Fodder Crop: ਹਰੇ ਚਾਰਿਆਂ ਦੀ ਪੈਦਾਵਾਰ ਪਸ਼ੂ ਪਾਲਣ ਲਈ ਬਹੁਤ ਮਹੱਤਵਪੂਰਨ ਹੈ। ਪਸ਼ੂਆਂ ਦੀ ਖੁਰਾਕ ਵਿੱਚ ਹਰੇ ਚਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪਸ਼ੂਆਂ ਦੇ ਸਰੀਰਕ ਵਾਧੇ ਅਤੇ ਚੰਗੀ ਸਿਹਤ ਲਈ ਖੁਰਾਕੀ ਤੱਤ ਜਿਵੇਂ ਕਿ ਨਿਸ਼ਾਸ਼ਤਾ, ਪ੍ਰੋਟੀਨ, ਖਣਿਜ ਪਦਾਰਥ ਅਤੇ ਵਿਟਾਮਿਨ ਸੰਤੁਲਿਤ ਮਾਤਰਾ ਵਿੱਚ ਹੋਣੇ ਚਾਹੀਦੇ ਹਨ।
ਹਰੇ ਚਾਰਿਆਂ ਵਿੱਚ ਕਾਫ਼ੀ ਮਾਤਰਾ ਵਿੱਚ ਪਸ਼ੂਆਂ ਲਈ ਜ਼ਰੂਰੀ ਤੱਤ ਜਿਵੇਂ ਕਿ ਸੈਲਿਊਲੋਜ, ਹੈਮੀਸੈਲਿਊਲੋਜ, ਲਿਗਨਿਨ, ਖੁਰਾਕੀ ਕਾਰਬੋਹਾਈਡਰੇਟਸ ਅਤੇ ਪ੍ਰੋਟੀਨ ਹੁੰਦੇ ਹਨ। ਦੁਧਾਰੂ ਪਸ਼ੂ ਆਪਣੀ ਖੁਰਾਕੀ ਤੱਤਾਂ ਦੀ ਲੋੜ ਹਰੇ ਚਾਰਿਆਂ ਤੋਂ ਪੂਰੀ ਕਰਦੇ ਹਨ। ਪਸ਼ੂਆਂ ਦੀ ਖੁਰਾਕ ਵਿੱਚ ਹਰੇ ਚਾਰੇ ਸ਼ਾਮਿਲ ਕਰਨ ਨਾਲ ਉਹਨਾਂ ਦੀ ਸੇਹਤ ਵਿੱਚ ਵਾਧਾ ਹੁੰਦਾ ਹੈ ਅਤੇ ਛੋਟੇ ਤੱਤਾਂ ਦੀ ਕਮੀ ਵੀ ਪੂਰੀ ਹੁੰਦੀ ਹੈ। ਦੁੱਧ ਉੱਤਪਾਦਨ ਦੀ ਕੁੱਲ ਲਾਗਤ ਵਿੱਚ ਪਸ਼ੂਆਂ ਦੀ ਖੁਰਾਕ ਉੱਤੇ 60-70 ਫ਼ੀਸਦੀ ਖਰਚ ਆਉਦਾਂ ਹੈ। ਇਸ ਕਰਕੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਖੁਰਾਕ ਦੇ ਖਰਚ ਵਿੱਚ ਭਾਰੀ ਕਮੀ ਕੀਤੀ ਜਾ ਸਕਦੀ ਹੈ ਜੇਕਰ ਵੰਡ ਦੀ ਥਾਂ ਚੰਗੀ ਕਿਸਮ ਦਾ ਚਾਰਾ ਸ਼ਾਮਿਲ ਕੀਤਾ ਜਾਵੇ।
ਹਾੜ੍ਹੀ ਰੁੱਤ ਵਿੱਚ ਬਰਸੀਮ, ਲੂਸਣ, ਸ਼ਫਤਲ, ਸੇਂਜੀ ਫਲੀਦਾਰ ਅਤੇ ਜਵੀ, ਰਾਈ ਘਾਹ ਗੈਰ ਫਲੀਦਾਰ ਫਸਲਾਂ ਹਨ। ਫਲੀਦਾਰ ਹਰੇ ਚਾਰੇ ਪ੍ਰੋਟੀਨ ਨਾਲ ਭਰਪੂਰ ਅਤੇ ਖਾਣ ਵਿੱਚ ਨਰਮ ਹੁੰਦੇ ਹਨ। ਇਹਨਾਂ ਚਾਰਿਆਂ ਵਿੱਚ 13-20% ਸੁੱਕਾ ਮਾਦਾ, 18-22% ਪ੍ਰੋਟੀਨ, 27-35% ਰੇਸ਼ਾ ਅਤੇ 60-65% ਪਚਣਸ਼ੀਲ ਤੱਤ ਹੁੰਦੇ ਹਨ। ਗੈਰ ਫਲੀਦਾਰ ਫਸਲਾਂ ਵਿੱਚ ਊਰਜਾ ਜਿਆਦਾ ਮਾਤਰਾ ਵਿੱਚ ਹੁੰਦੀ ਹੈ। ਇਹਨਾਂ ਚਾਰਿਆਂ ਵਿੱਚ 20-22% ਸੁੱਕਾ ਮਾਦਾ, 8-12% ਪ੍ਰੋਟੀਨ, 35-45% ਰੇਸ਼ਾ ਅਤੇ 53-66% ਪਚਣਸ਼ੀਲ ਤੱਤ ਹੁੰਦੇ ਹਨ। ਹਾੜ੍ਹੀ ਵਿੱਚ ਪੋਸ਼ਟਿਕ ਚਾਰਾ ਲੈਣ ਲਈ ਕਿਸਾਨ ਵੀਰਾਂ ਨੂੰ ਹੇਠ ਲਿਖੇ ਨੁਕਤਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਉੱਨਤ ਕਿਸਮਾਂ:
ਕਿਸਾਨ ਭਰਾਵਾਂ ਨੂੰ ਚਾਰਿਆਂ ਦੀਆਂ ਉੱਨਤ ਕਿਸਮਾਂ ਹੀ ਖੇਤਾਂ ਵਿੱਚ ਬੀਜਣੀਆਂ ਚਾਹੀਦੀਆਂ ਹਨ ਕਿਉਂਕਿ ਇਹਨਾਂ ਉੱਨਤ ਕਿਸਮਾਂ ਦਾ ਹਰੇ ਚਾਰੇ ਦਾ ਝਾੜ ਵੱਧ ਹੁੰਦਾ ਹੈ ਅਤੇ ਖੁਰਾਕੀ ਤੱਤ ਪਹਿਲਾਂ ਵਾਲੀਆਂ ਕਿਸਮਾਂ ਤੋਂ ਵੱਧ ਮਾਤਰਾ ਵਿੱਚ ਹੁੰਦੇ ਹਨ। ਓ.ਐਲ.15 ਅਤੇ ਓ.ਐਲ.16 (ਜਵੀ) ਅਤੇ ਬੀ ਐਲ 44 (ਬਰਸੀਮ) ਦੀਆਂ ਨਵੀਆਂ ਕਿਸਮਾਂ ਹਨ ਜਿਹਨਾਂ ਦਾ ਝਾੜ ਅਤੇ ਖੁਰਾਕੀ ਤੱਤ ਪੁਰਾਨਿਆਂ ਕਿਸਮਾਂ ਨਾਲੋਂ ਸੋਧੇ ਗੲ ਹਨ।
ਇਹ ਵੀ ਪੜ੍ਹੋ : ਇਸ Technique ਨਾਲ ਚੂਹਿਆਂ, ਦੀਮਕ ਅਤੇ ਨਦੀਨਾਂ ਤੋਂ ਛੁਟਕਾਰਾ ਪਾਓ, ਫਸਲ ਦਾ ਝਾੜ ਵਧਾਓ
ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ:
ਇਹਨਾਂ ਫ਼ਸਲਾਂ ਤੋਂ ਹਰੇ ਚਾਰੇ ਦਾ ਵੱਧ ਝਾੜ ਲੈਣ ਲਈ ਇਹਨਾਂ ਦੀ ਬਿਜਾਈ ਢੁਕਵੇਂ ਸਮੇਂ ‘ਤੇ ਅਤੇ ਬੀਜ ਦੀ ਸਹੀ ਮਾਤਰਾ ਵਰਤ ਕੇ ਕਰਨੀ ਚਾਹੀਦੀ ਹੈ ਜਿਵੇਂ ਕਿ ਸਾਰਨੀ ਨੰ:1 ਵਿੱਚ ਦਰਸਾਇਆ ਗਿਆ ਹੈ।
