Hybrid Cucumber: ਪੌਲੀ ਨੈਟ ਵਿੱਚ ਖੀਰੇ ਦੀ ਕਾਸ਼ਤ ਬਹੁਤ ਲਾਹੇਵੰਦ ਧੰਦਾ ਹੈ। ਪੌਲੀ ਨੈਟ ਹਾਊਸ ਵਿੱਚ ਖੀਰੇ ਦੀਆਂ ਇਕ ਸਾਲ ਵਿੱਚ ਦੋ ਫਸਲਾਂ ਲਈਆਂ ਜਾ ਸਕਦੀਆਂ ਹਨ। ਬੀਜ ਰਹਿਤ ਖੀਰਾ ਪੌਲੀ ਨੈਟ ਹਾਊਸ ਵਿੱਚ ਵਧੇਰੇ ਝਾੜ ਦਿੰਦਾ ਹੈ, ਕਿਉਂਕਿ ਫਲ ਬਣਨ ਲਈ ਬੀਜ ਰਹਿਤ ਕਿਸਮਾਂ ਨੂੰ ਪਰ ਪਰਾਗਣ ਦੀ ਲੋੜ ਨਹੀ ਪੈਂਦੀ। ਹਾਲ ਹੀ ਵਿੱਚ ਪੰਜਾਬ ਐਗਰੀਕਲਕਚਰ ਯੂਨੀਵਰਸਿਟੀ ਨੇ ਵੀ ਪੌਲੀ ਨੈਂਟ ਹਾਊਸ ਵਿੱਚ ਕਾਸ਼ਤ ਕਰਨ ਲਈ ਬੀਜ ਰਹਿਤ ਖੀਰੇ ਦੀ ਨਵੀਂ ਦੋਗਲੀ ਕਿਸਮ “ਪੀ.ਕੇ. ਐਚ-11' ਦੀ ਸਿਫਾਰਿਸ਼ ਕੀਤੀ ਹੈ।
ਹਾਈਬ੍ਰਿਡ ਖੀਰੇ ਦੀ ਵਧੀਆ ਕਿਸਮਾਂ
● ਪੀ. ਕੇ. ਐਚ-11: ਇਹ ਖੀਰੇ ਦੀ ਦੋਗਲੀ ਕਿਸਮ ਹੈ ਜਿਸ ਦੇ ਫੁੱਲਾਂ ਨੂੰ ਫ਼ਲ ਬਣਨ ਲਈ ਪਰਪ੍ਰਾਗਣ ਦੀ ਲੋੜ ਨਹੀਂ ਹੁੰਦੀ ਅਤੇ ਬੂਟੇ ਦੀ ਹਰ ਗੰਢ ਤੇ 1 ਤੋਂ 2 ਫ਼ਲ ਲੱਗਦੇ ਹਨ। ਇਸ ਕਿਸਮ ਦੀ ਕਾਸ਼ਤ ਸਿਰਫ ਪੌਲੀ ਹਾਊਸ ਵਿਚ ਹੀ ਸਿਫਾਰਸ਼ ਕੀਤੀ ਗਈ ਹੈ। ਫ਼ਲ ਗੂੜ੍ਹੇ ਹਰੇ, ਕੂਲੇ, ਕੁੜੱਤਣ ਤੇ ਬੀਜ ਰਹਿਤ, ਦਰਮਿਆਨੇ ਲੰਬੇ (16-18 ਸੈਂਟੀਮੀਟਰ) ਅਤੇ ਔਸਤਨ 150-160 ਗ੍ਰਾਮ ਹੁੰਦੇ ਹਨ, ਜਿਨ੍ਹਾਂ ਨੂੰ ਛਿਲ ਲਾਹੇ ਬਿਨਾਂ ਹੀ ਖਾਧਾ ਜਾ ਸਕਦਾ ਹੈ। ਸਤੰਬਰ ਮਹੀਨੇ ਵਿੱਚ ਬੀਜੀ ਫ਼ਸਲ 45 ਦਿਨਾਂ ਬਾਅਦ ਪਹਿਲੀ ਤੁੜਾਈ ਦੇ ਦਿੰਦੀ ਹੈ, ਪ੍ਰੰਤੂ ਜਨਵਰੀ ਮਹੀਨੇ ਬੀਜੀ ਫਸਲ ਪਹਿਲੀ ਤੁੜਾਈ ਲਈ 60 ਦਿਨ ਲੈਂਦੀ ਹੈ। ਸਤੰਬਰ ਮਹੀਨੇ ਵਿਚ ਬੀਜੀ ਫ਼ਸਲ ਦਾ ਔਸਤ ਝਾੜ 320 ਕੁਇੰਟਲ ਪ੍ਰਤੀ ਏਕੜ ਅਤੇ ਜਨਵਰੀ ਮਹੀਨੇ ਚ ਬੀਜੀ ਫ਼ਸਲ ਦਾ ਔਸਤ ਝਾੜ 370 ਕੁਇੰਟਲ ਪ੍ਰਤੀ ਏਕੜ ਹੈ।
