Weather and Crop Condition: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ਵਿੱਚ ਖੁਸ਼ਕ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ ਫਸਲਾਂ ਨੂੰ ਪਾਣੀ ਲਾ ਸਕਦੇ ਹਨ ਅਤੇ ਸਪਰੇਅ ਕਰ ਸਕਦੇ ਹਨ। ਆਓ ਜਾਣਦੇ ਹਾਂ ਖੇਤੀ ਫਸਲਾਂ, ਸਬਜ਼ੀਆਂ, ਬਾਗਬਾਨੀ ਅਤੇ ਪਸ਼ੂ ਪਾਲਣ ਨਾਲ ਜੁੜੀ ਇਹ ਮਹੱਤਵਪੂਰਨ ਜਾਣਕਾਰੀ।
ਖੇਤੀ ਫਸਲਾਂ
ਕਿਸਾਨ ਵੀਰਾਂ ਨੂੰ ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 771 ਅਤੇ ਪੀ ਬੀ ਡਬਲਯੂ 752 ਦੀ ਬਿਜਾਈ ਸ਼ੁਰੂ ਕਰ ਲਵੋ। ਖੇਤਾਂ ਵਿੱਚ ਗੁੱਲੀ ਡੰਡਾ ਦੇ ਫੈਲਾਅ ਨੂੰ ਰੋਕਣ ਲਈ ਸਿਫਾਰਿਸ਼ ਕੀਤੇ ਨਦੀਨ ਨਾਸ਼ਕ ਸਿਫਾਰਿਸ਼ ਕੀਤੀ ਪਾਣੀ ਦੀ ਮਾਤਰਾ ਅਨੁਸਾਰ ਹੀ ਵਰਤੋ। ਕਣਕ ਨੂੰ ਪਹਿਲੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾ ਦਿਉ। ਜਿਹੜੀ ਕਣਕ ਦੀ ਫਸਲ ਵਿੱਚ ਮੈਗਨੀਜ਼ ਦੀ ਘਾਟ ਕਰਕੇ ਪੱਤੇ ਪੀਲੇ ਪਏ ਨਜ਼ਰ ਆਉਣ ਉਥੇ ਮੈਂਗਨੀਜ਼ ਸਲਫੇਟ ਦੇ ਛਿੜਕਾਅ ਦੀ ਸਲਾਹ ਦਿੱਤੀ ਜਾਂਦੀ ਹੈ। ਰੇਤਲੀਆਂ ਜ਼ਮੀਨਾਂ ਵਿੱਚ ਗੰਧਕ ਦੀ ਘਾਟ ਕਾਰਨ ਉੱਪਰਲੇ ਨਵੇਂ ਪੱਤੇ ਹਲਕੇ ਹਰੇ ਅਤੇ ਫਿਰ ਪੀਲੇ ਹੋ ਜਾਂਦੇ ਹਨ ਜਦ ਕਿ ਹੇਠਲੇ ਪੱਤੇ ਹਰੇ ਹੀ ਰਹਿੰਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਇੱਕ ਕੁਇੰਟਲ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਮਾਰੋ ਅਤੇ ਹਲਕਾ ਪਾਣੀ ਦੇ ਦਿਉ। ਤੋਰੀਏ ਦੀ ਸਹੀ ਸੰਭਾਲ ਲਈ ਕਿਸਾਨ ਵੀਰਾ ਨੂੰ ਫਸਲ ਦੀ ਕਟਾਈ ਖ਼ਤਮ ਕਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਤੇਲਬੀਜ
ਤੋਰੀਏ ਦੀ ਸਹੀ ਸੰਭਾਲ ਲਈ ਕਿਸਾਨ ਵੀਰਾ ਨੂੰ ਫਸਲ ਦੀ ਕਟਾਈ ਖ਼ਤਮ ਕਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਸਬਜ਼ੀਆਂ
ਆਲੂਆਂ ਦੀ ਫ਼ਸਲ ਨੂੰ ਵਿਸ਼ਾਣੂ ਰੋਗ ਤੋਂ ਬਚਾਉਣ ਲਈ ਆਪਣੇ ਖੇਤਾਂ ਦਾ ਸਰਵੇਖਣ ਕਰੋ। ਜੇਕਰ ਵਿਸ਼ਾਣੂ ਰੋਗਾਂ ਨਾਲ ਪ੍ਰਭਾਵਿਤ ਬੂਟੇ ਨਜ਼ਰ ਆਉਣ ਤਾਂ ਉਹਨਾਂ ਨੂੰ ਆਲੂ ਸਮੇਤ ਪੁੱਟ ਕੇ ਦੱਬ ਦਿਓ।ਆਲੁਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣ ਲਈ 500-700 ਗਾ੍ਰਮ ਇੰਡੋਫਿਲ ਐਮ-45/ਮਾਸ ਐਮ-45/ ਮਾਰਕਜ਼ੈਬ/ ਐਂਟਰਾਕੌਲ/ਕੱਵਚ ਜਾਂ 750-1000 ਗ੍ਰਾਮ ਕਾਪਰ ਔਕਸੀਕਲੋਰਾਈਡ/ ਮਾਰਕ ਕਾਪਰ ਨੂੰ 250-350 ਲਿਟਰ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਤੇ ਹਫਤੇ-ਹਫਤੇ ਦੇ ਵਕਫੇ ਤੇ ਛਿੜਕਾਅ ਕਰੋ।
ਇਹ ਵੀ ਪੜ੍ਹੋ: Wheat Crop ਦੇ ਪੀਲੇ ਪੈਣ ਦੇ 5 ਮੁੱਖ ਕਾਰਨ, ਇਲਾਜ ਲਈ ਅਪਣਾਓ ਇਹ ਤਰੀਕੇ
ਬਾਗਬਾਨੀ
ਨਵੇਂ ਲਗਾਏ ਸਦਾਬਹਾਰ ਫ਼ਲਦਾਰ ਬੂਟਿਆਂ ਨੂੰ ਠੰਡ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਸ਼ੁਰੂ ਕਰੋ। ਨਿੰਬੂ ਜਾਤੀ ਦੇ ਖ਼ਰੀਂਢ ਰੋਗ ਨੂੰ ਖ਼ਤਮ ਕਰਨ ਲਈ 50 ਗ੍ਰਾਮ ਸਟਰੈੋਪਟੋਸਾਈਕਲੀਨ 25 ਗ੍ਰਾਮ ਕੌਪਰ ਸਲਫੇਟ 500 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ।ਬੋਰਡੋ ਮਿਸਰਣ (2:2:250) ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ। ਬੇਰਾਂ ਦੇ ਬੂਟਿਆਂ ਨੂੰ ਚਿੱਟੋਂ ਦੇ ਰੋਗ ਤੋਂ ਬਚਾਉਣ ਲਈ 0.25% (250 ਗ੍ਰਾਮ/100 ਲਿਟਰ ਪਾਣੀ) ਘੁਲਣਸ਼ੀਲ ਸਲਫਰ ਦਾ ਛਿੜਕਾਅ ਅਤੇ ਬੇਰਾਂ ਦੇ ਪੱਤਿਆਂ ਦੇ ਕਾਲੇ ਨਿਸ਼ਾਨਾਂ ਦੀ ਬਿਮਾਰੀ ਨੂੰ ਕਾਬੂ ਕਰਨ ਲਈ ਬੂਟਿਆਂ ਉੱਪਰ ਬੋਰਡੋ ਮਿਸ਼ਰਣ 2:2:250 ਦਾ ਛਿੜਕਾਅ ਕਰੋ।