ਖਾਦਾਂ ਦੀ ਵਰਤੋਂ:
ਖਾਦਾਂ ਦੀ ਸਹੀ ਵਰਤੋਂ ਨਾਲ ਗੈਰਫਲੀਦਾਰ ਫਸਲਾਂ ਦਾ ਝਾੜ ਅਤੇ ਪ੍ਰੋਟੀਨ ਦੀ ਮਾਤਰਾ ਵਧਾਈ ਜਾ ਸਕਦੀ ਹੈ। ਪਰੰਤੂ ਕਿਸਾਨ ਵੀਰਾਂ ਨੂੰ ਖਾਦਾਂ ਦੀ ਸਿਫਾਰਸ਼ ਕੀਤੀ ਮਾਤਰਾ ਹੀ ਪਾਉਣੀ ਚਾਹੀਦੀ ਹੈ ਜਿਵੇਂ ਕਿ ਸਾਰਨੀ ਨੰ:2 ਵਿੱਚ ਦਰਸਾਇਆ ਗਿਆ ਹੈ। ਸਿਫਾਰਸ਼ ਤੋਂ ਵੱਧ ਨਾਈਟ੍ਰੋਜਨ ਪਾਉਣ ਨਾਲ ਖੁਰਾਕੀ ਤੱਤਾਂ ਦੇ ਨਾਲ-ਨਾਲ ਚਾਰਿਆਂ ਵਿੱਚ ਜਹਿਰੀਲੇ ਮਾਦੇ ਵੀ ਵੱਧ ਸਕਦੇ ਹਨ ਜੋ ਕਿ ਪਸ਼ੂਆਂ ਲਈ ਬਹੁਤ ਹਾਨੀਕਾਰਕ ਹਨ।
ਵੱਧ ਨਾਈਟ੍ਰੋਜਨ ਦੀ ਵਰਤੋਂ ਨਾਲ ਜਵੀ ਵਿੱਚ ਨਾਈਟ੍ਰੇਟ ਦੀ ਮਾਤਰਾ ਵੱਧਾ ਸਕਦੀ ਹੈ। ਇਹਨਾਂ ਤੱਤਾਂ ਦੀ ਜ਼ਿਆਦਾ ਮਾਤਰਾ ਨਾਲ ਚਾਰੇ ਜ਼ਹਿਰੀਲੇ ਹੋ ਜਾਂਦੇ ਹਨ ਅਤੇ ਪਸ਼ੂਆਂ ਦਾ ਦੁੱਧ ਹੀ ਨਹੀਂ ਘਟਾਉਂਦੇ ਸਗੋਂ ਪਸ਼ੂਆਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ : ਕਮਾਦ ਦੀ ਕਾਸ਼ਤ ਲਈ ਸਿਫਾਰਸ਼ ਕਿਸਮਾਂ ਅਤੇ ਅੰਤਰ-ਫ਼ਸਲਾਂ ਬਾਰੇ ਪੂਰਾ ਵੇਰਵਾ
ਕਟਾਈ ਦਾ ਸਮਾਂ:
ਚਾਰੇ ਵਿੱਚ ਖੁਰਾਕੀ ਤੱਤਾਂ ਦੀ ਮਾਤਰਾ ਚਾਰੇ ਦੀ ਕਟਾਈ ਦੇ ਸਮੇਂ ਤੇ ਨਿਰਭਰ ਕਰਦੇ ਹਨ (ਸਾਰਨੀ ਨੰ:3)। ਢੁਕਵੇਂ ਸਮੇਂ ਤੋਂ ਪਹਿਲਾਂ ਕੱਟੇ ਚਾਰਿਆਂ ਵਿੱਚ ਪ੍ਰੋਟੀਨ ਅਤੇ ਖਣਿਜ ਪਦਾਰਥ ਵੱਧ ਮਾਤਰਾ ਵਿੱਚ ਹੁੰਦੇ ਹਨ। ਦੇਰ ਨਾਲ ਕੱਟੀ ਹੋਈ ਫਸਲ ਵਿੱਚ ਸੁੱਕਾ ਮਾਦਾ ਜ਼ਿਆਦਾ ਹੁੰਦਾ ਹੈ ਪਰ ਖੁਰਾਕੀ ਤੱਤ ਹੀ ਨਹੀਂ ਘੱਟ ਜਾਂਦੇ ਸਗੋਂ ਪਚਣਸ਼ਕਤੀ ਵੀ ਬਹੁਤ ਘਟ ਜਾਂਦੀ ਹੈ।