ਪੌਲੀ-ਨੈਟ ਹਾਊਸ ਵਿੱਚ ਹਾਈਬ੍ਰਿਡ ਖੀਰੇ ਦੀ ਕਾਸ਼ਤ ਦਾ ਸਹੀ ਢੰਗ
● ਮੌਸਮ ਅਤੇ ਜ਼ਮੀਨ: ਖੀਰੇ ਦੇ ਬੀਜ ਜੰਮ ਲਈ ਢੁਕਵਾਂ ਤਾਪਮਾਨ 25 ਤੋ 29 ਡਿਗਰੀ ਸੈਂਟੀਗ੍ਰੇਡ ਹੋਣਾ ਚਾਹੀਦਾ ਹੈ। ਫਸਲ ਦੇ ਵਾਧੇ ਲਈ ਦਿਨ ਦਾ ਤਾਪਮਾਨ 22 ਤੋ 24 ਡਿਗਰੀ ਸੈਂਟੀਗ੍ਰੇਡ ਅਤੇ ਰਾਤ ਦਾ ਤਾਪਮਾਨ 19 ਤੋ 20 ਡਿਗਰੀ ਸੈਂਟੀਗ੍ਰੇਡ ਬਹੁਤ ਅਨੂਕੁਲ ਹੁੰਧਾ ਹੈ। ਖੀਰੇ ਦੀ ਫਸਲ ਮੌਸਮੀ ਪ੍ਰਭਾਵ ਕਾਰਨ ਬਹੁਤ ਨਾਜ਼ੁਕ ਹੁੰਦੀ ਹੈ ਅਤੇ ਝਿਆਦਾ ਠੰਢ ਜਾਂ ਕੋਰੇ ਦਾ ਹਮਲਾ ਬਰਦਾਸ਼ਤ ਨਹੀ ਕਰ ਸਕਦੀ। ਜਿਆਦਾ ਸਿੱਲ੍ਹੇ ਮੌਸਮ ਵਿੱਚ ਗਿਚੀ ਗਲਣ ਦਾ ਰੋਗ ਹੋ ਜਾਂਦਾ ਹੈ। ਖੀਰੇ ਦੀ ਫਸਲ ਲਈ ਜ਼ਮੀਨ ਮੈਰਾ ਅਤੇ ਚੰਗੀ ਨਿਕਾਸੀ ਵਾਲੀ ਹੋਣੀ ਵਾਹੀਦੀ ਹੈ।
● ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ: ਪੌਲੀ ਨੈਟ ਹਾਊਸ ਵਿੱਚ ਖੀਰੇ ਦੀ ਫਸਲ ਸਾਲ ਵਿੱਚ ਦੋ ਵਾਰ ਲਗ ਸਕਦੀ ਹੈ। ਪਹਿਲੀ ਫਸਲ ਸਤੰਬਰ ਦੇ ਪਹਿਲੇ ਹਫਤੇ ਵਿੱਚ ਬੀਜੀ ਜਾਂਦੀ ਹੈ ਪਰ ਬੀਜਣ ਸਮੇਂ ਤਾਪਮਾਨ ਅਤੇ ਨਮੀ ਦਾ ਧਿਆਨ ਰੱਖਣਾ ਜਰੂਰੀ ਹੈ। ਕਿਉਂਕਿ ਇਸ ਮੌਸਮ ਵਿੱਚ ਗਿਚੀ ਗਲਣ ਰੋਗ ਅਤੇ ਚਿੱਟੀ ਮੱਖੀ ਦਾ ਹਮਲਾ ਜਿਆਦਾ ਹੁੰਦਾ ਹੈ।
