ਭਾਰਤ ਵਿੱਚ ਸਬਜ਼ੀਆਂ ਵਿੱਚ ਰਸਾਇਣਾਂ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਸੰਸਾਰ ਵਿੱਚ ਦੂਜੇ ਨੰਬਰ ਤੇ ਹੋ ਰਹੀ ਹੈ ਜੋ ਕਿ ਬਹੁਤ ਜਿਆਦਾ ਹੈ। ਇਹ ਰਸਾਇਣ ਇਨਸਾਨੀ ਖੁਰਾਕ ਪ੍ਰਣਾਲੀ ਵਿਚ ਜਾ ਕੇ ਸਿਹਤ ਉਤੇ ਮਾੜਾ ਅਸਰ ਪਾਉਂਦੇ ਹਨ ਅਤੇ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਸ ਲਈ ਕਿਸਾਨਾਂ ਨੂੰ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਰਸਾਇਣਾਂ ਉਤੇ ਨਿਰਭਰਤਾ ਘਟਾਉਣ ਲਈ ਖਾਸ ਢੰਗ ਤਰੀਕੇ ਅਪਨਾਉਣੇ ਚਾਹੀਦੇ ਹਨ। ਜੇਕਰ ਹੇਠ ਦਿੱਤੇ ਕੁਝ ਨੁਕਤਿਆਂ ਦਾ ਧਿਆਨ ਰੱਖਿਆ ਜਾਵੇ ਤਾ ਰਸਾਇਣਾਂ ਦੀ ਬੇਲੋੜੀ ਵਰਤੋਂ ਤੋਂ ਬਚਿਆ ਜਾ ਸਕਦਾ ਹੈ।
ਕਿਸਮਾਂ ਦੀ ਚੋਣ: ਬਿਮਾਰੀਆਂ ਅਤੇ ਕੀੜਿਆਂ ਤੋਂ ਫਸਲ ਨੂੰ ਬਚਾਉਣ ਲਈ ਸਭ ਤੋਂ ਢੁਕਵਾਂ ਤਰੀਕਾ ਹੈ ਕਿ ਉਨ੍ਹਾਂ ਕਿਸਮਾਂ ਜਾਂ ਹਾਈਬ੍ਰਿਡ ਕਿਸਮਾਂ ਦੀ ਕਾਸ਼ਤ ਕੀਤੀ ਜਾਵੇ ਜਿਨ੍ਹਾਂ ਵਿੱਚ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੋਵੇ। ਇਸ ਸਬੰਧੀ ਸਬਜ਼ੀ ਵਿਭਾਗ ਵਲੋਂ ਬਿਮਾਰੀ ਅਤੇ ਕੀੜੇ-ਮਕੌੜਿਆਂ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਤਿਆਰ ਕਰਕੇ ਸਿਫਾਰਿਸ਼ ਕੀਤੀਆਂ ਹਨ। ਜਿਵੇਂ ਬਰਸਾਤ ਰੁੱਤ ਵਿੱਚ ਟਮਾਟਰ ਦੀਆਂ ਕਿਸਮਾਂ ਪੰਜਾਬ ਵਰਖਾ ਬਹਾਰ-2 ਅਤੇ ਪੰਜਾਬ ਵਰਖਾ ਬਹਾਰ-4 ਜੋ ਕਿ ਟਮਾਟਰ ਦੇ ਪੱਤਾ ਲਪੇਟ ਵਿਸ਼ਾਣੂੰ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਇਹ ਵਿਸ਼ਾਣੂੰ ਰੋਗ ਚਿੱਟੀ ਮੱਖੀ ਤੋਂ ਫੈਲਦਾ ਹੈ। ਇਸੇ ਤਰਾਂ ਬੈਂਗਣ ਵਿੱਚ ਫਲ ਅਤੇ ਲਗਰਾਂ ਵਿੱਚ ਮੋਰੀ ਕਰਨ ਵਾਲੀ ਸੁੰਡੀ ਬਹੁਤ ਹਾਨੀਕਾਰਕ ਹੈ। ਇਸ ਸੁੰਡੀ ਦੀ ਰੋਕਥਾਮ ਵਾਸਤੇ ਰਸਾਇਣਾਂ ਦੀ ਵਰਤੋਂ ਘਟਾਉਣ ਲਈ ਬੈਂਗਣ ਦੀਆਂ ਕਿਸਮਾਂ ਬੀ ਐਚ-2, ਪੰਜਾਬ ਬਰਸਾਤੀ, ਪੀ ਬੀ ਐਚ-5 ਅਤੇ ਪੰਜਾਬ ਨਗੀਨਾ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਨ੍ਹਾਂ ਕਿਸਮਾਂ ਵਿੱਚ ਇਸ ਸੁੰਡੀ ਦਾ ਹਮਲਾ ਘੱਟ ਹੁੰਦਾ ਹੈ। ਖਰਬੂਜ਼ੇ ਦੇ ਹਾਈਬ੍ਰਿਡ ਐਮ ਐਚ-27 ਵਿੱਚ ਉਖੇੜਾ ਅਤੇ ਸੂਤਰ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਇਸੇ ਤਰ੍ਹਾਂ ਮਿਰਚ ਵਿੱਚ ਸੀ. ਐਚ-27 ਵਿੱਚ ਪੱਤਾ ਲਪੇਟ, ਵਿਸ਼ਾਣੂੰ ਰੋਗ, ਜੜ ਸੂਤਰ ਰੋਗ ਅਤੇ ਰਸ ਚੂਸਣ ਵਾਲੇ ਕੀੜਿਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੈ।
ਬਿਜਾਈ ਦੇ ਸਮੇ ਵਿਚ ਫੇਰ ਬਦਲ: ਕੀੜੇ ਜਾਂ ਬੀਮਾਰੀਆਂ ਨੂੰ ਵਧਣ ਫੁੱਲਣ ਲਈ ਇਕ ਖਾਸ ਮੌਸਮ ਅਤੇ ਤਾਪਮਾਨ ਦੀ ਲੋੜ ਹੁੰਦੀ ਹੈ। ਫਸਲ ਦੀ ਬਿਜਾਈ ਦੇ ਸਮੇਂ ਨੂੰ ਜੇਕਰ ਥੋੜਾ ਅੱਗੇ ਜਾਂ ਪਿੱਛੇ ਕੀਤਾ ਜਾਵੇ ਤਾਂ ਕਈ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਤੋਂ ਬਚਿਆ ਜਾ ਸਕਦਾ ਹੈ। ਕੱਦੂ ਜਾਤੀ ਦੀਆਂ ਫਸਲਾਂ ਵਿੱਚ ਨਾਲ ਭੂੰਡੀ ਫਰਵਰੀ-ਮਾਰਚ ਵਿੱਚ ਬਹੁਤ ਨੁਕਸਾਨ ਪਹੁੰਚਾਉਦੀ ਹੈ। ਲਾਲ ਭੂੰਡੀ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣ ਵਾਸਤੇ ਕੱਦੂ ਜਾਤੀ ਦੀਆਂ ਫਸਲਾਂ ਦੀ ਸੁਰੰਗੀ ਖੇਤੀ ਕੀਤੀ ਜਾ ਸਕਦੀ ਹੈ ਜਾਂ ਫਿਰ ਜਨਵਰੀ ਵਿੱਚ ਪਨੀਰੀ ਤਿਆਰ ਕਰਕੇ ਫਰਵਰੀ ਦੇ ਅੰਤ ਤੱਕ ਖੇਤ ਵਿੱਚ ਲਾਉਣ ਨਾਲ ਨਾਲ ਭੂੰਡੀ ਤੋਂ ਛੁਟਕਾਰਾ ਮਿਲ ਸਕਦਾ ਹੈ। ਬੈਂਗਣ ਵਿੱਚ ਜੇਕਰ ਪਨੀਰੀ ਮਾਰਚ-ਅਪ੍ਰੈਲ ਜਾਂ ਅੰਤ ਜੁਲਾਈ ਵਿੱਚ ਖੇਤ ਵਿੱਚ ਲਗਾਈ ਜਾਵੇ ਤਾਂ ਫਲ ਅਤੇ ਲਗਰਾਂ ਵਾਲੀ ਸੁੰਡੀ ਦੇ ਨੁਕਸਾਨ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਮਟਰ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਬੀਜਣ ਨਾਲ ਤਣੇ ਦੀ ਮੱਖੀ ਦੇ ਹਮਲੇ ਤੋਂ ਬਚਿਆ ਜਾ ਸਕਦਾ ਹੈ।
ਫਸਲੀ ਚੱਕਰ: ਇੱਕ ਖੇਤ ਵਿੱਚ ਲਗਾਤਾਰ ਇੱਕ ਜਾਤੀ ਦੀਆਂ ਫਸਲਾਂ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੀਆਂ ਬਿਮਾਰੀਆਂ ਅਤੇ ਕੀੜੇ-ਮਕੌੜੇ ਤਕਰੀਬਨ ਸਾਂਝੇ ਹੁੰਦੇ ਹਨ ਜੋ ਕਿ ਲਗਾਤਾਰ ਭੋਜਨ ਮਿਲਣ ਨਾਲ ਜ਼ਿਆਦਾ ਵਧਦੇ ਹਨ ਅਤੇ ਫਸਲ ਨੂੰ ਜ਼ਿਆਦਾ ਨੁਕਸਾਨ ਪਹੂੰਚਾਉਦੇ ਹਨ। ਕੱਦੂ ਜਾਤੀ ਦੀਆਂ ਸਬਜ਼ੀਆਂ ਦੀਆਂ ਬਿਮਾਰੀਆਂ ਅਤੇ ਕੀੜੇ ਮਕੌੜੇ ਸਾਂਝੇ ਹੁੰਦੇ ਹਨ ਜਿਵੇਂ ਕਿ ਲਾਲ ਭੂੰਡੀ ਕੱਦੂ ਜਾਤੀ ਦੀਆਂ ਸਬਜ਼ੀਆਂ ਨੂੰ ਨੁਕਸਾਨ ਪਹੁਚਾਉਦੀ ਹੈ। ਇਸੇ ਤਰਾਂ ਟਮਾਟਰ, ਆਲੂ ਅਤੇ ਮਿਰਚ ਵਿੱਚ ਪੱਤਾ ਲਪੇਟ ਦੀ ਬਿਮਾਰੀ ਹੁੰਦੀ ਹੈ। ਇਸ ਤੋਂ ਬਚਾਅ ਵਾਸਤੇ ਇੱਕ ਖੇਤ ਵਿੱਚ ਹੀ ਜਾਤੀ ਬਦਲ ਕੇ ਸਬਜ਼ੀਆਂ ਬੀਜੋ ਤਾਂ ਜੋ ਬਿਮਾਰੀ ਅਤੇ ਕੀੜੇ ਦੇ ਹਮਲੇ ਦੇ ਚੱਕਰ ਨੂੰ ਤੋੜਿਆ ਜਾ ਸਕੇ। ਮੱਕੀ-ਆਲੂ-ਪਿਆਜ਼ ਜਾਂ ਹਲਦੀ-ਪਿਆਜ਼ ਫਸਲੀ ਚੱਕਰ ਅਪਨਾਉਣ ਨਾਲ ਰਸਾਇਣਾਂ ਦੀ ਵਰਤੋਂ ਦੀ ਲੋੜ ਨਹੀਂ ਹੁੰਦੀ।
ਸੁਥਰੀ ਕਾਸ਼ਤ: ਇਸ ਤਰੀਕੇ ਵਿੱਚ ਬਿਮਾਰੀ ਜਾਂ ਕੀੜੇ ਦੇ ਹਮਲੇ ਨਾਲ ਗ੍ਰਸਤ ਬੂਟੇ ਅਤੇ ਫਸਲੀ ਰਹਿੰਦ ਖੂੰਹਦ ਨੂੰ ਇਕੱਠੀ ਕਰਕੇ ਸਾੜ ਦਿਓ ਜਾਂ ਖੇਤ ਵਿੱਚ ਡੂੰਘਾ ਟੋਇਆ ਕੱਢ ਕੇ ਦੱਬ ਦਿਓ। ਇਸ ਤਰਾਂ ਕਰਨ ਨਾਲ ਬਿਮਾਰੀ ਜਾਂ ਕੀੜੇ ਨਾਲ ਭਵਿੱਖ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਮਿਸਾਲ ਦੇ ਤੌਰ ਤੇ ਬੈਂਗਣ, ਟਮਾਟਰ ਅਤੇ ਭਿੰਡੀ ਵਿੱਚ ਇਸ ਸੁੰਡੀ ਨਾਲ ਨੁਕਸਾਨ ਹੋਰ ਵੀ ਵੱਧ ਜਾਂਦਾ ਹੈ। ਖੇਤ ਨੂੰ ਨਦੀਨ ਮੁਕਤ ਕਰਨ ਨਾਲ ਬਿਮਾਰੀਆਂ ਦੇ ਨੁਕਸਾਨ ਨੂੰ ਬਹੁਤ ਹੱਦ ਤਕ ਘਟਾਇਆ ਜਾ ਸਕਦਾ ਹੈ। ਨਦੀਨ ਖੇਤ ਵਿੱਚ ਬਿਮਾਰੀਆਂ ਫੈਲਾਉਣ ਵਾਲੇ ਜੀਵਾਣੂੰਆਂ ਅਤੇ ਕੀੜੇ-ਮਕੌੜਿਆਂ ਨੂੰ ਫੈਲਾਉਣ ਵਿੱਚ ਸਹਾਈ ਹੁੰਦੇ ਹਨ।
ਡੂੰਘੀ ਵਹਾਈ: ਸਬਜ਼ੀ ਵਾਲੇ ਖੇਤਾਂ ਨੂੰ ਮਈ-ਜੂਨ ਦੀ ਧੁੱਪ ਵਿੱਚ ਡੂੰਘਾ ਵਾਹੋ। ਇਸ ਨਾਲ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਜੀਵਾਣੂੰ ਅਤੇ ਹੋਰ ਕੀੜਿਆਂ ਤੋਂ ਰਾਹਤ ਮਿਲਦੀ ਹੈ। ਇਸ ਸਮੇਂ ਦੌਰਾਨ ਖਿੱਤੇ ਵਿੱਚ ਬਹੁਤ ਜ਼ਿਆਦਾ ਤਾਪਮਾਨ ਹੋਣ ਨਾਲ ਬਿਮਾਰੀਆਂ ਦੇ ਜੀਵਾਣੂੰ, ਕੀੜੇ-ਮਕੌੜਿਆਂ ਦੇ ਆਂਡੇ ਅਤੇ ਨਦੀਨਾਂ ਦੇ ਬੀਜ ਨਸ਼ਟ ਹੋ ਜਾਂਦੇ ਹਨ।
ਮਲਚਿੰਗ: ਫਸਲ ਵਿਚ ਪਰਾਲੀ ਵਿਛਾਉਣ ਨਾਲ ਪਾਣੀ ਦੇ ਬਚਾਉ ਅਤੇ ਨਦੀਨਾਂ ਦੀ ਰੋਕਥਾਮ ਤੋਂ ਇਲਾਵਾ ਕੁਝ ਰਸ ਚੂਸਣ ਵਾਲੇ ਕੀੜਿਆਂ ਅਤੇ ਜ਼ਮੀਨ ਵਿਚ ਮਿੱਟੀ ਦੇ ਸੰਪਰਕ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਵਾਧਾ ਰੋਕਿਆ ਜਾ ਸਕਦਾ ਹੈ |
ਰਸਾਇਣਾਂ ਦੀ ਸਹੀ ਵਰਤੋਂ: ਰਸਾਇਣਾਂ ਦੀ ਸਹੀ ਵਰਤੋਂ ਵੀ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਵਾਸਤੇ ਬਹੁਤ ਹੀ ਅਸਰਦਾਰ ਹੱਲ ਹੈ। ਪਰ ਇਸ ਨੂੰ ਉਪਰੋਕਤ ਦਰਸਾਏ ਗਏ ਤਰੀਕਿਆਂ ਤੋਂ ਬਾਅਦ ਹੀ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਰਸਾਇਣਾਂ ਦੀ ਵਰਤੋਂ ਤਾਂ ਘਟਦੀ ਹੀ ਹੈ ਉਸ ਦੇ ਨਾਲ-ਨਾਲ ਖੇਤੀ ਲਾਗਤ ਵੀ ਘਟਦੀ ਹੈ ਅਤੇ ਪੈਦਾਵਾਰ ਦੇ ਮਿਆਰ ਵਿੱਚ ਵੀ ਵਾਧਾ ਹੁੰਦਾ ਹੈ। ਇਸ ਸੰਬੰਧੀ ਕੁਝ ਜ਼ਰੂਰੀ ਨੁਕਤਿਆਂ ਦਾ ਧਿਆਨ ਰੱਖਣਾ ਜਰੂਰੀ ਹੈ।