ਇਸ ਲਈ ਚਾਰਿਆਂ ਨੂੰ ਸਹੀ ਸਮੇਂ ਕੱਟਣਾ ਚਾਹੀਦਾ ਹੈ ਤਾਂ ਜੋ ਹਰੇ ਚਾਰੇ ਦਾ ਝਾੜ ਅਤੇ ਖੁਰਾਕੀ ਤੱਤ ਦੋਵੇਂ ਹੀ ਜ਼ਿਆਦਾ ਮਾਤਰਾ ਵਿੱਚ ਮਿਲ ਸਕਣ। ਇੱਕ ਸਿਆਣਾ ਕਿਸਾਨ ਕਟਾਈ ਦੇ ਢੁਕਵੇਂ ਸਮੇਂ ਦੀ ਵਰਤੋਂ ਕਰਕੇ ਆਪਣੇ ਪਸ਼ੂਆਂ ਦੀ ਸਿਹਤ ਅਤੇ ਦੁੱਧ ਦੀ ਮਾਤਰਾ ਵਧਾ ਸਕਦਾ ਹੈ।
ਵਾਧੂ ਚਾਰਿਆਂ ਦੀ ਸੰਭਾਲ:
ਡੇਅਰੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਦੁਧਾਰੂ ਪਸ਼ੂਆਂ ਨੂੰ ਲੰਮੇ ਸਮੇਂ ਤੱਕ ਹਰੇ ਚਾਰਿਆਂ ਦੀ ਪ੍ਰਾਪਤੀ ਹੋਣੀ ਅਤਿ ਜਰੂਰੀ ਹੈ। ਇਸ ਲਈ ਵਾਧੂ ਚਾਰਿਆਂ ਨੂੰ ਸੰਭਾਲ ਲੈਣਾ ਚਾਹੀਦਾ ਹੈ ਤਾਂ ਕਿ ਇਹ ਚਾਰੇ ਉਸ ਸਮੇਂ ਵਰਤੇ ਜਾਣ ਜਦੋਂ ਚਾਰਿਆਂ ਦੀ ਥੁੜ ਹੁੰਦੀ ਹੈ। ਹਰੇ ਚਾਰੇ ਸੰਭਾਲਣ ਦੇ ਦੋ ਤਰੀਕੇ ਹਨ।
ਗੈਰ-ਫਲੀਦਾਰ ਚਾਰਿਆਂ ਦਾ ਅਚਾਰ ਬਣਾ ਲਿਆ ਜਾ ਸਕਦਾ ਹੈ ਅਤੇ ਫਲੀਦਾਰ ਚਾਰੇ ਹੇਅ ਬਣਾ ਕੇ ਸੰਭਾਲੇ ਜਾ ਸਕਦੇ ਹਨ। ਆਚਾਰ ਅਤੇ ਹੇਅ ਬਣਾ ਕੇ ਸਾਂਭੇ ਗਏ ਚਾਰਿਆਂ ਵਿੱਚ ਪੋਸ਼ਟੀਕਤਾ ਬਣੀ ਰਹਿੰਦੀ ਹੈ ਅਤੇ ਇਹ ਪਸ਼ੂਆਂ ਲਈ ਸੰਤੁਲਿਤ ਖੁਰਾਕ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਘੱਟ ਪਾਣੀ ਵਿੱਚ ਕਰੋ Groundnut Farming, ਹੋਵੇਗਾ ਤਗੜਾ Profit
ਇਸ ਲਈ ਹਰੇ ਚਾਰਿਆਂ ਦੇ ਘਾਟ ਦੇ ਸਮੇਂ ਇਹਨਾਂ ਦੀ ਵਰਤੋਂ ਕਰਕੇ ਵੰਡ ਦੀ ਮਾਤਰਾ ਘਟਾਈ ਜਾ ਸਕਦੀ ਹੈ। ਅਚਾਰ ਬਨਾਉਣ ਲਈ ਢੁਕਵੇਂ ਸਮੇਂ ਤੇ ਫਸਲਾਂ ਨੂੰ ਕੱਟ ਕੇ 2-3 ਇੰਚ ਲੰਮਾ ਕੁੱਤਰਿਆਂ ਜਾਂਦਾ ਹੈ। ਇਹ ਕੁੱਤਰੇ ਹੋਏ ਚਾਰੇ ਟੋਏ ਵਿੱਚ ਇਸ ਤਰਾਂ ਭਰੇ ਜਾਂਦੇ ਹਨ ਕਿ ਅੰਦਰ ਹਵਾ ਨਾਂ ਰਹੇ।