ਬੇਰਾਂ ਉਪਰ ਇਸ ਸਮੇਂ ਭਰਵਾਂ ਫ਼ਲ ਲੱਗਿਆ ਹੋਇਆ ਹੈ ਇਸ ਲਈ ਇਸ ਮਹੀਨੇ ਇੱਕ ਸਿੰਚਾਈ ਜ਼ਰੂਰ ਕਰੋ। ਪੱਤਝੜੀ ਕਿਸਮਾਂ ਦੇ ਫ਼ਲਦਾਰ ਬੂਟੇ ਜਿਵੇਂ ਕਿ ਆੜੂ, ਅਲੂਚਾ, ਨਾਸ਼ਪਾਤੀ, ਅੰਜੀਰ, ਅੰਗੂਰ ਆਦਿ ਲਗਾਉਣ ਲਈ ਖੇਤ ਦੀ ਤਿਆਰੀ ਸ਼ੁਰੂ ਕਰ ਲਵੋ। ਅੰਬਾਂ ਦੀ ਗੂੰਦਹਿੜੀ ਦੀ ਰੋਕਥਾਂਮ ਲਈ ਦਰੱਖਤਾਂ ਦੇ ਮੱੁਖ ਤਣੇ ਦੁਆਲੇ ਅਲਕਾਥੇਨ ਸ਼ੀਟ ਲਪੇਟੀ ਜਾ ਸਕਦੀ ਹੈ।
ਪਸ਼ੂ ਪਾਲਣ
ਸਰਦੀਆਂ ਵਿਚ ਸ਼ੈੱਡਾਂ ਅੰਦਰ ਆ ਰਹੀ ਠੰਡੀ ਹਵਾ ਦਾ ਪਸ਼ੂਆਂ ਦਾ ਦੁੱਧ ਦੇਣ ਦੀ ਸਮਰੱਥਾ ਤੇ ਕਾਫੀ ਅਸਰ ਪੈਂਦਾ ਹੈ। ਘੱਟ ਤਾਪਮਾਨ ਅਤੇ ਠੰਡੀ ਹਵਾ ਪਸ਼ੂਆਂ ਦੀ ਸਿਹਤ ਲਈ ਹਾਨੀਕਾਰਕ ਹੈ। ਖੋਜ਼ ਨੇ ਸਿੱਧ ਕੀਤਾ ਹੈ ਕਿ ਜਿਹੜੇ ਸ਼ੈੱਡ ਦੋਨਾਂ ਪਾਸਿਆਂ ਤੋਂ ਖੁੱਲ੍ਹੇ ਹਨ ਜੇਕਰ ਉਨ੍ਹਾਂ ਵਿਚ ਰਾਤ ਵੇਲੇ ਪੱਲੀਆਂ ਲਾ ਕੇ ਠੰਡੀ ਹਵਾ ਰੋਕੀ ਜਾਵੇ ਤਾਂ ਹਰ ਇਕ ਮੱਝ ਦਾ ਇਕ ਦਿਨ ਵਿੱਚ 500 ਗ੍ਰਾਮ ਦੁੱਧ ਦੂਜੇ ਸ਼ੇੈੱਡਾਂ ਦੇ ਪਸ਼ੂਆਂ ਨਾਲੋਂ ਵੱਧ ਜਾਂਦਾ ਹੈ ਜਿਨ੍ਹਾਂ ਨੂੰ ਕਿ ਠੰਡੀ ਹਵਾ ਤੋਂ ਬਚਾਇਆ ਨਹੀਂ ਜਾਂਦਾ। ਠੰਡੇ ਮੌਸਮ ਵਿੱਚ ਢਾਰਿਆਂ ਵਿਚਲੀ ਜਿਆਦਾ ਨਮੀ ਨੂੰ ਕੰਟਰੋਲ ਕਰਨ ਲਈ ਖਿੜਕੀਆਂ ਖੋਲ ਦਿਉ ਜਾਂ ਪੱਲੀਆਂ ਚੁੱਕ ਦਿਉ ਤਾਂ ਜੋ ਦਿਨ ਦੇ ਸਮੇਂ ਵੱਧ ਤੋਂ ਵੱਧ ਹਵਾ ਸ਼ੈੱਡ ਵਿਚੋਂ ਗੁਜਰ ਸਕੇ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Crop Advice: Important advice from experts for Rabi season, advisory issued for farmers and livestock farmers