ਜਿਵੇਂ ਕਿ ਹਮੇਸ਼ਾ ਸਹੀ ਸਮੇਂ ਅਤੇ ਕੇਵਲ ਸਿਫਾਰਸ਼ ਕੀਤੀ ਹੋਈ ਮਿਕਦਾਰ ਅਨੁਸਾਰ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਰਸਾਇਣਾਂ ਦਾ ਛਿੜਕਾਅ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ। ਜੇਕਰ ਬਿਮਾਰੀ ਜਾਂ ਕੀੜੇ-ਮਕੌੜੇ ਨਾਲ ਨੁਕਸਾਨ ਥੋੜੀ ਜਗ੍ਹਾ ਵਿੱਚ ਹੈ ਤਾਂ ਛਿੜਕਾਅ ਓਨੀ ਜਗ੍ਹਾ ਵਿੱਚ ਕਰੋ। ਸਿਸਟੇਮਿਕ (ਬੂਟੇ ਦੀ ਖੁਰਾਕ ਪ੍ਰਣਾਲੀ) ਰਸਾਇਣ ਜਿਵੇਂ ਕਿ ਫਿਊਰਾਡਾਨ 3 ਜੀ ਜਾਂ ਥਿਮਟ 10 ਜੀ ਦੀ ਵਰਤੋਂ ਫਸਲ ਦੇ ਪੱਕਣ ਸਮੇਂ ਨਾ ਕਰੋ ਤਾਂ ਜੋ ਇਨ੍ਹਾਂ ਦੀ ਖਪਤ ਨਾਲ ਇਨਸਾਨੀ ਸਿਹਤ ਦਾ ਨੁਕਸਾਨ ਨਾ ਹੋਵੇ। ਇਨ੍ਹਾਂ ਰਸਾਇਨਾਂ ਦੀ ਵਰਤੋਂ ਕੇਵਲ ਸਿਫਾਰਿਸ਼ ਕੀਤੇ ਹੋਏ ਸਮੇਂ ਤੇ ਹੀ ਕਰੋ। ਸਬਜ਼ੀਆਂ ਵਿੱਚ ਫਲ-ਛੇਦਕ ਸੁੰਡੀ ਦੀ ਰੋਕਥਾਮ ਵਾਸਤੇ ਸਿਫਾਰਿਸ਼ ਕੀਤੀਆਂ ਰਸਾਇਣਾਂ ਨੂੰ ਬਦਲ-ਬਦਲ ਕੇ ਵਰਤੋ। ਜੇਕਰ ਕਿਸੇ ਸਿਫਾਰਿਸ਼ ਕੀਤੇ ਰਸਾਇਣ ਦਾ ਅਸਰ ਘਟ ਗਿਆ ਹੈ ਤਾਂ ਉਸ ਦੀ ਭਵਿੱਖ ਵਿੱਚ ਵਰਤੋਂ ਬੰਦ ਕਰ ਦਿਓ। ਦੋ ਰਸਾਇਣਾਂ ਨੂੰ ਰਲਾ ਕੇ ਛਿੜਕਾਅ ਤੋਂ ਗੁਰੇਜ਼ ਕਰੋ। ਇਸ ਤਰਾਂ ਨਾ ਕਰਨ ਨਾਲ ਕੀੜੇ ਵਿੱਚ ਉਸ ਦੀ ਰਸਾਇਣਾਂ ਦਾ ਟਾਕਰਾ ਕਰਨ ਦੀ ਸਮਰੱਥਾ ਪੈਦਾ ਹੋਣਾ ਸ਼ੁਰੂ ਹੋ ਜਾਂਦੀ ਹੈ ਅਤੇ ਰਸਾਇਣ ਦਾ ਅਸਰ ਘਟਣ ਲੱਗ ਪੈਂਦਾ ਹੈ। ਸਪਰੇਅ ਕਰਨ ਤੋਂ ਤੁਰੰਤ ਬਾਅਦ ਫਲ ਨਾ ਤੋੜੋ ਅਤੇ ਰਸਾਇਣਾਂ ਦਾ ਅਸਰ ਖ਼ਤਮ ਹੋਣ ਦਾ ਇੰਤਜ਼ਾਰ ਕਰੋ। ਉਸ ਤੋਂ ਬਾਅਦ ਹੀ ਫ਼ਸਲ ਦੀ ਤੁੜਾਈ ਅਤੇ ਮੰਡੀਕਰਨ ਕੀਤਾ ਜਾਵੇ।
ਹਰਪਾਲ ਸਿੰਘ ਭੁੱਲਰ: 93566-62522
ਹਰਪਾਲ ਸਿੰਘ ਭੁੱਲਰ ਅਤੇ ਰੂਮਾ ਦੇਵੀ
ਸਬਜ਼ੀ ਵਿਗਿਆਨ ਵਿਭਾਗ
Summary in English: How to reduce the use of agrochemicals in vegetables