1. Home
  2. ਖੇਤੀ ਬਾੜੀ

Cotton Crop: ਕਿਸਾਨਾਂ ਦੇ ਨਾਲ-ਨਾਲ ਰੂੰ ਮਿੱਲਾਂ ਵਾਲੇ ਵੀ ਰਹਿਣ ਸੁਚੇਤ, ਨਰਮੇ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਇਹ ਅਗੇਤੇ ਪ੍ਰਬੰਧ ਜ਼ਰੂਰੀ

ਲੇਖ ਵਿੱਚ ਦੱਸੇ ਗਏ ਤਰੀਕਿਆਂ ਨੂੰ ਅਪਣਾਕੇ ਕਿਸਾਨ ਵੀਰ ਆਉਣ ਵਾਲੀ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਕਾਫੀ ਹੱਦ ਤੱਕ ਬਚਾਅ ਸਕਦੇ ਹਨ। ਰੂੰ ਮਿੱਲਾਂ ਵਾਲਿਆਂ ਨੂੰ ਵੀ ਆਪਣੀ ਜੁੰਮੇਵਾਰੀ ਸਮਝਦੇ ਹੋਏ ਗੁਲਾਬੀ ਸੁੰਡੀ ਦੇ ਅਗੇਤੇ ਪ੍ਰਬੰਧਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਨਰਮੇ ਦੇ ਸੀਜ਼ਨ ਦੌਰਾਨ, ਫ਼ਸਲ ਦਾ ਨਿਯਮਤ ਤੌਰ ਤੇ ਸਰਵੇਖਣ ਕਰਨਾ ਚਾਹੀਦਾ ਅਤੇ ਸਮੇਂ ਸਮੇਂ ਤੇ ਖੇਤੀ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ।

Gurpreet Kaur Virk
Gurpreet Kaur Virk
ਕਪਾਹ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਕਿਵੇਂ ਕਰੀਏ?

ਕਪਾਹ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਕਿਵੇਂ ਕਰੀਏ?

Cotton Farming: ਨਰਮੇ ਦੀ ਕਾਸ਼ਤ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਦੀਆਂ ਹਨ, ਪਰ ਪਿਛਲੇ ਕੁਝ ਸਾਲਾਂ ਤੋਂ ਗੁਲਾਬੀ ਸੁੰਡੀ ਦਾ ਹਮਲਾ ਇਸ ਫ਼ਸਲ ਦੀ ਕਾਸ਼ਤ ਵਿੱਚ ਮੁੱਖ ਸਮੱਸਿਆ ਹੈ। ਗੁਲਾਬੀ ਸੁੰਡੀ ਸਿਰਫ ਨਰਮੇ/ਕਪਾਹ ਦੀ ਫ਼ਸਲ ਉੱਪਰ ਹੀ ਪਲਦੀ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ, ਇਹ ਕੀੜਾ ਨਰਮੇ ਦੀ ਫ਼ਸਲ ਦੇ ਪ੍ਰਮੁੱਖ ਕੀੜਿਆਂ ਵਿੱਚੋਂ ਇੱਕ ਸੀ, ਪਰ 2005 ਵਿੱਚ ਬੀ ਟੀ ਨਰਮਾ ਆਉਣ ਤੋਂ ਬਾਅਦ ਟੀਂਡੇ ਦੀਆਂ ਸੁੰਡੀਆਂ ਦੀ ਸਮੱਸਿਆ ਲਗਭਗ ਖਤਮ ਹੋ ਗਈ ਸੀ।

