
ਪਿਆਜ਼ ਦਾ ਬੀਜ ਉਤਪਾਦਨ
Onion Seeds: ਫ਼ਸਲੀ ਚੱਕਰ ਨੂੰ ਛੱਡ ਕੇ ਅੱਜ-ਕੱਲ੍ਹ ਕਿਸਾਨਾਂ ਦਾ ਰੁਝਾਨ ਦੂਜੀਆਂ ਫ਼ਸਲਾਂ ਵੱਲ ਵਧਦਾ ਜਾ ਰਿਹਾ ਹੈ, ਕਿਉਂਕਿ ਇਸ ਰਾਹੀਂ ਘੱਟ ਲਾਗਤ `ਚ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਨ੍ਹਾਂ ਫ਼ਸਲਾਂ `ਚੋਂ ਇੱਕ ਪਿਆਜ਼ ਦੀ ਫ਼ਸਲ ਵੀ ਹੈ, ਜਿਸ ਤੋਂ ਕਿਸਾਨ ਆਸਾਨੀ ਨਾਲ ਘੱਟ ਲਾਗਤ `ਚ ਵੱਧ ਮੁਨਾਫ਼ਾ ਕਮਾ ਸਕਦੇ ਹਨ।
ਪਿਆਜ਼ ਦੀ ਖੇਤੀ ਕਰਨ `ਤੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਸਬਸਿਡੀ ਰਾਹੀਂ ਕਿਸਾਨਾਂ ਦੀ ਲਾਗਤ ਵੀ ਘੱਟਦੀ ਹੈ ਤੇ ਨਾਲ ਹੀ ਮੁਨਾਫ਼ਾ ਵੀ ਵੱਧ ਹੁੰਦਾ ਹੈ। ਇਸ ਕਰਕੇ ਪਿਆਜ਼ ਦੀ ਖੇਤੀ ਕਿਸਾਨਾਂ ਲਈ ਘੱਟ ਲਾਗਤ `ਚ ਵੱਧ ਮੁਨਾਫ਼ਾ ਕਮਾਉਣ ਦਾ ਇੱਕ ਵਧੀਆ ਜ਼ਰੀਆ ਹੈ।
ਪਿਆਜ਼ ਦੇ ਬੀਜ ਉਤਪਾਦਨ ਲਈ ਬੀਜੀ ਗਈ ਫ਼ਸਲ ਮੌਸਮ, ਪਰ ਪਰਾਗਣ, ਬੇਲੋੜੀ ਜਾਂ ਲੋੜ ਤੋਂ ਘੱਟ ਸਿੰਚਾਈ, ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਨਾਲ ਪ੍ਰਭਾਵਿਤ ਹੁੰਦੀ ਹੈ। ਵਧੇਰੇ ਝਾੜ ਅਤੇ ਚੰਗੀ ਗੁਣਵੱਤਾ ਵਾਲਾ ਬੀਜ ਤਿਆਰ ਕਰਨ ਲਈ ਹੇਠ ਦਰਸਾਏ ਨੁਕਤੇ ਅਪਨਾਉਣੇ ਜ਼ਰੂਰੀ ਹਨ:
• ਮਿਆਰੀ ਬੀਜ ਉਤਪਾਦਨ ਲਈ ਖੇਤ ਦਾ ਫ਼ੁੱਲ ਖਿੜਨ ਤੋਂ ਪਹਿਲਾਂ, ਫੁੱਲ ਪੈਣ ਸਮੇਂ ਅਤੇ ਪੱਕਣ ਸਮੇਂ ਨਿਰੀਖਣ ਕਰਨਾ ਬਹੁਤ ਹੀ ਜ਼ਰੂਰੀ ਕਿਰਿਆ ਹੈ। ਨਿਰੀਖਣ ਦੌਰਾਨ ਓਪਰੇ ਬੂਟੇ, ਅਗੇਤੇ ਅਤੇ ਜਿਆਦਾ ਪਛੇਤੇ ਗੰਢੇਲਾਂ ਕੱਢਣ ਵਾਲੇ ਬੂਟੇ ਅਤੇ ਹੋਰ ਨਦੀਨ ਦੇ ਬੂਟੇ ਪੁੱਟ ਦੇਣੇ ਚਾਹੀਦੇ ਹਨ। ਬੀਜ ਦੇ ਰਲੇਵੇਂ ਤੋਂ ਬਚਾਅ ਲਈ ਇੱਕ ਕਿਲੋਮੀਟਰ (1000 ਮੀਟਰ) ਦੇ ਦਾਇਰੇ ਤੇ ਪਿਆਜ਼ ਦੀ ਕਿਸੇ ਹੋਰ ਕਿਸਮ ਦਾ ਖੇਤ ਨਹੀਂ ਹੋਣਾ ਚਾਹੀਦਾ।