ਟੋਏ ਨੂੰ ਉੱਪਰ ਮਿੱਟੀ ਦਾ ਲੇਪ ਕਰਕੇ ਢੱਕ ਦਿੱਤਾ ਜਾਂਦਾ ਹੈ। ਅਚਾਰ 45 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ। ਹੇਅ ਬਣਾਉਣ ਲਈ ਫਲੀਦਾਰ ਫਸਲਾਂ ਨੂੰ ਮੋਟਾ ਕੱਟ ਕੇ ਧੁੱਪ ਵਿੱਚ ਸੁਕਾਇਆ ਜਾਂਦਾ ਹੈ। ਜਦੋਂ ਫ਼ਸਲ ਮਰੋੜਨ ਤੇ ਟੁੱਟਣ ਲਗ ਜਾਂਦੀ ਹੈ ਉਸ ਸਮੇਂ ਸੁੱਕੇ ਚਾਰੇ ਵਿਚ 15 ਕੁ ਪ੍ਰਤੀਸ਼ਤ ਨਮੀਂ ਹੁੰਦੀ ਹੈ ਜਿਸ ਨੂੰ ਸੰਭਾਲ ਕੇ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਇਹ ਜੰਗਲੀ ਸਬਜ਼ੀ ਬਣਾਏਗੀ ਅਮੀਰ, 3 Months 'ਚ 9 ਤੋਂ 10 Lakh ਰੁਪਏ ਦਾ ਮੁਨਾਫ਼ਾ
ਸਾਰਨੀ ਨੰ. 1 : ਚਾਰਿਆਂ ਦੀ ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ
ਫਸਲ |
ਬਿਜਾਈ ਦਾ ਸਮਾਂ |
ਬੀਜ ਦੀ ਮਾਤਰਾ (ਕਿਲੋ/ਏਕੜ) |
ਜਵੀ |
ਅਕਤੂਬਰ ਦੇ ਦੂਜੇ ਹਫ਼ਤੇ ਤੋਂ ਅਖੀਰ ਤੱਕ |
25 |
ਰਾਈ ਘਾਹ |
ਸਤੰਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਤਕ |
4 |
ਬਰਸੀ |
ਸਤੰਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਤਕ |
8 |
ਲੂਸਣ |
ਅੱਧ ਅਕਤੂਬਰ |
6-8 |
ਸ਼ਫਤਲ |
ਸਤੰਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਤਕ |
4-5 |
ਸਾਰਨੀ ਨੰ. 2 : ਚਾਰਿਆਂ ਦੀਆਂ ਉੱਨਤ ਕਿਸਮਾਂ ਅਤੇ ਖਾਦਾਂ ਦੀ ਲੋੜ
ਫਸਲ |
ਕਿਸਮ |
ਯੂਰੀਆ (ਕਿਲੋ/ਏਕੜ) |
ਸੁਪਰਫਾਸਫੇਟ (ਕਿਲੋ/ਏਕੜ) |
ਜਵੀ |
