1. Home
  2. ਖੇਤੀ ਬਾੜੀ

Broccoli Farming: ਬਰੌਕਲੀ ਦੀ ਖੇਤੀ ਤੋਂ ਕਿਸਾਨਾਂ ਨੂੰ ਤਗੜੀ ਕਮਾਈ, 60 ਤੋਂ 65 ਦਿਨਾਂ ਵਿੱਚ ਲਓ 12 ਤੋਂ 15 ਟਨ ਪ੍ਰਤੀ ਹੈਕਟੇਅਰ ਤੱਕ ਝਾੜ, ਜਾਣੋ ਵਿਗਿਆਨੀਆਂ ਦੀ ਸਲਾਹ

ਕਿਸਾਨ ਬਰੋਕਲੀ ਦੀ ਖੇਤੀ ਤੋਂ ਵੀ ਚੰਗੀ ਆਮਦਨ ਲੈ ਸਕਦੇ ਹਨ। ਇਸ ਦੀ ਕਾਸ਼ਤ ਦਾ ਢੁਕਵਾਂ ਸਮਾਂ ਅਤੇ ਕਾਸ਼ਤ ਲਈ ਮਿੱਟੀ ਕਿਹੜੀ ਹੋਣੀ ਚਾਹੀਦੀ ਹੈ, ਇਹ ਜਾਨਣ ਲਈ ਲੇਖ ਪੜੋ। ਕਿਉਂਕਿ ਅੱਜ ਅਸੀਂ ਇਸ ਲੇਖ ਵਿੱਚ ਤੁਹਾਨੂੰ ਬਰੌਕਲੀ ਦੀਆਂ ਉਨ੍ਹਾਂ ਕਿਸਮਾਂ ਬਾਰੇ ਦੱਸਾਂਗੇ ਜਿਨ੍ਹਾਂ ਤੋਂ ਕਿਸਾਨ 60 ਤੋਂ 65 ਦਿਨਾਂ ਵਿੱਚ 12 ਤੋਂ 15 ਟਨ ਪ੍ਰਤੀ ਹੈਕਟੇਅਰ ਝਾੜ ਪ੍ਰਾਪਤ ਕਰ ਸਕਦੇ ਹਨ।

Gurpreet Kaur Virk
Gurpreet Kaur Virk
ਬਰੌਕਲੀ ਦੀ ਖੇਤੀ

ਬਰੌਕਲੀ ਦੀ ਖੇਤੀ

Broccoli Cultivation: ਸਬਜ਼ੀਆਂ ਵਿੱਚ ਬਰੋਕਲੀ ਦੀ ਕਾਸ਼ਤ (Broccoli Farming) ਕਿਸਾਨਾਂ ਲਈ ਬਹੁਤ ਲਾਹੇਵੰਦ ਧੰਦਾ ਸਾਬਤ ਹੋ ਰਹੀ ਹੈ। ਕਈ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਵਾਲੀ ਇਸ ਸਬਜ਼ੀ ਦੀ ਬਾਜ਼ਾਰ 'ਚ ਕਾਫੀ ਮੰਗ ਹੈ। ਇਸ ਨੂੰ ਵੱਡੇ ਮਾਲਸ ਅਤੇ ਬਾਜ਼ਾਰਾਂ ਵਿੱਚ ਵੇਚਿਆ ਜਾਂਦਾ ਹੈ। ਕਈ ਵੱਡੇ ਹੋਟਲਾਂ ਵਿੱਚ ਲੋਕ ਇਸ ਸਬਜ਼ੀ ਨੂੰ ਬੜੇ ਚਾਅ ਨਾਲ ਖਾਂਦੇ ਹਨ। ਬਰੌਕਲੀ ਦੇਖਣ 'ਚ ਗੋਭੀ ਵਰਗੀ ਹੁੰਦੀ ਹੈ, ਪਰ ਪੌਸ਼ਟਿਕਤਾ ਦੇ ਲਿਹਾਜ਼ ਨਾਲ ਇਹ ਆਮ ਗੋਭੀ ਨਾਲੋਂ ਕਿਤੇ ਜ਼ਿਆਦਾ ਫਾਇਦੇਮੰਦ ਹੁੰਦੀ ਹੈ।

ਆਮ ਤੌਰ 'ਤੇ ਬਰੋਕਲੀ ਦੀ ਨਰਸਰੀ ਤਿਆਰ ਕਰਨ ਦਾ ਸਭ ਤੋਂ ਵਧੀਆ ਸਮਾਂ ਸਤੰਬਰ-ਅਕਤੂਬਰ ਦਾ ਮਹੀਨਾ ਮੰਨਿਆ ਜਾਂਦਾ ਹੈ। ਜਦੋਂ ਕਿ ਮੱਧਮ ਉਚਾਈ ਵਾਲੇ ਖੇਤਰਾਂ ਵਿੱਚ ਇਸਦੀ ਨਰਸਰੀ ਅਗਸਤ-ਸਤੰਬਰ ਦੇ ਮਹੀਨੇ ਵਿੱਚ ਤਿਆਰ ਕੀਤੀ ਜਾਂਦੀ ਹੈ।

ਖ਼ੁਰਾਕੀ ਤੱਤ

ਬਰੌਕਲੀ ਵਿੱਚ ਵਿਟਾਮਿਨ, ਆਇਰਨ (ਲੋਹਾ) ਅਤੇ ਕੈਲਸ਼ੀਅਮ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ। ਇਸ ਵਿੱਚ 3.3 ਪ੍ਰਤੀਸ਼ਤ ਪ੍ਰੋਟੀਨ, ਵਿਟਾਮਿਨ ਏ, ਸੀ, ਥਾਇਆਮੀਨ, ਨਾਇਸੀਨ ਅਤੇ ਰਿਬੋਫਲਾਵਿਨ ਵੀ ਹੁੰਦੇ ਹਨ। ਜਾਮਨੀ ਰੰਗ ਦੀ ਬਰੌਕਲੀ ਵਿੱਚ ਗਲੂਕੋਸੀਨੋਲੇਟ 72-212 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਪਾਇਆ ਜਾਂਦਾ ਹੈ। ਇਹ ਸੀਰਮ ਕਲੈਸਟਰੋਲ ਘਟਾਉਣ ਵਿਚ ਵੀ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਕੈਂਸਰ ਨੂੰ ਘਟਾਉਣ ਵਾਲੇ ਤੱਤ ਵੀ ਪਾਏ ਜਾਂਦੇ ਹਨ।

ਮੌਸਮ ਅਤੇ ਜ਼ਮੀਨ

ਬਰੌਕਲੀ ਠੰਢੇ ਅਤੇ ਸਿਲ੍ਹੇ ਮੌਸਮ ਵਿੱਚ ਵਧੀਆ ਹੁੰਦੀ ਹੈ। ਇਹ ਜ਼ਿਆਦਾ ਤਾਪਮਾਨ ਨਹੀਂ ਸਹਿ ਸਕਦੀ । ਜੇਕਰ ਤਾਪਮਾਨ ਜ਼ਿਆਦਾ ਹੋ ਜਾਵੇ ਤਾਂ ਬਰੌਕਲੀ ਦਾ ਗੁੱਟ ਖਿੱਲਰ ਜਾਂਦਾ ਹੈ। ਇਸਦੀ ਪੈਦਾਵਾਰ ਲਈ 17-23 ਡਿਗਰੀ ਸੈਂਟੀਗ੍ਰੇਡ ਤਾਪਮਾਨ ਬਹੁਤ ਉੱਤਮ ਹੈ। ਜੇਕਰ ਫ਼ਸਲ ਦੀ ਪੈਦਾਵਾਰ ਸਮੇਂ ਤਾਪਮਾਨ ਇਸ ਤੋਂ ਘੱਟ ਜਾਵੇ ਤਾਂ ਇਸਦੇ ਗੁੱਟ ਤਿਆਰ ਹੋਣ ਦਾ ਸਮਾਂ ਪਛੇਤਾ ਪੈ ਜਾਂਦਾ ਹੈ ਅਤੇ ਗੁੱਟ ਛੋਟੇ ਰਹਿ ਜਾਂਦੇ ਹਨ। ਇਸਦੀ ਕਾਸ਼ਤ ਕਈ ਤਰ੍ਹਾਂ ਦੀ ਜ਼ਮੀਨ ਵਿੱਚ ਹੋ ਸਕਦੀ ਹੈ ਪਰ ਜ਼ਮੀਨ ਵਿੱਚ ਜੀਵਕ ਮਾਦਾ ਕਾਫ਼ੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ।

ਉੱਨਤ ਕਿਸਮ

ਪਾਲਮ ਸਮਰਿਧੀ: ਇਸ ਦੇ ਪੱਤੇ ਚੌੜੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਮੁੱਖ ਅਤੇ ਛੋਟੇ ਗੁੱਟਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਗੁੱਟ ਗੁੰਦਵੇਂ, ਗੋਲ ਅਤੇ ਨਰਮ ਹੁੰਦੇ ਹਨ। ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਤੋਂ ਤਕਰੀਬਨ 72 ਦਿਨਾਂ ਬਾਅਦ ਮੁੱਖ ਗੁੱਟ ਕਟਾਈ ਲਈ ਤਿਆਰ ਹੋਣ ਲੱਗਦੇ ਹਨ। ਇਹ ਕਿਸਮ ਸਬਜ਼ੀ ਅਤੇ ਸਲਾਦ ਵਾਸਤੇ ਢੁੱਕਵੀਂ ਹੈ। ਇਸਦਾ ਔਸਤਨ ਝਾੜ 73 ਕੁਇੰਟਲ ਪ੍ਰਤੀ ਏਕੜ ਹੈ।

ਪੰਜਾਬ ਬਰੌਕਲੀ-1: ਇਸ ਦੇ ਪੱਤੇ ਮਧਰੇ, ਲਹਿਰਦਾਰ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਮੁੱਖ ਤੇ ਛੋਟੇ ਗੁੱਟਾਂ ਦਾ ਰੰਗ ਵੀ ਗੂੜ੍ਹਾ ਹਰਾ ਹੁੰਦਾ ਹੈ। ਪੱਤਿਆਂ ਅਤੇ ਗੁੱਟਾਂ ਉਤੇ ਜਾਮਣੀ ਰੰਗ ਦੀ ਭਾਅ ਹੁੰਦੀ ਹੈ। ਗੁੱਟ ਗੁੰਦਵੇਂ, ਆਕਰਸ਼ਕ ਅਤੇ ਨਰਮ ਹੁੰਦੇ ਹਨ। ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਤੋਂ ਤਕਰੀਬਨ 65 ਦਿਨਾਂ ਬਾਅਦ ਮੁੱਖ ਗੁੱਟ ਕਟਾਈ ਲਈ ਤਿਆਰ ਹੋਣ ਲੱਗਦੇ ਹਨ। ਸਬਜ਼ੀ ਅਤੇ ਸਲਾਦ ਦੋਹਾਂ ਵਾਸਤੇ ਇਹ ਕਿਸਮ ਢੁੱਕਵੀਂ ਹੈ। ਇਸ ਦਾ ਔਸਤ ਝਾੜ 70 ਕੁਇੰਟਲ ਪ੍ਰਤੀ ਏਕੜ ਹੈ।

 

ਕਾਸ਼ਤ ਦੇ ਢੰਗ

ਬਿਜਾਈ ਅਤੇ ਬੀਜ ਦੀ ਮਾਤਰਾ: ਪਨੀਰੀ ਬੀਜਣ ਦਾ ਯੋਗ ਸਮਾਂ ਅੱਧ ਅਗਸਤ ਤੋਂ ਅੱਧ ਸਤੰਬਰ ਹੈ। ਜਦੋਂ ਪਨੀਰੀ ਇੱਕ ਮਹੀਨੇ ਦੀ ਹੋ ਜਾਵੇ ਤਾਂ ਇਸ ਨੂੰ ਪੁੱਟ ਕੇ ਖੇਤ ਵਿੱਚ ਲਾ ਦਿਉ। ਇੱਕ ਏਕੜ ਵਾਸਤੇ 250 ਗ੍ਰਾਮ ਬੀਜ ਕਾਫ਼ੀ ਹੈ। ਫ਼ਸਲ ਵੇਲੇ ਸਿਰ ਲਗਾਉ ਤਾਂ ਕਿ ਫ਼ਸਲ ਨਿਸਾਰੇ ਤੋਂ ਬਚੀ ਰਹੇ। ਪਨੀਰੀ ਨੂੰ ਸ਼ਾਮ ਵੇਲੇ ਠੀਕ ਵੱਤਰ ਵਿੱਚ ਪੁੱਟ ਕੇ ਖੇਤ ਵਿੱਚ ਲਾਉ ਅਤੇ ਤੁਰੰਤ ਪਿੱਛੋਂ ਪਾਣੀ ਦੇ ਦਿਉ।

ਫ਼ਾਸਲਾ: ਕਤਾਰਾਂ ਅਤੇ ਬੂਟਿਆਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਰੱਖੋ।

ਖਾਦਾਂ: 40 ਟਨ ਗਲੀ ਸੜੀ ਰੂੜੀ, 50 ਕਿਲੋ ਨਾਈਟ੍ਰੋਜਨ (110 ਕਿਲੋ ਯੂਰੀਆ), 25 ਕਿਲੋ ਫ਼ਾਸਫ਼ੋਰਸ (155 ਕਿਲੋ ਸੁਪਰਫ਼ਾਸਫ਼ੇਟ) ਅਤੇ 25 ਕਿਲੋ ਪੋਟਾਸ਼ (40 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਦੇ ਹਿਸਾਬ ਪਾਉਣੀ ਜ਼ਰੂਰੀ ਹੈ। ਸਾਰੀ ਰੂੜੀ, ਫ਼ਾਸਫ਼ੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਪਨੀਰੀ ਲਾਉਣ ਤੋਂ ਪਹਿਲਾਂ ਅਤੇ ਅੱਧੀ ਨਾਟੀਟ੍ਰੋਜਨ ਇੱਕ ਮਹੀਨੇ ਪਿੱਛੋਂ ਪਾਉ।

ਸਿੰਚਾਈ: ਇਸ ਦੀ ਪਾਣੀ ਦੀ ਲੋੜ ਵੀ ਫੁੱਲ ਗੋਭੀ ਵਾਂਗ ਹੀ ਹੈ।

ਕਟਾਈ, ਸਾਂਭ-ਸੰਭਾਲ ਅਤੇ ਮੰਡੀਕਰਨ

ਜਿਵੇਂ ਹੀ ਗੁੱਟ ਮੰਡੀਕਰਨ ਆਕਾਰ ਦੇ ਹੋਣ, ਕੱਟ ਲੈਣੇ ਚਾਹੀਦੇ ਹਨ। ਇਨ੍ਹਾਂ ਦਾ ਛੇਤੀ ਹੀ ਮੰਡੀਕਰਨ ਕਰ ਦਿਉ ਕਿਉਂਕਿ ਇਹ ਜ਼ਿਆਦਾ ਦੇਰ ਨਹੀਂ ਰੱਖੇ ਜਾ ਸਕਦੇ। ਵਿਚਕਾਰਲਾ ਗੁੱਟ ਕੱਟਣ ਤੋਂ 10-12 ਦਿਨ ਬਾਅਦ ਛੋਟੇ ਗੁੱਟਾਂ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ।

ਬੀਜ ਉਤਪਾਦਨ

ਬਰੌਕਲੀ ਦੇ ਬੀਜ ਦੀ ਪੈਦਾਵਾਰ ਲਈ ਫ਼ਸਲ ਨੂੰ ਉਸੇ ਤਰ੍ਹਾਂ ਬੀਜਣਾ ਚਾਹੀਦਾ ਹੈ ਜਿਵੇਂ ਆਮ ਫ਼ਸਲ ਬੀਜੀ ਜਾਂਦੀ ਹੈ। ਜਦੋਂ ਗੁੱਟ ਤਿਆਰ ਹੋਣੇ ਸ਼ੁਰੂ ਹੋ ਜਾਣ ਤਾਂ ਉਨ੍ਹਾਂ ਨੂੰ ਬੀਜ ਦੀ ਪੈਦਾਵਾਰ ਲਈ ਉਸੇ ਤਰ੍ਹਾਂ ਛੱਡ ਦੇਣਾ ਚਾਹੀਦਾ ਹੈ। ਜਿਨਸੀ ਤੌਰ ਤੇ ਸ਼ੁੱਧ ਬੀਜ ਤਿਆਰ ਕਰਨ ਲਈ ਮਾੜੇ ਅਤੇ ਜਿਨਸੀ ਤੌਰ ਤੇ ਅਸ਼ੁੱਧ ਪੌਦੇ, ਸਾਰੀ ਫ਼ਸਲ ਦੇ ਦੌਰਾਨ ਤਿੰਨ ਵਾਰੀ, ਪਨੀਰੀ ਬੀਜਣ ਤੋਂ ਬਾਅਦ, ਫੁੱਲ ਪੈਣ ਵੇਲੇ ਅਤੇ ਗੁੱਟ ਬਣਨ ਵੇਲੇ ਖੇਤ ਵਿੱਚੋਂ ਪੁੱਟ ਦੇਣੇ ਚਾਹੀਦੇ ਹਨ। ਸ਼ੁੱਧ ਬੀਜ ਲਈ ਖੇਤ ਤੋਂ ਖੇਤ ਦਾ ਫ਼ਾਸਲਾ 1600 ਮੀਟਰ ਹੋਣਾ ਚਾਹੀਦਾ ਹੈ। ਜਦੋਂ ਫ਼ਲੀਆਂ ਪੱਕ ਕੇ ਨਸਵਾਰੀ ਰੰਗ ਦੀਆਂ ਹੋ ਜਾਣ ਤਾਂ ਉਨ੍ਹਾਂ ਨੂੰ ਦੋ ਜਾਂ ਤਿੰਨ ਵਾਰੀ ਤੋੜ ਕੇ ਬੀਜ ਕੱਢ ਕੇ ਸਾਫ਼ ਕਰ ਲੈਣੇ ਚਾਹੀਦੇ ਹਨ।

ਵਿਗਿਆਨੀਆਂ ਦੀ ਸਲਾਹ

ਖੇਤੀ ਵਿਗਿਆਨੀ ਇਸ ਸਾਲ ਉਨ੍ਹਾਂ ਖੇਤਾਂ ਵਿੱਚ ਬਰੌਕਲੀ ਨਾ ਬੀਜਣ ਦੀ ਸਲਾਹ ਦਿੰਦੇ ਹਨ ਜਿੱਥੇ ਪਿਛਲੇ ਸਾਲ ਬਰੌਕਲੀ ਬੀਜੀ ਗਈ ਸੀ। ਇਹ ਦੇਖਿਆ ਗਿਆ ਹੈ ਕਿ ਪੁਰਾਣੀ ਫ਼ਸਲ ਦੀ ਰਹਿੰਦ-ਖੂੰਹਦ ਵੱਖ-ਵੱਖ ਕਿਸਮਾਂ ਦੇ ਕੀੜਿਆਂ ਨੂੰ ਪਨਾਹ ਦਿੰਦੀ ਹੈ ਅਤੇ ਉਸੇ ਖੇਤ ਵਿੱਚ ਦੁਬਾਰਾ ਬਿਜਾਈ ਕਰਨ ਨਾਲ ਝਾੜ ਪ੍ਰਭਾਵਿਤ ਹੁੰਦਾ ਹੈ। ਬਰੌਕਲੀ ਦੀ ਕਟਾਈ ਉਦੋਂ ਕਰਨੀ ਚਾਹੀਦੀ ਹੈ ਜਦੋਂ ਫਲ ਸਾਧਾਰਨ ਆਕਾਰ ਦਾ ਹੋ ਜਾਵੇ। ਦੇਰੀ ਕਾਰਨ ਇਸ ਵਿੱਚ ਤਰੇੜਾਂ ਆਉਣ ਲੱਗਦੀਆਂ ਹਨ। ਆਮ ਤੌਰ 'ਤੇ ਫ਼ਸਲ 60 ਤੋਂ 65 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।

Summary in English: Broccoli farming gives farmers high income, get 12 to 15 tons per hectare in 60 to 65 days, Know the advice of scientists

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters