Fall Armyworm: ਫ਼ਾਲ ਆਰਮੀਵਰਮ ਮਈ 2018 ਵਿੱਚ ਭਾਰਤ ਪਹੁੰਚਣ ਤੋਂ ਬਾਅਦ ਲ਼ਗਾਤਾਰ ਮੱਕੀ ਦੀ ਫ਼ਸਲ ਤੇ ਨੁਕਸਾਨ ਕਰ ਰਿਹਾ ਹੈ। ਪੰਜਾਬ ਵਿਚ ਇਹ ਕੀੜਾ ਮੱਕੀ ਉੱਪਰ ਮਾਰਚ ਤੋਂ ਨਵੰਬਰ ਤੱਕ ਮਿਲਦਾ ਹੈ, ਪਰ ਜੁਲਾਈ ਤੋਂ ਸਤੰਬਰ ਦੌਰਾਨ ਇਸਦਾ ਹਮਲਾ ਵਧੇਰੇ ਹੁੰਦਾ ਹੈ। ਦਸੰਬਰ ਅਤੇ ਜਨਵਰੀ ਦੀ ਠੰਡ ਵਿੱਚ ਇਹ ਕੀੜਾ ਲਗਭਗ ਖਤਮ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਕੀੜੇ ਦੀ ਪਹਿਚਾਣ, ਜੀਵਨ ਚੱਕਰ ਅਤੇ ਰੋਕਥਾਮ ਸੰਬੰਧੀ ਜਾਣਕਾਰੀ ਦੇਣ ਜਾ ਰਹੇ ਹਾਂ।
ਪਿਛਲੇ ਸਾਲ ਦੌਰਾਨ ਇਹ ਦੇਖਣ ਵਿੱਚ ਆਇਆ ਹੈ ਕਿ ਗੈਰ-ਸਿਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਅਤੇ ਛਿੜਕਾਅ ਦੇ ਗਲਤ ਢੰਗ ਕਾਰਣ ਕਈ ਥਾਵਾਂ 'ਤੇ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਕੀੜੇ ਦੀ ਜ਼ਿਆਦਾ ਵੱਧਣ-ਫੁੱਲਣ ਦੀ ਸਮਰੱਥਾ ਕਾਰਣ ਇਹ ਦੇਖਿਆ ਗਿਆ ਹੈ ਕਿ ਜੇ ਪਿੰਡ ਵਿੱਚੋਂ ਕਿਸੇ ਇੱਕ ਖੇਤ ਵਿੱਚ ਵੀ ਰੋਕਥਾਮ ਨਹੀਂ ਹੁੰਦੀ ਤਾਂ ਇਹ ਕੀੜਾ ਬਾਕੀ ਦੇ ਖੇਤਾਂ ਵਿੱਚ ਵੀ ਬਹੁਤ ਜਲਦ ਦੁਬਾਰਾ ਹਮਲਾ ਕਰ ਦਿੰਦਾ ਹੈ। ਇਸ ਕਾਰਣ ਰੋਕਥਾਮ ਲਈ ਬਾਰ–ਬਾਰ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਪੈ ਜਾਂਦਾ ਹੈ।
ਇਸ ਕੀੜੇ ਦੀ ਸਫ਼ਲ ਰੋਕਥਾਮ ਲਈ ਮੱਕੀ ਉਗਾਉਣ ਵਾਲੇ ਜਿਲਿਆਂ ਵਿੱਚ ਵਿਆਪਕ ਪੱਧਰ 'ਤੇ ਮੁਹਿਮ ਚਲਾਈ ਜਾ ਰਹੀ ਹੈ। ਸਰਵਪੱਖੀ ਰੋਕਥਾਮ ਦੇ ਤਰੀਕੇ ਜਿਵੇਂ ਕਿ ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰਨਾ ਅਤੇ ਮਿੱਟੀ ਤੇ ਕੀਟਨਾਸ਼ਕ ਦੇ ਮਿਸ਼ਰਣ ਨੂੰ ਹਮਲੇ ਵਾਲਿਆਂ ਗੋਭਾਂ ਵਿੱਚ ਪਾਉਣ ਨਾਲ ਕੀਟਨਾਸ਼ਕਾਂ ਦਾ ਖਰਚਾ ਘਟ ਸਕਦਾ ਹੈ।
ਕੀੜੇ ਦੀ ਪਹਿਚਾਣ, ਜੀਵਨ ਚੱਕਰ ਅਤੇ ਰੋਕਥਾਮ ਸੰਬੰਧੀ ਜਾਣਕਾਰੀ
ਪਹਿਚਾਣ: ਫ਼ਾਲ ਆਰਮੀਵਰਮ ਦੀਆਂ ਸੁੰਡੀਆਂ ਹਰੇ ਤੋਂ ਹਲਕੇ ਭੂਰੇ ਜਾਂ ਸੁਰਮਈ ਰੰਗ ਦੀਆਂ ਹੁੰਦੀਆਂ ਹਨ। ਸੁੰਡੀ ਦੀ ਪਛਾਣ ਪਿਛਲੇ ਸਿਰੇ ਵੱਲ ਚੌਰਸ ਆਕਾਰ ਵਿੱਚ ਬਣੇ ਚਾਰ ਬਿੰਦੂਆਂ ਅਤੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ ਦੇ ਪੁੱਠੇ ਨਿਸ਼ਾਨ ਤੋਂ ਹੋ ਜਾਂਦੀ ਹੈ (ਚਿੱਤਰ:1)। ਇਸ ਦਾ ਪਿਉਪਾ ਲਾਲ ਭੁਰੇ ਰੰਗ ਦਾ ਹੁੰਦਾ ਹੈ ਅਤੇ ਆਮ ਤੌਰ ਤੇ ਜ਼ਮੀਨ ਅੰਦਰ ਰਹਿੰਦਾ ਹੈ।
ਜੀਵਨ ਚੱਕਰ: ਇਸ ਕੀੜੇ ਦੇ ਜੀਵਨ ਚੱਕਰ ਦੀ ਜਾਣਕਾਰੀ ਇਸ ਦੇ ਵਾਧੇ ਅਤੇ ਫ਼ੈਲਾਅ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ। ਇਸ ਕੀੜੇ ਦੀ ਮਾਦਾ ਪਤੰਗਾ 1500 ਆਂਡੇਂ ਦੇ ਸਕਦੀ ਹੈ ਅਤੇ 500 ਕਿਲੋਮੀਟਰ ਤੱਕ ਉੱਡ ਸਕਦੀ ਹੈ। ਇਸ ਕਰਕੇ ਫ਼ਾਲ ਆਰਮੀਵਰਮ ਇੱਕ ਪੀੜ੍ਹੀ ਵਿੱਚ ਹੀ ਵੱਡੇ ਖੇਤਰ ਵਿੱਚ ਫ਼ੈਲ ਸਕਦਾ ਹੈ। ਆਂਡੇ ਝੁੰਡਾਂ ਦੇ ਰੂਪ ਵਿੱਚ (100-150 ਆਂਡੇ ਪ੍ਰਤੀ ਝੁੰਡ) ਪੱਤੇ ਦੀ ਉੱਪਰਲੀ (ਆਮ ਤੌਰ ਤੇ) ਜਾਂ ਹੇਠਲੀ ਸਤਿਹ ਤੇ ਦਿੱਤੇ ਹੁੰਦੇ ਹਨ।
ਆਂਡਿਆਂ ਵਿੱਚੋਂ ਸੁੰਡੀਆਂ 4 ਤੋਂ 6 ਦਿਨਾਂ ਵਿੱਚ ਨਿਕਲ ਆਉਂਦੀਆਂ ਹਨ। ਅਨੁਕੂਲ ਹਲਾਤਾਂ ਵਿੱਚ ਸੁੰਡੀ 14 ਤੋਂ 20 ਦਿਨਾਂ ਤੱਕ ਪਲਦੀ ਹੈ। ਇਸ ਤੋਂ ਬਾਅਦ ਕੋਆ (ਪਿਉਪਾ) ਬਣਦਾ ਹੈ ਜੋ 8 ਤੋਂ 10 ਦਿਨਾਂ ਵਿੱਚ ਬਾਲਗ ਕੀੜਾ (ਪਤੰਗਾ) ਬਣ ਜਾਂਦਾ ਹੈ। ਬਾਲਗ ਕੀੜਾ 4 ਤੋਂ 6 ਦਿਨ ਜਿਉਂਦਾ ਰਹਿੰਦਾ ਹੈ । ਪੰਜਾਬ ਵਿੱਚ ਇਹ ਕੀੜਾ ਕਈ ਉਪਰਥੱਲੀ ਪੀੜ੍ਹੀਆਂ ਪੂਰੀਆਂ ਕਰਦਾ ਹੈ।
ਇਹ ਵੀ ਪੜ੍ਹੋ : ਮੱਕੀ ਦੀਆਂ 4 ਨਵੀਆਂ ਹਾਈਬ੍ਰਿਡ ਕਿਸਮਾਂ ਲਾਂਚ, ਕਿਸਾਨਾਂ ਲਈ ਹੋਣਗੀਆਂ ਲਾਹੇਵੰਦ
ਮੱਕੀ ਤੇ ਨੁਕਸਾਨ ਦੇ ਲੱਛਣ: ਇਸ ਕੀੜਾ 10 ਦਿਨਾਂ ਦੀ ਫ਼ਸਲ ਤੋਂ ਲੈ ਕੇ ਛੱਲ਼ੀ ਬਣਨ ਤੱੱਕ ਫ਼ਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਮੱਕੀ ਦੀ ਗੋਭ ਵਿੱਚ ਖਾਣਾ ਇਸ ਕੀੜੇ ਨੂੰ ਵਧੇਰੇ ਪਸੰਦ ਹੈ। ਆਮ ਤੌਰ ਤੇ ਇਸ ਕੀੜੇ ਦਾ ਹਮਲਾ ਖੇਤਾਂ ਵਿੱਚ ਧੌੜੀਆਂ ਵਿੱਚ ਸ਼ੁਰੂ ਹੋ ਕੇ ਬਹੁਤ ਜਲਦੀ ਸਾਰੇ ਖੇਤ ਵਿੱਚ ਫ਼ੈਲ ਜਾਂਦਾ ਹੈ। ਹਮਲੇ ਦੇ ਸ਼ੁਰੂਆਤ ਵਿੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਣ ਪੱਤਿਆਂ ੳੱਤੇ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣ ਜਾਂਦੇ ਹਨ (ਚਿੱਤਰ:2)।
ਜਦੋਂ ਸੁੰਡੀਆਂ ਵੱਡੀਆਂ ਹੁੰਦੀਆਂ ਹਨ ਤਾਂ ਪੱਤਿਆਂ ਉੱਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਇਨ੍ਹਾਂ ਮੋਰੀਆਂ ਦਾ ਆਕਾਰ ਸੁੰਡੀਆਂ ਦੇ ਵਿਕਾਸ ਨਾਲ ਵੱਧਦਾ ਜਾਂਦਾ ਹੈ। ਵੱਡੀਆਂ ਸੁੰਡੀਆਂ ਗੋਭ ਦੇ ਪੱਤਿਆਂ ਨੂੰ ਬੁਰੀ ਤਰ੍ਹਾਂ ਖਾ ਕੇ, ਇਨ੍ਹਾਂ ਗੋਭਾਂ ਵਿੱਚ ਭਾਰੀ ਮਾਤਰਾ ਵਿੱਚ ਵਿੱਠਾਂ ਦਿੰਦੀਆਂ ਹਨ (ਚਿੱਤਰ:3)। ਦਿਨ ਦੇ ਸਮੇਂ ਸੁੰਡੀਆਂ ਗੋਭ ਵਿੱਚ ਲੁਕ ਜਾਂਦੀਆਂ ਹਨ।
ਫ਼ਸਲ ਦਾ ਸਰਵੇਖਣ: ਕਿਸਾਨ ਵੀਰਾਂ ਨੂੰ ਸ਼ੁਰੂ ਤੋਂ ਹੀ ਖੇਤਾਂ ਦਾ ਸਰਵੇਖਣ ਚੰਗੀ ਤਰ੍ਹਾਂ ਹਫ਼ਤੇ ਦੇ ਵਕਫ਼ੇ ਤੇ ਕਰਦੇ ਰਹਿਣਾ ਚਾਹੀਦਾ ਹੈ।ਸਰਵੇਖਣ ਲਈ ਖੇਤ ਦੀਆਂ ਸਾਈਡਾਂ ਤੋਂ 4-5 ਕਤਾਰਾਂ ਛੱਡ ਕੇ ਦੇ ਆਕਾਰ ਵਿੱਚ ਖੇਤ ਅੰਦਰ ਚੱਕਰ ਲਗਾਉਣਾ ਚਾਹੀਦਾ ਹੈ। ਸੁੰਡੀਆਂ ਦਾ ਹਮਲਾ ਦਿੱਸਦੇ ਹੀ ਇਸ ਦੇ ਜੀਵਨ ਚੱਕਰ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਤੁਰੰਤ ਆਪਣੇ ਖੇਤਾਂ ਵਿੱਚ ਢੁਕਵੇਂ ਰੋਕਥਾਮ ਉਪਰਾਲੇ ਕਰਨੇ ਚਾਹੀਦੇ ਹਨ।
ਇਹ ਵੀ ਪੜ੍ਹੋ : ਫ਼ਸਲਾਂ ਦੀ ਰਾਣੀ ਮੱਕੀ
ਰੋਕਥਾਮ: ਇਸ ਕੀੜੇ ਦੀ ਰੋਕਥਾਮ ਦੇ ਉਪਰਾਲੇ ਸੁਡੀਆਂ ਖੇਤ ਵਿੱਚ ਨਜ਼ਰ ਆਉਦੇਂ ਸਾਰ ਹੀ ਸ਼ੁਰੂ ਕਰ ਦੇਣੇ ਚਾਹੀਦੇ ਹਨ ਕਿਉਂ ਕਿ ਛੋਟੀਆਂ ਸੁੰਡੀਆਂ ਦੀ ਰੋਕਥਾਮ ਸੌਖੀ ਹੋ ਜਾਂਦੀ ਹੈ। ਰੋਕਥਾਮ ਲਈ ਹੇਠ ਦੱਸੇ ਕਾਸ਼ਤਕਾਰੀ ਉਪਰਾਲੇ ਅਤੇ ਕੀਟਨਾਸ਼ਕ ਸਿਫਾਰਿਸ਼ ਕੀਤੇ ਗਏ ਹਨ:
ਦਾਣਿਆਂ ਵਾਲੀ ਮੱਕੀ
• ਕੀੜੇ ਲਈ ਮੱਕੀ ਦੇ ਲਗਾਤਾਰ ਮੁਹੱਈਆ ਹੋਣ ਦਾ ਸਮਾਂ ਘਟਾਉਣ ਲਈ ਸਾਉਣੀ ਰੁੱਤ ਦੀ ਫ਼ਸਲ ਦੀ ਬਿਜਾਈ ਸਿਰਫ਼ ਸ਼ਿਫ਼ਾਰਸ਼ ਸਮੇਂ (25 ਮਈ ਤੋਂ 30 ਜੂਨ ਤੱਕ) ਦੌਰਾਨ ਹੀ ਕਰਨੀ ਚਾਹੀਦੀ ਹੈ।
• ਨਾਲ ਲਗਦੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ਤੇ ਨਾ ਕਰੀਏ ਜਿਵੇਂ ਕਿ ਸਾਉਣੀ ਰੁੱਤ ਦੀ ਮੱਕੀ ਬੀਜਣ ਵਾਲੇ ਕਿਸਾਨ ਨਾਲ ਲਗਦੇ ਖੇਤਾਂ ਵਿੱਚ ਚਾਰੇ ਜਾਂ ਸਾਈਲੇਜ ਲਈ ਮੱਕੀ ਨਾ ਬੀਜਣ। ਇਸ ਤਰ੍ਹਾਂ ਕਰਨ ਨਾਲ ਵੀ ਕੀੜੇ ਦੇ ਵਧਣ-ਫੁੱਲਣ ਅਤੇ ਫ਼ੈਲਣ ਨੂੰ ਰੋਕਿਆ ਜਾ ਸਕਦਾ ਹੈ।
• ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰ ਦਿੳ।ਆਂਡਿਆਂ ਦੇ ਝੁੰਡ ਲੂਈ ਨਾਲ ਢਕੇ ਹੁੰਦੇ ਹਨ ਅਤੇ ਆਸਾਨੀ ਨਾਲ ਦਿਖ ਜਾਂਦੇ ਹਨ।
• ਲੋੜ ਅਨੁਸਾਰ, ਹੇਠਾਂ ਦੱਸੇ ਤਰਾਂ, ਕੀਟਨਾਸ਼ਕਾਂ ਨਾਲ ਰੋਕਥਾਮ ਕੀਤੀ ਜਾ ਸਕਦੀ ਹੈ:
ਇਹ ਵੀ ਪੜ੍ਹੋ : ਮੱਕੀ ਦੀ ਖੇਤੀ ਕਰਨ ਦਾ ਦੁਕਵਾ ਤਰੀਕਾ ! ਬਾਕੀ ਫਸਲਾਂ ਦੇ ਮੁਕਾਬਲੇ ਹੋਵੇਗੀ ਵੱਧ ਪੈਦਾਵਾਰ
- 0.5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ‘ਚ ਘੋਲ ਕੇ ਛਿੜਕਾਅ ਕਰੋ।
- 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋ। ਇਸ ਤੋਂ ਬਾਅਦ, ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾੳ, ਪਰ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿੱਚ ਵਧਾਉ।
- ਛਿੜਕਾਅ ਲਈ ਸਿਰਫ਼ ਗੋਲ ਨੌਜ਼ਲ ਦੀ ਹੀ ਵਰਤੋਂ ਕਰੋ। ਸਪਰੇਅ ਦੀ ਦਿਸ਼ਾ ਮੱਕੀ ਦੀ ਗੋਭ ਵੱਲ ਕਰੋ ਤਾਂ ਜੋ ਸੁੰਡੀ ਉਪਰ ਕੀਟਨਾਸ਼ਕ ਦਾ ਸਿੱਧਾ ਅਸਰ ਹੋਵੇ।
- ਜੇ ਹਮਲਾ ਕੁੱਝ ਬੂਟਿਆਂ ਤੇ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਿਲ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਣ ਨੂੰ ਹਮਲੇ ਵਾਲੀਆਂ ਗੋਭਾਂ ਵਿੱਚ ਪਾਓ (ਲਗਭਗ ਅੱਧਾ ਗ੍ਰਾਮ ਪ੍ਰਤੀ ਗੋਭ)।
- ਮਿਸ਼ਰਣ ਬਣਾਉਣ ਲਈ 5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 5 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਨੂੰ 10 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਇੱਕ ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਰਲਾਓ। ਮਿਸ਼ਰਣ ਬਣਾਉਣ ਅਤੇ ਪਾਉਣ ਸਮੇਂ ਦਸਤਾਨੇ ਜ਼ਰੂਰ ਪਾਓ।
ਇਹ ਵੀ ਪੜ੍ਹੋ : ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਅਤੇ ਪਾਣੀ ਦੀ ਬੱਚਤ ਲਈ ਉਤਮ ਤਕਨੀਕਾਂ
ਚਾਰੇ ਵਾਲੀ ਮੱਕੀ
• ਚਾਰੇ ਵਾਲੀ ਮੱਕੀ ਦੀ ਬਿਜਾਈ ਅੱਧ-ਅਗਸਤ ਤੱਕ ਹੀ ਸੀਮਿਤ ਕੀਤੀ ਜਾਵੇ ਕਿਉਂਕਿ ਪਿਛੇਤੀ ਬੀਜੀ ਫ਼ਸਲ ਤੇ ਇਸ ਕੀੜੇ ਦਾ ਹਮਲਾ ਵਧੇਰੇ ਹੁੰਦਾ ਹੈ।
• ਅਤਿ-ਸੰਘਣੀ ਬਿਜਾਈ ਵਿੱਚ ਇਸ ਕੀੜੇ ਦਾ ਹਮਲਾ ਵੱਧ ਹੁੰਦਾ ਹੈ, ਇਸ ਲਈ ਸਿਫ਼ਾਰਸ਼ ਕੀਤੀ ਬੀਜ ਦੀ ਮਾਤਰਾ (30 ਕਿੱਲੋ ਪ੍ਰਤੀ ਏਕੜ) ਹੀ ਵਰਤੀ ਜਾਵੇ।
• ਕਤਾਰਾਂ ਵਿੱਚ ਬਿਜਾਈ (30 ਸੈਂਟੀਮੀਟਰ ਫ਼ਾਸਲਾ) ਕੀਟਨਾਸ਼ਕ ਦਾ ਛਿੜਕਾਅ ਗੋਭ ਵੱਲ ਨੂੰ ਕਰਨ ਵਿੱਚ ਸਹਾਈ ਹੁੰਦੀ ਹੈ।
• ਕੀੜੇ ਦਾ ਹਮਲਾ ਘਟਾਉਣ ਲਈ ਚਾਰੇ ਵਾਲੀ ਮੱਕੀ ਵਿੱਚ ਬਾਜਰਾ/ਜੁਆਰ/ ਰਵਾਂਹ ਰਲਾ ਕੇ ਬੀਜਣ ਨੂੰ ਤਰਜੀਹ ਦੇਣੀ ਚਾਹੀਦੀ ਹੈ।
• ਚਾਰੇ ਵਾਲੀ ਮੱਕੀ ਵਿੱਚ ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰਨ ਨੂੰ ਖਾਸ ਤਰਜੀਹ ਦਿਓ ਤਾਂ ਜੋ ਕੀਟਨਾਸ਼ਕ ਦੀ ਵਰਤੋਂ ਘਟੇ।
• ਚਾਰੇ ਵਾਲੀ ਫ਼ਸਲ ਤੇ ਕੋਰਾਜਨ 18.5 ਐੱਸ ਸੀ ਨੂੰ 0.4 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
• ਛਿੜਕਾਅ ਤੋਂ ਵਾਢੀ ਵਿਚਲਾ ਸਮਾਂ ਘੱਟੋ-ਘੱਟ 21 ਦਿਨਾਂ ਦਾ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਛਿੜਕਾਅ ਕੀਤੇ ਕੀਟਨਾਸ਼ਕ ਦਾ ਮਾੜਾ ਪ੍ਰਭਾਵ ਪਸ਼ੂਆਂ ਤੇ ਨਾ ਹੋ ਸਕੇ।
ਕਿਸਾਨਾਂ ਨੂੰ ਖੇਤਾਂ ਦਾ ਲਗਾਤਾਰ ਚੰਗੀ ਤਰਾਂ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ।ਕਿਸਾਨਾਂ ਨੂੰ ਇਸ ਕੀੜੇ ਦੇ ਹਮਲੇ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂ ਕਿ ਸਮੇਂ ਸਿਰ ਉਪਰਾਲੇ ਕਰਨ ਨਾਲ ਫ਼ਸਲ ਦਾ ਨੁਕਸਾਨ ਘਟਾਇਆ ਜਾ ਸਕਦਾ ਹੈ।ਸਹੀ ਮਾਤਰਾ ਵਿੱਚ ਪਾਣੀ ਅਤੇ ਖੁਰਾਕੀ ਤੱਤ ਪਾਉਣ ਨਾਲ ਫ਼ਸਲ ਕੀੜੇ ਦੇ ਹਮਲੇ ਤੋਂ ਉਭੱਰ ਜਾਂਦੀ ਹੈ।ਮਿੱਤਰ ਕੀੜੇ ਜਿਵੇਂ ਕਿ ਕੀਲੋਨਸ ਫੌਰਮੋਸੈਨਸ, ਕੋਪੋਲੈਟਿਸ, ਕੋਕਸੀਨੈਲਿਡ ਆਦਿ ਵੀ ਕਾਫ਼ੀ ਸੰਖਿਆ ਵਿੱਚ ਇਸ ਕੀੜੇ ਦੀ ਕੁਦਰਤੀ ਤੌਰ ‘ਤੇ ਰੋਕਥਾਮ ਕਰਦੇ ਦੇਖੇ ਜਾ ਰਹੇ ਹਨ।
ਜਵਾਲਾ ਜਿੰਦਲ1, ਹਰਪ੍ਰੀਤ ਕੌਰ ਚੀਮਾ1 ਅਤੇ ਨਵੀਨ ਅਗਰਵਾਲ 2
1ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, 2 ਕੀਟ ਵਿਗਿਆਨ ਵਿਭਾਗ,
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Fall armyworm attack on maize crop, prevent with these pesticides