ਅਨਾਜ ਤੋਂ ਬਾਅਦ ਦਾਲਾਂ ਭਾਰਤੀ ਲੋਕਾਂ ਦੀ ਖੁਰਾਕ ਦਾ ਮਹੱਤਵਪੂਰਨ ਅੰਗ ਹਨ। ਇਹ ਊਰਜਾ, ਖੁਰਾਕੀ ਰੇਸ਼ਾ, ਪ੍ਰੋਟੀਨ, ਖਣਿਜ ਅਤੇ ਮਨੁੱਖੀ ਸਿਹਤ ਲਈ ਲੋੜੀਂਦੇ ਵਿਟਾਮਿਨ ਪ੍ਰਦਾਨ ਕਰਦੀਆਂ ਹਨ। ਦਾਲਾਂ ਵਾਲੀਆਂ ਫਸਲਾਂ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੀਆਂ ਹਨ ਅਤੇ ਆਪਣੀ ਰਹਿੰਦ-ਖੂੰਹਦ ਨਾਲ ਮਿੱਟੀ ਵਿੱਚ ਜੈਵਿਕ ਪਦਾਰਥ ਮਿਲਾਉਂਦੀਆਂ ਹਨ, ਜਿਸ ਨਾਲ ਅਗਲੀਆਂ ਫਸਲਾਂ ਨੂੰ ਫਾਇਦਾ ਹੁੰਦਾ ਹੈ। ਇਸ ਤਰ੍ਹਾਂ, ਦਾਲਾਂ ਮਨੁੱਖੀ ਸਿਹਤ ਲਈ ਹੀ ਨਹੀਂ ਸਗੋਂ ਮਿੱਟੀ ਦੀ ਸਿਹਤ ਲਈ ਵੀ ਮਹੱਤਵਪੂਰਨ ਹਨ।
ਪੰਜਾਬ ਵਿੱਚ ਝੋਨੇ-ਕਣਕ ਦੇ ਫ਼ਸਲੀ ਚੱਕਰ ਦੀ ਪ੍ਰਮੁੱਖਤਾ ਹੋਣ ਕਾਰਨ ਦਾਲਾਂ ਦੇ ਰਕਬੇ ਅਤੇ ਉਤਪਾਦਨ ਵਿੱਚ ਕਾਫ਼ੀ ਕਮੀ ਆਈ ਹੈ। ਇਸ ਸਥਿਤੀ ਵਿੱਚ, ਗਰਮ ਰੁੱਤ ਦੀ ਮੂੰਗੀ ਅਤੇ ਮਾਂਹ ਵਰਗੀਆਂ ਘੱਟ ਸਮਾਂ ਲੈਣ ਵਾਲੀਆਂ ਗਰਮ ਰੁੱਤ ਦੀਆਂ ਦਾਲਾਂ ਫਸਲੀ ਵਿਭਿੰਨਤਾ ਲਈ ਸਭ ਤੋਂ ਢੁਕਵਾਂ ਵਿਕਲਪ ਪੇਸ਼ ਕਰਦੀਆਂ ਹਨ, ਜੋ ਕਿ ਅੱਜ ਦੇ ਸਮੇਂ ਦੀ ਲੋੜ ਵੀ ਹੈ।
ਦੱਸ ਦਈਏ ਕਿ ਗਰਮ ਰੁੱਤ ਦੀਆਂ ਦਾਲਾਂ ਘੱਟ ਸਮੇਂ ਦੀਆਂ ਪ੍ਰੰਤੂ ਵਧੇਰੇ ਕੀਮਤ ਵਾਲੀਆਂ ਫ਼ਸਲਾਂ ਹੋਣ ਕਰਕੇ ਅਤੇ ਪਾਣੀ ਅਤੇ ਖਾਦਾਂ ਦੀ ਘੱਟ ਵਰਤੋਂ ਕਰਨ ਕਰਕੇ ਪੰਜਾਬ ਦੀ ਬਹੁ-ਫਸਲੀ ਪ੍ਰਣਾਲੀ ਵਿੱਚ ਬਹੁਤ ਚੰਗੀ ਤਰ੍ਹਾਂ ਫਿੱਟ ਬੈਠਦੀਆਂ ਹਨ। ਇਸ ਤਰਾਂ ਗਰਮ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਨਾਲ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਵੀ ਕਰਦੀ ਹੈ। ਇਸ ਲਈ, ਕਿਸਾਨ ਵੀਰਾਂ ਨੂੰ ਗਰਮ ਰੁੱਤ ਦੀਆਂ ਦਾਲਾਂ ਨੂੰ ਆਪਣੇ ਫਸਲੀ ਚੱਕਰ ਵਿੱਚ ਸ਼ਾਮਿਲ ਕਰਨ ਅਤੇ ਇਸ ਲੇਖ ਵਿੱਚ ਹੇਠ ਦੱਸੀਆਂ ਉਤਪਾਦਨ ਤਕਨੀਕਾਂ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਢੁਕਵੀਂਆਂ ਜ਼ਮੀਨਾਂ: ਗਰਮ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਲੂਣੀਆਂ ਖਾਰੀਆਂ, ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਵਿੱਚ ਨਹੀਂ ਕੀਤੀ ਜਾ ਸਕਦੀ। ਮੂੰਗੀ ਦੀ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ ਰੇਤਲੀ ਭਲ ਤੋਂ ਭਲ ਵਾਲੀ ਜ਼ਮੀਨ ਢੁਕਵੀ ਹੈ ਜਦਕਿ ਮਾਂਹ ਦੀ ਕਾਸ਼ਤ ਲਈ ਚੰਗੀ ਨਿਕਾਸ ਵਾਲੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ।
ਸੁਧਰੀਆਂ ਕਿਸਮਾਂ: ਗਰਮ ਰੁੱਤ ਦੀ ਮੂੰਗੀ ਦੀਆਂ ਕਿਸਮਾਂ ਐਸ ਐਮ ਐਲ 1827, ਟੀ ਐਮ ਬੀ 37, ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜਦਕਿ ਮਾਂਹ 1008 ਅਤੇ ਮਾਂਹ 218 ਗਰਮੀਆਂ ਦੇ ਮੌਸਮ ਵਿੱਚ ਕਾਸ਼ਤ ਲਈ ਢੁਕਵੀਆਂ ਹਨ ।
ਬੀਜ ਦੀ ਮਾਤਰਾ ਅਤੇ ਜੀਵਾਣੂੰ ਖਾਦ ਦਾ ਟੀਕਾ ਲਾਉਣਾ: ਮੂੰਗੀ ਦੀ ਕਿਸਮ ਐਸ ਐਮ ਐਲ 668 ਲਈ 15 ਕਿਲੋ ਬੀਜ ਅਤੇ ਹੋਰ ਕਿਸਮਾਂ ਲਈ 12 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ।ਜਦਕਿ ਮਾਂਹ ਲਈ 20 ਕਿਲੋ ਬੀਜ ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਬੀਜ ਨੂੰ ਬਿਜਾਈ ਦੇ ਸਮੇਂ ਸਿਫ਼ਾਰਸ਼ ਕੀਤੇ ਜੀਵਾਣੂੰ ਖਾਦ ਦੇ ਟੀਕੇ ਨਾਲ ਸੋਧਨਾ ਚਾਹੀਦਾ ਹੈ ਜਿਸ ਨਾਲ ਝਾੜ ਵਧਦਾ ਹੈ ਅਤੇ ਮਿੱਟੀ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ। ਇੱਕ ਏਕੜ ਦੇ ਬੀਜ਼ ਨੂੰ ਲਗਭਗ 300 ਮਿਲੀਲੀਟਰ ਪਾਣੀ ਨਾਲ ਗਿੱਲਾ ਕਰਨ ਤੋਂ ਬਾਅਦ ਜੈਵਿਕ ਖਾਦ ਦੇ ਇੱਕ ਪੈਕੇਟ ਨਾਲ ਚੰਗੀ ਤਰਾਂ ਮਿਲਾ ਦਿਓ।ਬੀਜ ਨੂੰ ਸੋਧਣ ਉਪਰੰਤ ਛਾਂ ਵਿੱਚ ਸੁਕਾਉਣਾ ਚਾਹੀਦਾ ਹੈ।
ਬਿਜਾਈ ਦਾ ਸਮਾਂ ਅਤੇ ਢੰਗ: ਚੰਗੀ ਪੈਦਾਵਾਰ ਨੂੰ ਯਕੀਨੀ ਬਣਾਉਣ ਲਈ ਸਮੇਂ ਸਿਰ ਬਿਜਾਈ ਬਹੁਤ ਮਹੱਤਵਪੂਰਨ ਹੈ। ਗਰਮ ਰੁੱਤ ਦੌਰਾਨ ਮੂੰਗੀ ਦੀ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤੱਕ ਅਤੇ ਮਾਂਹ ਦੀ ਬਿਜਾਈ 15 ਮਾਰਚ ਤੋਂ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਕਰਨੀ ਚਾਹੀਦੀ ਹੈ।ਮੂੰਗੀ ਦੀ ਬਿਜਾਈ ਅਪ੍ਰੈਲ ਦੇ ਤੀਜੇ ਹਫ਼ਤੇ ਤੱਕ ਦੇਰੀ ਨਾਲ ਵੀ ਕੀਤੀ ਜਾ ਸਕਦੀ ਹੈ, ਪਰ ਪੱਕਣ ਸਮੇਂ ਅਗੇਤੀ ਮੌਨਸੂਨੀ ਬਾਰਿਸ਼ ਦਾ ਖਤਰਾ ਰਹਿੰਦਾ ਹੈ। ਮੂੰਗੀ ਅਤੇ ਮਾਂਹ ਦੀ ਬਿਜਾਈ ਬੀਜ ਡਰਿੱਲ, ਕੇਰਾ ਜਾਂ ਪੋਰਾ ਵਿਧੀ ਨਾਲ ਕਤਾਰ ਤੋਂ ਕਤਾਰ ਦੇ 22.5 ਸੈਂਟੀਮੀਟਰ ਫਾਸਲੇ `ਤੇ ਕਰਨੀ ਚਾਹੀਦੀ ਹੈ।ਮੂੰਗੀ ਦੀ ਬਿਜਾਈ ਜ਼ੀਰੋ ਟਿਲ ਡਰਿੱਲ ਜਾਂ ਪੀ ਏ ਯੂ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।ਚੰਗੀ ਪੈਦਾਵਾਰ ਲਈ ਮੂੰਗੀ ਅਤੇ ਮਾਂਹ ਲਈ ਪੌਦੇ ਤੋਂ ਪੌਦੇ ਦੀ ਦੂਰੀ ਕ੍ਰਮਵਾਰ 7 ਸੈਂਟੀਮੀਟਰ ਅਤੇ 4-5 ਸੈਂਟੀਮੀਟਰ ਹੋਣੀ ਚਾਹੀਦੀ ਹੈ।
ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਫਸਲ ਨੂੰ ਬਰਸਾਤ ਦੇ ਨੁਕਸਾਨ ਤੋਂ ਬਚਾਉਂਣ ਲਈ, ਕਣਕ ਦੇ ਬੈੱਡ ਪਲਾਂਟਰ ਦੀ ਵਰਤੋਂ ਕਰਕੇ ਮੂੰਗੀ ਦੀ ਬਿਜਾਈ 67.5 ਸੈਂਟੀਮੀਟਰ ਦੀ ਵਿੱਥ (37.5 ਸੈਂਟੀਮੀਟਰ ਬੈਡ ਅਤੇ 30 ਸੈਂਟੀਮੀਟਰ ਦੀ ਖਾਲੀ) ਤੇ ਤਿਆਰ ਕੀਤੇ ਬੈੱਡਾਂ `ਤੇ ਵੀ ਕੀਤੀ ਜਾ ਸਕਦੀ ਹੈ। ਇਸ ਢੰਗ ਨਾਲ ਬੈਡ `ਤੇ 20 ਸੈਂਟੀਮੀਟਰ ਦੀ ਦੂਰੀ `ਤੇ ਫਸਲ ਦੀਆਂ ਦੋ ਕਤਾਰਾਂ ਬੀਜੀਆਂ ਜਾਂਦੀਆਂ ਹਨ। ਬੈੱਡਾਂ ਦੀ ਸਿੰਚਾਈ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਬੈੱਡ ਉੱਪਰੋਂ ਨਾ ਵਗੇ।ਇਸ ਵਿਧੀ ਨਾਲ ਲਗਭਗ 20-30% ਪਾਣੀ ਦੀ ਬਚਤ ਹੁੰਦੀ ਹੈ ਅਤੇ ਪੱਧਰੀ ਬੀਜਾਈ ਦੇ ਮੁਕਾਬਲੇ ਤਕਰੀਬਨ 10% ਝਾੜ ਵਿੱਚ ਵਾਧਾ ਹੁੰਦਾ ਹੈ।
ਖਾਦ ਪ੍ਰਬੰਧਨ: ਖਾਦਾਂ ਨੂੰ ਹਮੇਸ਼ਾ ਮਿੱਟੀ ਪਰਖ ਦੇ ਆਧਾਰ `ਤੇ ਪਾਉਣਾ ਚਾਹੀਦਾ ਹੈ। ਦਰਮਿਆਨੀਆਂ ਜ਼ਮੀਨਾਂ ਵਿੱਚ ਮੂੰਗੀ ਨੂੰ 11 ਕਿਲੋ ਯੂਰੀਆ ਦੇ ਨਾਲ 100 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਅਤੇ ਮਾਂਹ ਨੂੰ 11 ਕਿਲੋ ਯੂਰੀਆ ਦੇ ਨਾਲ 60 ਕਿਲੋ ਸੁਪਰਫਾਸਫੇਟ ਪਾਉਣੀ ਚਾਹੀਦੀ ਹੈ। ਸਾਰੀਆਂ ਖਾਦਾਂ ਬਿਜਾਈ ਸਮੇਂ ਪਾਉਣੀਆਂ ਚਾਹੀਦੀਆਂ ਹਨ। ਆਲੂ ਤੋਂ ਬਾਅਦ ਬੀਜੀ ਮੂੰਗੀ ਨੂੰ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਢੁੱਕਵੀਂ ਰੋਕਥਾਮ ਜਰੂਰੀ ਹੈ ਕਿਉਂਕਿ ਇਹ ਖੁਰਾਕੀ ਤੱਤਾਂ, ਰੌਸ਼ਨੀ, ਨਮੀ ਅਤੇ ਜਗ੍ਹਾ ਲਈ ਫਸਲਾਂ ਦਾ ਮੁਕਾਬਲਾ ਕਰਦੇ ਹਨ। ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤਿਆਂ ਬਾਅਦ ਅਤੇ ਲੋੜ ਪੈਣ ਤੇ ਦੂਜੀ ਗੋਡੀ ਬਿਜਾਈ ਤੋਂ 6 ਹਫ਼ਤੇ ਬਾਅਦ ਕਰਨੀ ਚਾਹੀਦੀ ਹੈ।
ਸਿੰਚਾਈ: ਮੌਸਮ ਅਤੇ ਮਿੱਟੀ ਦੀ ਪਾਣੀ ਸੰਭਾਲਣ ਦੀ ਸਮਰੱਥਾ ਦੇ ਅਧਾਰ ਤੇ ਗਰਮ ਰੁੱਤ ਦੌਰਾਨ ਤਿੰਨ ਤੋਂ ਪੰਜ ਸਿੰਚਾਈਆਂ ਦੀ ਲੋੜ ਹੁੰਦੀ ਹੈ। ਪਹਿਲੀ ਸਿੰਚਾਈ ਬਿਜਾਈ ਤੋਂ 25 ਦਿਨਾਂ ਬਾਅਦ ਕਰਨੀ ਚਾਹੀਦੀ ਹੈ। ਵੱਧ ਝਾੜ ਅਤੇ ਫਲੀਆਂ ਦੇ ਇਕਸਾਰ ਪਕਾਈ ਲਈ, ਗਰਮ ਰੁੱਤ ਦੀਆਂ ਦਾਲ਼ਾਂ ਨੂੰ ਬਿਜਾਈ ਤੋਂ ਲਗਭਗ 55 ਅਤੇ 60 ਦਿਨਾਂ ਬਾਅਦ ਆਖਰੀ ਸਿੰਚਾਈ ਬੰਦ ਕਰ ਦੇਣੀ ਚਾਹੀਦੀ ਹੈ। ਮੱਕੀ-ਕਣਕ-ਗਰਮ ਰੁੱਤ ਦੀ ਮੂੰਗੀ ਵਿੱਚ ਧਰਤੀ ਦੀ ਸਤ੍ਹਾ ਹੇਠ ਤੁਪਕਾ ਸਿੰਚਾਈ ਸਿਸਟਮ ਨਾਲ ਵੀ ਸਿੰਚਾਈ ਕੀਤੀ ਜਾ ਸਕਦੀ ਹੈ।
ਕੀੜੇ-ਮਕੌੜਿਆਂ ਦੀ ਰੋਕਥਾਮ: ਗਰਮ ਰੁੱਤ ਦੀਆਂ ਦਾਲਾਂ ਉੱਪਰ ਮੁੱਖ ਤੌਰ `ਤੇ ਫਲੀ ਛੇਦਕ ਸੁੰਡੀ ਅਤੇ ਤੰਬਾਕੂ ਸੁੰਡੀ ਦਾ ਹਮਲਾ ਹੁੰਦਾ ਹੈ, ਜੋ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਉਂਦੇ ਹਨ।ਫਲੀ ਛੇਦਕ ਸੁੰਡੀਆਂ ਫਿੱਕੇ ਹਰੇ, ਪੀਲੇ, ਭੂਰੇ ਜਾਂ ਕਾਲੇ ਰੰਗ ਦੇ ਹੁੰਦੀਆਂ ਹਨ ਜੋ ਕਿ ਪੱਤਿਆਂ, ਫੁੱਲਾਂ, ਡੋਡੀਆਂ ਅਤੇ ਫਲੀਆਂ ਵਿਚਲੇ ਬੀਜਾਂ ਨੂੰ ਖਾਂਦੀਆਂ ਹਨ । ਇਸ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤੇ, ਫਲਿਆਂ ਵਿੱਚ ਮੋਰੀਆਂ ਅਤੇ ਬੂਟਿਆਂ ਹੇਠਾਂ ਗੂੜ੍ਹੇ ਹਰੇ ਰੰਗ ਦੀਆਂ ਵਿੱਠਾਂ ਤੋਂ ਲਗਦਾ ਹੈ।ਫ਼ਸਲ ਦਾ ਨਿਯਮਤ ਸਰਵੇਖਣ ਕਰਨਾ ਚਾਹੀਦਾ ਹੈ ਅਤੇ ਹਮਲੇ ਦੀ ਸੂਰਤ ਵਿੱਚ ਮਾਹਿਰਾਂ ਦੀ ਸਲਾਹ ਅਨੁਸਾਰ ਇਸ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਤੰਬਾਕੂ ਸੁੰਡੀ ਵੀ ਪੱਤਿਆਂ, ਡੋਡੀਆਂ, ਫੁੱਲਾਂ ਅਤੇ ਫਲੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਛੋਟੀਆਂ ਸੁੰਡੀਆਂ ਕਾਲੇ ਰੰਗ ਦੀਆਂ ਹੁੰਦੀਆਂ ਹਨ ਜਦੋਂਕਿ ਵੱਡੀਆਂ ਸੁੰਡੀਆਂ ਗੂੜ੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਸਰੀਰ `ਤੇ ਕਾਲੇ- ਤਿਕੋਣੇ ਧੱਬੇ ਹੁੰਦੇ ਹਨ।ਇਸ ਦੇ ਪਤੰਗੇ ਪੱਤਿਆਂ ਦੇ ਹੇਠਲੇ ਪਾਸੇ ਅੰਡੇ ਦਿੰਦੇ ਹਨ ਜੋ ਭੂਰੇ ਵਾਲਾਂ ਨਾਲ ਢੱਕੇ ਹੁੰਦੇ ਹਨ। ਅੰਡਿਆਂ ਵਿੱਚੋਂ ਨਿਕਲਣ ਤੋਂ ਬਾਅਦ ਛੋਟੀਆਂ ਸੁੰਡੀਆਂ ਸਮੂਹਾਂ ਵਿੱਚ ਖਾਂਦੀਆਂ ਹਨ ਅਤੇ ਵੱਡੀਆਂ ਸੁੰਡੀਆਂ ਸਾਰੇ ਖੇਤ ਵਿੱਚ ਖਿਲਰ ਜਾਂਦੀਆਂ ਹਨ। ਇਸ ਦੇ ਨੁਕਸਾਨ ਨੂੰ ਘੱਟ ਕਰਨ ਲਈ ਫ਼ਸਲ ਦੀ ਬਿਜਾਈ ਸਮੇਂ ਸਿਰ ਕਰਨੀ ਚਾਹੀਦੀ ਹੈ। ਨਦੀਨਾਂ ਦਾ ਪ੍ਰਬੰਧਨ, ਖਾਸ ਤੌਰ `ਤੇ ਇਟਸਿਟ/ਚਪੱਤੀ ਮਹੱਤਵਪੂਰਨ ਹੈ ਕਿਉਂਕਿ ਇਹ ਨਦੀਨ ਤੰਬਾਕੂ ਸੁੰਡੀ ਲਈ ਬਦਲਵੇਂ ਮੇਜ਼ਬਾਨ ਵਜੋਂ ਕੰਮ ਕਰਦੇ ਹਨ। ਇਸ ਤੋਂ ਇਲਾਵਾ, ਛੋਟੀਆਂ ਸੁੰਡੀਆਂ ਦੇ ਝੁੰਡਾਂ ਅਤੇ ਅੰਡਿਆਂ ਵਾਲੇ ਪੱਤਿਆਂ ਨੂੰ ਇਕੱਠਾ ਕਰਕੇ ਨਸ਼ਟ ਕਰ ਦੇਣਾ ਚਾਹੀਦਾ ਹੈ।
ਬਿਮਾਰੀਆਂ: ਚਿਤਕਬਰਾ ਰੋਗ ਅਤੇ ਝੁਲਸ ਰੋਗ ਗਰਮ ਰੁੱਤ ਦੀਆਂ ਦਾਲਾਂ ਦੀਆਂ ਮਹੱਤਵਪੂਰਨ ਬਿਮਾਰੀਆਂ ਹਨ।ਚਿਤਕਬਰਾ ਰੋਗ ਇਕ ਵਿਸ਼ਾਣੂ ਕਾਰਨ ਹੁੰਦਾ ਹੈ ਜੋ ਚਿੱਟੀ ਮੱਖੀ ਦੁਆਰਾ ਫੈਲਦਾ ਹੈ। ਇਸ ਬਿਮਾਰੀ ਨਾਲ ਪੱਤਿਆਂ ਉੱਤੇ ਪੀਲੇ ਅਤੇ ਹਰੇ ਰੰਗ ਦੇ
ਚਿਤਬਰੇ ਦਾਗ ਪੈ ਜਾਂਦੇ ਹਨ। ਇਸ ਤੋਂ ਇਲਾਵਾ, ਬਿਮਾਰੀ ਵਾਲੇ ਬੂਟਿਆਂ ਉੱਪਰ ਫ਼ਲੀਆਂ ਨਹੀ ਲੱਗਦੀਆਂ ਜਾਂ ਫ਼ਿਰ ਬਹੁਤ ਘੱਟ ਪੀਲੇ ਰੰਗ ਦੀਆਂ ਫਲੀਆਂ ਲਗਦੀਆਂ ਹਨ। ਆਮ ਤੌਰ `ਤੇ ਸਮੇਂ ਸਿਰ ਬੀਜੀ ਫ਼ਸਲ ਵਿੱਚ ਇਸ ਬਿਮਾਰੀ ਦਾ ਹਮਲਾ ਬਹੁਤ ਘੱਟ ਹੁੰਦਾ ਹੈ। ਜੇਕਰ ਕੁਝ ਰੋਗੀ ਬੂਟੇ ਫ਼ਸਲ ਦੇ ਸ਼ੁਰੂਆਤੀ ਦੌਰ ਵਿੱਚ ਨਜ਼ਰ ਆਉਣ ਤਾਂ ਇਹਨਾਂ ਨੂੰ ਪੁੱਟ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਜਿਵੇਂ ਕਿ ਐਸ ਐਮ ਐਲ 1827, ਮਾਂਹ 1137 ਅਤੇ ਮਾਂਜ 1008 ਬੀਜਣੀਆਂ ਚਾਹੀਦੀਆਂ ਹਨ। ਝੁਲਸ ਰੋਗ ਵੀ ਇੱਕ ਮਹੱਤਵਪੂਰਣ ਬਿਮਾਰੀ ਹੈ ਜੋ ਕਿ ਪੱਤਿਆਂ ਦੀ ਉਪਰਲੀ ਛਿੱਲ ਜਾਂ ਨਵੀਆਂ ਸ਼ਾਖਾਵਾਂ ਤੋਂ ਸ਼ੁਰੂ ਹੁੰਦੀ ਹੈ। ਹੌਲੀ-ਹੌਲੀ ਪੌਦੇ ਉਪਰੋਂ ਝੁਲਸ ਜਾਂਦੇ ਹਨ ਅਤੇ ਖੇਤ ਵਿੱਚ ਅਜਿਹੇ ਬਿਮਾਰੀ ਵਾਲੇ ਬੂਟੇ ਧੋੜੀਆਂ ਵਿੱਚ ਦਿਖਾਈ ਦਿੰਦੇ ਹਨ। ਨਮੀ ਵਾਲੇ ਮੌਸਮ ਵਿੱਚ ਪੱਤਿਆਂ ਉੱਤੇ ਚਿੱਟੇ ਰੰਗ ਦੇ ਉੱਲੀ ਦੇ ਜਾਲੇ ਬਣ ਜਾਂਦੇ ਹਨ।ਨਦੀਨ ਇਸ ਬਿਮਾਰੀ ਦਾ ਮੁੱਖ ਸਰੋਤ ਹਨ, ਇਸ ਲਈ ਝੁਲਸ ਦੀ ਰੋਕਥਾਮ ਲਈ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ।
ਇਹਨਾਂ ਨੁਕਤਿਆ ਨੂੰ ਧਿਆਨ ਵਿੱਚ ਰੱਖਕੇ ਕਿਸਾਨ ਵੀਰ ਗਰਮ ਰੁੱਤ ਦੀਆਂ ਦਾਲਾਂ ਦਾ ਭਰਪੂਰ ਝਾੜ ਲੈ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਮੁਸ਼ਕਿਲ ਅਵੇ ਤਾਂ ਖੇਤੀ ਮਾਹਿਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਗੁਰਮੇਲ ਸਿੰਘ ਸੰਧੂ, ਵਿਵੇਕ ਕੁਮਾਰ, ਅਤੇ ਕਰਮਜੀਤ ਸ਼ਰਮਾ
ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ
ਇਹ ਵੀ ਪੜ੍ਹੋ : ਸੂਰਜਮੁਖੀ ਦੀ ਫ਼ਸਲ ਦੀਆਂ ਮੁੱਖ ਕਿਸਮਾਂ, ਬਿਮਾਰੀਆਂ ਅਤੇ ਉਨ੍ਹਾਂ ਦੇ ਰੋਕਥਾਮ ਲਈ ਉਪਾਅ!
Summary in English: Grow summer pulses and make more profit!