋਵੇ ਤਾਂ ਯੂਰੀਆ ਤਿੰਨ ਹਿੱਸਿਆਂ ਵਿੱਚ—ਬਿਜਾਈ ਤੋਂ 3, 6 ਅਤੇ 9 ਹਫ਼ਤਿਆਂ ਬਾਅਦ ਪਾਓ।

• ਮੱਕੀ ਨੂੰ ਯੂਰੀਆ ਤਿੰਨ ਬਰਾਬਰ ਹਿੱਸਿਆਂ ਵਿੱਚ—ਬਿਜਾਈ ਸਮੇਂ, ਗੋਡਿਆਂ ਬਰਾਬਰ ਹੋਣ 'ਤੇ ਅਤੇ ਬੂਰ ਪੈਣ 'ਤੇ ਪਾਓ।

• ਨਰਮੇ ਨੂੰ ਯੂਰੀਆ ਖਾਦ ਦੋ ਬਰਾਬਰ ਕਿਸ਼ਤਾਂ ਵਿੱਚ, ਅੱਧੀ ਯੂਰੀਆ ਬੂਟੇ ਵਿਰਲੇ ਕਰਨ ਵੇਲੇ ਅਤੇ ਬਾਕੀ ਅੱਧੀ ਫੁੱਲ ਨਿਕਲਣ ਸਮੇਂ ਪਾਓ। ਚੰਗੀ ਪੈਦਾਵਾਰ ਲਈ ਫੁੱਲ ਪੈਣ 'ਤੇ ਬੀ.ਟੀ. ਨਰਮੇ 'ਚ 2% ਪੋਟਾਸ਼ੀਅਮ ਨਾਈਟ੍ਰੇਟ ਦੇ 4 ਛਿੜਕਾਅ ਹਫ਼ਤੇ-ਹਫ਼ਤੇ ਦੇ ਅੰਤਰ ਨਾਲ ਕਰੋ। ਜੇ ਫੁੱਲ ਪੈਣ 'ਤੇ ਪੱਤੇ ਲਾਲ ਹੋਣ, ਤਾਂ 1% ਮੈਗਨੀਸ਼ੀਅਮ ਸਲਫੇਟ ਦੇ 2 ਛਿੜਕਾਅ 15 ਦਿਨ ਦੇ ਵਕਫੇ 'ਤੇ ਕਰੋ।

• ਮੂੰਗੀ, ਮਾਂਹ, ਸੋਇਆਬੀਨ ਅਤੇ ਮੂੰਗਫਲੀ ਨੂੰ ਸਿਫਾਰਿਸ਼ ਕੀਤੀਆਂ ਸਾਰੀਆਂ ਖਾਦਾਂ ਬਿਜਾਈ ਸਮੇਂ ਹੀ ਪਾ ਦਿਓੁ।

• ਕਮਾਦ ਨੂੰ ਯੂਰੀਆ ਖਾਦ ਦਾ ਅੱਧਾ ਹਿੱਸਾ ਕਮਾਦ ਜੰਮਣ ਤੋਂ ਬਾਅਦ ਪਹਿਲੇ ਪਾਣੀ ਦੇ ਨਾਲ ਲਾਈਨਾਂ ਨੇੜੇ ਪਾ ਦਿਉ ਅਤੇ ਬਾਕੀ ਅੱਧਾ ਮਈ–ਜੂਨ ਵਿੱਚ ਪਾਓ। ਪੱਤਝੜ ਰੁੱਤ ਦੀ ਕਮਾਦ ਵਿੱਚ ਯੂਰੀਆ ਤਿੰਨ ਬਰਾਬਰ ਹਿੱਸਿਆਂ ਵਿੱਚ—ਬਿਜਾਈ ਵੇਲੇ, ਮਾਰਚ ਅਤੇ ਅਪ੍ਰੈਲ 'ਚ ਪਾਓ। ਮੂਢੇ ਕਮਾਦ ਵਿੱਚ ਯੂਰੀਆ ਤਿੰਨ ਹਿੱਸਿਆਂ ਵਿੱਚ—ਫਰਵਰੀ, ਅਪ੍ਰੈਲ ਅਤੇ ਮਈ ਦੇ ਸ਼ੁਰੂ ਵਿੱਚ ਪਾਓ। ਫਾਸਫੋਰਸ ਘਾਟ ਵਾਲੀਆਂ ਜ਼ਮੀਨਾਂ ਵਿੱਚ ਫਾਸਫੋਰਸ ਖਾਦ ਨੂੰ ਮਾਰਚ ਮਹੀਨੇ ਵਿੱਚ ਲਾਈਨਾਂ ਦੇ ਨਾਲ ਡਰਿਲ ਰਾਹੀਂ ਪਾਓ।

ਛੋਟੇ ਤੱਤਾਂ ਬਾਰੇ ਸਿਫਾਰਿਸ਼ਾਂ:

ਜ਼ਿੰਕ: ਝੋਨੇ ਵਿੱਚ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਕੱਦੂ ਕਰਨ ਵੇਲੇ ਪਾਓ।ਨਰਮਾ ਅਤੇ ਮੱਕੀ ਵਿੱਚ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਵੇਲੇ ਪਾਓ।ਜੇ ਮੱਕੀ ਵਿਚ ਜ਼ਿੰਕ ਦੀ ਘਾਟ ਦਾ ਪਤਾ ਉਸ ਵੇਲੇ ਲੱਗੇ ਜਦੋਂ ਗੋਡੀ ਕਰਨੀ ਔਖੀ ਹੋਵੇ, ਤਾਂ ਜ਼ਿੰਕ ਸਲਫੇਟ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।ਇੱਕ ਏਕੜ ਲਈ 1200 ਗ੍ਰਾਮ ਜ਼ਿੰਕ ਸਲਫੇਟ (ਹੈਪਟਾਹਾਈਡ੍ਰੇਟ; 21%), 600 ਗ੍ਰਾਮ ਅਣਬੁਝਿਆ ਚੂਨਾ ਜਾਂ 750 ਗ੍ਰਾਮ ਜ਼ਿੰਕ ਸਲਫੇਟ (ਮੋਨੋਹਾਈਡ੍ਰੇਟ; 33%), 375 ਗ੍ਰਾਮ ਅਣਬੁਝਿਆ ਚੂਨਾ ਅਤੇ 200 ਲੀਟਰ ਪਾਣੀ ਦੀ ਵਰਤੋ ਕਰੋ।

ਲੋਹਾ: ਹਲਕੀਆਂ ਜ਼ਮੀਨਾਂ ਵਿੱਚ ਝੋਨੇ ਅਤੇ ਕਮਾਦ ਵਿੱਚ ਲੋਹੇ ਦੀ ਘਾਟ ਆ ਸਕਦੀ ਹੈ।ਇਸ ਘਾਟ ਵਿੱਚ ਨਵੇਂ ਨਿਕਲਦੇ ਪੱਤੇ ਨਾੜਾਂ ਵਿਚਕਾਰ ਪੀਲੇ ਹੋ ਜਾਂਦੇ ਹਨ ਅਤੇ ਜ਼ਿਆਦਾ ਘਾਟ ਹੋਣ 'ਤੇ ਨਵੇਂ ਪੱਤੇ ਚਿੱਟੇ ਨਿਕਲਦੇ ਹਨ।ਇਹ ਘਾਟ ਪੂਰੀ ਕਰਨ ਲਈ ਇੱਕ ਕਿਲੋ ਫੈਰਸ ਸਲਫੇਟ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਫਸਲ ਉੱਤੇ ਛਿੜਕਾਅ ਕਰੋ।ਹਫਤੇ-ਹਫਤੇ ਦੇ ਵਕਫੇ ਨਾਲ 2-3 ਛਿੜਕਾਅ ਕਰਨਾ ਲਾਭਦਾਇਕ ਹੈ।ਜੇ ਝੋਨੇ ਦੀ ਪਨੀਰੀ ਦੇ ਉਪਰਲੇ ਪੱਤੇ ਪੀਲੇ ਦਿਸਣ, ਤਾਂ 0.5-1.0 ਫੀਸਦੀ ਫੈਰਸ ਸਲਫੇਟ ਦਾ ਸਪਰੇਅ ਕਰੋ।ਇਸ ਲਈ 0.5-1.0 ਕਿਲੋ ਫੈਰਸ ਸਲਫੇਟ, ਕ੍ਰਮਵਾਰ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਸਰੋਤ: ਗਗਨਦੀਪ ਧਵਨ1, ਮਨਜੀਤ ਕੌਰ2 ਅਤੇ ਗੁਰਮੀਤ ਸਿੰਘ ਢੇਰੀ3
1ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ
2ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ
3ਭੂਮੀ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

Summary in English: Adopt Integrated Nutrient Management for Kharif crops, soil health will be maintained - farmers will get higher yields

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters