
ਟਮਾਟਰ ਦੀ ਫ਼ਸਲ: ਕੀੜੇ ਮਕੌੜੇ ਤੇ ਰੋਕਥਾਮ
Tomato Crop: ਟਮਾਟਰ ਮੁੱਖ ਤੌਰ ਤੇ ਗਰਮੀ ਰੁੱਤ ਦੀ ਫ਼ਸਲ ਹੈ। ਟਮਾਟਰ ਦੀ ਬਿਜਾਈ ਸਤੰਬਰ ਤੋਂ ਅਕਤੂਬਰ ਤੱਕ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਇਸਦੀ ਫਸਲ ਦੋ ਮਹੀਨਿਆਂ ਬਾਅਦ ਯਾਨੀ ਦਸੰਬਰ ਤੋਂ ਜਨਵਰੀ ਤੱਕ ਤਿਆਰ ਹੋ ਜਾਂਦੀ ਹੈ। ਬਜ਼ਾਰ `ਚ ਟਮਾਟਰ ਦੀ ਮੰਗ ਸਾਰਾ ਸਾਲ ਇੱਕੋ ਜਿਹੀ ਰਹਿੰਦੀ ਹੈ। ਅਜਿਹੇ 'ਚ ਜੇਕਰ ਕਿਸਾਨ ਇਸ ਦੀ ਵੱਡੇ ਪੱਧਰ 'ਤੇ ਖੇਤੀ ਕਰਨ ਤਾਂ ਉਹ ਲੱਖਾਂ ਰੁਪਏ ਤੱਕ ਕਮਾ ਸਕਦੇ ਹਨ।
ਟਮਾਟਰ ਭਾਰਤ ਦੀ ਇੱਕ ਮਹੱਤਵਪੂਰਨ ਵਪਾਰਕ ਫਸਲ ਹੈ। ਇਹ ਦੁਨੀਆ ਭਰ `ਚ ਆਲੂ ਤੋਂ ਬਾਅਦ ਦੂਜੇ ਨੰਬਰ `ਤੇ ਸਭ ਤੋਂ ਮਹੱਤਵਪੂਰਨ ਫ਼ਸਲ ਵਜੋਂ ਜਾਣੀ ਜਾਂਦੀ ਹੈ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਟਮਾਟਰ ਦੇ ਪੌਦੇ ਦੀ ਸਹੀ ਦੇਖਭਾਲ ਦੇ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਰਾਹੀਂ ਤੁਸੀਂ ਆਪਣੇ ਟਮਾਟਰ ਦੇ ਪੌਦਿਆਂ ਦੀ ਕੀੜੇ-ਮਕੌੜੇ ਤੇ ਬਿਮਾਰੀਆਂ ਤੋਂ ਰਾਖੀ ਕਰ ਪਾਓਗੇ।
ਕੀੜੇ ਮਕੌੜੇ ਤੇ ਰੋਕਥਾਮ:
1. ਫਲ ਦਾ ਗੜੂੰਆਂ: ਇਹ ਟਮਾਟਰ ਉੱਪਰ ਪਾਇਆ ਜਾਣ ਵਾਲਾ ਹਾਨੀਕਾਰਕ ਕੀੜਾ ਹੈ ਜੋ ਟਮਾਟਰ ਤੋਂ ਇਲਾਵਾ ਛੋਲੇ, ਨਰਮਾ, ਬਰਸੀਮ ਆਦਿ ਦਾ ਵੀ ਨੁਕਸਾਨ ਕਰਦਾ ਹੈ। ਸੁੰਡੀਆਂ ਪਹਿਲਾਂ ਪੱਤਿਆਂ ਨੂੰ ਖਾਂਦੀਆਂ ਹਨ ਅਤੇ ਬਾਅਦ ਵਿੱਚ ਇਹ ਸੁੰਡੀਆਂ ਵੱਡੀ ਅਵਸਥਾ ਵਿੱਚ ਫਲਾਂ ਵਿੱਚ ਮੋਰੀਆਂ ਕਰਕੇ ਉਨ੍ਹਾਂ ਦਾ ਨੁਕਸਾਨ ਕਰਦੀਆਂ ਹਨ। ਅਜਿਹੇ ਫਲ ਮੰਡੀਕਰਣ ਅਤੇ ਖਾਣ ਦੇ ਯੋਗ ਨਹੀਂ ਰਹਿੰਦੇ। ਇਸ ਨਾਲ ਝਾੜ ਦਾ ਵੀ ਕਾਫੀ ਨੁਕਸਾਨ ਹੋ ਜਾਂਦਾ ਹੈ।
ਰੋਕਥਾਮ
● ਕਾਣੇ ਫ਼ਲ ਤੋੜ ਕੇ ਜ਼ਮੀਨ ਵਿਚ ਦਬਾ ਦਿਉ।
● ਇਸ ਦੀ ਰੋਕਥਾਮ ਲਈ 2 ਹਫਤੇ ਦੇ ਵਕਫੇ ਤੇ 3 ਛਿੜਕਾਅ ਫੁੱਲ ਪੈਣ ਸਮੇਂ ਕਰੋ। 60 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨੀਲੀਪਰੋਲ) ਜਾਂ 30 ਮਿਲੀਲਿਟਰ ਫੇਮ 480 ਐਸ ਐਲ (ਫਲੂਬੈਂਡੀਆਮਾਈਡ) ਜਾਂ 200 ਮਿਲੀਲਿਟਰ ਇੰਡੋਕਸਾਕਾਰਬ 14.5 ਐਸ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
● ਛਿੜਕਾਅ ਤੋਂ ਪਹਿਲਾਂ ਮੰਡੀਕਰਣ ਯੋਗ ਅਤੇ ਪੱਕੇ ਹੋਏ ਫਲ ਤੋੜ ਲਵੋ।
● ਕੋਰਾਜਨ ਦੇ ਛਿੜਕਾਅ ਤੋਂ 1 ਦਿਨ ਅਤੇ ਫੇਮ ਦੇ ਛਿੜਕਾਅ ਤੋਂ 3 ਦਿਨ ਉਡੀਕ ਦਾ ਸਮਾਂ ਰੱਖ ਕੇ ਫਲ ਤੋੜਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਕਿਸਾਨਾਂ ਦੀ ਪਹਿਲੀ ਪਸੰਦ ਬਣੀ ਝੋਨੇ ਦੀ PR 126 ਕਿਸਮ, Punjab ਵਿੱਚ ਪਾਣੀ ਤੋਂ ਪਰਾਲੀ ਤੱਕ ਦਾ ਪੱਕਾ ਹੱਲ
2. ਚੇਪਾ: ਇਹ ਕੀੜਾ ਪੱਤਿਆਂ ਦਾ ਰਸ ਚੂਸਦਾ ਹੈ, ਜਿਸ ਕਾਰਨ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਉਹ ਕਮਜ਼ੋਰ ਰਹਿ ਜਾਂਦੇ ਹਨ। ਹਮਲੇ ਕਾਰਨ ਨਵੀਆਂ ਕਰੂੰਬਲਾਂ ਮੁਰਝਾਅ ਜਾਂਦੀਆਂ ਹਨ। ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਵਿੱਚੋਂ ਚੇਪੇ ਦੇ ਬਦਲਵੇਂ ਨਦੀਨਾਂ ਨੂੰ ਨਸ਼ਟ ਕਰੋ। ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਜ਼ਿਆਦਾ ਖਾਦ ਪਾਉਣ ਨਾਲ ਚੇਪੇ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ।
3. ਚਿੱਟੀ ਮੱਖੀ: ਇਹ ਬਹੁਫਸਲੀ ਕੀੜਾ ਹੈ ਜੋ ਕਿ ਫਸਲਾਂ ਤੋਂ ਇਲਾਵਾ ਨਦੀਨਾਂ ਉੱਪਰ ਵੀ ਪਾਇਆ ਜਾਂਦਾ ਹੈ। ਚਿੱਟੀ ਮੱਖੀ ਦੇ ਬਾਲਗ ਅਤੇ ਬੱਚੇ ਪੱਤਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਰਸ ਚੂਸਣ ਕਰਕੇ ਬੂਟੇ ਛੋਟੇ ਰਹਿ ਜਾਂਦੇ ਹਨ, ਜਿਸ ਨਾਲ ਝਾੜ ਤੇ ਵੀ ਕਾਫੀ ਮਾੜਾ ਅਸਰ ਪੈਂਦਾ ਹੈ। ਇਹ ਕੀੜਾ ਵਿਸ਼ਾਣੂ ਰੋਗ (ਪੱਤਾ ਮਰੋੜ ਵਿਸ਼ਾਣੂ) ਵੀ ਫੈਲਾਉਂਦਾ ਹੈ।
ਰੋਕਥਾਮ: ਇਸ ਦੀ ਰੋਕਥਾਮ ਲਈ 400 ਮਿਲੀਲਿਟਰ ਮੈਲਾਥਿਆਨ 50 ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਫਲ ਪੈਣ ਤੋਂ ਪਹਿਲਾਂ ਛਿੜਕੋ।
ਸਰੋਤ: ਰਵਿਦਰ ਸਿੰਘ ਚੰਦੀ, ਕੀਟ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Summary in English: Crop Protection: Protect tomato crop from insect attacks and get full yield