ਪੰਜਾਬ ਦੇ ਨੀਮ ਪਹਾੜੀ ਇਲਾਕੇ ਦਾ ਪੌਣ-ਪਾਣੀ ਲੀਚੀ ਦੇ ਵਾਧੇ ਤੇ ਫ਼ਲ ਉਤਪਾਦਨ ਲਈ ਬਹੁਤ ਹੀ ਢੁੱਕਵਾਂ ਹੈ। ਲੀਚੀ ਦੀ ਕਾਸ਼ਤ ਲਈ ਚੰਗੇ ਨਿਕਾਸ ਵਾਲੀ ਮੈਰਾ ਤੇ ਪੱਥਰਾਂ ਤੋਂ ਰਹਿਤ ਜ਼ਮੀਨ ਬਹੁਤ ਹੀ ਢੁੱਕਵੀਂ ਹੈ। ਜ਼ਿਆਦਾ ਪੀ. ਐੱਚ (7.5 ਤੋਂ 8.0) ਤੇ ਲੂਣੀਆਂ ਜ਼ਮੀਨਾਂ ਵਿਚ ਲੀਚੀ ਦਾ ਵਾਧਾ ਨਹੀਂ ਹੁੰਦਾ, ਜਿਸ ਕਾਰਨ ਬਾਗ਼ ਨੂੰ ਸਥਾਪਤ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ।
ਮਨੁੱਖ ਕਿਸਮਾਂ
ਦੇਹਰਾਦੂਨ
ਇਹ ਅਗੇਤੀ ਹਰ ਸਾਲ ਫ਼ਲ ਦੇਣ ਵਾਲੀ ਕਿਸਮ ਹੈ । ਇਸ ਦੇ ਫ਼ਲ ਜੂਨ ਦੇ ਦੂਜੇ ਹਫ਼ਤੇ ਪੱਕ ਜਾਂਦੇ ਹਨ। ਫ਼ਲ ਦਾ ਰੰਗ ਦਿਲ ਖਿੱਚਵਾਂ ਹੁੰਦਾ ਹੈ ਪਰ ਕਈ ਵਾਰ ਫਟ ਜਾਂਦਾ ਹੈ। ਇਸ ਦਾ ਗੁੱਦਾ ਮਿੱਠਾ, ਚੰਗਾ ਰਸਦਾਰ
ਅਤੇ ਦਰਮਿਆਨਾ ਮੁਲਾਇਮ ਹੁੰਦਾ ਹੈ। ਇਸ ਦੇ ਰਸ ਵਿਚ 17.0 ਫ਼ੀਸਦੀ ਮਿਠਾਸ (ਟੀ. ਐੱਸ. ਐੱਸ.) ਤੇ 0.48 ਫ਼ੀਸਦੀ ਖਟਾਸ ਹੁੰਦੀ ਹੈ ।
ਕਲਕੱਤੀਆ
ਇਸ ਨੂੰ ਫ਼ਲ ਜ਼ਿਆਦਾ ਲੱਗਦਾ ਹੈ ਤੇ ਚੰਗੀ ਗੁਣਵੱਤਾ ਵਾਲਾ ਹੁੰਦਾ ਹੈ। ਫ਼ਲ ਆਕਾਰ ਵਿਚ ਵੱਡੇ ਤੇ ਦਿਲ ਖਿੱਚਵੇਂ ਹੁੰਦੇ ਹਨ, ਜੋ ਕਿ ਜੂਨ ਦੇ ਤੀਜੇ ਹਫ਼ਤੇ ਪੱਕ ਜਾਂਦੇ ਹਨ ਤੇ ਫ਼ਲ ਘੱਟ ਫਟਦੇ ਹਨ । ਇਸ ਦਾ ਗੁੱਦਾ ਮਿੱਠਾ, ਮੁਲਾਇਮ, ਚੰਗੀ ਸੁਗੰਧੀ ਵਾਲਾ ਅਤੇ ਦਰਮਿਆਨੇ ਰਸ ਵਾਲਾ ਹੁੰਦਾ ਹੈ। ਇਸ ਦੇ ਰਸ ਵਿਚ 18 ਫ਼ੀਸਦੀ ਮਿਠਾਸ ਤੇ 0.49 ਫ਼ੀਸਦੀ ਤੇਜ਼ਾਬੀ ਮਾਦਾ ਹੁੰਦਾ ਹੈ।
