1. Home
  2. ਖੇਤੀ ਬਾੜੀ

June Month Advisory: ਜੂਨ ਮਹੀਨੇ ਦੇ ਖੇਤੀਬਾੜੀ ਰੁਝੇਂਵੇਂ, ਇਹ ਮੁੱਖ ਕੰਮ ਕਰ ਲਏ ਤਾਂ ਕਿਸਾਨਾਂ ਦਾ ਮੁਨਾਫ਼ਾ ਪੱਕਾ

ਮਈ ਦਾ ਮਹੀਨਾ ਖ਼ਤਮ ਹੋਣ ਵਾਲਾ ਹੈ ਅਤੇ ਜੂਨ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਅਜਿਹੇ 'ਚ ਅੱਜ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਜੂਨ ਮਹੀਨੇ ਵਿੱਚ ਹੋਣ ਵਾਲੇ ਖੇਤੀਬਾੜੀ ਰੁਝੇਵਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਸਾਡੇ ਕਿਸਾਨ ਭਰਾ ਵਧੀਆ ਮੁਨਾਫ਼ਾ ਕਮਾ ਸਕਦੇ ਹਨ। ਕਿਸਾਨ ਵੀਰ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਪੰਜਾਬ ਬਾਸਮਤੀ-7, ਪੰਜਾਬ ਬਾਸਮਤੀ-5, ਪੂਸਾ 1121, ਪੂਸਾ ਬਾਸਮਤੀ 1847 ਅਤੇ ਪੂਸਾ ਬਾਸਮਤੀ 1718 ਦੀ ਪਨੀਰੀ ਬੀਜਣ, ਜਦੋਂਕਿ ਜੂਨ ਦੇ ਦੂਸਰੇ ਪੰਦਰਵਾੜੇ ਵਿੱਚ...

Gurpreet Kaur Virk
Gurpreet Kaur Virk
ਜੂਨ ਮਹੀਨੇ ਵਿਚ ਕਿਸਾਨਾਂ ਲਈ ਖੇਤੀ ਦੇ ਮੁੱਖ ਕੰਮ

ਜੂਨ ਮਹੀਨੇ ਵਿਚ ਕਿਸਾਨਾਂ ਲਈ ਖੇਤੀ ਦੇ ਮੁੱਖ ਕੰਮ

June Agriculture Work: ਦੇਸ਼ ਵਿੱਚ ਕਿਸਾਨਾਂ ਕੋਲ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦੇ ਸਾਰੇ ਸਾਧਨ ਮੌਜੂਦ ਹਨ। ਉਨ੍ਹਾਂ ਕੋਲ ਸੁਧਰੇ ਬੀਜਾਂ ਅਤੇ ਜੈਵਿਕ ਖਾਦਾਂ ਦੀ ਵੀ ਕੋਈ ਘਾਟ ਨਹੀਂ ਹੈ। ਅਜਿਹੇ ਵਿੱਚ ਕਿਸਾਨਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਸ ਮਹੀਨੇ ਕਿਸ ਫ਼ਸਲ ਦੀ ਕਾਸ਼ਤ ਕਰਨੀ ਚਾਹੀਦੀ ਹੈ ਤਾਂ ਜੋ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।

ਜੂਨ ਦਾ ਮਹੀਨਾ ਸ਼ੁਰੂ ਹੋਣ 'ਚ ਫਿਲਹਾਲ ਕੁਝ ਦਿਨ ਹੀ ਰਹਿ ਗਏ ਹਨ, ਅਜਿਹੇ 'ਚ ਅੱਜ ਅਸੀਂ ਕਿਸਾਨ ਵੀਰਾਂ ਨੂੰ ਜੂਨ ਦੇ ਖੇਤੀਬਾੜੀ ਰੁਝੇਵਿਆਂ ਬਾਰੇ ਦੱਸਣ ਜਾ ਰਹੇ ਹਾਂ।

ਕਮਾਦ

ਕਮਾਦ ਦੀ ਫ਼ਸਲ ਨੂੰ 7-12 ਦਿਨਾਂ ਦੇ ਵਕਫ਼ੇ ਤੇ ਪਾਣੀ ਦਿਉ ਅਤੇ ਕਮਾਦ ਦੀਆਂ ਕਤਾਰਾਂ ਦੇ ਨਾਲ-ਨਾਲ 65 ਕਿੱਲੋ ਯੂਰੀਆ ਦੀ ਦੂਸਰੀ ਕਿਸ਼ਤ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਆਗ ਦੇ ਗੜੂੰਏਂ ਦੇ ਹਮਲੇ ਦੀ ਰੋਕਥਾਮ ਲਈ ਮਿੱਤਰ ਕੀੜੇ (ਟ੍ਰਾਈਕੋਗਰਾਮਾ ਜਪੋਨੀਕਮ) ਰਾਹੀਂ 7 ਦਿਨ ਪਹਿਲਾਂ ਪ੍ਰਜੀਵੀ ਕਿਰਿਆ ਕੀਤੇ ਕੌਰਸਾਇਰਾ ਦੇ ਤਕਰੀਬਨ 20,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਫਰਕ ਨਾਲ ਵਰਤੋ। ਟ੍ਰਾਈਕੋਕਾਰਡਾਂ ਦੀ ਵਰਤੋਂ ਦੇ ਨਾਲ-ਨਾਲ, 10 ਫਿਰੋਮੋਨ ਟਰੈਪ ਪ੍ਰਤੀ ਏਕੜ ਵਰਤਣ ਨਾਲ ਆਗ ਦੇ ਗੜੂੰਏਂ ਦੀ ਸੁਚੱਜੀ ਰੋਕਥਾਮ ਕੀਤੀ ਜਾ ਸਕਦੀ ਹੈ। ਜੂਨ ਦੇ ਅਖਰੀਲੇ ਹਫਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਜੇਕਰ ਹਮਲਾ 5% ਤੋ ਵੱਧ ਹੋਵੇ ਤਾਂ 10 ਕਿੱਲੋ ਫਰਟੇਰਾ 0.4 ਜੀ ਆਰ ਜਾਂ 12 ਕਿੱਲੋ ਕਾਰਬੋਫਿਊਰਾਨ 3 ਜੀ ਪ੍ਰਤੀ ਏਕੜ ਦੇ ਹਿਸਾਬ ਨਾਲ ਸ਼ਾਖਾ ਦੇ ਮੁੱਢਾਂ ਨੇੜੇ ਪਾਉ ਅਤੇ ਹਲਕੀ ਮਿੱਟੀ ਚਾੜ ਕੇ ਖੇਤ ਨੂੰ ਪਾਣੀ ਲਾ ਦਿਉ। ਇਸ ਮਹੀਨੇ ਕਈ ਵਾਰ ਕਾਲੇ ਖਟਮਲ ਦਾ ਹਮਲਾ ਖ਼ਾਸ ਕਰਕੇ ਮੁੱਢੇ ਕਮਾਦ ਤੇ ਕਾਫ਼ੀ ਖ਼ਤਰਨਾਕ ਹੁੰਦਾ ਹੈ। ਇਸ ਦੀ ਰੋਕਥਾਮ 350 ਮਿਲੀਲਿਟਰ ਡਰਸਬਾਨ/ਲੀਥਲ/ਮਾਸਬਾਨ/ਗੋਲਡਬਾਨ 20 ਈ ਸੀ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ। ਛਿੜਕਾਅ ਦਾ ਰੁਖ਼ ਸਿੱਧੇ ਪੱਤਿਆਂ ਦੀ ਗੋਭ ਵੱਲ ਕਰੋ। ਜ਼ਿਆਦਾ ਖੁਸ਼ਕ ਮੌਸਮ ਕਰਕੇ ਗੰਨੇ ਦੀ ਫ਼ਸਲ ਤੇ ਜੂੰ ਦਾ ਹਮਲਾ ਹੋ ਸਕਦਾ ਹੈ। ਕਮਾਦ ਦੀ ਫ਼ਸਲ ਲਾਗਿਉਂ ਬਰੂ ਦੇ ਬੂਟੇ ਪੁੱਟ ਦਿਉ ਕਿਉਂਕਿ ਇਨ੍ਹਾਂ ਬੂਟਿਆਂ ਤੋਂ ਜੂੰ ਕਮਾਦ ਦੀ ਫਸਲ ਤੇ ਫੈਲਦੀ ਹੈ।