ਸਾਲ 2017 ਦੌਰਾਨ ਮੱਧ ਅਤੇ ਦੱਖਣੀ ਭਾਰਤ ਵਿੱਚ ਬੀ ਟੀ ਨਰਮੇ ਉੱਪਰ ਗੁਲਾਬੀ ਸੁੰਡੀ ਦਾ ਗੰਭੀਰ ਹਮਲਾ ਦੇਖਿਆ ਗਿਆ, ਜਦੋਂਕਿ ਉੱਤਰੀ ਭਾਰਤ ਵਿੱਚ ਬੀ ਟੀ ਨਰਮੇ ਉੱਪਰ ਇਸ ਦਾ ਹਮਲਾ ਸਾਲ 2018 ਦੌਰਾਨ ਹਰਿਆਣਾ ਦੇ ਜੀਂਦ ਖੇਤਰ ਵਿੱਚ ਰੂੰ ਮਿੱਲਾਂ ਦੇ ਨੇੜੇ ਕੁਝ ਖੇਤਾਂ ਵਿੱਚ ਨਜ਼ਰ ਆਇਆ।

ਪੰਜਾਬ ਵਿੱਚ, ਪਹਿਲੀ ਵਾਰ 2019 ਦੌਰਾਨ ਬਠਿੰਡਾ ਜ਼ਿਲ੍ਹੇ ਦੇ ਕੁਝ ਖੇਤਾਂ ਵਿੱਚ ਹਮਲਾ ਦਰਜ ਕੀਤਾ ਗਿਆ, ਜੋ ਖੇਤ ਰੰੂ ਮਿੱਲਾਂ ਦੇ ਨੇੜੇ ਸਨ ਅਤੇ ਦੋ ਸਾਲਾਂ ਦੇ ਵਕਫੇ ਵਿੱਚ ਇਹ ਕੀੜਾ ਨਰਮਾ ਪੱਟੀ ਦੇ ਲਗਭਗ ਸਾਰੇ ਖੇਤਰਾਂ ਵਿੱਚ ਫੈਲ ਗਿਆ ਹੈ। ਸਾਲ 2021 ਵਿੱਚ, ਬਠਿੰਡਾ ਅਤੇ ਮਾਨਸਾ ਜ਼ਿਲੇ ਵਿੱਚ ਇਸ ਕੀੜੇ ਨੇ ਬਹੁਤ ਨੁਕਸਾਨ ਕੀਤਾ, ਜਦੋਂ ਕਿ ਫਾਜ਼ਿਲਕਾ, ਫਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲਿਆਂ ਵਿੱਚ ਨਰਮਾ ਸੀਜ਼ਨ ਦੇ ਅੰਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ। ਪਿਛਲੇ ਸਾਲ ਦੌਰਾਨ ਇਸ ਕੀੜੇ ਦਾ ਕਾਫੀ ਹਮਲਾ ਦੇਖਿਆ ਗਿਆ। ਇਸ ਕੀੜੇ ਦੀ ਰੋਕਥਾਮ ਲਈ ਨਰਮੇ ਦੇ ਸੀਜ਼ਨ ਦੌਰਾਨ ਸਰਵਪੱਖੀ ਰੋਕਥਾਮ ਜਿਥੇ ਇਸਦਾ ਅਗੇਤਾ ਪ੍ਰਬੰਧਨ (ਨਰਮੇ ਦੀ ਬਿਜਾਈ ਤੋਂ ਪਹਿਲਾਂ) ਅਤਿ ਜਰੂਰੀ ਹੈ। ਇਸ ਲੇਖ ਰਾਹੀਂ ਗੁਲਾਬੀ ਸੁੰਡੀ ਦੇ ਜੀਵਨ ਚੱਕਰ, ਸੁੰਡੀ ਦਾ ਫੈਲਾਅ, ਨੁਕਸਾਨ ਅਤੇ ਸਰਵਪੱਖੀ ਰੋਕਥਾਮ ਸੰਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ ਗਏ ਹਨ।