ਓ.ਐਲ.16, ਓ.ਐਲ.15, ਓ.ਐਲ.14, ਓ.ਐਲ.13, ਓ.ਐਲ.12, ਓ.ਐਲ.11, ਓ.ਐਲ.10, ਕੈਂਟ |
66 |
50 |
ਰਾਈ ਘਾਹ |
ਪੰਜਾਬ ਰਾਈ ਘਾਹ 2, ਪੰਜਾਬ ਰਾਈ ਘਾਹ |
66 |
- |
ਬਰਸੀਮ |
ਬੀ.ਐਲ.44, ਬੀ.ਐਲ.43, ਬੀ.ਐਲ.42, ਬੀ.ਐਲ.10 |
22 |
185 |
ਲੂਸਣ |
ਐਲ.ਐਲ.ਕੰਪੋਜਿਟ.5 |
22 |
200 |
ਸ਼ਫਤਲ |
ਸ਼ਫਤਲ.69 |
11 |
125 |
ਸਾਰਨੀ ਨੰ. 3 : ਹਰੇ ਚਾਰੇ ਨੂੰ ਕੱਟਣ ਦਾ ਠੀਕ ਸਮਾਂ
ਇੱਕ ਕਟਾਈ ਵਾਲੇ ਚਾਰੇ |
ਕੱਟਣ ਦਾ ਠੀਕ ਸਮਾਂ |
ਜਵੀ (ਇੱਕ ਕਟਾਈ ਵਾਲੀ ਕਿਸਮ) |
ਦੋਧੇ ਦਾਣਿਆਂ ਤੱਕ |
ਜਵੀ (ਦੋ ਕਟਾਈਆਂ ਦੇਣ ਵਾਲੀ ਕਿਸਮ) |
ਬਿਜਾਈ ਤੋਂ 65-70 ਦਿਨਾਂ ਬਾਅਦ ਪਹਿਲੀ ਕਟਾਈ ਅਤੇ ਦੂਜੀ ਕਟਾਈ ਜਦੋਂ ਫ਼ਸਲ ਗੋਭ ਵਿੱਚ ਹੋਵੇ |
ਰਾਈ ਘਾਹ |
ਬਿਜਾਈ ਤੋਂ 55 ਦਿਨ ਬਾਅਦ ਪਹਿਲੀ ਕਟਾਈ ਅਤੇ ਬਾਕੀ ਕਟਾਈਆਂ 30 ਦਿਨਾਂ ਦੇ ਵਕਫੇ ਨਾਲ |
ਬਰਸੀਮ |
ਬਿਜਾਈ ਤੋਂ 50 ਦਿਨਾਂ ਬਾਅਦ ਪਹਿਲੀ ਕਟਾਈ ਅਤੇ ਬਾਕੀ ਕਟਾਈਆਂ 30-40 ਦਿਨਾਂ ਦੇ ਫਰਕ ਨਾਲ |
ਲੂਸਣ |
ਬਿਜਾਈ ਤੋਂ 75 ਦਿਨਾਂ ਬਾਅਦ ਪਹਿਲੀ ਕਟਾਈ ਅਤੇ ਬਾਕੀ ਕਟਾਈਆਂ 30-40 ਦਿਨਾਂ ਦੇ ਫਰਕ ਨਾਲ |
ਸ਼ਫਤਲ |
ਬਿਜਾਈ ਤੋਂ 55 ਦਿਨਾਂ ਬਾਅਦ ਪਹਿਲੀ ਕਟਾਈ ਅਤੇ ਬਾਕੀ ਕਟਾਈਆਂ 30-40 ਦਿਨਾਂ ਦੇ ਫਰਕ ਨਾਲ |
ਮਨਿੰਦਰ ਕੌਰ ਅਤੇ ਹਰਪ੍ਰੀਤ ਕੌਰ ਓਬਰਾੳ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
Summary in English: Advanced varieties of Fodder Crop, sowing time and basic information of fertilizers