ਕਪਾਹ

ਜੇਕਰ ਇਟਸਿਟ ਪਹਿਲੇ ਪਾਣੀ ਨਾਲ ਜਾਂ ਬਾਰਸ਼ਾਂ ਦੇ ਨਾਲ ਫ਼ਸਲ ਵਿੱਚ ੳੱੁਗ ਪਵੇ ਤਾਂ ਇੱਕ ਲਿਟਰ ਸਟੌਂਪ 30 ਈ ਸੀ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਕਪਾਹ ਨੂੰ ਪਾਣੀ ਲਾਉਣ ਤੋਂ ਪਿੱਛੋਂ ਵਰਤੋ। ਸਟੌਂਪ ਨਦੀਨ ਨਾਸ਼ਕ ਉੱਗੇ ਹੋਏ ਨਦੀਨਾਂ ਨੂੰ ਨਹੀਂ ਮਾਰਦੀ।ਇਸ ਲਈ ਨਦੀਨ ਨਾਸ਼ਕ ਦੀ ਵਰਤੋਂ ਤੋਂ ਪਹਿਲਾਂ ਉੱਗੇ ਨਦੀਨਾਂ ਦੀ ਗੋਡੀ ਕਰ ਦਿਓ।ਇਸ ਦੇ ਬਦਲ ਵਿੱਚ ਫ਼ਸਲ ਵਿੱਚ ਪਹਿਲੇ ਪਾਣੀ ਤੋਂ ਬਾਅਦ ਖੇਤ ਵੱਤਰ ਆਉਣ ਤੇ 500 ਮਿਲੀਲਿਟਰ ਪ੍ਰਤੀ ਏਕੜ ਹਿਟਵੀਡ ਮੈਕਸ 10 ਪ੍ਰਤੀਸ਼ਤ (ਪਾਇਰੀਥਾਇਉਬੈਕ ਸੋਡੀਅਮ 6% + ਕੁਇਜ਼ਾਲੋਫਾਪ ਇਥਾਇਲ 4%) ਦਾ ਛਿੜਕਾਅ ਕਰਨ ਤੇ ਘਾਹ ਅਤੇ ਚੌੜੇ ਪੱਤੇ ਵਾਲੇ ਮੌਸਮੀ ਨਦੀਨਾਂ ਦੀ ਚੰਗੀ ਰੋਕਥਾਮ ਕੀਤੀ ਜਾ ਸਕਦੀ ਹੈ।

ਇਹ ਨਦੀਨਨਾਸ਼ਕ ਲਪੇਟਾ ਵੇਲ (ਗੁਆਰਾ ਵੇਲ) ਦੀ ਵੀ 2 ਤੋਂ 5 ਪੱਤਿਆਂ ਦੀ ਅਵਸਥਾ ਤੇ ਚੰਗਾ ਰੋਕਥਾਮ ਕਰਦੀ ਹੈ।ਨਰਮੇ ਦੀ ਫ਼ਸਲ ਨੂੰ ਵਿਰਲਾ ਕਰਨ ਤੋਂ ਬਾਅਦ ਬੀ.ਟੀ. ਰਹਿਤ ਕਿਸਮਾਂ ਲਈ 33 ਕਿਲੋਯੂਰੀਆ, ਬੀਟੀ ਨਰਮੇਦੀਕਿਸਮਾਂਲਈ 40 ਕਿਲੋਯੂਰੀਆਅਤੇਬੀਟੀ/ਗੈਰ ਬੀ ਟੀ ਹਾਈਬਰਿੱਡ ਲਈ 45 ਕਿਲੋ ਯੂਰੀਆ ਪ੍ਰਤੀ ਏਕੜ ਪਾਉ।ਬੀ ਟੀ ਨਰਮੇ ਵਿੱਚ ਲੋੜ ਅਨੁਸਾਰ ਯੂਰੀਆ ਵਰਤਣ ਲਈ ਪੀ.ਏ.ਯੂ.-ਪੱਤਾ ਰੰਗ ਚਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਖੇਤ ਵਿੱਚ ਬੂਟਿਆਂ ਦੀ ਗਿਣਤੀ ਘੱਟ ਹੋਵੇ ਤਾਂ ਲਿਫਾਫਿਆਂ ਵਿੱਚ ਅਗਾਊਂ ਬੀਜੇ ਤਿੰਨ ਹਫ਼ਤੇ ਦੇ ਨਰਮੇ ਦੇ ਬੂਟੇ ਖੇਤ ਵਿੱਚ ਲਗਾ ਕੇ ਗਿਣਤੀ ਪੂਰੀ ਕਰ ਸਕਦੇ ਹੋ।