ਬੂਟੇ ਲਾਉਣ ਦਾ ਸਮਾਂ
ਖੇਤ ਵਿਚ ਬੂਟੇ ਦੋ ਸਾਲ ਦੀ ਉਮਰ ’ਚ ਬਰਸਾਤ ਦੇ ਅਖੀਰਲੇ ਦਿਨਾਂ ਵਿਚ (ਸਤੰਬਰ ’ਚ) ਲਾਉਣੇ ਚਾਹੀਦੇ ਹਨ।
ਛੋਟੇ ਬੂਟਿਆਂ ਨੂੰ ਧੁੱਪ ਤੇ ਠੰਢ ਤੋਂ ਬਚਾਉਣਾ
ਬੂਟੇ 4-5 ਸਾਲ ਤਕ ਕੋਰੇ ਤੇ ਗਰਮੀਆਂ ਦੀ ਲੂ ਤੋਂ ਬਚਾਉਣੇ ਜ਼ਰੂਰੀ ਹਨ। ਬੂਟਿਆਂ ਨੂੰ ਸਰਕੰਡੇ ਜਾਂ ਕਾਹੀ ਨਾਲ ਢਕ ਕੇ ਲੂ/ਕੋਰੇ ਤੋਂ ਬਚਾਇਆ ਜਾ ਸਕਦਾ ਹੈ । ਬੂਟਿਆਂ ਨੂੰ ਲੂ ਤੋਂ ਬਚਾਉਣ ਲਈ ਜੰਤਰ ਦਾ ਬੀਜ ਬੂਟੇ ਦੇ ਦੁਆਲੇ ਫਰਵਰੀ ਦੇ ਅੱਧ ਵਿਚ ਬੀਜੋ ਤੇ ਅੱਧ ਅਪ੍ਰੈਲ ਤਕ ਇਹ ਲੂ ਤੋਂ ਬਚਾਉਣ ਲਈ ਚੋਖਾ ਉੱਚਾ ਹੋ ਜਾਂਦਾ ਹੈ।
ਜੰਤਰ ਵਿਚਲੇ ਖ਼ਾਲੀ ਥਾਂ ਨੂੰ ਪਰਾਲੀ ਜਾਂ ਘਾਹ ਨਾਲ ਭਰਿਆ ਜਾ ਸਕਦਾ ਹੈ। ਜੰਤਰ ਦੀਆਂ ਜੜ੍ਹਾਂ ਦੀ ਸਾਲ ਵਿਚ 3-4 ਵਾਰ ਕਾਂਟ-ਛਾਂਟ ਕਰਨੀ ਬਹੁਤ ਜ਼ਰੂਰੀ ਹੈ ।
ਹਵਾ ਰੋਕੂ ਵਾੜ
ਬਾਗ਼ਾਂ ਨੂੰ ਤੇਜ਼ ਹਵਾਵਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੇਜ਼ ਹਨੇਰੀਆਂ ਨਾਲ ਬੂਟੇ ਪੁੱਟੇ ਜਾ ਸਕਦੇ ਹਨ ਤੇ ਫ਼ਲ ਤੇ ਫੁੱਲ ਵੀ ਝੜ ਜਾਂਦੇ ਹਨ। ਇਸ ਲਈ ਬਾਗ਼ ਦੇ ਆਲੇ-ਦੁਆਲੇ ਉੱਚੇ ਵਧਣ ਵਾਲੇ ਦਰੱਖ਼ਤ (ਸਫ਼ੈਦਾ, ਦੇਸੀ ਅੰਬ, ਜਾਮਣ, ਸ਼ਹਿਤੂਤ) ਲਾਉਣੇ ਚਾਹੀਦੇ ਹਨ।
ਸਿੰਚਾਈ
ਛੋਟੇ ਬੂਟਿਆਂ ਨੂੰ ਅਪ੍ਰੈਲ ਤੋਂ ਜੂਨ ਤਕ ਹਫ਼ਤੇ ਵਿਚ ਦੋ ਪਾਣੀਆਂ ਦੀ ਲੋੜ ਪੈ ਸਕਦੀ ਹੈ। ਸਰਦੀਆਂ ਵਿਚ ਹਫ਼ਤੇ ’ਚ ਇਕ ਪਾਣੀ ਬਹੁਤ ਹੈ। ਫ਼ਲ ’ਤੇ ਆਏ ਬੂਟਿਆਂ ਲਈ ਫ਼ਲ ਪੈਣ ਸਮੇਂ (ਮਈ ਦੇ ਦੂਜੇ ਹਫ਼ਤੇ ਤੋਂ ਜੂਨ ਦੇ ਅਖੀਰ ਤਕ) ਹਫ਼ਤੇ ਵਿਚ ਦੋ ਵਾਰ ਪਾਣੀ ਦੇਣ ਨਾਲ ਫ਼ਲ ਚੰਗੀ ਤਰ੍ਹਾਂ ਵਧਦੇ ਹਨ ਅਤੇ ਫਟਦੇ ਵੀ ਨਹੀਂ। ਮੌਨਸੂਨ ਬਰਸਾਤ ਖ਼ਤਮ ਹੋਣ ਤੋਂ ਬਾਅਦ ਛੋਟੀ ਉਮਰ ਦੇ ਬਾਗ਼ਾਂ ਨੂੰ 10-15 ਦਿਨਾਂ ਦੇ ਵਕਫ਼ੇ ’ਤੇ ਪਾਣੀ ਲਾਉਣਾ ਚਾਹੀਦਾ ਹੈ ਪਰ ਵੱਡੀ ਉਮਰ ਦੇ ਬੂਟਿਆਂ ਨੂੰ ਪਾਣੀ ਨਵੰਬਰ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਲਾਓ ਤਾਂ ਕਿ ਬੂਟਿਆਂ ਨੂੰ ਕੋਰੇ ਤੋਂ ਬਚਾਇਆ ਜਾ ਸਕੇ । ਉਸ ਤੋਂ ਬਾਅਦ ਪਾਣੀ ਵਰਖਾ ਤੇ ਜ਼ਮੀਨ ਦੀ ਨਮੀ ਨੂੰ ਮੁੱਖ ਰੱਖ ਕੇ ਦੇਣਾ ਚਾਹੀਦਾ ਹੈ ।
ਅੰਤਰ ਫ਼ਸਲਾਂ
ਲੀਚੀ ਦੇ ਬੂਟੇ ਦਾ ਵਾਧਾ ਬਹੁਤ ਹੌਲੀ-ਹੌਲੀ ਹੁੰਦਾ ਹੈ । ਬਾਗ਼ ਵਿਚ ਫ਼ਸਲ ਉਗਾਉਣ ਲਈ ਬਹੁਤ ਥਾਂ ਹੁੰਦੀ ਹੈ। ਫ਼ਸਲਾਂ ਤੋਂ ਇਲਾਵਾ ਛੇਤੀ ਫ਼ਲ ਦੇਣ ਵਾਲ ਬੂਟੇ (ਆੜੂ, ਅਲੂਚਾ ਤੇ ਕਿੰਨੂ) ਲਾਏ ਜਾ ਸਕਦੇ ਹਨ । ਜਦੋਂ ਲੀਚੀ ਦਾ ਬਾਗ਼ ਭਰਵੀਂ ਆਮਦਨ ਦੇਣ ਲੱਗ ਪਵੇ, ਉਸ ਵੇਲੇ ਇਹ ਪੌਦੇ ਪੁੱਟ ਦੇਣੇ ਚਾਹੀਦੇ ਹਨ ।
ਬਾਗ਼ ਵਿਚ ਫ਼ਸਲਾਂ ਲਾਉਣ ਨਾਲ ਸਿਰਫ਼ ਆਮਦਨ ਹੀ ਨਹੀਂ ਹੁੰਦੀ ਸਗੋਂ ਨਦੀਨ ਵੀ ਕਾਬੂ ਹੇਠ ਰਹਿੰਦੇ ਹਨ। ਫ਼ਸਲਾਂ ਦੀਆਂ ਕਿਸਮਾਂ ਜ਼ਮੀਨ, ਜਲਵਾਯੂ ਤੇ ਮੰਡੀਕਰਨ ਦੀ ਸਹੂਲਤ ’ਤੇ ਨਿਰਭਰ ਹਨ । ਸਬਜ਼ੀਆਂ ਅਤੇ ਦਾਲਾਂ ਵਾਲੀਆਂ ਫ਼ਸਲਾਂ ਨੂੰ ਪਹਿਲ ਦੇਣੀ ਚਾਹੀਦੀ ਹੈ ।
ਫ਼ਲਾਂ ਦੀ ਤੁੜਾਈ
ਫ਼ਲ ਤੋੜਦੇ ਸਮੇਂ ਘੱਟ ਤੋਂ ਘੱਟ ਪੱਤੇ ਤੋੜਨੇ ਚਾਹੀਦੇ ਹਨ। ਫ਼ਲ ਟੋਕਰੀਆਂ ਵਿਚ ਬੰਦ ਕਰ ਕੇ ਮੰਡੀ ਵਿਚ ਭੇਜਣਾ ਚਾਹੀਦਾ ਹੈ।
ਮੁੱਖ ਕੀੜੇ
ਲੀਚੀ ਦੇ ਬੂਟਿਆਂ ਤੇ ਫ਼ਲਾਂ ਨੂੰ ਬਹੁਤ ਸਾਰੇ ਕੀੜੇ ਅਤੇ ਜੂੰ ਨੁਕਸਾਨ ਕਰਦੇ ਹਨ। ਇਨ੍ਹਾਂ ਵਿੱਚੋਂ ਪੱਤਾ ਇਕੱਠਾ ਕਰਨ ਵਾਲੀ ਜੂੰ, ਫ਼ਲ ਵਿਚ ਮੋਰੀ ਕਰਨ ਵਾਲੀ ਸੁੰਡੀ, ਪੱਤਾ ਲਪੇਟ ਸੁੰਡੀ ਅਤੇ ਤਣੇ ਦੀ ਛਿੱਲ ਖਾਣ ਵਾਲੀ ਸੁੰਡੀ ਬਹੁਤ ਨੁਕਸਾਨ ਕਰਦੇ ਹਨ।
ਲੀਚੀ ਦੀ ਗਿਟਕ ਵਿਚ ਛੇਕ ਕਰਨ ਵਾਲੀ ਸੁੰਡੀ
ਇਹ ਸੁੰਡੀ ਫ਼ਲ ਦੀ ਡੰਡੀ ਦੇ ਨੇੜੇ ਬਹੁਤ ਹੀ ਬਾਰੀਕ ਮੋਰੀ ਕਰ ਕੇ ਫ਼ਲ ਦੇ ਅੰਦਰ ਜਾਂਦੀ ਹੈ ਤੇ ਨੁਕਸਾਨ ਕਰਦੀ ਹੈ। ਹਮਲੇ ਵਾਲੇ ਫ਼ਲ ਖਾਣ ਦੇ ਯੋਗ ਨਹੀਂ ਰਹਿੰਦੇ। ਇਸ ਕੀੜੇ ਦੀ ਰੋਕਥਾਮ ਲਈ ਥੱਲੇ ਡਿੱਗੇ ਜਾਂ ਪੌਦਿਆਂ ਨਾਲ ਚਿਪਕੇ
ਹੋਏ ਫ਼ਲਾਂ ਨੂੰ ਇਕੱਠੇ ਕਰ ਕੇ ਨਸ਼ਟ ਕਰ ਦਿਓ ਤੇ ਬਾਗ਼ ਨੂੰ ਵਾਹ ਕੇ ਸਾਫ਼ ਰੱਖੋ ਤਾਂ ਜੋ ਆਉਣ ਵਾਲੀ ਫ਼ਸਲ ’ਤੇ ਕੀੜੇ ਦਾ ਹਮਲਾ ਨਾ ਹੋਵੇ ।
- ਡਾ. ਹਰਪਾਲ ਸਿੰਘ ਰੰਧਾਵਾ ਤੇ ਡਾ. ਭੁਪਿੰਦਰ ਸਿੰਘ ਢਿੱਲੋਂ
Summary in English: How to successfully cultivate litchi