ਜੀਵਨ ਚੱਕਰ

ਗੁਲਾਬੀ ਸੁੰਡੀ ਦੇ ਅੰਡੇ ਸ਼ੁਰੂ ਵਿੱਚ ਚਿੱਟੇ ਹੁੰਦੇ ਹਨ, ਜੋ ਬਾਅਦ ਵਿੱਚ ਸੰਤਰੀ ਰੰਗ ਵਿੱਚ ਬਦਲ ਜਾਂਦੇ ਹਨ। ਆਂਡੇ ਵਿੱਚੋਂ ਸੁੰਡੀਆ ਨੂੰ ਨਿਕਲਣ ਲਈ ਤਕਰੀਬਨ 3-4 ਦਿਨ ਲੱਗ ਜਾਂਦੇ ਹਨ।ਨਵ-ਜੰਮੀਆਂ ਸੁੰਡੀਆਂ ਚਿੱਟੇ ਰੰਗ ਦੀਆਂ, ਜਿਨ੍ਹਾਂ ਦੇ ਸਿਰ ਕਾਲੇ ਰੰਗ ਦੇ ਹੁੰਦੇ ਹਨ।ਪੂਰੀ ਤਰਾਂ ਪਲੀ ਹੋਈ ਸੁੰਡੀ ਗੁਲਾਬੀ ਰੰਗ ਦੀ ਹੋ ਜਾਂਦੀ ਹੈ। ਸੁੰਡੀਆਂ ਫੁੱਲ ਡੋਡੀਆਂ, ਫੁੱਲਾਂ ਅਤੇ ਟੀਡਿਆਂ ਵਿੱਚ ਵੜ ਕੇ ਖਾਣਾ ਸ਼ੁਰੂ ਕਰ ਦਿੰਦੀਆਂ ਹਨ। ਕੀੜੇ ਦੀ ਇਹ ਅਵਸਥਾ ਲਗਭਗ 10 ਤੋਂ 14 ਦਿਨਾਂ ਤੱਕ ਰਹਿੰਦੀ ਹੈ ਅਤੇ ਫਿਰ ਟੀਂਡੇ ਵਿੱਚੋਂ ਬਾਹਰ ਨਿੱਕਲ ਕੇ ਖੇਤ ਵਿੱਚ ਡਿੱਗੇ ਪੱਤਿਆਂ ਵਿੱਚ ਕੋਏ (ਪਿਊਪੇ) ਬਣ ਜਾਂਦੇ ਹਨ।

ਭੂਰੇ ਰੰਗ ਦਾ ਪਿਊਪਾ ਮਿੱਟੀ ਦੀ ਉਪਰਲੀ ਪਰਤ ਵਿੱਚ 7 ਤੋਂ 10 ਦਿਨਾਂ ਤੱਕ ਸਥਿਰ ਰਹਿੰਦਾ ਹੈ। ਇਸ ਦੇ ਪਤੰਗੇ ਛੋਟੇ, ਪਤਲੇ, ਗੂੜੇ ਭੂਰੇ ਦੇ ਹੁੰਦੇ ਹਨ ਜਿਨ੍ਹਾਂ ਦੇ ਅਗਲੇ ਖੰਭਾਂ 'ਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਪਿਛਲੇ ਖੰਭ ਚਾਂਦੀ ਰੰਗੇ ਹੁੰਦੇ ਹਨ ਅਤੇ ਉਹਨਾਂ ਦੀਆਂ ਕੰਨੀਆਂ ਉੱਪਰ ਵਾਲਾਂ ਦੀ ਝਾਲਰ ਹੁੰਦੀ ਹੈ। ਮਾਦਾ ਪਤੰਗੇ ਲਗਭਗ 2-3 ਦਿਨਾਂ ਬਾਅਦ ਅੰਡੇ ਦੇਣੇ ਸ਼ੁਰੂ ਕਰ ਦਿੰਦੇ ਹਨ ਅਤੇ ਤਕਰੀਬਨ 2 ਮਹੀਨਿਆਂ ਤੱਕ ਜਿਉਂਦੇ ਰਹਿ ਸਕਦੇ ਹਨ।

ਮੌਸਮੀ ਜੀਵਨ ਚੱਕਰ

ਇਹ ਕੀੜਾ ਤਕਰੀਬਨ 2 ਤੋਂ 4 ਹਫ਼ਤਿਆਂ ਵਿੱਚ ਆਪਣਾ ਜੀਵਨ ਚੱਕਰ ਪੂਰਾ ਕਰ ਲੈਂਦਾ ਹੈ, ਪਰ ਸਰਦੀਆਂ ਦੇ ਮੌਸਮ ਦੌਰਾਨ ਇਸ ਦਾ ਜੀਵਨ ਚੱਕਰ ਆਮ ਨਾਲੋਂ ਬਹੁਤ ਲੰਬਾ ਹੋ ਜਾਂਦਾ ਹੈ। ਮੌਸਮ ਠੰਡਾ ਹੋਣ ਤੇ ਸੁੰਡੀਆਂ ਕੋਏ (ਪਿਊਪੇ) ਵਿੱਚ ਤਬਦੀਲ ਨਹੀਂ ਹੁੰਦੀਆਂ ਸਗੋਂ 2 ਬੀਜਾਂ ਨੂੰ ਜੋੜ ਕੇ ਉਸ ਵਿੱਚ ਸੁਸਤੀ ਦੀ ਹਾਲਤ ਵਿੱਚ ਰਹਿੰਦੀਆਂ ਹਨ ਅਤੇ ਸਰਦੀ ਦੇ ਸਾਰੇ ਮੌਸਮ ਦੌਰਾਨ ਸੁਸਤ ਅਵਸਥਾ ਵਿੱਚ ਸਮਾਂ ਬਤੀਤ ਕਰਦੀਆਂ ਹਨ। ਬਸੰਤ ਰੁੱਤ ਦੌਰਾਨ, ਤਾਪਮਾਨ ਅਤੇ ਨਮੀ ਦੀਆਂ ਸਥਿਤੀਆਂ ਅਨੁਕੂਲ ਹੋਣ 'ਤੇ ਸੁੰਡੀਆਂ ਸਰਗਰਮ ਹੋ ਜਾਂਦੀਆਂ ਹਨ ਅਤੇ ਕੋਏ ਵਿੱਚ ਤਬਦੀਲ ਹੋ ਜਾਂਦੀਆਂ ਹਨ।

ਆਮ ਤੌਰ ਤੇ ਅਪ੍ਰੈਲ ਦੇ ਅਖੀਰ ਜਾਂ ਮਈ ਦੇ ਸ਼ੁਰੂ ਵਿੱਚ ਕੋਏ ਵਿੱਚੋਂ ਪਤੰਗੇ ਨਿਕਲ ਕੇ ਨੇੜਲੀ ਨਰਮੇ ਦੀ ਫ਼ਸਲ ਉੱਤੇ ਅੰਡੇ ਦਿੰਦੇ ਹਨ। ਗੁਲਾਬੀ ਸੁੰਡੀ ਦੇ ਪਤੰਗੇ ਜ਼ਿਆਦਾ ਦੂਰੀ ਤੱਕ ਨਹੀਂ ਉੱਡਦੇ, ਖਾਸ ਕਰਕੇ ਜਦੋਂ ਨਰਮੇ ਦੀ ਫਸਲ ਨੇੜੇ ਉਪਲਬਧ ਹੋਵੇ। ਪਰੰਤੂ ਬਾਰਿਸ਼ ਦੇ ਮੌਸਮ ਵਿੱਚ ਤੇਜ ਹਵਾਵਾਂ ਨਾਲ ਇਹ ਜ਼ਿਆਦਾ ਦੂਰੀ ਤਹਿ ਕਰ ਸਕਦੇ ਹਨ। ਪਹਿਲੀ ਪੀੜ੍ਹੀ ਦੌਰਾਨ ਪਤੰਗੇ ਫ਼ੁੱਲ-ਡੋਡੀਆਂ ਦੇ ਨੇੜੇ ਜਾਂ ਉਨ੍ਹਾਂ ਦੇ ਉੱਪਰ ਅੰਡੇ ਦਿੰਦੇ ਹਨ, ਜਦਕਿ ਅਗਲੀਆਂ ਪੀੜ੍ਹੀਆਂ ਦੌਰਾਨ, ਅੰਡੇ ਆਮ ਤੌਰ 'ਤੇ ਟੀਂਡਿਆਂ ਦੇ ਹੇਠਾਂ ਦਿੱਤੇ ਜਾਂਦੇ ਹਨ।

