ਫਸਲੀ ਵਿਭਿੰਨਤਾ ਅਜੋਕੇ ਸਮੇਂ ਦੀ ਮੰਗ ਹੈ। ਫਲਦਾਰ ਬੂਟੇ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਕਰਨ ਅਤੇ ਬਾਗਾਂ ਤੋਂ ਚੰਗੀ ਆਮਦਨ ਪ੍ਰਾਪਤ ਕਰਨ ਦੇ ਨਾਲ ਨਾਲ ਸਾਡੀ ਸਰੀਰਕ ਸਿਹਤ ਅਤੇ ਭੋਜਨ ਸੁਰੱਖਿਆ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹਨ। ਇਹ ਸਰੀਰ ਨੂੰ ਸਿਹਤਮੰਦ ਰੱਖਣ ਵਾਲੇ ਮੁੱਖ ਤੱਤਾਂ ਜਿਵੇਂ ਕਿ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ।
। ਇਹ ਸਰੀਰ ਨੂੰ ਜ਼ਰੂਰੀ ਫਾਈਬਰ (ਫੋਲਕ ਪਦਾਰਥ) ਪ੍ਰਦਾਨ ਕਰਦੇ ਹਨ ਜੋ ਕਿ ਖੁਨ ਵਿਚ ਕੋਲੈਸਟ੍ਰੌਲ ਦਾ ਪੱਧਰ ਘਟਾ ਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।ਕਿਸੇ ਵੀ ਸੂਬੇ ਦੀ ਆਰਥਿਕਤਾ ਨੂੰ ਮਜਬੂਤ ਬਣਾਉਣ ਲਈ ਬਾਗਬਾਨੀ ਦਾ ਮਹੱਤਵਪੂਰਨ ਯੋਗਦਾਨ ਹੈ ਕਿਉਂਕਿ ਇਸ ਨਾਲ ਚੰਗੀ ਆਮਦਨ ਦੇ ਨਾਲ ਨਾਲ ਕਿਸਾਨਾਂ ਨੂੰ ਰੋਜਗਾਰ ਦੇ ਵਧੇਰੇ ਮੌਕੇ ਮਿਲਦੇ ਹਨ। 2019-20 ਵਿਚ ਪੰਜਾਬ ਵਿੱਚ ਫਲਾਂ ਦੀ ਕਾਸ਼ਤ ਹੇਠ 90416 ਹੈਕਟੇਅਰ ਰਕਬਾ ਹੈ ਜਿਸ ਤੋਂ ਕੁੱਲ ਪੈਦਾਵਾਰ 19,411,37 ਮੀਟ੍ਰਿਕ ਟਨ ਪ੍ਰਾਪਤ ਹੋਈ ਹੈ। ਢੋਆ-ਢੁਆਈ ਦੀਆਂ ਸਹੂਲਤਾਂ, ਮੰਡੀਕਰਣ ਅਤੇ ਡੱਬਾਬੰਦੀ ਵਿਚ ਸੁਧਾਰ ਹੋਣ ਅਤੇ ਲੋਕਾਂ ਵਿਚ ਜਾਗਰੂਕਤਾ ਵਧਣ ਕਰਕੇ ਫਲਾਂ ਦੀ ਮੰਗ ਵਿਚ ਵਾਧਾ ਹੋਇਆ ਹੈ ਜਿਸ ਸਦਕਾ ਪੰਜਾਬ ਵਿਚ ਇਹਨਾਂ ਹੇਠ ਰਕਬਾ ਹੋਰ ਵਧਾਇਆ ਜਾ ਸਕਦਾ ਹੈ।
ਨਵਾਂ ਬਾਗ਼ ਲਾਉਣ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਬਾਗ਼ ਦੀ ਵਿਉਂਤਬੰਦੀ ਵੇਲੇ ਅਤੇ ਬੂਟੇ ਲਾਉਣ ਵੇਲੇ ਕੀਤੀਆਂ ਗਈਆਂ ਗਲ਼ਤੀਆਂ ਬਾਅਦ ਵਿੱਚ ਨਹੀਂ ਸੁਧਾਰੀਆਂ ਜਾ ਸਕਦੀਆਂ। ਬਾਗਬਾਨੀ ਇੱਕ ਲੰਬੇ ਅਰਸੇ ਦਾ ਕਿੱਤਾ ਹੈ। ਇਸ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਜ਼ਰੁਰੀ ਹੈ ਕਿ ਬਾਗ ਲਾਉਣ ਤੋਂ ਪਹਿਲਾਂ ਵਿਉਂਤਬੰਦੀ ਕੀਤੀ ਜਾਵੇ, ਜਿਵੇਂ ਕਿ ਬਾਗ ਲਈ ਸਹੀ ਜਗ੍ਹਾ ਦੀ ਚੋਣ, ਸਿੰਚਾਈ ਦਾ ਪ੍ਰਬੰਧ, ਇਮਾਰਤ, ਬੂਟਿਆਂ ਵਿਚਕਾਰ ਸਹੀ ਫਾਸਲਾ ਆਦਿ। ਬਾਗ ਲਾਉਣ ਤੋਂ ਪਹਿਲਾਂ ਬਣਾਇਆ ਗਿਆ ਖਾਕਾ ਬੂਟਿਆਂ ਦੀ ਬਾਗ ਵਿੱਚ ਸਹੀ ਲਵਾਈ, ਸੌਖੀ ਦੇਖਭਾਲ ਅਤੇ ਬੂਟਿਆਂ ਦੇ ਵਿਕਾਸ ਲਈ ਲੋੜੀਂਦੀ ਜਗ੍ਹਾ ਰੱਖਣ ਵਿੱਚ ਮਦਦ ਕਰਦਾ ਹੈ।
ਸਦਾਬਹਾਰ ਬੂਟੇ ਦੀ ਚੋਣ ਅਤੇ ਲਾਉਣ ਦਾ ਸਮਾਂ
ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਨਿੰਬੂ ਜਾਤੀ ਦੇ ਬੂਟੇ, ਅੰਬ, ਅਮਰੂਦ, ਜਾਮਣ, ਚੀਕੂ ਆਦਿ ਸਾਲ ਵਿੱਚ ਦੋ ਵਾਰ ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਵਿੱਚ ਲਗਾਏ ਜਾ ਸਕਦੇ ਹਨ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਲਈ ਜਲਵਾਯੂ ਦੀ ਅਨੂਕੂਲਤਾ ਦੇ ਅਧਾਰ ਤੇ ਹੀ ਫਲਦਾਰ ਬੂਟਿਆਂ ਦੀ ਕਿਸਮ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਨਿੰਬੂ ਜਾਤੀ ਅਤੇ ਅਮਰੂਦ ਦੇ ਬਾਗ ਪੰਜਾਬ ਵਿਚ ਲੱਗਭੱਗ ਸਾਰੇ ਜਿਲਿਆਂ ਵਿਚ ਸਫਲਤਾਪੂਰਵਕ ਲਾਏ ਜਾ ਸਕਦੇ ਹਨ।ਨੀਮ ਪਹਾੜੀ ਇਲਾਕਾ ਅੰਬ ਅਤੇ ਲੀਚੀ ਦੀ ਕਾਸ਼ਤ ਲਈ ਉਪਯੁਕਤ ਹੈ। ਕਂੇਦਰੀ ਇਲਾਕੇ ਵਿਚ ਅਮਰੂਦ, ਕਿੰਨੂ, ਅੰਬ ਅਤੇ ਕੇਲੇ ਦੀ ਸੁਚੱਜੀ ਕਾਸ਼ਤ ਕੀਤੀ ਜਾ ਸਕਦੀ ਹੈ। ਸੇਂਜੂ ਖੁਸ਼ਕ ਇਲਾਕੇ ਲਈ ਕਿੰਨੂ, ਨਿੰਬੂ ਜਾਤੀ ਦੇ ਹੋਰ ਬੂਟਿਆਂ ਅਤੇ ਬੇਰ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਅਮਰੂਦ, ਅੰਬ, ਬੇਰ ਅਤੇ ਆਂਵਲਾ, ਕੰਢੀ ਅਤੇ ਬੇਟ ਦੇ ਇਲਾਕਿਆਂ ਵਿਚ ਲਾਉਣੇ ਉਪਯੁਕਤ ਹਨ।
ਸਦਾਬਹਾਰ ਫ਼ਲਦਾਰ ਬੂਟਿਆਂ ਦੀਆਂ ਸ਼ਿਫਾਰਸ਼ ਕੀਤੀਆਂ ਕਿਸਮਾਂ:-
ਫ਼ਲ ਦਾ ਨਾਂ ਸ਼ਿਫਾਰਸ਼ ਕੀਤੀਆਂ ਕਿਸਮਾਂ
ਨਿੰਬੂ ਜਾਤੀ
ਕਿੰਨੂ
ਮਾਲਟਾ
ਗਰੇਪਫਰੂਟ
ਬਾਰਾਮਾਸੀ ਨਿੰਬੂ
ਕਾਗਜ਼ੀ ਨਿੰਬੂ
ਮਿੱਠਾ
ਪੀ.ਏ.ਯੂ ਕਿੰਨੂ 1, ਕਿੰਨੂ, ਡੇਜ਼ੀ, ਡਬਲਿਉ ਮਰਕਟ
ਅਰਲੀ ਗੋਲਡ, ਮੁਸੰਮੀ, ਜਾਫਾ, ਬਲੱਡ ਰੈੱਡ, ਵੈਲੇਂਸ਼ੀਆ
ਸਟਾਰ ਰੂਬੀ, ਰੈੱਡ ਬਲੱਸ਼, ਮਾਰਸ਼ ਸੀਡਲੈੱਸ, ਡੰਕਨ, ਫੌਸਟਰ
ਪੰਜਾਬ ਬਾਰਾਮਾਸੀ ਨਿੰਬ 1ੂ, ਪੰਜਾਬ ਗਲਗਲ, ਪੀ.ਏ.ਯੂ ਬਾਰਾਮਾਸੀ ਨਿੰਬੂ, ਯੂਰੇਕਾ
ਕਾਗਜ਼ੀ
ਦੇਸੀ
ਅਮਰੂਦ ਪੰਜਾਬ ਐਪਲ ਅਮਰੂਦ, ਪੰਜਾਬ ਕਿਰਨ, ਪੰਜਾਬ ਸਫੈਦਾ, ਸ਼ਵੇਤਾ, ਪੰਜਾਬ ਪਿੰਕ, ਸਰਦਾਰ, ਅਲਾਹਾਬਾਦ ਸਫੈਦਾ, ਅਰਕਾ ਅਮੁਲਿਆ।
ਅੰਬ ਦੁਸਹਿਰੀ, ਲੰਗੜਾ, ਅੇਲਫਾਂਸੋ, ਗੰਗੀਆਂ ਸੰਧੂਰੀ, ਜੀ ਅੇਨ 1, ਜੀ ਅੇਨ 2, ਜੀ ਅੇਨ 3, ਜੀ ਅੇਨ 4, ਜੀ ਅੇਨ 5, ਜੀ ਅੇਨ 6, ਜੀ ਅੇਨ 7
ਬੇਰ ਉਮਰਾਨ, ਸਨੌਰ 2, ਵਲੈਤੀ
ਪਪੀਤਾ ਰੈੱਡ ਲੇਡੀ 786, ਪੰਜਾਬ ਸਵੀਟ, ਪੂਸਾ ਡਲੀਸ਼ੀਅਸ, ਪੂਸਾ ਡਵਾਰਫ, ਹਨੀਡਿਊ
ਲੀਚੀ ਦੇਹਰਾਦੂਨ, ਕਲਕੱਤੀਆ, ਸੀਡਲੈਸ ਲੇਟ
ਆਵਲਾ ਬਲਵੰਤ, ਕੰਚਨ, ਨੀਲਮ
ਕੇਲਾ ਗਰੈਂਡ ਨੈਨ
ਚੀਕੂ ਕਾਲੀ ਪੱਤੀ, ਕ੍ਰਿਕਟ ਬਾਲ
ਲੁਕਾਠ ਕੈਲੇਫੋਰਨੀਆਂ ਐਡਵਾਂਸ, ਗੋਲਡਨ ਯੈਲੋ, ਪੇਲ ਯੈਲੋ
ਬਿੱਲ ਕਾਗਜ਼ੀ
ਨਰਸਰੀ ਚੋਂ ਬੂਟਿਆਂ ਦੀ ਚੋਣ
ਬਾਗ਼ ਲਗਾਉਣ ਵੇਲੇ ਬੂਟਿਆਂ ਦੀ ਚੋਣ ਸਭ ਤੋਂ ਅਹਿਮ ਹੈ। ਇਸ ਲਈ ਚੰਗੀ ਕਿਸਮ ਦੇ, ਕੀੁੜਿਆਂ ਤੇ ਬਿਮਾਰੀਆਂ ਤੋਂ ਰਹਿਤ, ਸਿਹਤਮੰਦ ਬੂਟੇ ਨੇੜੇ ਦੀ ਕਿਸੇ ਭਰੋਸੇਯੋਗ ਨਰਸਰੀ, ਹੋ ਸਕੇ ਤਾਂ ਬਾਗਬਾਨੀ ਵਿਭਾਗ, ਪੀ. ਏ. ਯੂ. ਲੁਧਿਆਣਾ, ਖੇਤਰੀ ਖੋਜ਼ ਕੇਂਦਰ, ਅਬੋਹਰ, ਬਠਿੰਡਾ, ਬਹਾਦਰਗੜ੍ਹ, ਗੰਗੀਆਂ, ਜੱਲੋਵਾਲ, ਲਾਡੋਵਾਲ, ਗੁਰਦਾਸਪੁਰ ਅਤੇ ਸਰਕਾਰੀ ਮਨਜੂਰਸ਼ੁਦਾ ਨਰਸਰੀਆਂ ਤੋਂ ਲੈਣੇ ਚਾਹੀਦੇ ਹਨ। ਬੂਟੇ ਨਰੋਏ ਤੇ ਦਰਮਿਆਨੀ ਉਚਾਈ ਦੇ ਹੋਣੇ ਚਾਹੀਦੇ ਹਨ।ਬੂਟੇ ਖਰੀਦਣ ਸਮੇਂ ਲੋੜ ਤੋਂ 10-20% ਬੂਟੇ ਵੱਧ ਖਰੀਦੋ ਤਾਂ ਜੋ ਇਹਨਾਂ ਨੂੰ ਮਰਨ ਵਾਲੇ ਬੂਟਿਆਂ ਦੀ ਜਗ੍ਹਾ ਤੇ ਲਾਇਆ ਜਾ ਸਕੇ। ਬੂਟਿਆਂ ਨੂੰ ਨਰਸਰੀ ਤੋਂ ਖਰੀਦਣ ਸਮੇਂ ਧਿਆਨ ਰੱਖੋ ਕਿ ਬੂਟੇ ਦੀ ਗਾਚੀ ਟੁੱਟੀ ਨਾ ਹੋਵੇ। ਟੁੱਟੀ ਗਾਚੀ ਵਾਲੇ ਬੂਟੇ ਲਗਾਉਣ ਪਿਛੋਂ ਅਕਸਰ ਸੁੱਕ ਜਾਂਦੇ ਹਨ।ਬੂਟਿਆਂ ਨੂੰ ਲੱਦਣ ਤੋਂ ਪਹਿਲਾਂ ਟਰਾਲੀ ਵਿੱਚ ਘਾਹ ਫੂਸ, ਪਰਾਲੀ ਜਾਂ ਰੇਤ ਦੀ ਤਹਿ ਬਣਾ ਲਉ ਤਾਂ ਕਿ ਆਵਾਜਾਈ ਵੇਲੇ ਬੂਟਿਆਂ ਦੀ ਗਾਚੀ ਨਾ ਟੁੱਟੇ। ਬੂਟਿਆਂ ਨੂੰ ਟਰਾਲੀ ਵਿੱਚ ਬਹੁਤ ਧਿਆਨ ਨਾਲ ਲੱਦੋ। ਜੇਕਰ ਬੂਟੇ ਜ਼ਿਆਦਾ ਦੂਰੀ ਤੇ ਲੈ ਕੇ ਜਾਣੇ ਹੋਣ ਤਾਂ ਥੋੜੀ- ਥੋੜੀ ਦੇਰ ਬਾਅਦ ਪਾਣੀ ਛਿੜਕਦੇ ਰਹੋ।
ਬਾਗ ਲਗਾਉਣ ਦੇ ਢੰਗ: ਨਵੇਂ ਬਾਗਾਂ ਨੂੰ ਵਰਗਾਕਾਰ, ਆਇਤਾਕਾਰ, ਛੇ-ਕੋਨਾ, ਤਿਕੋਨੇ ਜਾਂ ਕੁਇਨਕਨਸ ਢੰਗ ਨਾਲ ਲਾਇਆ ਜਾ ਸਕਦਾ ਹੈ। ਪਰ ਆਮ ਤੌਰ ਤੇ ਹੇਠ ਲਿਖੇ 3 ਢੰਗਾਂ ਦੀ ਵਰਤੋਂ ਹੀ ਕੀਤੀ ਜਾਂਦੀ ਹੈ:
ਵਰਗਾਕਾਰ ਢੰਗ: ਪੰਜਾਬ ਵਿੱਚ ਬਾਗ ਲਗਾਉਣ ਵਾਸਤੇ ਆਮ ਤੌਰ ਤੇ ਵਰਗਾਕਾਰ ਢੰਗ ਦੀ ਹੀ ਵਰਤੋਂ ਕੀਤੀ ਜਾਂਦੀ ਹੈ।ਇਸ ਢੰਗ ਵਿੱਚ ਬੂਟੇ ਤੋਂ ਬੂਟੇ ਅਤੇ ਕਤਾਰ ਤੋਂ ਕਤਾਰ ਵਿੱਚ ਇੱਕੋ ਜਿੰਨਾ ਫਾਸਲਾ ਹੁੰਦਾ ਹੈ।ਇਸ ਢੰਗ ਨਾਲ ਬਾਗ ਦੀ ਵਹਾਈ ਅਤੇ ਹੋਰ ਕੰਮ ਦੋਵਾਂ ਦਿਸ਼ਾਵਾਂ ਵਿੱਚ ਕੀਤੇ ਜਾ ਸਕਦੇ ਹਨ।
ਵਰਗਾਕਾਰ ਢੰਗ ਨਾਲ ਫ਼ਲਦਾਰ ਬੂਟਿਆਂ ਵਿਚਲਾ ਫਾਸਲਾ ਅਤੇ ਪ੍ਰਤੀ ਏਕੜ ਬੂਟਿਆਂ ਦੀ ਗਿਣਤੀ
ਫ਼ਲ ਦਾ ਨਾਂ ਫਾਸਲਾ (ਮੀਟਰ) ਪੌਦਿਆ ਦੀ ਗਿਣਤੀ ਪ੍ਰਤੀ ਏਕੜ
ਆਮ ਪ੍ਰਣਾਲੀ ਰਾਹੀਂ
ਅੰਬ/ਚੀਕੂ 9.0 ਣ 9.0 49
ਲੀਚੀ/ ਬੇਰ/ ਆਂਵਲਾ 7.5 ਣ 7.5 72
ਲੁਕਾਠ 6.5 ਣ 6.5 90
ਨਿੰਬੂ ਜਾਤੀ ਦੇ ਫਲ/ਅਮਰੂਦ/ਕਿੰਨੂ 6.0 ਣ 6.0 110
ਕੇਲਾ 1.8 ਣ 1.8 1230
ਪਪੀਤਾ/ਫਾਲਸਾ 1.5 ਣ 1.5 1760
ਸੰਘਣੀ ਪ੍ਰਣਾਲੀ ਰਾਹੀਂ
ਕਿੰਨੂ 6.0 ਣ 3.0 220
ਅਮਰੂਦ 6.0 ਣ 5.0 132
ਆਇਤਾਕਾਰ ਢੰਗ: ਇਸ ਵਿੱਚ ਬੂਟਿਆ ਵਿਚਕਾਰ ਫਾਸਲਾ ਕਤਾਰਾਂ ਵਿਚਲੇ ਫਾਸਲੇ ਤੋਂ ਘੱਟ ਹੁੰਦਾ ਹੈ। ਸੰਘਣੀ ਪ੍ਰਣਾਲੀ ਨਾਲ ਲੱਗਣ ਵਾਲੇ ਬੂਟੇ ਜਿਵੇਂ ਕਿ ਨਿੰਬੂ ਜਾਤੀ ਦੇ ਬਾਗ, ਅਮਰੂਦ ਆਦਿ ਇਸ ਵਿਧੀ ਨਾਲ ਲਗਾਏ ਜਾ ਸਕਦੇ ਹਨ। ਇਸ ਢੰਗ ਨਾਲ ਕਿੰਨੋ ਸੰਘਣੀ ਪ੍ਰਣਾਲੀ ਵਿੱਚ 6 ਣ 3 ਮੀਟਰ ਤੇ ਲਾਇਆ ਜਾ ਸਕਦਾ ਹੈ, ਪਰ ਇਸ ਤਰ੍ਹਾਂ ਲਾਏ ਬਾਗ ਵਿੱਚੋਂ 15 ਸਾਲ ਬਾਅਦ ਲਾਈਨ ਵਿਚਲਾ ਹਰ ਦੂਸਰਾ ਬੂਟਾ ਪੱਟ ਦੇਣਾ ਚਾਹੀਦਾ ਹੈ ਤਾਂ ਜੋ ਬੂਟਿਆਂ ਨੂੰ ਹਵਾ ਅਤੇ ਰੌਸ਼ਨੀ ਮਿਲ ਸਕੇ।
ਵਿਕਰਣ (ਕੁਇਨਕਨਸ) ਢੰਗ: ਇਸ ਢੰਗ ਵਿੱਚ ਬੂਟੇ ਲਗਾਉਣ ਲਈ ਖੇਤ ਦੀ ਵਿਉਂਤਬੰਦੀ ਵਰਗਾਕਾਰ ਢੰਗ ਵਾਂਗੂ ਹੀ ਕੀਤੀ ਜਾਂਦੀ ਹੈ। ਹਰ ਵਰਗਾਕਾਰ ਵਿੱਚ ਵਿਕਰਣ ਬਣਾਕੇ ਵਿਚਕਾਰ ਵੀ ਬੂਟੇ ਲਗਾਏ ਜਾਂਦੇ ਹਨ।ਇਸ ਤਰ੍ਹਾਂ ਪੂਰਕ ਬੂਟੇ ਜਿਵੇਂ ਕਿ ਪਪੀਤਾ, ਕਿੰਨੋ, ਫਾਲਸਾ, ਆੜੂ ਅਤੇ ਅਲੂਚਾ ਆਦਿ ਲਗਾ ਕੇ ਸ਼ੁਰੂ ਵਿੱਚ ਮੁਨਾਫਾ ਲਇਆ ਜਾ ਸਕਦਾ ਹੈ। ਜਦੋਂ ਮੁੱਖ ਫਸਲ ਫ਼ਲ ਉਪਰ ਆ ਜਾਵੇ ਤਾਂ ਇਨ੍ਹਾਂ ਬੂਟਿਆਂ ਨੂੰ ਪੁੱਟ ਦਿੱਤਾ ਜਾਂਦਾ ਹੈ।
ਵਿਕਰਣ (ਕੁਇਨਕਨਸ) ਢੰਗ
ਜ਼ਮੀਨ ਦੀ ਤਿਆਰੀ, ਟੋਏ ਪੁੱਟਣਾ ਤੇ ਭਰਨਾ
ਜਗ੍ਹਾ ਦੀ ਚੋਣ ਤੋਂ ਬਾਅਦ ਜ਼ਮੀਨ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਲੇਜ਼ਰ ਕਰਾਹੇ ਨਾਲ ਪੱਧਰੀ ਕਰਨੀ ਚਾਹੀਦੀ ਹੈ ਤਾਂ ਜੋ ਪਾਣੀ ਦੀ ਬੱਚਤ ਹੋ ਸਕੇ। ਬੂਟੇ ਲਾਉਂਣ ਤੋਂ ਇਕ ਮਹੀਨਾ ਪਹਿਲਾਂ ਹੀ ਇੱਕ ਮੀਟਰ ਡੂੰਘੇ ਅਤੇ ਇੱਕ ਮੀਟਰ ਘੇਰੇ ਵਾਲੇ ਗੋਲ ਟੋਏ ਪੁੱਟ ਲਉ। ਬੂਟੇ ਲਾਉਣ ਸਮੇਂ ਟੋਇਆਂ ਵਿੱਚ ਉਪਰਲੀ ਮਿੱਟੀ ਅਤੇ ਰੂੜੀ ਦੀ ਬਰਾਬਰ ਮਾਤਰਾ ਜ਼ਮੀਨ ਤੋਂ ਲੱਗਭੱਗ ਦੋ-ਤਿੰਨ ਇੰਚ ਉੱਚੀ ਭਰ ਦਿਓ। ਇਹਨਾਂ ਟੋਇਆਂ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਪਾਣੀ ਦਿਉ ਤਾਂ ਜੋ ਇਹਨਾਂ ਅੰਦਰਲੀ ਮਿੱਟੀ ਚੰਗੀ ਤਰ੍ਹਾਂ ਬੈਠ ਜਾਵੇ। ਹਰੇਕ ਟੋਏ ਵਿੱਚ 15 ਮਿ: ਲਿ: ਕਲੋਰੋਪਾਈਰੀਫਾਸ 20 ਈ.ਸੀ. 2 ਕਿਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾਉਣ ਲਈ ਜ਼ਰੂੂਰ ਪਾਉ।
ਬੂਟਿਆਂ ਦੀ ਲਵਾਈ ਅਤੇ ਮੁੱਢਲੀ ਦੇਖ-ਭਾਲ
ਬੂਟਿਆਂ ਨੂੰ ਟੋਏ ਦੇ ਵਿਚਕਾਰ ਪਲਾਂਟਿੰਗ ਬੋਰਡ ਦੀ ਮਦਦ ਨਾਲ ਲਗਾਉ। ਬੂਟਿਆਂ ਨੂੰ ਟੋਇਆਂ ਵਿੱਚ ਇਸ ਤਰ੍ਹਾਂ ਰੱਖੋ ਕਿ ਉਹਨਾਂ ਦਾ ਪਿਉਂਦ ਵਾਲਾ ਹਿੱਸਾ ਘੱਟ ਤੋਂ ਘੱਟ 8-9 ਇੰਚ ਉੱਚਾ ਰਹੇ। ਬੂਟੇ ਲਾਉਣ ਤੋਂ ਬਾਅਦ ਟੋਏ ਦੀ ਮਿੱਟੀ ਬੂਟੇ ਦੁਆਲੇ ਚੰਗੀ ਤਰ੍ਹਾਂ ਨੱਪੋ ਅਤੇ ਹਲਕਾ ਪਾਣੀ ਦੇ ਦਿਉ। ਬੂਟੇ ਦੇ ਦੁਆਲੇ ਮਿੱਟੀ ਨੂੰ ਚੰਗੀ ਤਰ੍ਹਾਂ ਦਬਾਉਣ ਤੋਂ ਬਾਅਦ ਉਸੇ ਵੇਲੇ ਪਾਣੀ ਲਗਾਉ। ਵੈਸੇ ਤਾਂ ਹਰ ਉਮਰ ਦੇ ਫੱਲਦਾਰ ਬੂਟਿਆਂ ਦੀ ਦੇਖਭਾਲ ਜਰੂਰੀ ਹੈ ਪਰ ਨਵੇਂ ਲਾਏ ਬੂਟੇ ਖਾਸ ਧਿਆਨ ਮੰਗਦੇ ਹਨ। ਨਵੇਂ ਬੂਟੇ ਲਾਉਣ ਤੋਂ ਬਾਅਦ ਉਨਾਂ੍ਹ ਨੂੰ ਕਿਸੇ ਸੋਟੀ ਨਾਲ ਸਹਾਰਾ ਦਿਉ। ਇਹਨਾਂ ਨੂੰ ਘੱਟ ਵਕਫੇ ਤੇ ਪਾਣੀ ਦੀ ਲੋੜ ਹੁੰਦੀ ਹੈ। ਪਰ ਬਰਸਾਤਾਂ ਦਾ ਵਾਧੂ ਪਾਣੀ ਬਾਗ ਵਿੱਚ ਨਹੀਂ ਰਹਿਣਾ ਚਾਹੀਦਾ। ਖੜ੍ਹਾ ਪਾਣੀ ਬੂਟੇ ਦਾ ਸਾਹ ਘੁੱਟ ਦਿੰਦਾ ਹੈ। ਇਸ ਲਈ ਬਾਗ ਦਾ ਨਿਕਾਸੀ ਪ੍ਰਬੰਧ ਬਹੁਤ ਸੁਚੱਝਾ ਹੋਣਾ ਚਾਹੀਦਾ ਹੈ, ਤਾਂ ਜੋ ਵਾਧੂ ਪਾਣੀ ਬਾਗ ਵਿਚ ਨਾ ਖਲੋ ਸਕੇ। ਤੇਜ਼ ਹਵਾਵਾਂ ਨਾਲ ਨਵੇਂ ਲਾਏ ਬੂਟਿਆਂ ਦੀਆਂ ਟਾਹਣੀਆਂ ਟੁੱਟ ਸਕਦੀਆਂ ਹਨ ਅਤੇ ਇਹ ਜੜ੍ਹੋਂ ਵੀ ਉੱਖੜ ਸਕਦੇ ਹਨ ਜਿਸ ਕਾਰਣ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਵਾ ਤੋਂ ਬਚਾਅ ਲਈ ਹਵਾ ਵਾਲੇ ਪਾਸੇ ਸਫ਼ੈਦਾ, ਅਰਜਨ, ਜਾਮਣ, ਅੰਬ, ਸ਼ਹਿਤੂਤ ਆਦਿ ਰੁੱਖ ਲਾਏ ਜਾ ਸਕਦੇ ਹਨ ਅਤੇ ਇਹਨਾਂ ਰੁੱਖਾਂ ਵਿਚਾਲੇ ਬੌਗਨਵਿਲੀਆ, ਜੱਟੀ-ਖੱਟੀ, ਗਲਗਲ, ਕਰੌਂਦਾ ਆਦਿ ਦੀ ਵਾੜ ਵੀ ਲਾ ਦੇਣੀ ਚਾਹੀਦੀ ਹੈ। ਨਵੇਂ ਬਾਗਾਂ ਵਿਚ ਫਲੀਦਾਰ ਫਸਲਾਂ ਜਿਵੇਂ ਕਿ ਮੂੰਗੀ, ਮਾਂਹ, ਮਸਰ ਆਦਿ ਅੰਤਰਫਸਲ ਵਜੋਂ ਲਾਏ ਜਾ ਸਕਦਾ ਹਨ ਪਰ ਬਾਗ ਵਿਚ ਅੰਤਰਫਸਲ ਉਦੋਂ ਤੱਕ ਲਈ ਜਾ ਸਕਦੀ ਹੈ ਜਦੋਂ ਤਕ ਬਾਗ ਵਪਾਰਕ ਪੱਧਰ ਤੇ ਫਲ ਦੇਣ ਨਹੀਂ ਲੱਗ ਪੈਂਦੇ। ਇਸ ਤੋਂ ਇਲਾਵਾ ਕੁਝ ਵਾਧਾ ਹੋਣ ਤੇ ਬਿਮਾਰ ਅਤੇ ਸੁੱਕੇ ਹੋਏ ਹਿੱਸੇ ਦੀ ਧਿਆਨ ਨਾਲ ਕਾਂਟ ਛਾਂਟ ਕਰੋ। ਨਵੇਂ ਬੂਟਿਆਂ ਦੀਆਂ ਮੁੱਢਂੋ ਫੁੱਟਣ ਵਾਲੀਆਂ ਸ਼ਾਖਾਵਾਂ ਕੱਟਦੇ ਰਹੋ। ਫਲਦਾਰ ਬੂਟਿਆਂ ਨੂੰ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਖਾਦਾਂ ਸਮੇਂ ਸਿਰ ਪਾਉ ਅਤੇ ਕੀੜੇ-ਮਕੌੜਿਆਂ ਤੇ ਬਿਮਾਰੀਆਂ ਤੋਂ ਬਚਾ ਕੇ ਇਹਨਾਂ ਨੂੰ ਸਿਹਤਮੰਦ ਰੱਖੋ।
ਮੋਨਿਕਾ ਗੁਪਤਾ ਅਤੇ ਰਚਨਾ ਅਰੋੜਾ
ਫ਼ਲ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Summary in English: Cultivation and maintenance of evergreen fruit plants