ਦੂਜੀ ਫਸਲ ਦਸੰਬਰ ਦੇ ਆਖਰੀ ਹਫਤੇ ਤੋ ਜਨਵਰੀ ਦੇ ਪਹਿਲੇ ਹਫਤੇ ਦਰਮਿਆਨ ਪਲਾਸਟਿਕ ਟਰੇਆਂ ਵਿੱਚ ਬੀਜੋ ਅਤੇ ਤਕਰੀਬਨ 30 ਦਿਨਾਂ ਬਾਅਦ ਪੌਲੀ ਨੈਂਟ ਹਾਊਸ ਵਿਚ ਲਾਉ। ਬੀਜ ਨੂੰ ਪਲਾਸਟਿਕ ਟਰੇਆਂ ਵਿੱਚ ਬੀਜੋ ਅਤੇ ਬਿਜਾਈ ਤੋ ਪਹਿਲਾ ਕੈਪਟਾਨ/ਬੀਰਮ/ਬਾਵਿਸਟਨ 2-3 ਗਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।
ਇਹ ਵੀ ਪੜ੍ਹੋ: Wheat ਦੀਆਂ 3 ਨਵੀਆਂ ਬਾਇਓਫੋਰਟੀਫਾਈਡ ਕਿਸਮਾਂ ਵਿਕਸਿਤ
ਸਤੰਬਰ ਵਿਚ ਬੀਜੀ ਹੋਈ ਪਨੀਰੀ 12-15 ਦਿਨਾਂ ਬਾਅਦ ਪੌਲੀ ਹਾਊਸ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਇਸ ਮੌਸਮ ਵਿੱਚ ਪਨੀਰੀ ਨੂੰ ਚਿਟੀ ਮੱਖੀ ਦੇ ਹਮਲੇ ਤੋ ਬਚਾਉਣ ਵਾਸਤੇ ਪਲਾਸਟਿਕ ਨੈਟ ਨਾਲ ਢੱਕ ਦਿਉ। ਇਸ ਤਰਾਂ ਕਰਨ ਨਾਲ ਫਸਲ ਉਤੇ ਵਿਸ਼ਾਣੂ ਰੋਗਾਂ ਦੇ ਹਮਲੇ ਤੋ ਬਚਾਅ ਰਹਿੰਧਾ ਹੈ।
ਇਕ ਏਕੜ ਵਿੱਚ ਪੌਲੀ ਨੈਟ ਹਾਊਸ ਵਿੱਚ 12000 ਤੋ 13000 ਬੂਟਿਆਂ ਦੀ ਲੋੜ ਹੈ। ਪਨੀਰੀ ਨੂੰ ਪੌਲ਼ੀ ਹਾਊਸ ਵਿੱਚ ਲਾਉਣ ਤੋ ਪਹਿਲਾ ਇਸ ਦੀਆਂ ਟਰੇਆਂ ਤੇ ਬਾਵਿਸਟਨ 2 ਗਰਾਮ ਪ੍ਰਤੀ ਲਿਟਰ ਪਾਣੀ ਨਾਲ ਛਿੜਕਾਅ ਕਰੋ।
● ਬੈਂਡ ਬਣਾਉਣਾ ਅਤੇ ਡਰਿਪ ਪਾਈਪਾਂ ਵਿਛਾਉਣਾ: ਪੌਲੀ ਨੈਟ ਹਾਊਸ ਵਿੱਚ ਪਟੜੇ (ਬੈਂਡ) ਤਿਆਰ ਕਰਦੇ ਸਮੇਂ ਹੇਠਲੇ ਪਾਸਿਉਂ ਬੈਂਡ 100-110 ਸੈਟੀਮੀਟਰ ਚੌੜਾ ਬਣਾਉ ਅਤੇ ਬੈਂਡ ਤਿਆਰ ਹੋਣ ਬਾਅਦ ਉਪਰਲੇ ਪਾਸਿਉਂ 60 ਤੋ 70 ਸੈਟੀਮੀਟਰ ਚੌੜਾ ਰਖੋ। ਬੂਟੇ ਪਟੜਿਆਂ ਦੇ ਦੋਵੇ ਪਾਸੇ ਕਤਾਰਾਂ ਵਿੱਚ ਲਾਉ।
ਇਕ ਕਤਾਰ ਜੋੜੇ ਵਿੱਚ ਦੂਜੀ ਕਤਾਰ ਦੇ ਬੂਟਿਆਂ ਦੀ ਬਿਜਾਈ / ਲਵਾਈ ਤ੍ਰਿਕੋਣੀ ਆਧਾਰ ਵਿਚ ਕਰੋ ਭਾਵ ਕਿ ਇਕ ਕਤਾਰ ਜੋੜੇ ਵਿਚ ਦੂਜੀ ਕਤਾਰ ਦੇ ਬੂਟਿਆਂ ਨੂੰ ਪਹਿਲੀ ਕਤਾਰ ਦੇ ਬੂਟਿਆਂ ਦੇ ਵਿਚਕਾਰ ਲਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਬੂਟੇ ਨੂੰ ਧੁੱਪ ਅਤੇ ਹਵਾ ਬਰਾਬਰ ਮਿਲਦੀ ਹੈ ਅਤੇ ਫਲ ਵੀ ਜਿਆਦਾ ਲਗਦਾ ਹੈ।
● ਫਾਸਲਾ ਅਤੇ ਸਿੰਚਾਈ: ਕਤਾਰਾ ਵਿਚਲਾ ਫਾਸਲਾ 45-50 ਸੈਟੀਮੀਟਰ ਅਤੇ ਬੂਟਿਆਂ ਵਿਚਕਾਰ ਫਾਸਲਾ 30 ਸੈਟੀਮੀਟਰ ਰੱਖੋ। ਇਕੱ ਬੈਂਡ ਤੇ ਦੋ ਡਰਿਪ ਲਾਈਨਾਂ (ਪਾਈਪਾਂ) ਵਿਛਾ ਦਿਉ। ਪਾਈਪ ਜਿਸ ਦੇ ਡਰਿਪਰਾਂ ਵਿਚਕਾਰ ਫਾਸਲਾ ਇਕ ਫੁੱਟ ਅਤੇ ਡਰਿਪਰ ਦੀ ਪਾਣੀ ਨਿਕਾਸੀ ਸਮਰਥਾ 2.0 ਲਿਟਰ ਪ੍ਰਤੀ ਘੰਟਾ ਰਖੋ।
ਇਹ ਵੀ ਪੜ੍ਹੋ: ਤੋਰੀਏ ਦੀਆਂ ਸਿਫ਼ਾਰਸ਼ ਕਿਸਮਾਂ ਅਤੇ Multi-Cropping System ਵਿੱਚ ਇਸਦੀ ਮਹੱਤਤਾ
● ਵੇਲਾਂ ਦੀ ਕਾਂਟ-ਛਾਂਟ ਅਤੇ ਸਿਧਾਈ:ਖੀਰੇ ਦੇ ਬੂਟੇ ਨੂੰ ਪਲਾਸਟਿਕ ਦੀ ਤਾਰ ਜਾਂ ਸੇਬੇ ਦੀ ਮਦਦ ਨਾਲ ਉਪਰ ਵਲ ਚਾੜੌ। ਬੂਟੇ ਦਾ ਵਾਧਾ ਜਦ ਤਕਰੀਬਨ 2 ਤੋ 3 ਫੁੱਟ ਦਾ ਹੋ ਜਾਵੇ ਤਾਂ ਬੂਟੇ ਦੇ ਹੇਠਲੇ ਪਾਸਿਉਂ ਲਗਭਗ ਇਕ ਫੁੱਟ ਤਕ ਸਾਰੇ ਫੁਲ ਮਸਲ ਦਿਓ ਤਾਂ ਜੋ ਬੂਟੇ ਦਾ ਵਾਧਾ ਉਪਰ ਵਲ ਜਿਆਦਾ ਹੋਵੇ। ਜੋ ਬੂਟੇ ਦੀ ਇਕ ਗੰਢ ਤੇ ਝਿਆਦਾ ਫੁੱਲ ਤਿਆਰ ਹੋਣ ਅਤੇ ਮਾਦਾ ਫੁੱਲ ਸੁਕਣ ਲਗ ਜਾਣ ਤਾਂ ਲੋੜ ਮੁਤਾਬਕ ਕੁਝ ਮਾਦਾ ਫੁੱਲਾਂ ਨੂੰ ਮਸਲਿਆ ਜਾ ਸਕਦਾ ਹੈ। ਬੂਟੇ ਤੋ ਨਿਕਲਣ ਵਾਲੀਆਂ ਕਮਜ਼ੋਰ ਸ਼ਾਖਾਵਾਂ ਨੂੰ ਕਟ ਦਿਉ। ਇਸ ਤਰਾਂ ਕਰਨ ਨਾਲ ਵੇਲਾਂ ਨਰੋਇਆਂ ਅਤੇ ਫਲ ਭਰਪੂਰ ਲਗਦਾ ਹੈ।
● ਤੁੜਾਈ: ਫਲ ਜਦ ਕੱਚੇ ਅਤੇ ਗੂੜੇ ਹਰ ਰੰਗ ਦੇ ਹੋਣ ਤਾਂ ਤੋੜ ਲਵੋ। ਤੁੜਾਈਆਂ ਫਲਾਂ ਦੇ ਵਾਧੇ ਅਨੁਸਾਰ 3-4 ਦਿਨ ਦੇ ਵਕਫੇ ਤੇ ਕਰਦੇ ਰਹੋ। ਇਸ ਨਾਲ ਨਵੇਂ ਫਲ ਜਲਦੀ ਲਗਦੇ ਹਨ ਅਤੇ ਝਾੜ ਵਿੱਚ ਵਾਧਾ ਵੀ ਹੁੰਧਾ ਹੈ।
● ਬਿਮਾਰੀਆਂ ਅਤੇ ਕੀੜ੍ਹੇ ਮਕੋੜੇ: ਪੌਲੀ ਨੈਟ ਹਾਊਸ ਵਿੱਚ ਖੀਰੇ ਤੇ ਪੀਲੇ ਧਬਿਆਂ ਦਾ ਰੋਗ, ਗਿੱਚੀ ਗਲਣਾ, ਝੁਲਸ ਰੋਗ, ਵਿਸ਼ਾਣੂ ਰੋਗ ਅਤੇ ਜੜ ਗੰਢ ਨਿਮਾਟੋਡ ਬਿਮਾਰੀਆਂ ਲਗਦੀਆਂ ਹਨ। ਕੀੜ੍ਹੇ ਮਕੌੜਿਆਂ ਵਿੱਚ ਚਿੱਟੀ ਮੱਖੀ, ਤੇਲਾ, ਥਰਿਪ ਅਤੇ ਲਾਲ ਮਕੋੜੇ ਜੂੰ ਖੀਰੇ ਦੀ ਫਸਲ 'ਤੇ ਹਮਲਾ ਕਰਦੀਆਂ ਹਨ। ਜੜ੍ਹ ਸੂਤਰ ਨਿਮਾਟੋਡ ਦੀ ਬਿਮਾਰੀ ਨੂੰ ਘਟਾਉਣ ਲਈ ਜਮੀਨ ਵਿੱਚ ਸਰੋਂ ਦੀ ਖਲ 40 ਕਿਲੋ ਪ੍ਰਤੀ ਏਕੜ, ਨੀਮ ਕੇਕ 40 ਕਿਲੋ ਪ੍ਰਤੀ ਏਕੜ ਅਤੇ ਗਲੀ ਸੜੀ ਰੂੜੀ 100 ਕਿਲੋ ਪ੍ਰਤੀ ਏਕੜ ਨੂੰ ਖੇਤ ਤਿਆਰ ਕਰਨ ਸਮੇਂ ਪਾਉ।
ਆਰ.ਕੇ. ਢੱਲ, ਤਰਸੇਮ ਸਿੰਘ ਢਿੱਲੋ ਅਤੇ ਜਹੋਕ ਸਿੰਘ, ਸਬਜੀ ਵਿਗਿਆਨ ਵਿਭਾਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Hybrid cucumber cultivation in poly-net house