ਇਹ ਵੀ ਪੜੋ: Cultivation & Processing: ਕਿਸਾਨਾਂ ਨੂੰ ਮਸ਼ਰੂਮ ਪ੍ਰੋਸੈਸਿੰਗ ਦੀਆਂ ਇਨ੍ਹਾਂ ਤਕਨੀਕਾਂ ਬਾਰੇ ਜਾਣਨਾ ਜ਼ਰੂਰੀ, ਖੁੰਭਾਂ ਸਟੋਰ ਕਰਨ ਤੋਂ ਪਹਿਲਾਂ ਕਰੋ ਇਹ ਕੰਮ, ਹੋਵੇਗੀ Extra Income

ਨੁਕਸਾਨ

ਅੰਡੇ ਵਿੱਚੋਂ ਨਿਕਲਣ ਤੋਂ ਬਾਅਦ ਸੁੰਡੀਆਂ ਫੁੱਲ ਡੋਡੀਆਂ, ਫੁੱਲਾਂ ਜਾਂ ਛੋਟੇ ਟੀਂਡਿਆਂ ਵਿੱਚ ਵੜ ਜਾਂਦੀਆਂ ਹਨ। ਹਮਲੇ ਵਾਲੇ ਫੁੱਲ ਭੰਬੀਰੀਆਂ ਬਣ ਜਾਂਦੇ ਹਨ, ਜਿਨ੍ਹਾਂ ਵਿੱਚ ਪ੍ਰਾਗਣ ਨਾਲ ਲਥ ਪਥ ਗੁਲਾਬੀ ਸੁੰਡੀਆਂ ਨਜ਼ਰ ਆਉਂਦੀਆਂ ਹਨ।ਹਮਲੇ ਕਾਰਨ ਕਈ ਵਾਰ ਛੋਟੇ ਟੀਂਡੇ ਅਤੇ ਫ਼ੁੱਲ ਡੋਡੀਆਂ ਝੜ ਜਾਂਦੇ ਹਨ। ਸੁੰਡੀਆਂ ਟੀਂਡਿਆਂ ਵਿੱਚ ਬਣ ਰਹੇ ਬੀਜਾਂ ਨੂੰ ਖਾਂਦੀਆਂ ਹਨ, ਜਿਸ ਕਾਰਨ ਟੀਂਡੇ ਵਿੱਚ ਬਣ ਰਹੀ ਰੂੰ ਖਰਾਬ ਹੋ ਜਾਂਦੀ ਹੈ ਅਤੇ ਹਮਲੇ ਵਾਲੇ ਟੀਂਡੇ ਪੂਰੀ ਤਰਾਂ ਨਹੀਂ ਖਿੜਦੇ। ਇਸ ਕੀੜੇ ਦੁਆਰਾ ਨੁਕਸਾਨੇ ਟੀਂਡਿਆਂ ਉੱਪਰ ਉੱਲੀਆਂ ਦੇ ਹਮਲੇ ਕਾਰਨ ਟੀਂਡੇ ਗਲ ਜਾਂਦੇ ਹਨ ਅਤੇ ਰੂੰ ਦਾਗੀ ਹੋ ਜਾਂਦੀ ਹੈ। ਕਈ ਵਾਰ ਬਾਹਰੋਂ ਤੰਦਰੁਸਤ ਨਜ਼ਰ ਆ ਰਹੇ ਟੀਂਡਿਆਂ ਵਿੱਚ ਵੀ ਇਸ ਕੀੜੇ ਦੀਆਂ ਸੁੰਡੀਆਂ ਹੋ ਸਕਦੀਆਂ ਹਨ, ਜੋ ਕਿ ਅੰਦਰੋਂ ਅੰਦਰ ਪੂਰੇ ਟੀਂਡੇ ਨੂੰ ਬੈਠ ਕੇ ਨੁਕਸਾਨ ਕਰਦੀਆਂ ਹਨ।

ਰੋਕਥਾਮ ਲਈ ਅਗੇਤੇ ਪ੍ਰਬੰਧ

ਛਿਟੀਆਂ ਦੀ ਸਾਂਭ ਸੰਭਾਲ
ਹਮਲੇ ਵਾਲੇ ਖੇਤਾਂ ਦੀਆਂ ਛਿਟੀਆਂ ਇਸ ਕੀੜੇ ਦੇ ਫ਼ੈਲਾਅ ਵਿੱਚ ਸਭ ਤੋਂ ਮੁੱਖ ਭੂਮਿਕਾ ਨਿਭਾਉਂਦੀਆਂ ਹਨ। ਪਿਛਲੇ ਸਾਉਣੀ ਦੇ ਸੀਜ਼ਨ ਦੌਰਾਨ ਪੰਜਾਬ ਦੇ ਲਗਭਗ ਸਾਰੇ ਨਰਮਾਂ ਉਤਪਾਦਕ ਖੇਤਰਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦਰਜ ਕੀਤਾ ਗਿਆ ਸੀ, ਇਸ ਲਈ ਅਗਲੇ ਸੀਜ਼ਨ ਦੌਰਾਨ ਇਸ ਕੀੜੇ ਦੇ ਹਮਲੇ ਨੂੰ ਘੱਟ ਕਰਨ ਲਈ ਛਿਟੀਆਂ ਦਾ ਸੁਚੱਜਾ ਪ੍ਰਬੰਧਨ ਬਹੁਤ ਜਰੂਰੀ ਹੈ। ਇਸ ਲਈ ਹੇਠ ਲਿਖੇ ਨੁਕਤੇ ਧਿਆਨਯੋਗ ਹਨ।

• ਛਾਂ ਹੇਠ ਜਾਂ ਖੇਤਾਂ ਵਿੱਚ ਛਿਟੀਆਂ ਦੇ ਢੇਰ ਨਾ ਲਗਾਓ। ਖੇਤਾਂ ਵਿੱਚ ਲਗਾਏ ਛਿਟੀਆਂ ਦੇ ਢੇਰਾਂ ਨੂੰ ਪਿੰਡ ਲਿਆਓ ਅਤੇ ਮਾਰਚ ਤੱਕ ਬਾਲਣ ਦੇ ਤੌਰ ਤੇ ਵਰਤ ਲਓ।

• ਜੇਕਰ ਛਿਟੀਆਂ ਨੂੰ ਬਾਲਣ ਲਈ ਮਾਰਚ ਤੋਂ ਬਾਅਦ ਲੰਬੇ ਸਮੇਂ ਲਈ ਰੱਖਣਾ, ਤਾਂ ਛਿਟੀਆਂ ਨੂੰ ਜ਼ਮਨਿ ਤੇ ਮਾਰ ਮਾਰ ਕੇ ਅਣਖਿੜੇ ਟੀਡੇਂ ਅਤੇ ਸਿਕਰੀਆਂ ਨੂੰ ਝਾੜ ਦਿਓ ।ਇਸ ਤਰਾਂ ਇਕੱਠੇ ਹੋਏ ਅਣਖਿੜੇ ਟੀਡੇਂ ਅਤੇ ਸਿਕਰੀਆਂ ਨੂੰ ਮਿੱਟੀ ਵਿੱਚ ਡੂੰਘੇ ਦੱਬ ਦਿਓ ਜਾਂ ਜਲਾ ਦਿਓ।ਇਸ ਪ੍ਰਥਾ ਨੂੰ ਪਿੰਡ ਪੱਧਰ 'ਤੇ ਅਪਣਾਇਆ ਜਾਣਾ ਚਾਹੀਦਾ ਹੈ।