• ਫੁੱਲਾਂ ਅਤੇ ਬੀਜਾਂ ਦੇ ਬਣਨ ਦੇ ਸਮੇਂ ਸਿੰਚਾਈ ਆਮ ਨਾਲੋਂ ਵਧੇਰੇ ਵਾਰ ਕੀਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਕਾਫ਼ੀ ਸਾਵਧਾਨੀ ਦੀ ਲੋੜ ਹੁੰਦੀ ਹੈ। ਜਿੱਥੇ ਪਾਣੀ ਦੀ ਘਾਟ ਨਾਲ ਫੁੱਲਾਂ ਦੀ ਗਿਣਤੀ ਉੱਪਰ ਅਸਰ ਪੈਂਦਾ ਹੈ ਓਥੇ ਹੀ ਲੋੜ ਤੋਂ ਜਿਆਦਾ ਪਾਣੀ ਨਾਲ ਗੰਢੇ ਗਲਣ ਅਤੇ ਫੁੱਲਾਂ ਵਾਲੀ ਡੰਡੀ ਬਿਮਾਰੀਆਂ ਦੀ ਚਪੇਟ ਵਿੱਚ ਆ ਕੇ ਸੁੱਕਣ ਦੀ ਸਮੱਸਿਆ ਆ ਸਕਦੀ ਹੈ।
• ਥਰਿੱਪ (ਜੂੰ) ਬੀਜ ਦੀ ਫ਼ਸਲ ਦਾ ਮੁੱਖ ਕੀੜਾ ਹੈ ਜੋ ਕਿ ਫਰਵਰੀ ਤੋਂ ਮਈ ਤੱਕ ਭੂਕਾਂ ਦਾ ਰਸ ਚੂਸਦਾ ਹੈ, ਚਿੱਟੇ ਧੱਬੇ ਪੈਦਾ ਕਰਦਾ ਹੈ ਅਤੇ ਫ਼ੁੱਲ ਪੈਣ ਸਮੇਂ ਭਾਰੀ ਨੁਕਸਾਨ ਕਰਦਾ ਹੈ। ਇਸ ਦੀ ਰੋਕਥਾਮ ਲਈ 30 ਗ੍ਰਾਮ ਜੰਪ 80 ਡਬਲਯੂ ਜੀ (ਫਿਪਰੋਨਿਲ) ਜਾਂ 250 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਇਹ ਵੀ ਪੜ੍ਹੋ: Turmeric Farming in Punjab: ਇੱਥੇ ਜਾਣੋ ਹਲਦੀ ਦੀ ਬਿਜਾਈ ਤੋਂ ਲੈ ਕੇ ਪਾਊਡਰ ਬਣਾਉਣ ਤੱਕ ਵਰਤੇ ਜਾਣ ਵਾਲੇ ਜ਼ਰੂਰੀ ਨੁਕਤੇ
• ਜਾਮਨੀ ਧੱਬੇ ਅਤੇ ਪੀਲੇ ਧੱਬਿਆਂ ਦੇ ਰੋਗ ਬੀਜ ਵਾਲੀ ਫ਼ਸਲ ਦੀਆਂ ਮੁੱਖ ਬਿਮਾਰੀਆਂ ਹਨ। ਫੁੱਲਾਂ ਵਾਲੀ ਡੰਡੀ ਅਤੇ ਭੂਕ ਉੱਪਰ ਜਾਮਨੀ ਰੰਗ ਦੇ ਜਾਂ ਪੀਲੇ ਧੱਬੇ ਦੇ ਨਿਸ਼ਾਨ ਇਹਨਾਂ ਬਿਮਾਰੀਆਂ ਦਾ ਸੰਕੇਤ ਦਿੰਦੇ ਹਨ। ਪਹਿਲੇ ਲੱਛਣ ਦਿਸਣ ਤੇ 300 ਗ੍ਰਾਮ ਕੇਵੀਅਟ 25 ਡਬਲਯੂ ਜੀ ਜਾਂ 600 ਗ੍ਰਾਮ ਇੰਡੋਫਿਲ ਐਮ-45 ਦੇ ਨਾਲ 220 ਮਿਲੀਲੀਟਰ ਟਰਾਈਟੋਨ ਜਾਂ ਅਲਸੀ ਦਾ ਤੇਲ 200 ਲਿਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ 10 ਦਿਨ ਦੇ ਵਕਫ਼ੇ ਤੇ ਛਿੜਕਾਅ ਕਰੋ।
• ਭਾਵੇਂ ਕਿ ਪਿਆਜ਼ ਵਿੱਚ ਨਰ ਅਤੇ ਮਾਦਾ ਭਾਗ ਇੱਕੋ ਫ਼ੁੱਲ ਵਿੱਚ ਮੌਜੂਦ ਹੁੰਦੇ ਹਨ, ਪਰ ਕੁਦਰਤੀ ਕਿਰਿਆ ਕਾਰਨ ਨਰ ਭਾਗ ਦੇ ਚਿਪਚਿਪੇ ਅਤੇ ਗਿੱਲੇ ਪਰਾਗ ਮਾਦਾ ਭਾਗ ਦੇ ਨਾਲ ਸਹੀ ਸਮੇਂ ਮਿਲਾਪ ਨਹੀਂ ਕਰ ਪਾਉਂਦੇ। ਇਸ ਲਈ ਪਰ ਪਰਾਗਣ ਦੀ ਕਿਰਿਆ ਨੂੰ ਨੇਪਰੇ ਚਾੜਨ ਲਈ ਕੀੜੇ-ਮਕੌੜਿਆਂ ਜਾਂ ਹਵਾ ਦੀ ਲੋੜ ਹੁੰਦੀ ਹੈ। ਬੀਜ ਦਾ ਵਧੇਰੇ ਝਾੜ ਲੈਣ ਲਈ ਖੇਤ ਵਿੱਚ ਮਧੂ ਮੱਖੀਆਂ ਦੇ ਬਕਸੇ ਰੱਖੋ। ਕੀਟਨਾਸ਼ਕਾਂ ਦੀ ਸਪਰੇਅ ਦੁਪਹਿਰ ਸਮੇਂ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਸਮੇਂ ਪਰ ਪਰਾਗ ਕਰਨ ਵਾਲੇ ਕੀੜੇ ਖੇਤ ਵਿੱਚ ਜਿਆਦਾ ਹਰਕਤ ਵਿੱਚ ਹੁੰਦੇ ਹਨ[
• ਫੁੱਲਾਂ ਵਿੱਚ ਜਦੋਂ 20-25 ਪ੍ਰਤੀਸ਼ਤ ਬੀਜ ਦਾ ਰੰਗ ਕਾਲਾ ਹੋ ਜਾਵੇ ਤਾਂ ਫ਼ੁੱਲ ਨੂੰ ਡੰਡੀ ਸਮੇਤ (ਅੱਧਾ ਫੁੱਟ ਲੰਬਾਈ) ਕੱਟ ਲੈਣਾ ਚਾਹੀਦਾ ਹੈ। ਸਾਰੇ ਫੁੱਲ ਇਕੋ ਸਮੇਂ ਨਹੀਂ ਪੱਕਦੇ। ਫ਼ੁੱਲ ਪੱਕਣ ਦੇ ਅਨੁਸਾਰ ਇਸ ਤਰੀਕੇ 2-3 ਵਾਰੀਆਂ ਵਿੱਚ ਬੀਜ ਕੱਟ ਲਵੋ।
• ਬੀਜ ਦੀ ਕਟਾਈ, ਪਕਾਉਣ ਅਤੇ ਗਹਾਈ ਸਮੇਂ ਗਰਮ ਖੁਸ਼ਕ ਮੌਸਮ ਢੁੱਕਵਾਂ ਹੈ। ਕੱਟੀਆਂ ਹੋਈਆਂ ਫੁੱਲ ਵਾਲੀ ਡੰਡੀਆਂ ਨੂੰ ਛਾਂ ਵਾਲੀ ਹਵਾਦਾਰ ਜਗ੍ਹਾ ਤੇ ਸੁਕਾਉਣ ਉਪਰੰਤ ਗਹਾਈ ਕਰਕੇ ਬੀਜ ਕੱਢ ਲਵੋ। ਇਸ ਉਪਰੰਤ ਪੱਖੇ ਦੀ ਹਵਾ ਜਾਂ 2-3 ਮਿੰਟ ਲਈ ਪਾਣੀ ਵਿੱਚ ਨਿਤਾਰ ਕੇ ਸਾਫ਼ ਕਰ ਲਵੋ। ਜਿ਼ਆਦਾ ਸਮਾਂ ਪਾਣੀ ਵਿੱਚ ਡੁਬਾਉਣ ਨਾਲ ਬੀਜ ਦੀ ਜੰਮਣ ਸ਼ਕਤੀ ਤੇ ਮਾੜਾ ਅਸਰ ਪੈ ਸਕਦਾ ਹੈ। ਸਾਫ ਕਰਨ ਅਤੇ ਸੁਕਾਉਣ ਤੋਂ ਬਾਅਦ ਬੀਜ ਨੂੰ ਘੱਟ ਤਾਪਮਾਨ ਅਤੇ ਘੱਟ ਨਮੀ ਤੇ ਸਟੋਰ ਕਰਨਾ ਚਾਹੀਦਾ ਹੈ।
ਸਰੋਤ: ਬੀ ਐੱਸ ਸੇਖੋਂ ਅਤੇ ਸਿਮਰਨਜੀਤ ਕੌਰ, ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ
Summary in English: Important points for onion seed production, these things must be done for more income