ਜੈਵਿਕ ਖੇਤੀ ਖੇਤ ਪ੍ਰਬੰਧਨ ਦੀ ਇੱਕ ਅਜਿਹੀ ਪ੍ਰਣਾਲੀ ਹੈ ਜੋ ਗੁਣਵੱਤਾ ਵਾਲੇ ਭੋਜਨ ਦਾ ਉਤਪਾਦਨ ਨਿਸ਼ਚਿਤ ਕਰਨ ਦੇ ਨਾਲ-ਨਾਲ ਵਾਤਾਵਰਣ ਦੀ ਸਿਹਤ ਵੀ ਸੁਧਾਰਦੀ ਹੈ। ਇਹ ਖੇਤੀ ਰਸਾਇਣਕ ਅਤੇ ਸਿੰਥੈਟਿਕ ਚੀਜਾਂ ਜਿਵੇਂ ਕਿ ਖਾਦਾਂ,ਨਦੀਨਨਾਸ਼ਕਾਂ, ਕੀਟਨਾਸ਼ਕਾਂ, ਉਲੀਨਾਸ਼ਕਾਂ ਅਤੇ ਫ਼ਸਲ ਨੂੰ ਵਧਾਉਣ ਵਾਲੇ ਰਸਾਇਣਾਂ ਦੀ ਵਰਤੋਂ ਦੀ ਮਨਾਹੀ ਦੇ ਨਾਲ ਨਾਲ ਕੁੱਝ ਘੱਟੋ-ਘੱਟ ਮਿਆਰਾਂ ਤੇ ਖਰਾ ਉਤਰਨ ਦੀ ਮੰਗ ਕਰਦੀ ਹੈ ਜਿਨ੍ਹਾਂ ਨੂੰ ਜੈਵਿਕ ਮਾਪਦੰਡ ਕਿਹਾ ਜਾਂਦਾ ਹੈ।
ਜੈਵਿਕ ਖੇਤੀ ਵਿੱਚ ਉਤਪਾਦਨ ਤੋਂ ਲੈ ਕੇ ਪ੍ਰੋਸੈਸਿੰਗ, ਸਾਂਭ-ਸੰਭਾਲ ਅਤੇ ਢੋਆ-ਢੁਆਈ ਤੱਕ ਜੈਵਿਕ ਮਾਪਦੰਡਾਂ ਦੀ ਪਾਲਣਾ ਕਰਨੀ ਹੁੰਦੀ ਹੈ। ਜੈਵਿਕ ਮਾਪਦੰਡ ਖੇਤੀ ਵਸਤਾਂ ਨੂੰ ਇਜਾਜ਼ਤਯੋਗ (ਖੁੱਲ੍ਹੇ ਤੌਰ ਤੇ ਵਰਤੀਆਂ ਜਾ ਸਕਣ ਵਾਲੀਆਂ), ਵਰਜਿਤ (ਬਿਲਕੁਲ ਨਾ ਵਰਤੀਆਂ ਜਾ ਸਕਣ ਵਾਲੀਆਂ) ਅਤੇ ਸੀਮਤ ਇਜਾਜ਼ਤਯੋਗ (ਪ੍ਰਮਾਣੀਕਰਨ ਏਜੰਸੀ ਤੋਂ ਪ੍ਰਵਾਨਗੀ ਸਹਿਤ ਵਰਤੀਆਂ ਜਾ ਸਕਣ ਵਾਲੀਆਂ) ਵਸਤਾਂ ਵਿੱਚ ਵੰਡਦੇ ਹਨ। ਮਿੱਟੀ ਦੀ ਸਿਹਤ ਸੰਭਾਲ, ਕੀਟ ਅਤੇ ਬਿਮਾਰੀ ਪ੍ਰਬੰਧਨ ਲਈ ਇਜਾਜ਼ਤਯੋਗ, ਵਰਜਿਤ ਅਤੇ ਸੀਮਤ ਇਜਾਜ਼ਤਯੋਗ ਵਸਤਾਂ ਦੀ ਸੂਚੀ ਸਾਰਣੀ 1 ਅਤੇ 2 ਵਿੱਚ ਦਿੱਤੀ ਗਈ ਹੈ। ਜੈਵਿਕ ਫ਼ਸਲਾਂ ਦੇ ਉਤਪਾਦਨ ਲਈ ਕੁੱਝ ਪ੍ਰਮੁੱਖ ਮਾਪਦੰਡ ਇਸ ਤਰ੍ਹਾਂ ਹਨ:
ਜੈਵਿਕ ਪ੍ਰਮਾਣੀਕਰਨ ਪ੍ਰਾਪਤ ਕਰਨ ਲਈ ਤਿੰਨ ਸਾਲਾਂ ਦੇ ਪਰਿਵਰਤਨ ਸਮੇਂ ਦੀ ਲੋੜ ਹੁੰਦੀ ਹੈ ਅਤੇ ਇਹ ਸਮਾਂ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਖੇਤ ਨੂੰ ਕਿਸੇ ਪ੍ਰਮਾਣੀਕਰਨ ਏਜੰਸੀ ਨਾਲ ਰਜਿਸਟਰ ਕਰ ਲਿਆ ਜਾਂਦਾ ਹੈ। ਖੇਤ ਦੀ ਪਿਛਲੀ ਵਰਤੋਂ ਦੇ ਆਧਾਰ ਤੇ ਇਸ ਮਿਆਦ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ ਪਰ ਕਿਸੇ ਵੀ ਸਥਿਤੀ ਵਿੱਚ ਇਹ ਇੱਕ ਸਾਲ ਤੋਂ ਘੱਟ ਨਹੀ ਹੋ ਸਕਦਾ।
ਜੈਵਿਕ ਅਤੇ ਰਵਾਇਤੀ ਖੇਤਾਂ ਦੇ ਵਿੱਚ ਵਖਰੇਵਾਂ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਨਾਲ ਲਗਦੇ ਖੇਤਾਂ ਵਿੱਚੋ ਰਸਾਇਣਾਂ ਨੂੰ ਆਉਣ ਤੋਂ ਰੋਕਿਆ ਜਾ ਸਕੇ।
ਬੀਜ ਜੈਵਿਕ ਹੋਣਾ ਚਾਹੀਦਾ ਹੈ ਜੋਕਿ ਪਿਛਲੇ ਸਾਲ ਦੀ ਜੈਵਿਕ ਪੈਦਾਵਾਰ ਵਿੱਚੋਂ ਹੋਵੇ।ਪਰ ਜੇ ਜੈਵਿਕ ਬੀਜ ਮੌਜੂਦ ਨਾ ਹੋਵੇ ਤਾਂ ਆਮ ਬੀਜ ਵੀ ਵਰਤਿਆ ਜਾ ਸਕਦਾ ਹੈ ਪਰ ਇਸ ਨੂੰ ਕਿਸੇ ਉਲੀਨਾਸ਼ਕ ਜਾਂ ਕੀਟਨਾਸ਼ਕ ਨਾਲ ਨਾ ਸੋਧੋ।
ਜੈਨੇਟਿਕ ਤੌਰ ਤੇ ਸੋਧੀਆਂ ਹੋਈਆਂ ਫ਼ਸਲਾਂ ਜਿਵੇਂ ਕਿ ਬੀ ਟੀ ਨਰਮਾ ਆਦਿ ਦੇ ਬੀਜਣ ਦੀ ਮਨਾਹੀ ਹੈ।
ਉਲੀਨਾਸ਼ਕਾਂ ਨਾਲ ਬੀਜ ਸੋਧਣ ਦੀ ਮਨਾਹੀ ਹੈ, ਪਰ ਬੀਜ ਨੂੰ ਬਾਇਉ-ਉਲੀਨਾਸ਼ਕਾਂ, ਗਰਮ ਪਾਣੀ ਅਤੇ ਪੌਦਿਆਂ ਆਧਾਰਿਤ ਪਦਾਰਥਾਂ ਨਾਲ ਸੋਧਿਆ ਜਾ ਸਕਦਾ ਹੈ।
ਖੇਤੀ ਰਸਾਇਣ ਜਿਵੇਂ ਕਿ ਖਾਦਾਂ, ਉਲੀਨਾਸ਼ਕਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ ਜਾਂ ਫ਼ਸਲ ਨੂੰ ਵਧਾਉਣ ਵਾਲੇ ਰਸਾਇਣਾਂ ਦੀ ਵਰਤੋਂ ਤੇ ਪੂਰਨ ਤੌਰ ਤੇ ਪਾਬੰਦੀ ਹੈ।
ਜੈਵਿਕ ਫ਼ਾਰਮ ਦੀ ਰੂੜੀ ਦੀ ਖਾਦ ਵਰਤੀ ਜਾ ਸਕਦੀ ਹੈ ਪਰ ਵਪਾਰਕ ਪਧਰ ਦੇ ਡੇਅਰੀ ਫ਼ਾਰਮਾਂ ਦੀ ਰੂੜੀ ਦੀ ਖਾਦ ਵਰਤਣ ਦੀ ਮਨਾਹੀ ਹੈ। ਰਵਾਇਤੀ ਫ਼ਾਰਮਾਂ ਦੀ ਰੂੜੀ ਦੀ ਖਾਦ ਦੀ ਵਰਤੋਂ ਸੀਮਤ ਤਰੀਕੇ ਨਾਲ ਪ੍ਰਮਾਣੀਕਰਨ ਏਜੰਸੀ ਤੋਂ ਪ੍ਰਵਾਨਗੀ ਲੈ ਕੇ ਕੀਤੀ ਜਾ ਸਕਦੀ ਹੈ। ਮਨੁੱਖੀ ਮਲ-ਮੂਤਰ ਦੇ ਵਰਤਣ ਦੀ ਮਨਾਹੀ ਹੈ।
ਫ਼ਲੀਦਾਰ ਫ਼ਸਲਾਂ ਨੂੰ ਫ਼ਸਲੀ ਚੱਕਰ ਵਿੱਚ ਜ਼ਰੂੂਰ ਸ਼ਾਮਿਲ ਕਰਨਾ ਚਾਹੀਦਾ ਹੈ ਜਾਂ ਇਨ੍ਹਾਂ ਨੂੰ ਹਰੀ ਖਾਦ ਜਾਂ ਅੰਤਰ ਫ਼ਸਲਾਂ ਦੇ ਤੌਰ ਤੇ ਉਗਾਇਆ ਜਾਣਾ ਚਾਹੀਦਾ ਹੈ।
ਜੈਵਿਕ ਫ਼ਾਰਮ ਤੇ ਖੇਤੀ ਉਤਪਾਦਾਂ ਦੇ ਉਤਪਾਦਨ ਅਤੇ ਪ੍ਰੋਸੈਸਿੰਗ ਦੌਰਾਨ ਕਿਸੇ ਵੀ ਪ੍ਰਕਾਰ ਦਾ ਪ੍ਰਦੂਸ਼ਣ ਨਹੀ ਹੋਣਾ ਚਾਹੀਦਾ।
ਸਿੰਚਾਈ ਵਾਲਾ ਪਾਣੀ ਚੰਗੀ ਕੁਆਲਿਟੀ ਦਾ ਹੋਣਾ ਚਾਹੀਦਾ ਹੈ। ਸੀਵਰੇਜ਼ ਵਾਲੇ ਜਾਂ ਦੂਸ਼ਿਤ ਪਾਣੀ ਨਾਲ ਸਿੰਚਾਈ ਨਹੀਂ ਕੀਤੀ ਜਾ ਸਕਦੀ।
ਖੇਤੀ ਉਤਪਾਦਾਂ ਨੂੰ ਧੋਣ ਲਈ ਰਸਾਇਣਾਂ ਦੀ ਵਰਤੋਂ ਦੀ ਮਨਾਹੀ ਹੈ।
ਜੈਵਿਕ, ਪਰਿਵਰਤਨ ਅਧੀਨ ਅਤੇ ਰਵਾਇਤੀ ਜਿਣਸ ਦਾ ਲੇਬਲ ਲਗਾ ਕੇ ਅਲੱਗ-ਅਲੱਗ ਭੰਡਾਰਨ ਕਰਨਾ ਚਾਹੀਦਾ ਹੈ।
ਸਟੋਰਾਂ ਵਿੱਚ ਕੀਟਨਾਸ਼ਕਾਂ ਜਾਂ ਧੂਣੀ ਦੇਣ ਵਾਲੀਆਂ ਦਵਾਈਆਂ ਵਰਤਣ ਦੀ ਮਨਾਹੀ ਹੈ, ਪਰ ਜੈਵਿਕ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪੈਕਿੰਗ ਲਈ ਗਲਣ ਯੋਗ ਅਤੇ ਦੁਬਾਰਾ ਵਰਤੀ ਜਾ ਸਕਣ ਵਾਲੀ ਸਮੱਗਰੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਅਪ੍ਰਮਾਣਿਤ ਫਾਰਮਾਂ ਤੇ ਵੀ ਇਨ੍ਹਾਂ ਜੈਵਿਕ ਮਾਪਦੰਡਾਂ ਦੀ ਪਾਲਣਾ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ, ਜੈਵਿਕ ਖੇਤੀ ਦੀ ਸਫ਼ਲਤਾ ਜੈਵਿਕ ਉਤਪਾਦਾਂ ਵਿੱਚ ਉਪਭੋਗਤਾਵਾਂ ਦੇ ਵਿਸ਼ਵਾਸ ਤੇ ਨਿਰਭਰ ਕਰਦੀ ਹੈ।ਜੈਵਿਕ ਮਾਪਦੰਡਾਂ ਦੀ ਸਿਰਫ਼ ਪਾਲਣਾ ਹੀ ਨਹੀਂ ਕਰਨੀ ਚਾਹੀਦੀ ਬਲਕਿ ਇਹ ਕਿਸੇ ਉਪਭੋਗਤਾ ਦੇ ਜੈਵਿਕ ਫ਼ਾਰਮ ਵਿੱਚ ਆਉਣ ਤੇ ਉਸ ਨੂੰ ਨਜ਼ਰ ਵੀ ਆਉਣੀ ਚਾਹੀਦੀ ਹੈ। ਜੈਵਿਕ ਉਤਪਾਦਾਂ ਵਿੱਚ ਸਥਾਨਕ ਲੋਕਾਂ ਦਾ ਭਰੋਸਾ ਹੀ ਜੈਵਿਕ ਖੇਤੀ ਦੀ ਸਫ਼ਲਤਾ ਲਈ ਫ਼ੈਸਲਾਕੁੰਨ ਹੋਵੇਗਾ।
ਚਰਨਜੀਤ ਸਿੰਘ ਔਲਖ, ਅਮਨਦੀਪ ਸਿੰਘ ਸਿੱਧੂ ਅਤੇ ਸੁਰਿੰਦਰ ਸਿੰਘ
ਸਕੂਲ ਆਫ਼ ਆਰਗੈਨਿਕ ਫ਼ਾਰਮਿੰਗ
ਚਰਨਜੀਤ ਸਿੰਘ ਔਲਖ: 98883-50044
Summary in English: Criteria for production of organic crops