• ਹਮਲੇ ਵਾਲੇ ਖੇਤਾਂ ਦੀਆਂ ਛਿਟੀਆਂ ਨੂੰ ਨਵੇਂ ਖੇਤਰਾਂ ਨਹੀਂ ਲੈ ਕੇ ਜਾਣਾ ਚਾਹੀਦਾ।

ਰੂੰ ਮਿੱਲਾਂ ਵਿੱਚ ਗੁਲਾਬੀ ਸੁੰਡੀ ਦਾ ਪ੍ਰਬੰਧਨ

ਨਰਮਾ ਪੱਟੀ ਵਿੱਚ ਪੈਂਦੀਆਂ ਰੂੰ ਮਿੱਲਾਂ ਵੀ ਗੁਲਾਬੀ ਸੁੰਡੀ ਦੇ ਫੈਲਾਅ ਦਾ ਮਹੱਤਵਪੂਰਨ ਸਰੋਤ ਹਨ, ਇਸ ਲਈ ਅਗਲੇ ਸੀਜ਼ਨ ਦੌਰਾਨ ਕੀੜੇ ਦੀ ਰੋਕਥਾਮ ਲਈ ਮਿੱਲਾਂ ਵਿੱਚ ਵੀ ਹੇਠ ਲਿਖੇ ਢੁੱਕਵੇਂ ਉਪਾਅ ਕੀਤੇ ਜਾਣੇ ਚਾਹੀਦੇ ਹਨ।

• ਰੂੰ ਮਿੱਲਾਂ ਵਿੱਚ ਰੱਖੇ ਹੋਏ ਨਰਮੇ ਦੀ ਵਲਾਈ ਮਾਰਚ ਦੇ ਅੰਤ ਤੱਕ ਨਿਬੇੜ ਦੇਂਣੀ ਚਾਹੀਦੀ ਹੈ ਅਤੇ ਵਲਾਈ ਦੌਰਾਨ ਬਚੀ ਹੋਈ ਸਾਰੀ ਰਹਿੰਦ ਖੂਹੰਦ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।

• ਮਾਰਚ ਮਹੀਨੇ ਤੋਂ ਬਾਅਦ ਮਿੱਲਾਂ ਵਿੱਚ ਜਿਹੜੇ ਵੜੇਵੇਂ ਨਾ ਪੀੜੇ ਗਏ ਹੋਣ, ੳਹਨਾਂ ਨੂੰ ਸੈਲਫਾਸ ਦੀ 3 ਗ੍ਰਾਮ ਗੋਲੀ ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ ਧੂਣੀ ਦਿਓ ।ਗੋਲੀ ਰੱਖਣ ਤੋਂ ਬਾਅਦ 48 ਘੰਟੇ ਤੱਕ ਕਮਰੇ ਨੂੰ ਹਵਾ ਬੰਦ ਰੱਖੋ।

• ਪਸ਼ੂਆਂ ਨੂੰ ਪਾਉਣ ਲਈ ਵੜੇਵਿਆਂ ਦੀ ਖੱਲ ਹੀ ਸਟੋਰ ਕਰਨੀ ਚਾਹੀਦਾੀ ਹੈ ਅਤੇ ਇਸ ਮਕਸਦ ਲਈ ਕੋਈ ਵੜੇਵੇਂ ਸਟੋਰ ਨਹੀਂ ਕਰਨੇ ਚਾਹੀਦੇ।

• ਗੁਲਾਬੀ ਸੁੰਡੀ ਦੇ ਸਰਵੇਖਣ ਲਈ, ਮਿੱਲਾਂ ਦੇ ਆਲੇ-ਦੁਆਲੇ ਸਟਿੱਕਾ/ਡੈਲਟਾ ਟਰੈਪ ਲਗਾਓ ਅਤੇ ਲਉਰ ਨੂੰ 15 ਦਿਨਾਂ ਬਾਅਦ ਬਦਲਦੇ ਰਹੋ।

ਸਰੋਤ: ਕਮਲਦੀਪ ਸਿੰਘ ਮਠਾੜੂ ਅਤੇ ਗੁਰਮੇਲ ਸਿੰਘ ਸੰਧੂ, ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ

Summary in English: Cotton Crop: Farmers as well as cotton millers should be vigilant, these advance measures are essential to prevent pink bollworm in cotton

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters