ਪਿਆਜ਼ ਭਾਰਤ ਦੀ ਇਕ ਮੁੱਖ ਸਬਜ਼ੀ ਹੈ। ਭਾਰਤ ਚੀਨ ਤੋਂ ਬਾਅਦ ਪਿਆਜ਼ ਦਾ ਦੂਜਾ ਸਭ ਤੋਂ ਵਡਾ ਉਤਪਾਦਕ ਦੇਸ਼ ਹੈ, ਜਿਸਦਾ ਦੁਨੀਆਂ ਦੇ ਕੁੱਲ ਉਤਪਾਦਨ ਵਿਚ 21.5% ਹਿਸਾ ਹੈ ।
ਇਸ ਦੀ ਕਾਸ਼ਤ ਪੰਜਾਬ ਵਿਚ 10.23 ਹਜ਼ਾਰ ਹੈਕਟੇਅਰ ਦੇ ਰਕਬੇ ਵਿਚ ਕੀਤੀ ਜਾ ਰਹੀ ਹੈ। ਪਿਆਜ਼ ਦੀ ਸਫਲ ਫਸਲ ਲਈ ਹੇਠ ਲਿਖੀਆਂ ਸਿਫ਼ਾਰਸ਼ਾਂ ਅਤੇ ਕਿਸਮਾਂ ਦਾ ਧਿਆਨ ਰੱਖੋ:
ਮੌਸਮ ਤੇ ਜ਼ਮੀਨ: ਪਿਆਜ਼ ਨੂੰ ਕਈ ਮੌਸਮਾਂ ਵਿਚ ਪੈਦਾ ਕੀਤਾ ਜਾ ਸਕਦਾ ਹੈ, ਪਰ ਅਤ ਦੀ ਗਰਮੀ ਅਤੇ ਕੜਾਕੇ ਦੀ ਠੰਡ ਪਿਆਜ਼ ਲਈ ਠੀਕ ਨਹੀਂ। ਪੌਦੇ ਦੇ ਵਾਧੇ ਲਈ 13-210 ਸੈਂਟੀਗਰੇਡ ਅਤੇ ਗੰਢੇ ਦੇ ਪ੍ਰਫੁਲਤ ਹੋਣ ਲਈ 15-250 ਸੈਂਟੀਗਰੇਡ ਅਨੁਕੂਲ ਹੁੰਦਾ ਹੈ। ਲੰਮੇ ਸਮੇਂ ਲਈ ਠੰਡ ਪੈਣ ਨਾਲ, ਪਿਆਜ਼ ਜ਼ਿਆਦਾ ਨਿਸਰਦਾ ਹੈ ਅਤੇ ਜ਼ਿਆਦਾ ਗਰਮੀ ਕਾਰਨ ਗੰਢੇ ਦਾ ਆਕਾਰ ਛੋਟਾ ਰਹਿ ਜਾਂਦਾ ਹੈ। ਪਿਆਜ਼ ਦੀ ਖੇਤੀ ਵਾਸਤੇ ਜ਼ਮੀਨ ਮਲੜ ਵਾਲੀ, ਨਿਕਾਸੀ ਅਤੇ ਬੀਮਾਰੀ, ਨਦੀਨਾਂ ਤੇ ਰਹਿਤ ਹੋਣੀ ਚਾਹੀਦੀ ਹੈ।
ਉਨਤ ਕਿਸਮਾਂ (Advanced varieties)
ਪੀ ਆਰ ਓ-7: ਇਸਦੇ ਪੌਦੇ ਦਰਮਿਆਨੇ ਕਦ ਦੇ, ਪਤੇ ਹਰੇ, ਗੰਢੇ ਲਾਲ, ਦਰਮਿਆਨੇ ਤੋਂ ਵਡੇ ਅਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿਚ ਲਾਉਣ ਉਪਰੰਤ ਤਿਆਰ ਹੋਣ ਲਈ 120 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਯੋਗਤਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ 159 ਕੁਇੰਟਲ ਪ੍ਰਤੀ ਏਕੜ ਹੈ।
ਪੀ ਆਰ ਓ-6: ਇਸ ਦੇ ਪੌਦੇ ਦਰਮਿਆਨ ਕਦ ਦੇ, ਪਤੇ ਹਰੇ ਰੰਗ ਦੇ, ਗੰਢੇ ਗੂੜੇ ਲਾਲ, ਦਰਮਿਆਨੇ ਤੋਂ ਵਡੇ ਆਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ।ਇਹ ਕਿਸਮ ਦੀ ਭੰਡਾਰਨ ਯੋਗਤਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ ਨਰੋਆ : ਇਸ ਦੇ ਪੌਦੇ ਦਰਮਿਆਨੇ ਕਦ ਦੇ, ਪਤੇ ਗੂੜੇ ਹਰੇ ਰੰਗ ਦੇ, ਗੰਢੇ ਦਰਮਿਆਨੇ ਮੋਟੇ, ਪਤਲੀ ਧੌਣ ਵਾਲੇ ਅਤੇ ਲਾਲ ਹੁੰਦੇ ਹਨ। ਇਹ ਕਿਸਮ 147 ਦਿਨਾਂ ਵਿਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਗੰਢੇ ਅਤੇ ਬੀਜ ਵਾਲੀ ਫ਼ਸਲ ਨੂੰ ਜਾਮਨੀ ਦਾਗ ਪੈਣ ਦਾ ਰੋਗ ਬਹੁਤ ਘਟ ਲਗਦਾ ਹੈ। ਥਰਿਪ ਦਾ ਹਮਲਾ ਵੀ ਘਟ ਹੁੰਦਾ ਹੈ। ਇਸ ਦਾ ਔਸਤਨ ਝਾੜ 150 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਪੀ ਵਾਈ ਓ-1: ਇਸਦੇ ਪੌਦੇ ਦਰਮਿਆਨੇ ਕਦ ਦੇ, ਪਤੇ ਹਰੇ, ਗੰਢੇ ਪੀਲੇ, ਦਰਮਿਆਨੇ ਤੋਂ ਵਡੇ ਅਕਾਰ ਦੇ ਗੋਲਾਕਾਰ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿਚ ਲਾਉਣ ਉਪਰੰਤ ਤਿਆਰ ਹੋਣ ਲਈ 141 ਦਿਨ ਲੈਂਦੀ ਹੈ।ਇਸ ਕਿਸਮ ਦੀ ਭੰਡਾਰਨ ਯੋਗਤਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ 164 ਕੁਇੰਟਲ ਪ੍ਰਤੀ ਏਕੜ ਹੈ।
ਪੀ ਡਬਲਯੂ ਓ-2: ਇਸਦੇ ਪੌਦੇ ਦਰਮਿਆਨੇ ਕਦ ਦੇ, ਪਤੇ ਹਰੇ, ਗੰਢੇ ਸਫ਼ੇਦ (ਚਿਟੇ), ਦਰਮਿਆਨੇ ਤੋਂ ਵਡੇ ਅਕਾਰ ਦੇ ਗੋਲ ਅਤੇ ਤੰਗ ਘੰਡੀ ਵਾਲੇ ਹੁੰਦੇ ਹਨ। ਇਹ ਕਿਸਮ ਪਨੀਰੀ ਖੇਤ ਵਿਚ ਲਾਉਣ ਉਪਰੰਤ ਤਿਆਰ ਹੋਣ ਲਈ 139 ਦਿਨ ਲੈਂਦੀ ਹੈ। ਇਸ ਕਿਸਮ ਦੀ ਭੰਡਾਰਨ ਯੋਗਤਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘਟ ਨਿਸਰਦੇ ਹਨ। ਇਸ ਕਿਸਮ ਦਾ ਔਸਤਨ ਝਾੜ 155 ਕੁਇੰਟਲ ਪ੍ਰਤੀ ਏਕੜ ਹੈ।
ਬਿਜਾਈ ਦੇ ਢੰਗ : (Sowing methods:)
ਬਿਜਾਈ ਤੇ ਪਨੀਰੀ ਲਾਉਣ ਦਾ ਸਮਾਂ : ਪਨੀਰੀ ਦੀ ਬਿਜਾਈ ਅਧ ਅਕਤੂਬਰ ਤੋਂ ਅਧ ਨਵੰਬਰ ਤਕ ਕਰੋ ਅਤੇ ਦਸੰਬਰ ਦੇ ਅਖ਼ੀਰਲੇ ਹਫ਼ਤੇ ਤੋਂ ਅਧ ਜਨਵਰੀ ਤਕ ਪੁਟ ਕੇ ਖੇਤ ਵਿਚ ਲਾ ਦਿਓ। ਸਿਹਤਮੰਦ ਪਨੀਰੀ ਜਿਸ ਦਾ ਕਦ 10-15 ਸੈਂਟੀਮੀਟਰ ਹੋਵੇ ਜ਼ਿਆਦਾ ਝਾੜ ਦਿੰਦੀ ਹੈ।
ਬੀਜ ਦੀ ਮਾਤਰਾ ਅਤੇ ਪਨੀਰੀ ਲਾਉਣਾ : ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜ ਬੀਜੋ। ਇਸ ਲਈ 8 ਮਰਲੇ (200 ਵਰਗ ਮੀਟਰ ਥਾਂ ਤੇ 15 ਤੋਂ 20 ਸੈਂਟੀਮੀਟਰ ਉਚੀਆਂ ਕਿਆਰੀਆਂ ਤਿਆਰ ਕਰੋ। ਪਨੀਰੀ ਲਈ ਤਿਆਰ ਕੀਤੀ ਥਾਂ ਵਿਚ ਪ੍ਰਤੀ ਮਰਲੇ ਦੇ ਹਿਸਾਬ 125 ਕਿਲੋ ਗਲੀ ਸੜੀ ਰੂੜੀ ਮਿਲਾਉ । ਪਨੀਰੀ ਬਿਜਣ ਤੋਂ 10 ਦਿਨ ਪਹਿਲਾਂ, ਕਿਆਰੀਆਂ ਨੂੰ ਪਾਣੀ ਲਾਓ ਤਾਂ ਕਿ ਬੀਜਾਈ ਤੋਂ ਪਹਿਲਾਂ ਸਾਰੇ ਨਦੀਨ ਉਗ ਪੈਣ। ਬੀਜ 1-2 ਸੈਂਟੀਮੀਟਰ ਡੂੰਘਾ ਅਤੇ ਕਤਾਰਾਂ ਵਿਚ ਬੀਜੋ। ਪਨੀਰੀ ਪੁਟਣ ਤੋਂ ਤੁਰੰਤ ਬਾਅਦ, ਵਤਰ ਖੇਤ ਵਿਚ ਲਾ ਦਿਓ।ਚੰਗਾ ਝਾੜ ਲੈਣ ਲਈ ਕਤਾਰਾਂ ਵਿਚ 15 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫ਼ਾਸਲਾ ਰਖੋ।
ਖਾਦਾਂ : ਇਕ ਏਕੜ ਲਈ 20 ਟਨ ਗਲੀ ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫਾਸਫੋਰਸ, (125 ਕਿਲੋ ਸੁਪਰਫਾਸਫੇਟ) ਅਤੇ 20 ਕਿਲੋ ਪੋਟਾਸ਼ (35 ਕਿਲੋ ਮਿਊਰੇਟ ਆਫ ਪੋਟਾਸ਼) ਦੀ ਲੋੜ ਹੈ। ਸਾਰੀ ਰੂੜੀ ਦੀ ਖਾਦ, ਸਾਰੀ ਫਾਸਫੋਰਸ, ਪੋਟਾਸ਼ ਅਤੇ ਅਧੀ ਨਾਈਟਰੋਜਨ ਵਾਲੀ ਖਾਦ, ਪੌਦੇ ਲਾਉਣ ਤੋਂ ਪਹਿਲਾਂ ਅਤੇ ਬਚੀ ਹੋਈ ਅਧੀ ਨਾਈਟਰੋਜਨ ਵਾਲੀ ਖਾਦ 4-6 ਹਫਤਿਆਂ ਬਾਅਦ ਛਟਾ ਦੇ ਕੇ ਪਾਓ।
ਨਦੀਨਾਂ ਦੀ ਰੋਕਥਾਮ : ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਪਨੀਰੀ ਲਾਉਣ ਤੋਂ ਤਿੰਨ ਹਫਤੇ ਪਿਛੋਂ ਕਰੋ। ਬਾਕੀ ਗੋਡੀਆਂ 15-20 ਦਿਨਾਂ ਦੇ ਅੰਤਰ ਤੇ ਕਰਦੇ ਰਹੋ। ਨਦੀਨਾਂ ਦੀ ਰੋਕਥਾਮ ਨਦੀਨ ਨਾਸ਼ਕ ਦਵਾਈਆਂ ਨਾਲ ਵੀ ਕੀਤੀ ਜਾ ਸਕਦੀ ਹੈ। ਸਟੌਂਪ 30 ਈ ਸੀ 750 ਮਿਲੀਲਿਟਰ 200 ਲਿਟਰ ਪਾਣੀ ਵਿਚ ਘੋਲ ਕੇ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ ਛਿੜਕੋ। ਜੇ ਲੋੜ ਪਵੇ ਤਾਂ ਪੌਦੇ ਲਗਾਉਣ ਤੋਂ 45 ਦਿਨ ਬਾਅਦ ਇਕ ਗੋਡੀ ਕਰੋ। ਇਸ ਤੋਂ ਇਲਾਵਾ ਗੋਲ 23.5 ਈ ਸੀ (ਆਕਸੀਕਲੋਰੋਫੈਨ) 380 ਮਿਲੀਲੀਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਦਾ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਛਿੜਕਾਅ ਅਤੇ 90-100 ਦਿਨਾਂ ਬਾਅਦ ਇਕ ਗੋਡੀ ਕਰਕੇ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਸਿੰਚਾਈ : ਪਨੀਰੀ ਲਾਉਣ ਤੋਂ ਫੌਰਨ ਬਾਅਦ ਪਾਣੀ ਦਿਓ ਤਾਂ ਜੋ ਬੂਟਿਆਂ ਦੀਆਂ ਜੜਾਂ ਜ਼ਮੀਨ ਪਕੜ ਲੈਣ। ਫਿਰ 7-10 ਦਿਨਾਂ ਦੇ ਫਾਸਲੇ ਨਾਲ ਪਾਣੀ ਲਾਉਂਦੇ ਰਹੋ। ਪੁਟਾਈ ਤੋਂ ਘਟੋ-ਘਟ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਓ ਤਾਂ ਕਿ ਪਿਆਜ਼ ਲੰਮੇ ਸਮੇਂ ਲਈ ਭੰਡਾਰ ਕੀਤਾ ਜਾ ਸਕੇ। ਕੁਲ 10-15 ਸਿੰਚਾਈਆਂ ਦੀ ਲੋੜ ਹੈ।
ਪਿਆਜ਼ ਪਕਾਉਣਾ ਅਤੇ ਭੰਡਾਰ ਕਰਨਾ : ਭੂਕਾਂ ਸੁਕ ਕੇ ਡਿਗਣ ਤੇ ਪਿਆਜ਼ ਦੀ ਪੁਟਾਈ ਕਰੋ। ਪੁਟਾਈ ਕਰਨ ਤੋਂ ਬਾਅਦ 6-7 ਦਿਨ ਤਕ ਛਾਂ ਵਿਚ ਪਤਲੀਆਂ ਤਹਿਆਂ ਵਿਚ ਖਿਲਾਰ ਕੇ ਪਿਆਜ਼ ਨੂੰ ਪਕਣ ਦਿਓ। ਫਿਰ 1-2 ਸੈਂਟੀਮੀਟਰ ਭੂਕਾਂ ਰਖ ਕੇ ਕਟ ਦਿਓ। ਭੰਡਾਰ ਵਿਚ ਹਰ 15 ਦਿਨ ਬਾਅਦ ਪਿਆਜ਼ਾਂ ਨੂੰ ਹਿਲਾਉਂਦੇ ਰਹੋ ਅਤੇ ਇਸ ਵਿਚੋਂ ਗਲੇ ਹੋਏ ਪਿਆਜ਼ ਛਾਂਟੀ ਕਰਦੇ ਰਹੋ।
ਪੌਦ ਸੁਰਖਿਆ : (Plant protection)
ਬੀਮਾਰੀਆਂ : (Diseases)
1. ਜਾਮਨੀ ਧਬਿਆਂ ਦੇ ਦਾਗ : ਪਤਿਆਂ ਅਤੇ ਫੁਲਾਂ ਵਾਲੀ ਨਾੜ ਉਪਰ ਜਾਮਨੀ ਰੰਗ ਦੇ ਦਾਗ ਪੈ ਜਾਂਦੇ ਹਨ। ਇਸ ਦਾ ਅਸਰ ਗੰਢਿਆਂ ਅਤੇ ਬੀਜਾਂ ਉਪਰ ਵੀ ਪੈਂਦਾ ਹੈ।
2.ਪੀਲੇ ਧਬੇ : ਬੀਜ ਵਾਲੀਆਂ ਡੰਡੀਆਂ ਉਪਰ ਤਕਰੀਬਨ ਗੋਲ ਧਬੇ ਪੈ ਜਾਂਦੇ ਹਨ ਜਿਨਾਂ ਉਪਰ ਜਾਮਨੀ ਉਲੀ ਪੈਦਾ ਹੋ ਜਾਂਦੀ ਹੈ, ਜਿਹੜੀ ਕਿ ਬਾਅਦ ਵਿਚ ਭੂਰੀ ਦਿਸਣ ਲਗ ਪੈਂਦੀ ਹੈ। ਫ਼ਸਲ ਝੁਲਸੀ ਲਗਦੀ ਹੈ ਅਤੇ ਡੰਡੀਆਂ ਟੁਟ ਜਾਂਦੀਆਂ ਹਨ।
ਇਨਾਂ ਬੀਮਾਰੀਆਂ ਦੀ ਰੋਕਥਾਮ ਲਈ ਥੀਰਮ ਜਾਂ ਕੈਪਟਾਨ ਦਵਾਈ (3 ਗ੍ਰਾਮ ਪ੍ਰਤੀ ਕਿਲੋ ਬੀਜ) ਨਾਲ ਬੀਜ ਦੀ ਸੋਧ ਕਰ ਲਵੋ। ਫ਼ਸਲ ਉਪਰ ਪ੍ਰਤੀ ਏਕੜ 600 ਗ੍ਰਾਮ ਇੰਡੋਫਿਲ ਐਮ-45 ਅਤੇ 220 ਮਿਲੀਲਿਟਰ ਟਰਾਇਨ ਜਾਂ ਅਲਸੀ ਦਾ ਤੇਲ 200 ਲੀਟਰ ਪਾਣੀ ਵਿਚ ਘੋਲ ਕੇ ਬੀਮਾਰੀ ਦੀਆਂ ਨਿਸ਼ਾਨੀਆਂ ਦਿਸਣ ਤੇ ਛਿੜਕੋ। ਇਸ ਤੋਂ ਪਿਛੋਂ 10 ਦਿਨ ਦੇ ਵਕਫ਼ੇ ਤੇ ਤਿੰਨ ਛਿੜਕਾਅ ਹੋਰ ਕਰੋ।
ਇਹ ਵੀ ਪੜ੍ਹੋ :- ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਅਤੇ ਪਾਣੀ ਦੀ ਬੱਚਤ ਲਈ ਉਤਮ ਤਕਨੀਕਾਂ
ਏ ਐਸ ਢੱਟ: 99151-35797
Summary in English: How to cultivate a successful onion