ਗਰੈਮਕਸੋਨ (ਪੈਰਾਕੁਏਟ) 0.5 ਲਿਟਰ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਰਤ ਕੇ ਨਰਮੇ ਦੀ ਬਿਜਾਈ ਤੋਂ 6-8 ਹਫਤੇ ਬਾਅਦ ਨਰਮੇ ਦੀਆਂ ਕਤਾਰਾਂ ਵਿਚਕਾਰ ਸਿੱਧਾ ਛਿੜਕਾਅ ਕਰਕੇ ਨਦੀਨਾਂ ਤੇ ਚੰਗਾ ਕਾਬੂ ਪਾਇਆ ਜਾ ਸਕਦਾ ਹੈ। ਨਰਮੇ ਦੇ ਬੂਟਿਆਂ ਦੇ ਪੱਤਿਆਂ ਤੇ ਛਿੜਕਾਅ ਨਹੀ ਪੈਣਾ ਚਾਹੀਦਾ। ਨਰਮੇ ਦੀ ਬਿਜਾਈ ਤੋਂ 6-8 ਹਫ਼ਤਿਆਂ ਬਾਅਦ ਗੋਡੀ ਕਰਕੇ ਵੀ ਨਦੀਨ ਕੱਢੇ ਜਾ ਸਕਦੇ ਹਨ। ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾ ਜਿਵੇਂ ਕਿ ਬੈਗਣ, ਆਲੂ, ਟਮਾਟਰ, ਮਿਰਚਾ, ਮੂੰਗੀ ਆਦਿ ਤੇ ਵੀ ਪਾਇਆ ਜਾਦਾਂ ਹੈ। ਇਸ ਲਈ ਇਹਨਾਂ ਫਸਲਾਂ ਦਾ ਲਗਾਤਾਰ ਸਰਵੇਖਣ ਕਰੋ ਅਤੇ ਲੋੜ ਮੁਤਾਬਿਕ ਇਸ ਦੀ ਰੋਕਥਾਮ ਕਰੋ।

ਇਸ ਮਹੀਨੇ ਨਰਮੇ ਦੀ ਫਸਲ ਤੇ ਵੀ ਚਿੱਟੀ ਮੱਖੀ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਹਰੇ ਤੇਲੇ ਦੀ ਰੋਕਥਾਮ ਲਈ 300 ਮਿਲੀਲਿਟਰ ਕੀਫਨ 15 ਈ ਸੀ (ਟੋਲਫੈਨਪਾਇਰੈਡ) ਜਾਂ 60 ਗਾ੍ਰਮ ਓਸ਼ੀਨ 20 ਐਸ ਸੀ ਜਾਂ 300 ਮਿਲੀਲਿਟਰ ਨਿਓਨ 5 ਈ ਸੀ (ਫੈਨਪਾਇਰੋਕਸੀਮੇਟ) ਜਾਂ 80 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 40 ਗ੍ਰਾਮ ਐਕਟਾਰਾ/ਦੋਤਾਰਾ/ਐਕਸਟਰਾ ਸੁਪਰ/ਥੌਮਸਨ 25 ਡਬਲਯੂ ਜੀ (ਥਾਇਆਮੀਥਾਕਸਮ) ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਛਿੜਕੋ। ਖੇਤਾਂ ਵਿੱਚੋਂ ਸ਼ੁਰੂ ਤੋਂ ਹੀ ਪੱਤਾ ਮਰੌੜ ਵਿਸ਼ਾਣੂੰ ਰੋਗ (ਲੀਫ਼ ਕਰਲ) ਵਾਲੇ ਬੂਟੇ ਸਮੇਂ-ਸਮੇਂ ਸਿਰ ਪੁੱਟ ਕੇ ਦਬਾਉਂਦੇ ਰਹੋ। ਸਿਫ਼ਾਰਸ਼ ਕੀਤੇ ਕੀਟਨਾਸ਼ਕ ਵਰਤ ਕੇ ਚਿੱਟੀ ਮੱਖੀ ਦੀ ਰੋਕਥਾਮ ਕਰੋ।

ਇਹ ਵੀ ਪੜ੍ਹੋ : Wheat Straw: ਕਿਸਾਨ ਵੀਰੋਂ ਕਣਕ ਦੇ ਨਾੜ ਨੂੰ ਖੇਤ ਵਿੱਚ ਸੰਭਾਲੋ, ਅੱਗ ਨਾ ਲਗਾ ਕਿ ਇਸ ਦੇ ਖਰਚਿਆਂ ਵਿੱਚ ਗਰਮ ਰੁੱਤ ਦੀ ਮੂੰਗੀ ਜਾਂ ਹਰੀ ਖਾਦ ਉਗਾਓ

ਝੋਨਾ

ਅੱਧ ਮਈ ਵਿੱਚ ਬੀਜੀ ਗਈ ਝੋਨੇ ਦੀ ਪਨੀਰੀ ਨੂੰ ਯੂਰੀਆ ਦੀ ਦੂਸਰੀ ਖੁਰਾਕ (26 ਕਿਲੋ/ਏਕੜ) ਪਾਉ ਤਾਂ ਜੋ ਖੇਤ ਵਿੱਚ ਲਗਾਉਣ ਲਈ ਪਨੀਰੀ ਸਮੇਂ ਸਿਰ ਤਿਆਰ ਹੋ ਜਾਵੇ। ਝੋਨੇ ਦੀਆਂ ਪੀ ਆਰ 131, ਪੀ ਆਰ 129, ਪੀ ਆਰ 128, ਪੀ ਆਰ 121, ਪੀ ਆਰ 122, ਪੀ ਆਰ 114 ਅਤੇ ਪੀ ਆਰ 113 ਕਿਸਮਾਂ ਨੂੰ 20 ਜੂਨ ਤੋਂ ਅਤੇ ਪੀ ਆਰ 127, ਪੀ ਆਰ 130, ਐਚ ਕੇ ਆਰ 147 ਅਤੇ ਪੀ ਆਰ 126 ਨੂੰ 25 ਜੂਨ ਤੋਂ ਖੇਤਾਂ ਵਿੱਚ ਲਗਾਉਣੀਆਂ ਸ਼ੁਰੂ ਕਰ ਦਿਉ।ਪੀ ਆਰ 126 ਕਿਸਮ ਦੀ ਲਵਾਈ 20 ਜੁਲਾਈ ਤੱਕ ਖੇਤਾਂ ਵਿੱਚ ਕਰ ਸਕਦੇ ਹਾਂ।ਝੋਨੇ ਦੀ ਪੀ ਆਰ 126 ਕਿਸਮ ਜਲਦੀ ਖੇਤ ਖ਼ਾਲੀ ਕਰ ਦਿੰਦੀ ਹੈ ਅਤੇ ਆਲੂ, ਮਟਰ ਅਤੇ ਬਰਸੀਮ ਦੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਹੋ ਜਾਂਦੀ ਹੈ।

