ਅਸੀਂ ਤੁਹਾਨੂੰ ਸਬਜ਼ੀਆਂ ਦੀ ਕਾਸ਼ਤ ਸਬੰਧੀ ਹਮੇਸ਼ਾ ਪ੍ਰੇਰਦੇ ਰਹਿੰਦੇ ਹਾਂ। ਸਰਦੀਆਂ ਦੀਆਂ ਸਾਰੀਆਂ ਸਬਜ਼ੀਆਂ ਦੀ ਕਾਸ਼ਤ ਲਈ ਇਹ ਢੁੱਕਵਾਂ ਸਮਾਂ ਹੈ। ਆਲੂਆਂ ਪਿੱਛੋਂ ਪੰਜਾਬ ਵਿਚ ਸਭ ਤੋਂ ਵੱਧ ਰਕਬਾ ਮਟਰਾਂ ਹੇਠ ਹੈ। ਇਨ੍ਹਾਂ ਦੀ ਕਾਸ਼ਤ ਤਕਰੀਬਨ 34000 ਹੈਕਟੇਅਰ ਵਿਚ ਕੀਤੀ ਜਾਂਦੀ ਹੈ। ਅਗੇਤੇ ਮਟਰਾਂ ਦੀ ਬਿਜਾਈ ਦਾ ਸਮਾਂ ਆ ਗਿਆ ਹੈ।
ਅਗੇਤੀ ਬਿਜਾਈ ਲਈ ਮਟਰ ਅਗੇਤਾ-7, ਮਟਰ ਅਗੇਤਾ-6, ਅਰਕਲ ਤੇ ਏ. ਪੀ. -3 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਦਾ ਪ੍ਰਤੀ ਏਕੜ 45 ਕਿੱਲੋ ਬੀਜ ਪਾਇਆ ਜਾਵੇ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜੋਬੀਅਮ ਦਾ ਟੀਕਾ ਜ਼ਰੂਰ ਲਾਇਆ ਜਾਵੇ। ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਮਟਰ ਭਾਵੇਂ ਧਰਤੀ ਦੀ ਸਿਹਤ ਨੂੰ ਠੀਕ ਕਰਦੇ ਹਨ ਪਰ ਬਿਜਾਈ ਸਮੇਂ ਅੱਠ ਟਨ ਰੂੜੀ, 45 ਕਿੱਲੋ ਯੂਰੀਆ ਤੇ 155 ਕਿੱਲੋ ਸੁਪਰਫਾਸਫੇਟ ਪ੍ਰਤੀ ਏਕੜ ਪਾਇਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਜ਼ਰੂਰ ਕੀਤੀ ਜਾਵੇ।
ਬੰਦਗੋਭੀ ਦੀ ਪਨੀਰੀ ਪੁੱਟ ਕੇ ਲਾਉਣ ਲਈ ਵੀ ਇਹ ਢੁੱਕਵਾਂ ਸਮਾਂ ਹੈ। ਚੀਨੀ ਬੰਦਗੋਭੀ ਦੀ ਵਰਤੋਂ ਸਾਗ ਲਈ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਲਈ ਵੀ ਹੁਣ ਢੁੱਕਵਾਂ ਸਮਾਂ ਹੈ। ਸਾਗ ਸਰਸੋਂ ਤੇ ਚੀਨੀ ਸਰੋ੍ਹਂ-1 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਤੋਂ ਕਈ ਕਟਾਈਆਂ ਪ੍ਰਾਪਤ ਹੋ ਜਾਂਦੀਆਂ ਹਨ। ਇਕ ਏਕੜ ਦੀ ਬਿਜਾਈ ਲਈ ਇਕ ਕਿੱਲੋ ਬੀਜ ਚਾਹੀਦਾ ਹੈ। ਖੇਤ ਤਿਆਰ ਕਰਨ ਤੋਂ ਪਹਿਲਾਂ ਜੇ ਹੋ ਸਕੇ ਤਾਂ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ ਬਿਜਾਈ ਸਮੇਂ 40 ਕਿੱਲੋ ਯੂਰੀਆ, 155 ਕਿੱਲੋ ਸੁਪਰਫਾਸਫੇਟ ਤੇ 40 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ।
ਮੇਥੀ ਦੀ ਬਿਜਾਈ
ਤੁਸੀਂ ਸਾਰੇ ਹੀ ਮੇਥੀ ਦੇ ਪਕਵਾਨ ਬੜੇ ਚਾਅ ਨਾਲ ਖਾਂਦੇ ਹੋਵੋਗੇ। ਮੇਥੀ ਦੀ ਸਬਜ਼ੀ, ਪਰੌਂਠੇ, ਮਿੱਸੀ ਰੋਟੀ ਆਦਿ ਸਰਦੀਆਂ ਦੌਰਾਨ ਸਾਰੇ ਹੀ ਘਰਾਂ ਵਿਚ ਬਣਦੇ ਹਨ। ਮੇਥੀ ਬੀਜਣ ਲਈ ਹੁਣ ਢੁੱਕਵਾਂ ਸਮਾਂ ਹੈ। ਕਸੂਰੀ ਮੇਥੀ ਨੂੰ ਵਧੇਰੇ ਪਸੰਦ ਕੀਤਾ ਜਾਂਦਾ ਹੈ। ਕਸੂਰੀ ਸੁਪਰੀਮ ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਇਸ ਦੀਆਂ ਤਿੰਨ ਕਟਾਈਆਂ ਲਈਆਂ ਜਾ ਸਕਦੀਆਂ ਹਨ। ਪਹਿਲੀ ਕਟਾਈ ਬਿਜਾਈ ਤੋਂ 42 ਕੁ ਦਿਨਾਂ ਪਿੱਛੋਂ ਕੀਤੀ ਜਾ ਸਕਦੀ ਹੈ। ਇਕ ਏਕੜ ਲਈ 10 ਕਿੱਲੋ ਬੀਜ ਚਾਹੀਦਾ ਹੈ।
ਬੀਜਣ ਤੋਂ ਪਹਿਲਾਂ ਬੀਜ ਨੂੰ 2.5 ਗ੍ਰਾਮ ਥੀਰਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਇਸ ਵਾਰ ਘਰ ਦੀ ਵਰਤੋਂ ਲਈ ਘੱਟੋ- ਘੱਟ ਇਕ ਕਿਆਰੀ ਵਿਚ ਇਸ ਦੀ ਬਿਜਾਈ ਕਰੋ। ਬਿਜਾਈ ਸਮੇਂ ਸਿਆੜਾਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਚੰਗਾ ਝਾੜ ਲੈਣ ਲਈ 30 ਕਿੱਲੋ ਯੂਰੀਆ ਬਿਜਾਈ ਸਮੇਂ ਪਾਵੋ। ਹਰੇਕ ਕਟਾਈ ਪਿੱਛੋਂ 15 ਕੁ ਕਿੱਲੋ ਯੂਰੀਆ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤਿੰਨ ਹਫ਼ਤਿਆਂ ਪਿੱਛੋਂ ਇਕ ਗੋਡੀ ਕਰੋ। ਜੇ ਲੋੜ ਹੋਵੇ ਤਾਂ ਹਫ਼ਤਿਆਂ ਪਿੱਛੋਂ ਦੂਜੀ ਗੋਡੀ ਕੀਤੀ ਜਾਵੇ।
ਆਲੂਆਂ ਦੀ ਕਾਸ਼ਤ
ਪੰਜਾਬ ਵਿਚ ਸਬਜ਼ੀਆਂ ਹੇਠ ਜਿੰਨਾ ਰਕਬਾ ਹੈ, ਉਸ ਦਾ ਅੱਧਾ ਹਿੱਸਾ ਕੇਵਲ ਆਲੂਆਂ ਹੇਠ ਹੈ। ਇਨ੍ਹਾਂ ਦੀ ਕਾਸ਼ਤ ਕੋਈ 96000 ਹੈਕਟੇਅਰ ਧਰਤੀ ਉੱਤੇ ਕੀਤੀ ਜਾਂਦੀ ਹੈ। ਜੇ ਫ਼ਸਲ ਚੰਗੀ ਹੋ ਜਾਵੇ ਅਤੇ ਚੰਗੇ ਮੁੱਲ ਉੱਤੇ ਵਿਕ ਜਾਵੇ ਤਾਂ ਚੋਖੀ ਆਮਦਨ ਹੋ ਜਾਂਦੀ ਹੈ ਪਰ ਫ਼ਸਲ ਦੀ ਸਫਲਤਾ ਲਈ ਮਿਹਨਤ ਦੀ ਲੋੜ ਹੈ। ਆਲੂ ਦੀ ਬਿਜਾਈ ਮੌਸਮ ਥੋੜ੍ਹਾ ਠੰਢਾ ਹੁੰਦਿਆਂ ਹੀ ਅਗਲੇ ਹਫ਼ਤੇ ਸ਼ੁਰੂ ਹੋ ਜਾਂਦੀ ਹੈ। ਜੇ ਵੱਧ ਰਕਬੇ ਵਿਚ ਕਾਸ਼ਤ ਕਰਨੀ ਹੈ ਤਾਂ ਕੁਝ ਹਿੱਸੇ ਵਿਚ ਅਗੇਤੀਆਂ ਅਤੇ ਕੁਝ ਹਿੱਸੇ ਵਿਚ ਪਿਛੇਤੀਆਂ ਕਿਸਮਾਂ ਨੂੰ ਬੀਜਣਾ ਚਾਹੀਦਾ ਹੈ। ਕੁਫ਼ਰੀ ਸੂਰਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ। ਕੁਫ਼ਰੀ ਸੰਧੂਰੀ ਤੇ ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ। ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ, ਕੁਫ਼ਰੀ ਗੰਗਾ ਅਤੇ ਕੁਫ਼ਰੀ ਬਹਾਰ ਮੁੱਖ ਮੌਸਮ ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਝਾੜ ਨਵੀਂ ਕਿਸਮ ਕੁਫ਼ਰੀ ਗੰਗਾ ਦਾ ਹੈ। ਇਹ ਇਕ ਏਕੜ ’ਚੋਂ 187 ਕੁਇੰਟਲ ਤੋਂ ਵੀ ਵੱਧ ਝਾੜ ਦੇ ਦਿੰਦੀ ਹੈ। ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ ਪਦਾਰਥੀਕਰਨ ਲਈ ਵਧੀਆ ਕਿਸਮਾਂ ਹਨ। ਇਨ੍ਹਾਂ ਸਾਰੀਆਂ ਕਿਸਮਾਂ ਦਾ ਝਾੜ 160 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ। ਵੱਧ ਝਾੜ ਦੇਣ ਵਾਲੀ ਫ਼ਸਲ ਹੋਣ ਕਰਕੇ ਵਧੇਰੇ ਖਾਦਾਂ ਦੀ ਲੋੜ ਪੈਂਦੀ ਹੈ। ਖੇਤ ਤਿਆਰ ਕਰਦੇ ਸਮੇਂ ਕੋਈ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ 165 ਕਿੱਲੋ ਯੂਰੀਆ, 155 ਕਿੱਲੋ ਸੁਪਰਫਾਸਫੇਟ ਤੇ 40 ਕਿੱਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਸਾਰੀ ਫਾਸਫੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ। ਇਕ ਏਕੜ ਲਈ ਕੋਈ 15 ਕੁਇੰਟਲ ਬੀਜ ਦੀ ਲੋੜ ਹੈ। ਬੀਜ ਵਾਲੇ ਆਲੂਆਂ ਦਾ ਭਾਰ 40-50 ਗ੍ਰਾਮ ਦੇ ਵਿਚਕਾਰ ਹੋਣਾ ਚਾਹੀਦਾ ਹੈ। ਹਮੇਸ਼ਾ ਸਹੀ ਕਿਸਮ ਦਾ ਰੋਗ ਰਹਿਤ ਬੀਜ ਵਰਤੋ। ਕੋਲਡ ਸਟੋਰ ’ਚੋਂ ਕੱਢ ਕੇ ਬੀਜ ਸਿੱਧਾ ਨਹੀਂ ਬੀਜਣਾ ਚਾਹੀਦਾ ਸਗੋਂ ਕਿਸੇ ਕਮਰੇ ਵਿਚ ਖਿਲਾਰ ਕੇ 10 ਕੁ ਦਿਨ ਪਿਆ ਰਹਿਣ ਦੇਣਾ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਵੱਟਾਂ ਵਿਚਕਾਰ 60 ਤੇ ਆਲੂਆਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਬੀਜ ਨੂੰ ਬੀਜਣ ਤੋਂ ਪਹਿਲਾਂ ਮੋਨਸਰਨ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਘੋਲ ਵਿਚ 10 ਮਿੰਟਾਂ ਲਈ ਡੁਬੋ ਲੈਣਾ ਚਾਹੀਦਾ ਹੈ। ਆਲੂਆਂ ਲਈ ਜੈਵਿਕ ਖਾਦ ਵੀ ਹੈ। ਬਾਇਓਜ਼ਾਈਮ ਜੈਵਿਕ ਖਾਦ ਦੀ ਵਰਤੋਂ ਨਾਲ ਪੈਦਾਵਾਰ ਵਿਚ ਵਾਧਾ ਹੁੰਦਾ ਹੈ। ਇਹ ਕਿਣਕਿਆਂ ਅਤੇ ਤਰਲ ਰੂਪ ਵਿਚ ਮਿਲਦਾ ਹੈ। ਕਿਣਕਿਆਂ ਵਾਲੀ ਖਾਦ ਅੱਠ ਕਿੱਲੋ ਤੇ ਤਰਲ 200 ਮਿਲੀਲੀਟਰ ਪ੍ਰਤੀ ਏਕੜ ਬਿਜਾਈ ਸਮੇਂ ਪਾਵੋ। ਬਿਜਾਈ ਪਿੱਛੋਂ ਜੇ ਖੇਤ ਨੂੰ ਝੋਨੇ ਦੀ ਪਰਾਲੀ ਨਾਲ ਢਕ ਦਿੱਤਾ ਜਾਵੇ ਤਾਂ ਨਦੀਨਾਂ ਦੀ ਰੋਕਥਾਮ ਹੋ ਸਕਦੀ ਹੈ। ਬਿਜਾਈ ਤੋਂ ਇਕ ਮਹੀਨੇ ਪਿੱਛੋਂ ਮਿੱਟੀ ਚਾੜ੍ਹ ਦੇਵੋ। ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਪਿਛੋਂ ਦੇਵੋ। ਪਿੱਛੋਂ ਵੀ ਹਲਕਾ ਪਾਣੀ ਛੇਤੀ- ਛੇਤੀ ਦਿੰਦੇ ਰਹਿਣਾ ਚਾਹੀਦਾ ਹੈ। ਆਲੂ ਤਕਰੀਬਨ 100 ਦਿਨਾਂ ਪਿੱਛੋਂ ਪੁਟਾਈ ਲਈ ਤਿਆਰ ਹੋ ਜਾਂਦੇ ਹਨ।
ਸਬਜ਼ੀਆਂ ਉਗਾਓ, ਸਿਹਤ ਬਣਾਓ
ਤੁਹਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੀ ਬੰਬੀ ਲਾਗੇ ਘਰ ਦੀ ਲੋੜ ਪੂਰੀ ਕਰਨ ਲਈ ਇਕ ਛੋਟੀ ਬਗੀਚੀ ਬਣਾਵੋ। ਇਸ ਵਿਚ ਸਰਦੀਆਂ ਦੀਆਂ ਸਾਰੀਆਂ ਸਬਜ਼ੀਆਂ ਦੀ ਬਿਜਾਈ ਕਰੋ। ਘਰ ਬਗੀਚੀ ਲਈ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਬਾਗਬਾਨੀ ਵਿਭਾਗ ਤੋਂ ਪ੍ਰਾਪਤ ਕਰ ਸਕਦੇ ਹੋ। ਇਸ ਕਿੱਟ ਵਿਚ ਸਾਰੀਆਂ ਸਬਜ਼ੀਆਂ ਦੇ ਥੋੜ੍ਹੇ- ਥੋੜ੍ਹੇ ਬੀਜ ਹੁੰਦੇ ਹਨ।
ਕਿਸਾਨ ਭਰਾਵੋ, ਸਬਜ਼ੀਆਂ ਉਗਾਵੋ, ਤਾਜ਼ੀਆਂ ਸਬਜ਼ੀਆਂ ਖਾਵੋ ਤੇ ਸਿਹਤ ਬਣਾਵੋ। ਪੰਜਾਬੀ ਭਾਵੇਂ ਚੰਗਾ ਖਾਣ ਤੇ ਪਹਿਨਣ ਦੇ ਸ਼ੌਕੀਨ ਹਨ ਪਰ ਉਹ ਸਬਜ਼ੀਆਂ ਤੇ ਫਲਾਂ ਦੀ ਬਹੁਤ ਘੱਟ ਵਰਤੋਂ ਕਰਦੇ ਹਨ। ਚੰਗੀ ਸਿਹਤ ਲਈ ਇਨ੍ਹਾਂ ਦੀ ਵਰਤੋਂ ਬਹੁਤ ਜ਼ਰੂਰੀ ਹੈ। ਘਰ ਦੀਆਂ ਜ਼ਹਿਰਾਂ ਰਹਿਤ ਸਬਜ਼ੀਆਂ ਵਿਚ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ। ਸੰਤੁਲਿਤ ਭੋਜਨ ਲਈ ਤਾਜ਼ੀਆਂ ਸਬਜ਼ੀਆਂ ਦੀ ਵਰਤੋਂ ਬਹੁਤ ਜ਼ਰੂਰੀ ਹੈ।
ਜ਼ਰੂਰ ਲਾਓ ਪਾਲਕ
ਘਰ ਦੀ ਵਰਤੋਂ ਲਈ ਇਕ ਕਿਆਰੀ ਪਾਲਕ ਦੀ ਵੀ ਜ਼ਰੂਰ ਬੀਜ ਲੈਣੀ ਚਾਹੀਦੀ ਹੈ। ਇਹ ਖ਼ੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ। ਪੰਜਾਬ ਗ੍ਰੀਨ ਸਿਫ਼ਾਰਸ਼ ਕੀਤੀ ਕਿਸਮ ਹੈ। ਇਕ ਏਕੜ ਲਈ ਪੰਜ ਕਿੱਲੋ ਬੀਜ ਚਾਹੀਦਾ ਹੈ। ਬਿਜਾਈ ਤੋਂ ਇਕ ਮਹੀਨੇ ਪਿੱਛੋਂ ਕਟਾਈ ਕੀਤੀ ਜਾ ਸਕਦੀ ਹੈ।
ਕੁਝ ਰਕਬੇ ’ਚ ਜ਼ਰੂਰ ਬੀਜੋ ਧਨੀਆ
ਧਨੀਆ ਇਕ ਛੋਟੀ ਪਰ ਮਹੱਤਵਪੂਰਨ ਫ਼ਸਲ ਹੈ, ਜਿਸ ਦੇ ਦਾਣਿਆਂ ਨੂੰ ਪੀਸ ਕੇ ਗਰਮ ਮਸਾਲੇ ਦੇ ਰੂਪ ਵਿਚ ਹਰੇਕ ਦਾਲ ਸਬਜ਼ੀ ਵਿਚ ਪਾਇਆ ਜਾਂਦਾ ਹੈ। ਦਾਲ ਸਬਜ਼ੀ ਨੂੰ ਸੁਆਦੀ ਬਣਾਉਣ ਲਈ ਇਸ ਦੇ ਹਰੇ ਪੱਤੇ ਵੀ ਵਰਤੇ ਜਾਂਦੇ ਹਨ। ਬਹੁਤੇ ਕਿਸਾਨ ਧਨੀਆ ਬਾਜ਼ਾਰੋਂ ਹੀ ਮੁੱਲ ਲੈਂਦੇ ਹਨ। ਆਪਣੇ ਖੇਤ ਵਿਚ ਤਿਆਰ ਕੀਤੇ ਧਨੀਏ ਦੀ ਮਹਿਕ ਅਤੇ ਸੁਆਦ ਨਿਵੇਕਲਾ ਹੁੰਦਾ ਹੈ। ਇਸ ਵਾਰ ਘਰ ਦੀ ਵਰਤੋਂ ਲਈ ਕੁਝ ਰਕਬੇ ਵਿਚ ਧਨੀਆ ਜ਼ਰੂਰ ਬੀਜਿਆ ਜਾਵੇ। ਪੰਜਾਬ ਸੁਗੰਧ ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਇਸ ਦਾ ਕੋਈ 9 ਕਿੱਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ।
ਗਾਜਰ, ਸ਼ਲਗਮ ਤੇ ਮੂਲੀਆਂ
ਗਾਜਰ, ਸ਼ਲਗਮ ਤੇ ਮੂਲੀਆਂ ਦੀ ਬਿਜਾਈ ਲਈ ਵੀ ਇਹ ਢੁੱਕਵਾਂ ਸਮਾਂ ਹੈ। ਪੰਜਾਬ ਕੈਰਟ ਰੈੱਡ, ਪੰਜਾਬ ਬਲੈਕ ਬਿਊਟੀ ਤੇ ਪੀ ਸੀ-34 ਗਾਜਰਾਂ ਦੀਆਂ ਉੱਨਤ ਕਿਸਮਾਂ ਹਨ। ਇਸ ਸਾਲ ਗਾਜਰ ਦੀਆਂ ਦੋ ਨਵੀਆਂ ਕਿਸਮਾਂ ਦਿੱਤੀਆਂ ਗਈਆਂ ਹਨ : ਪੀ. ਸੀ. ਪੀ.-2 ਜਿਸ ਦਾ ਰੰਗ ਜਾਮਣੀ ਹੈ ਤੇ ਪੀ. ਸੀ. ਵਾਈ.-2 ਜਿਸ ਦਾ ਰੰਗ ਪੀਲਾ ਹੁੰਦਾ ਹੈ। ਇਕ ਏਕੜ ਲਈ ਚਾਰ ਕਿੱਲੋ ਬੀਜ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 45 ਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਕੋਈ 90 ਦਿਨਾਂ ਪਿੱਛੋਂ ਇਨ੍ਹਾਂ ਦੀ ਪੁਟਾਈ ਕੀਤੀ ਜਾ ਸਕਦੀ ਹੈ। ਐੱਲ-1 ਸ਼ਲਗਮ ਦੀ ਸਿਫ਼ਾਰਸ਼ ਕੀਤੀ ਕਿਸਮ ਹੈ। ਇਹ ਕੋਈ 50 ਦਿਨਾਂ ਵਿਚ ਪੁੱਟਣ ਲਈ ਤਿਆਰ ਹੋ ਜਾਂਦੀ ਹੈ ਤੇ 100 ਕੁਇੰਟਲ ਤੋਂ ਵੱਧ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਇਸ ਦਾ ਇਕ ਏਕੜ ਲਈ ਦੋ ਕਿੱਲੋ ਬੀਜ ਚਾਹੀਦਾ ਹੈ।
- ਡਾ. ਰਣਜੀਤ ਸਿੰਘ
ਇਹ ਵੀ ਪੜ੍ਹੋ : SBI Tatkal Tractor Loan : SBI ਦੀ ਇਸ ਨਵੀ ਯੋਜਨਾ ਦੇ ਤਹਿਤ ਖਰੀਦੋ ਨਵਾਂ ਟਰੈਕਟਰ
Summary in English: he best time to cultivate winter vegetables