ਖੇਤ ਵਿੱਚ ਲਾਉਣ ਸਮੇਂ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਲਈ 30-35 ਦਿਨਾਂ ਦੀ ਜਦਕਿ ਥੌੜਾ ਸਮਾਂ ਲੈਣ ਵਾਲੀਆਂ ਕਿਸਮਾਂ (ਪੀ ਆਰ 126) ਲਈ 25 ਤੋਂ 30 ਦਿਨ੍ਹਾਂ ਦੀ ਪਨੀਰੀ ਵਰਤੋਂ ।ਆਮ ਕਰਕੇ ਹਲਕੀਆਂ ਜ਼ਮੀਨਾਂ ਤੇ ਝੋਨੇ ਦੀ ਪਨੀਰੀ ਪੀਲੀ ਜਾਂ ਚਿੱਟੀ ਜਿਹੀ ਹੋ ਜਾਂਦੀ ਹੈ। ਇਸ ਦੀ ਰੋਕਥਾਮ ਲਈ 0.5 ਤੋਂ 1 ਕਿਲੋ ਫੈਰਸ ਸਲਫੇਟ, 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਹਫ਼ਤੇ-ਹਫਤੇ ਦੇ ਵਕਫੇ ਤੇ ਇਹ ਛਿੜਕਾਅ 2-3 ਵਾਰੀ ਦੁਹਰਾਉ। ਝੋਨੇ ਦੀ ਪਨੀਰੀ ਨੂੰ ਖੇਤ ਵਿੱਚ ਲਗਾਉਣ ਸਮੇਂ ਦਰਮਿਆਨੀਆਂ ਜ਼ਮੀਨਾਂ ਵਿੱਚ 30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾਉ। ਪਰ ਜੇਕਰ ਯੁਰੀਆ ਦੀ ਵਰਤੋਂ ਪੱਤਾ ਰੰਗ ਚਾਰਟ ਅਨੁਸਾਰ ਕਰਨੀ ਹੋਵੇ ਤਾਂ ਬਿਜਾਈ ਵੇਲੇ 25 ਕਿਲੋ ਯੂਰੀਆ/ਏਕੜ ਪਾਉ।

ਜਿੱਥੇ ਕਣਕ ਤੋਂ ਬਾਅਦ ਝੋਨਾ ਬੀਜਣਾ ਹੋਵੇ ਅਤੇ ਸਿਫ਼ਾਰਸ਼ ਕੀਤੀ ਗਈ ਫਾਸਫੋਰਸ ਕਣਕ ਨੂੰ ਪਾਈ ਹੋਵੇ ਤਾਂ ਝੋਨੇ ਨੂੰ ਫਾਸਫੋਰਸ ਖਾਦ ਨਾ ਪਾਉ। ਮਿੱਟੀ ਪਰਖ ਦੇ ਆਧਾਰ ਤੇ ਜਿਨ੍ਹਾਂ ਖੇਤਾਂ ਵਿੱਚ ਫਾਸਫੋਰਸ ਘੱਟ ਹੈ, ਉੱਥੇ 75 ਕਿਲੋ ਸਿੰਗਲ ਸੁਪਰਫਾਸਫੇਟ ਜਾਂ 27 ਕਿਲੋ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਖਾਦਾਂ ਦੀ ਸਹੀ ਅਤੇ ਸੰਤੁਲਿਤ ਵਰਤੋਂ ਕਰੋ। ਝੋਨੇ ਵਿੱਚ ਜ਼ਿੰਕ ਦੀ ਘਾਟ ਦੂਰ ਕਰਨ ਲਈ ਜੇ ਲੋੜ ਹੋਵੇ ਤਾਂ ਕੱਦੂ ਕਰਨ ਸਮੇਂ ਹੀ 25 ਕਿਲੋ ਜ਼ਿੰਕ ਸਲਫੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਜੇਕਰ ਹਰੀ ਖਾਦ ਲਈ ਢੈਂਚਾ ਬੀਜਿਆ ਹੈ ਤਾਂ ਇਸ ਨੂੰ ਕੱਦੂ ਕਰਨ ਸਮੇਂ ਖੇਤ ਵਿੱਚ ਵਾਹ ਦਿਉ। ਜੇਕਰ ਹਰੀ ਖਾਦ ਕਰਨੀ ਹੋਵੇ ਤਾਂ ਪਨੀਰੀ ਲਗਾੳਣ ਤੋਂ ਇੱਕ ਦਿਨ ਪਹਿਲਾਂ ਹਰੀ ਖਾਦ ਦੀ ਫਸਲ ਖੇਤ ਵਿੱਚ ਦਬਾ ਦਿਉ।

ਨਦੀਨਾਂ ਦੀ ਰੋਕਥਾਮ ਲਈ 45 ਗ੍ਰਾਮ ਟੋਪਸਟਾਰ 80 ਤਾਕਤ ਜਾਂ 60 ਗ੍ਰਾਮ ਸਾਥੀ (ਪਾਈਰੋਜ਼ੋਸਲਫੂਰਾਨ ਈਥਾਈਲ) 10 ਤਾਕਤ ਜਾਂ 1200 ਮਿਲੀਲਿਟਰ ਕੋਈ ਵੀ ਸਿਫ਼ਾਰਸ਼ ਕੀਤੀ ਨਦੀਨਨਾਸ਼ਕ ਬੂਟਾਕਲੋਰ 50 ਤਾਕਤ ਜਾਂ 500 ਮਿਲੀਲਿਟਰ ਅਨੀਲੋਫਾਸ 30 ਤਾਕਤ ਜਾਂ ਪਰੀਟੀਲਾਕਲੋਰ 50 ਤਾਕਤ 600 ਮਿਲੀਲਿਟਰ ਜਾਂ ਪਰੀਟੀਲਾਕਲੋਰ 37 ਈ ਡਬਲਯੂ 750 ਮਿਲੀਲਿਟਰ ਜਾਂ ਸਟੌਂਪ 30 ਤਾਕਤ 1000-1200 ਮਿਲੀਲਿਟਰ ਪ੍ਰਤੀ ਏਕੜ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਤੋਂ ਦੋ-ਤਿੰਨ ਦਿਨਾਂ ਦੇ ਵਿੱਚ ਖੜ੍ਹੇ ਪਾਣੀ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਨਦੀਨਨਾਸ਼ਕ ਦਾ ਇੱਕਸਾਰ ਛੱਟਾ ਦਿਉ।

ਪੰਜਾਬ ਬਾਸਮਤੀ-7, ਪੰਜਾਬ ਬਾਸਮਤੀ-5, ਪੂਸਾ 1121, ਪੂਸਾ ਬਾਸਮਤੀ 1847 ਅਤੇ ਪੂਸਾ ਬਾਸਮਤੀ 1718 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਬੀਜੋ। ਸੀ ਐਸ ਆਰ 30 ਅਤੇ ਪੂਸਾ ਬਾਸਮਤੀ-1509 ਦੀ ਪਨੀਰੀ ਜੂਨ ਦੇ ਦੂਸਰੇ ਪੰਦਰਵਾੜੇ ਵਿੱਚ ਹੀ ਬੀਜੋ।ਬਾਸਮਤੀ ਕਿਸਮਾਂ ਨੂੰ ਬੀਜ ਰਾਹੀਂ ਲੱਗਣ ਵਾਲੀਆਂ ਬਿਮਾਰੀਆਂ (ਝੰਡਾ ਰੋਗ) ਤੋਂ ਬਚਾਉਣ ਲਈ 3 ਗ੍ਰਾਮ ਸਪਰਿੰਟ ਨੂੰ 10-12 ਮਿ.ਲਿ. ਪਾਣੀ ਵਿੱਚ ਘੋਲ ਕੇ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜੋ।

ਇਹ ਵੀ ਪੜ੍ਹੋ : Gond Katira: ਗੂੰਦ ਕਤੀਰਾ ਦੀ ਖੇਤੀ ਕਰਕੇ ਕਿਸਾਨ ਆਸਾਨੀ ਨਾਲ ਕਮਾ ਸਕਦੇ ਹਨ ਲੱਖਾਂ ਰੁਪਏ, ਇਹ ਤਕਨੀਕ ਕਿਸਾਨਾਂ ਲਈ ਵਰਦਾਨ

ਜੂਨ ਮਹੀਨੇ ਵਿਚ ਕਿਸਾਨਾਂ ਲਈ ਖੇਤੀ ਦੇ ਮੁੱਖ ਕੰਮ

ਜੂਨ ਮਹੀਨੇ ਵਿਚ ਕਿਸਾਨਾਂ ਲਈ ਖੇਤੀ ਦੇ ਮੁੱਖ ਕੰਮ

ਮੱਕੀ

ਨੀਮ ਪਹਾੜੀ ਇਲਾਕਿਆਂ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਮੱਕੀ ਦੀ ਬਿਜਾਈ ਸ਼ੁਰੂ ਕਰ ਦਿਉ। ਜੇਕਰ ਨਦੀਨ ਨਾ ਹੋਣ ਤਾਂ ਵਹਾਈ ਤੋਂ ਬਗੈਰ ਵੀ ਬਿਜਾਈ ਕੀਤੀ ਜਾ ਸਕਦੀ ਹੈ। ਨਦੀਨਾਂ ਦੀ ਰੋਕਥਾਮ ਲਈ ਐਟਰਾਟਾਫ 50 ਘੁਲਣਸ਼ੀਲ (ਐਟਰਾਜ਼ੀਨ) 800 ਗ੍ਰਾਮ ਪ੍ਰਤੀ ਏਕੜ ਨੂੰ ਭਾਰੀਆਂ ਜ਼ਮੀਨਾਂ ਲਈ ਅਤੇ 500 ਗ੍ਰਾਮ ਨੂੰ ਹਲਕੀਆਂ ਜ਼ਮੀਨਾਂ ਲਈ ਬਿਜਾਈ ਦੇ ਦੱੱਸ ਦਿਨ ਅੰਦਰ ਵਰਤੋ।ਮੱਕੀ ਨੂੰ ਖਾਲੀਆਂ ਵਿੱਚ ਵੀ ਬੀਜਿਆ ਜਾ ਸਕਦਾ ਹੈ। ਇਸ ਨਾਲ ਸਿੰਜਾਈ ਵਾਲਾ ਪਾਣੀ ਵੀ ਬਚੇਗਾ ਅਤੇ ਫ਼ਸਲ ਵੀ ਨਹੀਂ ਡਿੱਗੇਗੀ। ਜੇਕਰ ਮੱਕੀ, ਕਣਕ ਤੋਂ ਬਾਅਦ ਬੀਜਣੀ ਹੋਵੇ ਜਿਸਨੂੰ ਫਾਸਫੋਰਸ ਸਿਫ਼ਾਰਸ਼ ਕੀਤੀ ਮਾਤਰਾ ਅਨੁਸਾਰ ਪਾਈ ਹੋਵੇ ਤਾਂ ਮੱਕੀ ਨੂੰ ਇਹ ਖਾਦ ਪਾਉਣ ਦੀ ਲੋੜ ਨਹੀ।

ਪੀ ਐਮ ਐਚ 11, ਪੀ ਐਮ ਐਚ 1, ਪ੍ਰਭਾਤ ਅਤੇ ਪੰਜਾਬ ਸਵੀਟ ਕੋਰਨ ਲਈ 37 ਕਿਲੋ ਯੂਰੀਆ/ਏਕੜ ਅਤੇ ਪੀ ਐਮ ਐਚ 2, ਕੇਸਰੀ ਅਤੇ ਪਰਲ ਪੋਪਕਰੋਨ ਕਿਸਮਾਂ ਲਈ 25 ਕਿਲੋ ਯੂਰੀਆ/ਏਕੜ ਬਿਜਾਈ ਵੇਲੇ ਪਾਉ। ਫਾਲ ਅਰਮੀਵਰਮ ਦਾ ਹਮਲਾ ਜੇ ਧੌੜੀਆਂ ਵਿੱਚ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿੱਚ ਮੁਸ਼ਕਿਲ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਣ (ਲਗਭਗ ਅੱਧਾ ਗ੍ਰਾਮ) ਨੂੰ ਹਮਲੇ ਵਾਲੀਆਂ ਗੋਭਾਂ ਵਿੱਚ ਪਾ ਕੇ ਫ਼ਾਲ ਆਰਮੀਵਰਮ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਮਿਸ਼ਰਣ ਬਣਾਉਣ ਲਈ 5 ਮਿਲੀਲਿਟਰ ਕੋਰਾਜਨ 18.5 ਐਸ ਸੀ ਜਾਂ ਡੈਲੀਗੇਟ 11.7 ਐਸ ਸੀ ਜਾਂ ਮਿਜ਼ਾਈਲ 5 ਐਸ ਜੀ ਜਾਂ 25 ਗ੍ਰਾਮ ਡੇਲਫਿਨ ਡਬਲੂ ਜੀ ਜਾਂ 25 ਮਿਲੀਲਿਟਰ ਡਾਈਪਲ 8 ਐਲ ਨੂੰ 10 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਇੱਕ ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ।

ਮੂੰਗਫ਼ਲੀ

ਬਰਾਨੀ ਹਾਲਤਾਂ ਵਿੱਚ ਮੂੰਗਫ਼ਲੀ ਦੀ ਬਿਜਾਈ ਜੂਨ ਦੇ ਅਖਰੀਲੇ ਹਫਤੇ ਤੋਂ ਬਾਰਸ਼ ਪੈਣ ਤੇ ਕਰੋ। ਬੀਜਣ ਤੋਂ ਪਹਿਲਾਂ ਖੇਤ ਨੂੰ ਪਾਣੀ ਦਿਉ। ਵਧੀਆ ਝਾੜ ਲੈਣ ਲਈ ਮੋਟਾ ਬੀਜ ਵਰਤੋ। ਗਿੱਚੀ ਦੇ ਗਾਲੇ ਦੀ ਰੋਕਥਾਮ ਲਈ ਬੀਜ ਨੂੰ 2 ਮਿਲੀਲਿਟਰ ਨਿਉਨਿਕਸ 20 ਐਫ ਐਸ (ਇਮਿਡਾਕਲੋਪਰਿਡ 18.5%+ਹੈਕਸਾਕੋਨਾਜੋਲ 1.5%) ਜਾਂ 1.5 ਗ੍ਰਾਮ ਸੀਡੈਕਸ ਜਾਂ 5 ਗ੍ਰਾਮ ਥੀਰਮ ਜਾਂ 3 ਗ੍ਰਾਮ ਇੰਡੋਫਿਲ ਐਮ-45 ਪ੍ਰਤੀ ਕਿਲੋਗ੍ਰਾਮ ਗਿਰੀਆਂ ਦੇ ਹਿਸਾਬ ਸੋਧ ਲਉ।ਨਿਉਨਿਕਸ ਨਾਲ ਬੀਜ ਦੀ ਸੋਧ ਕਰਨ ਤੇ ਚਿੱਟੇ ਸੁੰਡ ਅਤੇ ਸਿਉਂਕ ਦੀ ਰੋਕਥਾਮ ਵੀ ਹੋ ਜਾਂਦੀ ਹੈ । 38 ਕਿਲੋ ਗਿਰੀਆਂ ਐਮ-522 ਅਤੇ ਐਸ ਜੀ 84 ਲਈ ਅਤੇ 40 ਕਿਲੋ ਐਸ ਜੀ 99 ਲਈ ਵਰਤੋ। ਬੀਜਾਈ ਸਮੇਂ 50 ਕਿਲੋ ਸਿੰਗਲ ਸੁਪਰਫਾਸਫੇਟ, 50 ਕਿਲੋ ਜਿਪਸਮ ਅਤੇ 13 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦਿਉ।

ਸਾਉਣੀ ਦੀਆਂ ਦਾਲਾਂ

ਮਾਂਹ ਦੀ ਬਿਜਾਈ ਜੂਨ ਦੇ ਅਖ਼ੀਰਲੇ ਹਫ਼ਤੇ ਖਾਸ ਕਰਕੇ ਹਲਕੀਆਂ ਜ਼ਮੀਨਾਂ ਤੇ 6-8 ਕਿਲੋ ਬੀਜ ਪ੍ਰਤੀ ਏਕੜ ਵਰਤ ਕੇ ਕਰਨੀ ਚਾਹੀਦੀ ਹੈ।ਮਾਂਹ ਨੂੰ 11 ਕਿਲੋ ਯੂਰੀਆ, 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਉ।

ਸੋਇਆਬੀਨ

ਫ਼ਸਲ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਬੀਜੋ। ਫ਼ਸਲ 3-4 ਸੈਂਟੀਮੀਟਰ ਡੂੰਘੀ ਅਤੇ ਕਤਾਰਾਂ ਦਾ ਫ਼ਾਸਲਾ 45 ਸੈਂਟੀਮੀਟਰ ਰੱਖ ਕੇ ਬੀਜੋ। ਇਸ ਫ਼ਸਲ ਦੀ ਬਿਜਾਈ ਬੈੱਡਾਂ ਤੇ ਵੀ ਕਰ ਸਕਦੇ ਹੋ। ਬੈੱਡਾਂ ਤੇ ਬੀਜੀ ਫ਼ਸਲ ਨੂੰ ਬਾਰਸ਼ਾਂ ਦਾ ਖੜ੍ਹਾ ਪਾਣੀ ਨੁਕਸਾਨ ਨਹੀਂ ਕਰਦਾ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਦੇ ਦੋ ਦਿਨਾਂ ਅੰਦਰ ਸਟੌਂਪ 30 ਤਾਕਤ 600 ਮਿਲੀਲਿਟਰ ਪ੍ਰਤੀ ਏਕੜ ਦਾ 200 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ।ਇਸ ਦੇ ਬਦਲ ਵੱਜੋ 300 ਮਿਲੀਟਿਲਰ ਪ੍ਰਤੀ ਏਕੜ ਪਰੀਮੇਜ਼ 10 ਐਸ ਐਲ ਨੂੰ ਬਿਜਾਈ ਤੋਂ 15-20 ਦਿਨਾਂ ਬਾਅਦ ਛਿੜਕਾਅ ਕਰੋ। ਵੱਧ ਝਾੜ ਲੈਣ ਲਈ 4 ਟਨ ਦੇਸੀ ਰੂੜੀ ਪ੍ਰਤੀ ਏਕੜ ਪਾਉ। ਬਿਜਾਈ ਸਮੇਂ 28 ਕਿਲੋ ਯੂਰੀਆ ਅਤੇ 200 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਵਰਤੋ। ਜਿੱਥੇ ਸੋਇਆਬੀਨ ਕਣਕ ਤੋਂ ਬਾਅਦ ਬੀਜੀ ਗਈ ਹੈ ਜਿਸ ਨੂੰ ਫਾਸਫੋਰਸ ਦੀ ਪੂਰੀ ਮਾਤਰਾ ਪਾਈ ਗਈ ਹੋਵੇ, ਉੱਥੇ ਸੋਇਆਬੀਨ ਨੂੰ 150 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਹੀ ਪਾਉ।
ਹਰੇ ਚਾਰੇ ਦੀ ਕਾਸ਼ਤ : ਬੀਜ ਲਈ ਬਰਸੀਮ ਦੀ ਫ਼ਸਲ ਨੂੰ ਕੱਟ ਕੇ ਸੁਕਾ ਲਵੋ ਅਤੇ ਛੱਟ ਕੇ ਬਾਰਸ਼ਾਂ ਤੋਂ ਪਹਿਲਾਂ ਸੰਭਾਲ ਲਵੋ। ਚਾਰੇ ਦੀ ਫ਼ਸਲ ਨੂੰ ਪਾਣੀ ਦਿੰਦੇ ਰਹੋ ਅਤੇ ਸੋਕਾ ਨਾ ਲੱਗਣ ਦੇਵੋ। ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਲਈ ਚਾਰੇ ਵਾਲੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਕਰਦੇ ਰਹੋ। ਚਾਰੇ ਵਾਲੀ ਫ਼ਸਲ ਦੀ ਕਟਾਈ ਢੁਕਵੇਂ ਸਮੇਂ ਤੇ ਕਰੋ ਜਾਂ ਜਦੋਂ ਫ਼ਸਲ ਕਟਾਈ ਦੀ ਅਵਸਥਾ ਵਿੱਚ ਹੋਵੇ। ਇਸ ਤਰ੍ਹਾਂ ਪਸ਼ੂਆਂ ਨੂੰ ਸਸਤਾ ਤੇ ਵਧੀਆ ਚਾਰਾ ਮਿਲ ਸਕੇਗਾ ਅਤੇ ਦੁੱਧ ਪੈਦਾ ਕਰਨ ਲਈ ਖ਼ਰਚਾ ਵੀ ਘਟੇਗਾ।

ਇਹ ਵੀ ਪੜ੍ਹੋ : Ginger Farming: ਕਿਸਾਨ ਵੀਰੋ ਇਸ ਵਿਧੀ ਨਾਲ ਕਰੋ ਅਦਰਕ ਦੀ ਕਾਸ਼ਤ, ਹੋਵੇਗੀ ਲੱਖਾਂ ਵਿੱਚ ਕਮਾਈ

ਸਬਜ਼ੀਆਂ

ਭਿੰਡੀ ਦੀਆਂ ਪੰਜਾਬ ਸੁਹਾਵਣੀ ਜਾਂ ਪੰਜਾਬ ਲਾਲਿਮਾ ਕਿਸਮਾਂ ਬੀਜਣੀਆਂ ਸ਼ੁਰੂ ਕਰ ਦਿਉ ਕਿਉਂਕਿ ਇਹ ਕਿਸਮਾਂ ਪੀਲੇ ਵਿਸ਼ਾਣੂੰ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ। 15-20 ਟਨ ਗਲੀ ਸੜੀ ਰੂੜੀ ਤੋਂ ਇਲਾਵਾ 40 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾਉ।ਸਬਜ਼ੀਆਂ ਦੀਆਂ ਖੜ੍ਹੀਆਂ ਫ਼ਸਲਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਪਾਣੀ ਦਿਉ ਪਰ ਹਲਕੀਆਂ ਜ਼ਮੀਨਾਂ ਵਿੱਚ ਇਹ ਵਕਫ਼ਾ ਚਾਰ ਤੋਂ ਪੰਜ ਦਿਨਾਂ ਬਾਅਦ ਕਰ ਦਿਉ।ਗੋਭੀ ਦੀਆਂ ਅਗੇਤੀਆਂ ਕਿਸਮਾਂ ਦਾ 500 ਗ੍ਰਾਮ ਬੀਜ ਅਤੇ ਬੈਂਗਣ ਦੀਆਂ ਪੀ ਬੀ ਐਚ ਆਰ -41, ਪੀ ਬੀ ਐਚ ਆਰ-42, ਪੀ ਬੀ ਐਚ-3, ਪੀ ਬੀ ਐਚ-5, ਪੀ ਬੀ ਐਚ-6, ਪੰਜਾਬ ਹਿੰਮਤ, ਪੰਜਾਬ ਰੌਣਕ ਅਤੇ ਪੰਜਾਬ ਭਰਪੂਰ ਕਿਸਮਾਂ ਦਾ 300 ਗ੍ਰਾਮ ਬੀਜ ਇੱਕ ਏਕੜ ਦੀ ਨਰਸਰੀ ਤਿਆਰ ਕਰਨ ਲਈ ਇੱਕ ਮਰਲੇ ਵਿੱਚ ਬਿਜਾਈ ਕਰੋ। ਸਾਉਣੀ ਦੇ ਗੰਢਿਆਂ ਦੀ ਐਗਰੀਫਾਊਂਡ ਡਾਰਕ ਰੈੱਡ ਕਿਸਮ ਦਾ 5 ਕਿਲੋ ਬੀਜ 8 ਮਰਲੇ ਜਗ੍ਹਾ ਵਿੱਚ ਬੀਜ ਕੇ ਇੱਕ ਏਕੜ ਦੀ ਪਨੀਰੀ ਤਿਆਰ ਕਰੋ।

ਬਾਗਬਾਨੀ

ਫ਼ਲਾਂ ਨਾਲ ਲੱਦੇ ਬੂਟੇ ਜਿਵੇਂ ਕਿ ਨਿੰਬੂ, ਅੰਬ, ਨਾਸ਼ਪਾਤੀ, ਲੀਚੀ ਆਦਿ ਨੂੰ ਪਾਣੀ ਸਹੀ ਵਕਫ਼ੇ ਤੇ ਦਿੰਦੇ ਰਹੋ। ਲੀਚੀ ਦੇ ਦਰਖ਼ਤਾਂ ਨੂੰ ਹਫ਼ਤੇੇ ਵਿੱਚ ਦੋ ਵਾਰ ਪਾਣੀ ਦੇਣ ਨਾਲ ਫ਼ਲ ਘੱਟ ਫਟਦਾ ਹੈ ਅਤੇ ਫ਼ਲ ਦਾ ਆਕਾਰ ਵੀ ਵਧੀਆ ਹੁੰਦਾ ਹੈ। ਨਵੇਂ ਨਰਮ ਪੌਦਿਆਂ ਨੂੰ ਗਰਮੀ ਤੋਂ ਬਚਾਉਣ ਲਈ ਲਗਾਤਾਰ ਅਤੇ ਹਲਕੀਆਂ ਸਿੰਚਾਈਆਂ ਕਰਦੇ ਰਹੋ, ਤਣਿਆਂ ਤੇ ਚੂਨੇ ਦਾ ਘੋਲ ਲਗਾਉ ਜਾਂ ਕਿਸੇ ਬੋਰੀ ਜਾਂ ਕੱਪੜੇ ਨਾਲ ਢੱਕ ਦਿੳ। ਇਸ ਮਹੀਨੇ ਅਮਰੂਦਾਂ ਦੇ ਬੂਟਿਆਂ ਨੂੰ ਜੁਲਾਈ-ਅਗਸਤ ਅਉਣ ਵਾਲੇ ਫ਼ੁਟਾਰੇ ਦੇ ਚੰਗੇ ਵਾਧੇ ਲਈ ਰਸਾਇਣਿਕ ਖਾਦਾਂ ਪਾ ਦਿਉ ਤਾਂ ਜੋ ਅਗਸਤ-ਸਤੰਬਰ ਵਿੱਚ ਵੱਧ ਤੋਂ ਵੱਧ ਫੁੱਲ ਪੈਣ।ਅਮਰੂਦਾਂ ਦੇ ਬਾਗਾ ਨੂੰ ਜੂਨ ਮਹੀਨੇ ਵਾਹ ਦਿਉ ਤਾਂ ਕਿ ਬਾਗ ਨਦੀਨ ਮੁਕਤ ਹੋ ਸਕਣ ਅਤੇ ਫੱਲ ਦੀ ਮੱਖੀ ਦੇ ਕੋਏ ਘੱਟ ਸਕਣ। ਸੰਤਰੇ ਅਤੇ ਮਾਲਟਿਆਂ ਨੂੰ ਕੋਹੜ (ਸਕੈਬ) ਰੋਗ ਤੋਂ ਬਚਾਉਣ ਲਈ ਬੋਰਡੋ ਮਿਸ਼ਰਣ (2:2:250) ਜਾਂ 0.3 % ਕੌਪਰ ਔਕਸਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਇਸੇ ਤਰ੍ਹਾਂ ਅੰਬਾਂ ਅਤੇ ਨਾਖ਼ਾਂ ਦੇ ਬੂਟਿਆਂ ਨੂੰ ਉੱਲੀ ਦੇ ਰੋਗਾਂ ਤੋਂ ਬਚਾਉਣ ਲਈ ਵੀ ਬੋਰਡੋ ਮਿਸ਼ਰਣ ਦਾ ਛਿੜਕਾਅ ਕਰੋ। ਅੰਗੂਰਾਂ ਦੇ ਗੁੱਛਿਆਂ ਨੂੰ ਗਲਣ ਤੋਂ ਬਚਾਉਣ ਲਈ 0.2 ਪ੍ਰਤੀਸ਼ਤ (2 ਗ੍ਰਾਮ ਪ੍ਰਤੀ ਲਿਟਰ ਪਾਣੀ) ਜ਼ੀਰਮ ਦਾ ਛਿੜਕਾਅ ਕਰੋ। ਇਹ ਛਿੜਕਾਅ ਤੁੜਾਈ ਤੋਂ 7 ਦਿਨ ਪਹਿਲਾਂ ਬੰਦ ਕਰ ਦਿਉ।

ਡੇਅਰੀ ਫਾਰਮਿੰਗ

ਮੱਝਾਂ ਵਿੱਚ ਗਰਮੀ ਦੇ ਮਹੀਨਿਆਂ ਵਿੱਚ ਗੂੰਗੇ ਹੇਹੇ ਦੀ ਮੁਸ਼ਕਿਲ ਆ ਜਾਂਦੀ ਹੈ। ਸਵੇਰੇ-ਸਵੇਰੇ ਅਤੇ ਸ਼ਾਮ ਵੇਲੇ ਹੇਹੇ ਦੀਆਂ ਨਿਸ਼ਾਨੀਆਂ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ। ਜੇ ਮੱਝਾਂ ਤਾਰਾਂ ਕਰਦੀਆਂ ਹਨ ਤਾਂ ਇਹ ਹੇਹੇ ਦੀ ਨਿਸ਼ਾਨੀ ਹੈ। ਪਸ਼ੂਆਂ ਨੂੰ ਹੇਹੇ ਵਿੱਚ ਆਉਣ ਦੇ 10-12 ਘੰਟੇ ਬਾਅਦ ਗਰਭਦਾਨ ਕਰਵਾਓ। ਜੇ ਪਸ਼ੂਆਂ ਨੂੰ ਗਲ-ਘੋਟੂ ਅਤੇ ਪੱਟ-ਸੋਜ ਦੇ ਟੀਕੇ ਨਾ ਲਗਵਾਏ ਹੋਣ ਤਾਂ ਇਹ ਬਿਮਾਰੀਆਂ ਵੱਡਾ ਨੁਕਸਾਨ ਕਰ ਸਕਦੀਆਂ ਹਨ। ਸੋ ਜੇ ਟੀਕੇ ਪਹਿਲਾਂ ਨਹੀ ਲਵਾਏ ਤਾਂ ਲਵਾ ਲੈਣੇ ਚਾਹੀਦੇ ਹਨ। ਪਸ਼ੂਆਂ ਨੂੰ ਚਿੱਚੜਾਂ, ਜੂੰਆਂ, ਮੱਖੀਆਂ ਅਤੇ ਮਲੱਪਾਂ ਤੋਂ ਬਚਾਉਣਾ ਚਾਹੀਦਾ ਹੈ। ਸੋ, ਇਨ੍ਹਾਂ ਦੇ ਖਾਤਮੇ ਲਈ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।

ਇਸ ਮੌਸਮ ਵਿੱਚ ਪਸ਼ੂਆਂ ਨੂੰ ਹਵਾਦਾਰ ਸ਼ੈਡ ਅੰਦਰ ਰੱਖੋ।ਉਨ੍ਹਾਂ ਨੂੰ ਠੰਡਾ ਅਤੇ ਤਾਜ਼ਾ ਪਾਣੀ ਦਿਉ।ਵਧੇਰੇ ਦੁੱਧ ਦੇਣ ਵਾਲੇ ਪਸ਼ੂਆਂ ਦਾ ਇਸ ਮੌਸਮ ਵਿੱਚ ਖਾਸ ਖਿਆਲ ਰੱਖਣਾ ਚਾਹੀਦਾ ਹੈ। ਪਾਣੀ ਦੀ ਵੱਧਦੀ ਹੋਈ ਮੰਗ ਦੇਖਦੇ ਹੋਏ ਪਾਣੀ ਵਾਲੇ ਬਰਤਨਾਂ ਦੀ ਗਿਣਤੀ ਦੁੱਗਣੀ ਕਰ ਦੇਣੀ ਚਾਹੀਦੀ ਹੈ। ਪਾਣੀ ਨੂੰ ਜ਼ਿਆਦਾ ਵਾਰ ਬਦਲਣਾ ਚਾਹੀਦਾ ਹੈ ਤਾਂ ਜੋ ਮੁਰਗੀਆਂ ਨੂੰ ਠੰਡਾ ਪਾਣੀ ਮਿਲ ਸਕੇ। ਸ਼ੈਡ ਵਿੱਚ ਫੁਹਾਰੇ ਲਗਾਓ ਅਤੇ ਕੂਲਰ ਲਗਾਓ। ਸ਼ੈੱਡ ਦੇ ਆਲੇ-ਦੁਆਲੇ ਰੁੱਖ ਲਗਾਉਣੇ ਚਹੀਦੇ ਹਨ ਕਿਉਂਕਿ ਹਰਿਆਵਲ ਗਰਮੀ ਨੂੰ ਘਟਾਉਂਦੀ ਹੈ। ਸ਼ੈੱਡ ਦੀ ਛੱਤ ਨੂੰ ਚਿੱਟੀ ਕਲੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਗਰਮੀ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ।ਖੁਰਾਕ ਵਿੱਚ ਪ੍ਰੋਟੀਨ, ਧਾਤਾਂ, ਇਲੈਕਟਰੋਲਾਈਟ ਅਤੇ ਵਿਟਾਮਿਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਤਾਂ ਜੋ ਮੁਰਗੀਆਂ ਨੂੰ ਲੋੜੀਦੇ ਤੱਤ ਮਿਲ ਸਕਣ। ਵੱਧ ਰਹੀਆਂ ਪੱਠਾਂ (6-10 ਹਫਤੇ) ਨੂੰ ਦਿਨ ਦੀ ਰੌਸ਼ਨੀ ਹੀ ਦੇਣੀ ਚਾਹੀਦੀ ਹੈ ਪਰ ਅੰਡੇ ਦੇ ਰਹੀਆ ਮੁਰਗੀਆਂ ਨੂੰ ਤੜਕੇ ਸਵੇਰੇ ਅਤੇ ਰਾਤ ਨੂੰ ਬਲਬਾਂ ਦੀ ਰੌਸ਼ਨੀ ਦੇ ਕੇ 16 ਘੰਟੇ ਰੌਸ਼ਨੀ ਪੂਰੀ ਕਰ ਦੇਣੀ ਚਾਹੀਦੀ ਹੈ।

ਸਰੋਤ: ਤੇਜਿੰਦਰ ਸਿੰਘ ਰਿਆੜ ਅਤੇ ਜਗਵਿੰਦਰ ਸਿੰਘ

Summary in English: June Month Advisory: June Agriculture Work, if these main tasks are done, the profit of the farmers is sure, Know the agriculture activities of June Month

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters