ਸਬਜ਼ੀਆਂ ਦੀ ਖੇਤੀ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੈ, ਅਸੀਂ ਕਈ ਸਬਜ਼ੀਆਂ ਦੇ ਬੀਜਾਂ ਨੂੰ ਸਿੱਧਾ ਹੀ ਖੇਤ ਵਿੱਚ ਬੀਜ ਸਕਦੇ ਹਾਂ ਜਿਵੇਂ ਕਿ ਘੀਆ ਕੱਦੂ, ਪੇਠਾ, ਤੋਰੀ, ਮਟਰ, ਭਿੰਡੀ ਆਦਿ, ਕਿਉਂਕਿ ਇਹ ਫਸਲਾਂ ਦੇ ਬੀਜ ਕਾਫ਼ੀ ਵੱਡੇ ਅਤੇ ਸਸਤੇ ਹੁੰਦੇ ਹਨ, ਪਰ ਕਈ ਸਬਜ਼ੀਆਂ ਜਿਵੇਂ ਕਿ ਪੱਤ ਗੋਭੀ, ਫੁੱਲ ਗੋਭੀ, ਗੰਢ ਗੋਭੀ, ਬਰੋਕਲੀ, ਟਮਾਟਰ, ਬੈਂਗਣ, ਮਿਰਚ ਆਦਿ ਦੇ ਬੀਜ ਕਾਫ਼ੀ ਬਰੀਕ ਅਤੇ ਮਹਿੰਗੇ ਹੋਣ ਕਾਰਨ ਅਸੀਂ ਇਹਨਾਂ ਦੀ ਪਹਿਲਾਂ ਨਰਸਰੀ ਤਿਆਰ ਕਰਦੇ ਹਾਂ। ਕਈ ਕਿਸਾਨ ਸਬਜ਼ੀਆਂ ਦੀ ਪਨੀਰੀ ਆਪ ਤਿਆਰ ਕਰਦੇ ਹਨ ਕਈ ਕਿਸਾਨ ਪਨੀਰੀ ਨੂੰ ਬਾਹਰੋਂ ਖਰੀਦ ਲੈਂਦੇ ਹਨ। ਕਿਸਾਨ ਇੱਕਲੀ ਪਨੀਰੀ ਨੂੰ ਵੇਚ ਕੇ ਵੀ ਕਾਫ਼ੀ ਲਾਹਾ ਲੈ ਸਕਦੇ ਹਨ।
ਜੇਕਰ ਪਨੀਰੀ ਚੰਗੇ ਅਤੇ ਸਿਹਤਮੰਦ ਤਰੀਕੇ ਨਾਲ ਤਿਆਰ ਕੀਤੀ ਹੋਵੇ ਤਾਂ ਸਾਨੂੰ ਇਸਤੋਂ ਚੰਗਾ ਮੁਨਾਫ਼ਾ ਮਿਲ ਸਕਦਾ ਹੈ। ਜਿਹਨਾਂ ਕਿਸਾਨਾਂ ਕੋਲ ਜਮੀਨ ਘੱਟ ਹੁੰਦੀ ਹੈ ਉਹ ਪਨੀਰੀ ਤਿਆਰ ਕਰਕੇ ਆਪਣੀ ਆਮਦਨ ਵਧਾ ਸਕਦੇ ਹਨ।
ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਦੀ ਫਾਇਦੇ-
* ਘੱਟ ਜਮੀਨ ਵਿੱਚ ਜ਼ਿਆਦਾ ਬੂਟੇ ਤਿਆਰ ਕਰ ਸਕਦੇ ਹਾਂ।
* ਪਨੀਰੀ ਲਈ ਸਾਨੂੰ ਬਹੁਤ ਘੱਟ ਜਗ੍ਹਾਂ ਦੀ ਨਿਗਰਾਨੀ ਰੱਖਣੀ ਪੈਂਦੀ ਹੈ।
* ਇਸ ਨਾਲ ਚੰਗੀ ਕਿਸਮ ਦੇ ਸੇਹਤਮੰਦ ਬੁੱਟੇ ਤਿਆਰ ਕਿੱਤੇ ਜਾਂਦੇ ਹਨ।
* ਇਸ ਨਾਲ ਬੀਜ਼ ਦਾ ਅੰਕੁਰਣ ਚੰਗਾ ਹੁੰਦਾ ਹੈ।
* ਥੋੜੀ ਜਗ੍ਹਾਂ ਵਿੱਚ ਮਿੱਟੀ, ਪਾਣੀ, ਖਾਦ, ਬੂਟੀਆਂ ਨੂੰ ਸੰਭਾਲਣਾ ਅਸਾਨ ਹੁੰਦਾ ਹੈ।
* ਘੱਟ ਜਮੀਨ ਉੱਪਰ ਬਿਮਾਰੀਆ, ਕੀੜਿਆਂ ਦੀ ਰੋਕਥਾਮ ਕਰਨਾ ਆਸਾਨ ਹੋ ਜਾਂਦਾ ਹੈ।
* ਬੀਜ, ਖਾਦ, ਦਵਾਈਆਂ ਦੀ ਦੁਰਵਰਤੋਂ ਨਹੀਂ ਹੁੰਦੀ, ਜਿਸ ਨਾਲ ਖ਼ਰਚਾ ਘੱਟ ਜਾਂਦਾ ਹੈ।
* ਨਰਸਰੀ ਵਿਚੋਂ ਅਸੀਂ 30-40 ਦਿਨ ਬਾਅਦ ਚੰਗੇ ਸਿਹਤਮੰਦ ਬੁੱਟੇ ਚੁਣ ਕੇ ਉਗਾ ਸਕਦੇ ਹਾਂ।
ਜਮੀਨ ਦੀ ਚੋਣ-
1.ਨਰਸਰੀ ਵਾਲੀ ਜਮੀਨ ਹਵਾਦਾਰ ਹੋਣੀ ਚਾਹੀਦੀ ਹੈ।
2.ਮਿੱਟੀ ਚੰਗੀ ਕਿਸਮ ਦੀ ਅਤੇ ਉਪਜਾਊ ਹੋਣੀ ਚਾਹੀਦੀ ਹੈ, ਇਸ ਵਿੱਚ ਸਾਰੇ ਤੱਤ ਮੌਜੂਦ ਹੋਣੇ ਚਾਹੀਦੇ ਹਨ, ਮਿੱਟੀ ਦੀ pH ਸਹੀ ਹੋਣੀ ਚਾਹੀਦੀ ਹੈ।
3.ਨਰਸਰੀ ਵਾਲੀ ਜਗ੍ਹਾਂ ਛਾਂ ਵਿੱਚ ਹੋਣੀ ਚਾਹੀਦੀ ਹੈ।
4.ਨਰਸਰੀ ਵਾਲੀ ਜਗ੍ਹਾਂ ਥੋੜ੍ਹੀ ਉੱਚੀ ਹੋਣੀ ਚਾਹੀਦੀ ਹੈ ਤਾਂ ਜੋ ਮੀਂਹ ਦਾ ਪਾਣੀ ਨੁਕਸਾਨ ਨਾ ਪਹੁੰਚਾ ਸਕੇ।
5.ਨਰਸਰੀ ਵਾਲੀ ਜਗ੍ਹਾਂ ਨੇੜੇ ਕੋਈ ਕਮਰਾ ਜਾਂ ਝੋਪੜੀ ਹੋਣੀ ਚਾਹੀਦੀ ਹੈ।
6.ਜੇਕਰ ਨਰਸਰੀ ਵਾਲੇ ਬੁੱਟੇ ਵੇਚਣ ਦੇ ਮਕਸਦ ਲਈ ਲਾਏ ਹੋਣ ਤਾਂ ਨਰਸਰੀ ਸੜਕ ਦੇ ਨਜ਼ਦੀਕ ਹੋਣੀ ਚਾਹੀਦੀ ਹੈ।
7.ਨਰਸਰੀ ਵਾਲੀ ਜਮੀਨ ਵਿੱਚ ਸਖਤ ਪੱਥਰ ਅਤੇ ਨਦੀਨ ਨਹੀਂ ਹੋਣੇ ਚਾਹੀਦੇ ਨਾ ਹੀ ਉਸ ਜਮੀਨ ਉੱਪਰ ਕਿਸੇ ਬਿਮਾਰੀ ਦਾ ਹਮਲਾ ਹੋਣਾ ਚਾਹੀਦਾ ਹੈ।
ਨੋਟ - ਇੱਕ ਕਿਲ੍ਹੇ ਦੀ ਨਰਸਰੀ ਲਈ 90- 100 ਵਰਗ ਜਮੀਨ ਦੀ ਲੋੜ ਪੈਂਦੀ ਹੈ।
ਨਰਸਰੀ ਤਿਆਰ ਕਰਨ ਦਾ ਸਮਾਂ- ਮੁੱਖ ਤੌਰ ਤੇ ਸਬਜ਼ੀਆਂ ਦੋ ਮੌਸਮ ਦੀਆਂ ਹੁੰਦੀਆਂ ਹਨ- ਗਰਮ ਰੁੱਤ ਦੀਆਂ ਅਤੇ ਸਰਦੀ ਰੁੱਤ ਦੀਆਂ।
ਨਰਸਰੀ ਬੈੱਡਾਂ ਦੇ ਪ੍ਰਕਾਰ :-
ਸਮਤਲ ਨਰਸਰੀ ਬੈਡ :- ਸਮਤਲ ਨਰਸਰੀ ਬੈਡ ਬਸੰਤ ਜਾ ਗਰਮੀਆਂ ਦੀ ਫ਼ਸਲਾਂ ਲਈ ਵਰਤਿਆ ਜਾਂਦਾ ਹੈ ਜਦੋਂ ਮੀਹ ਦਾ ਡਰ ਨਾਂ ਹੋਵੇ ਜਾਂ ਫੇਰ ਜਿੱਥੇ ਪਾਣੀ ਦੀ ਮਾਰ ਨਾ ਹੋਵੇ।
ਉੱਚਾ ਉਠਿਆ ਹੋਇਆ :- ਇਹ ਬਰਸਾਤ ਵਾਲੇ ਮੌਸਮ ਵਿਚ ਵਰਤਿਆ ਜਾਂਦਾ ਹੈ| ਇਸ ਬੈਡ ਵਿਚ ਪਾਣੀ ਠਹਿਰਨਾ ਦੀ ਸੰਭਾਵਨਾ ਜ਼ਿਆਦਾ ਨਹੀਂ ਹੁੰਦੀ। ਇਸਦੀ ਉਚਾਈ 10-15 cm ਰੱਖੀ ਜਾਂਦੀ ਹੈ। ਜ਼ਿਆਦਾਤਰ ਕਿਸਾਨ ਉੱਚਾ ਉਠਿਆ ਹੋਇਆ ਬੈਡ ਹੀ ਵਰਤਦੇ ਹਨ।
ਡੂੰਘਾ ਨਰਸਰੀ ਬੈਡ :- ਇਹ ਸਰਦੀ ਦੇ ਮੌਸਮ ਵਿਚ ਜ਼ਿਆਦਾ ਵਰਤਿਆ ਜਾਂਦਾ ਹੈ। ਇਸਦੀ ਡੁੰਗਾਈ ਜ਼ਮੀਨ ਤੇ 10-15 cm ਹੇਠਾਂ ਰੱਖੀ ਜਾਂਦੀ ਹੈ। ਪੌਦਿਆਂ ਨੂੰ ਠੰਡੀ ਹਵਾਵਾਂ ਨੂੰ ਬਚਾਉਣ ਲਈ ਇਸਨੂੰ ਪੋਲੀਥੀਨ ਦੀ ਸ਼ੀਟ ਨਾਲ ਢੱਕਿਆ ਜਾਂਦਾ ਹੈ|
ਨਰਸਰੀ ਬੈਡ ਤਿਆਰ ਕਰਨਾ ਅਤੇ ਬਿਜਾਈ :-
ਸਭ ਤੋਂ ਪਹਿਲਾਂ ਮਿੱਟੀ ਦੇ ਵੱਡੇ ਟੁਕੜਿਆਂ ਨੂੰ ਬਰੀਕ ਕਰ ਦਿਓ ਅਤੇ ਨਰਸਰੀ ਬੈਡ ਨੂੰ ਪੱਧਰਾ ਕਰ ਦਿਓ। ਨਰਸਰੀ ਬੈਡ ਦੀ ਲੰਬਾਈ ਲੋੜ ਅਨੁਸਾਰ ਰੱਖੀ ਜਾ ਸਕਦੀ ਹੈ ਪਰ ਇਸਦੀ ਚੌੜਾਈ ਇਕ ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਤਾਂਕਿ ਬੈੱਡ ਵਿਚਕਾਰ ਕੰਮ ਕਰਨਾ ਆਸਾਨ ਹੋਵੇ। ਮਿੱਟੀ ਨੂੰ ਕੁੱਝ ਕੁ ਦਿਨ ਧੁੱਪ ਵਿੱਚ ਇਸੇ ਤਰਾਂ ਵਾਅ ਕੇ ਛੱਡ ਦਵੋ ਤਾਂ ਜੋ ਉਸ ਵਿੱਚੋਂ ਹਾਣੀਕਾਰਕ ਜੀਵਾਣੂ ਮਰ ਜਾਣ।
ਬਿਜਾਈ ਲਈ ਪੰਕਤੀ ਵਿਚ 5 cm ਦੀ ਦੂਰੀ ਹੋਣੀ ਚਾਹੀਦੀ ਹੈ| ਬਿਜਾਈ ਕਰਨ ਵੇਲੇ ਬੀਜ ਦੇ ਆਕਾਰ ਦੇ ਲਗਭਗ 3-4 ਗੁਣਾ ਗਹਿਰਾਈ ਤੇ ਬੁਵਾਈ ਕਰਨੀ ਚਾਹੀਦੀ ਹੈ। ਬਿਜਾਈ ਤੋਂ ਬਾਅਦ ਬੀਜ ਨੂੰ ਛਾਣੇ ਹੋਏ ਗਲੇ -ਸੜੇ ਗੋਬਰ ਦੀ ਬਹੁਤ ਹਲਕੀ ਪਰਤ ਨਾਲ ਢੱਕ ਦੇਣਾ ਚਾਹੀਦਾ ਹੈ|ਉਸਤੋਂ ਬਾਅਦ ਹਲਕੀ ਸਿੰਚਾਈ ਬਹੁਤ ਜਰੂਰੀ ਹੈ| ਆਮ ਤੌਰ ਤੇ ਗਰਮੀਆਂ ਵਿਚ ਬੂਟੇ ਲਗਭਗ 4 ਹਫਤੇ ਅਤੇ ਸਰਦੀਆਂ ਵਿਚ ਲਗਭਗ 5-6 ਹਫ਼ਤੇ ਬਾਅਦ ਮੁੱਖ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੇ ਹਨ। ਇਸ ਸਮੇਂ ਬੂਟਿਆਂ ਦੀ ਲੰਬਾਈ ਲਗਭਗ 15 cm ਹੋ ਜਾਂਦੀ ਹੈ ਅਤੇ 6-12 ਪੱਤੇ ਨਿਕਲ ਆਉਂਦੇ ਹਨ|
ਮਿੱਟੀ ਦੀ ਸੋਧ: ਜਿਸ ਜਗ੍ਹਾ ਪਨੀਰੀ ਹਰ ਸਾਲ ਉਗਾਈ ਜਾਂਦੀ ਹੈ ਉਸ ਜਗ੍ਹਾ ਦੀ ਮਿੱਟੀ ਨੂੰ ਜੀਵਾਣੂ ਮੁਕਤ ਕਰਨ ਲਈ ਫਾਰਮੈਲਡੀਹਾਈਡ ਦੇ ਘੋਲ 1.5-2.0 ਫ਼ੀਸਦੀ ਨੂੰ ਵਰਤੋ। ਇਸ ਘੋਲ ਨੂੰ ਮਿੱਟੀ ਉੱਤੇ ਇਸ ਤਰ੍ਹਾਂ ਪਾਓ ਕਿ ਉਹ ਇੱਕ ਵਰਗ ਮੀਟਰ ਰਕਬੇ ਵਿੱਚ ਦੋ ਲਿਟਰ ਪਾਣੀ ਦੀ ਮਦਦ ਨਾਲ ਪੈ ਜਾਵੇ। ਮਿੱਟੀ ਨੂੰ 48-72 ਘੰਟਿਆਂ ਲਈ ਪਲਾਸਟਿਕ ਸ਼ੀਟ ਨਾਲ ਢੱਕ ਦਿਉ। ਪਲਾਸਟਿਕ ਸ਼ੀਟ ਨੂੰ ਹਟਾਉਣ ਤੋਂ ਬਾਅਦ ਮਿੱਟੀ ਨੂੰ ਪਲਟ ਦਿਉ ਤਾਂ ਜੋ ਦਵਾਈ ਦਾ ਜ਼ਹਿਰੀਲਾ ਅਸਰ ਹਵਾ ਵਿੱਚ ਉਡ ਜਾਵੇ ਅਤੇ ਮਿੱਟੀ ਨੂੰ 4-5 ਦਿਨਾਂ ਲਈ ਖੁੱਲ੍ਹਾ ਰੱਖੋ। ਸੂਰਜ ਦੀ ਗਰਮੀ ਦੇ ਨਾਲ ਵੀ ਮਿੱਟੀ ਨੂੰ ਬਿਮਾਰੀ ਮੁਕਤ ਕਿਤਾ ਜਾ ਸਕਦਾ ਹੈ। ਇਹ ਢੰਗ ਸੌਖਾ, ਅਸਾਨ ਅਤੇ ਪੈਸੇ ਬਚਾਉਣ ਵਾਲਾ ਹੈ। ਪੰਜਾਬ ਦੇ ਹਿਸਾਬ ਨਾਲ ਮਈ-ਜੂਨ ਮਹੀਨਿਆਂ ਦਾ ਸਮਾਂ ਇਸ ਸੋਧ ਲਈ ਬਿਲਕੁਲ ਸਹੀ ਹੈ। ਇਸ ਲਈ ਜ਼ਮੀਨ ਨੂੰ ਪਾਣੀ ਲਗਾ ਕੇ 5-6 ਹਫ਼ਤਿਆਂ ਲਈ ਪੋਲੀਥੀਨ ਸ਼ੀਟ (200 ਗੇਜ਼) ਨਾਲ ਢੱਕ ਦਿਓ।
ਬੀਜ਼ ਦੀ ਸੋਧ- ਬੀਜ ਨੂੰ ਹਮੇਸ਼ਾ ਤਸੱਲੀਬਖਸ਼ ਸਰੋਤ ਤੋਂ ਖ਼ਰੀਦੋ ਜਿਵੇਂ ਪੀ.ਏ.ਯੂ.। ਬੀਜ ਨੂੰ ਬੀਜਣ ਤੋਂ ਪਹਿਲਾਂ ਥੀਰਮ/ਕੈਪਟਾਨ ਫਫੂੰਦੀ ਨਾਸ਼ਕ (3 ਗ੍ਰਾਮ ਪ੍ਰਤੀ ਕਿਲੋ ਬੀਜ) ਦੇ ਹਿਸਾਬ ਨਾਲ ਸੋਧ ਲਵੋ।
ਬੀਜ ਬੀਜਣ ਦੇ ਤਰੀਕੇ-
1.ਛਿੜਕਾਅ ਤਰੀਕਾ- ਇਸ ਵਿਧੀ ਰਾਹੀਂ ਬੀਜ਼ ਹੱਥ ਵਿੱਚ ਫੜ੍ਹ ਕੇ ਅੰਦਾਜੇ ਨਾਲ ਛਿੜਕਾਅ/ਸੁੱਟਿਆ ਜਾਂਦਾ ਹੈ ਅਤੇ ਬਾਅਦ ਵਿੱਚ ਬੀਜ਼ ਨੂੰ ਹੱਥ ਯਾ ਤੰਗਲੀ ਨਾਲ ਮਿੱਟੀ, ਰੇਤ ਅਤੇ ਰੂੜੀ ਦੀ ਖ਼ਾਦ 1:1:1 ਅਨੂਪਾਤ ਨਾਲ ਢੱਕ ਦਿੱਤਾ ਜਾਂਦਾ ਹੈ। ਇਸ ਵਿਧੀ ਰਾਹੀਂ ਬੀਜ਼ ਤੋਂ ਬੀਜ਼ ਦਾ ਫਾਂਸਲਾ ਬਰਾਬਰ ਨਹੀਂ ਰਹਿੰਦਾ।
2.ਕਤਾਰ ਵਿਧੀ- ਕਤਾਰ ਵਿਧੀ ਬੀਜ ਬੀਜਣ ਦਾ ਚੰਗਾ ਤਰੀਕਾ ਹੈ। ਕਿਸੇ ਬਰੀਕ ਡੰਡੀ/ਛਟੀ ਜਾਂ ਉਂਗਲ ਨਾਲ 0.5-1.0 cm ਡੂੰਘੀ ਬਣਾਕੇ ਬੀਜ਼ ਨੂੰ 5 cm ਦੂਰੀ ਤੇ ਕਤਾਰ ਵਿੱਚ ਰੱਖਿਆ ਜਾਂਦਾ ਹੈ ਅਤੇ ਇਸਨੂੰ ਮਿੱਟੀ, ਰੇਤ ਅਤੇ ਰੂੜੀ ਦੀ ਖ਼ਾਦ 1:1:1 ਅਨੂਪਾਤ ਨਾਲ ਢੱਕ ਦਿੱਤਾ ਜਾਂਦਾ ਹੈ। ਜਿਸ ਮਗਰੋਂ ਹਲਕਾ ਪਾਣੀ ਦਾ ਝਿੜਕਾਅ ਕੀਤਾ ਜਾਂਦਾ ਹੈ।
ਮਲਚ ਦੀ ਵਰਤੋਂ- ਮਲਚ ਦੀ ਵਰਤੋਂ ਮਿੱਟੀ ਨੂੰ ਢੱਕਣ ਲਈ ਕੀਤੀ ਜਾਂਦੀ ਹੈ, ਜਿਸ ਵਿੱਚ ਪਰਾਲੀ, ਸਵਾਅ, ਮੋਮੀ ਲਿਫਾਫੇ/ ਪੋਲੀਥੀਨ ਸ਼ੀਟ ਰੂੜੀ ਦੀ ਖ਼ਾਦ, ਫੱਕ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।
ਮਲਚ ਦੇ ਫਾਇਦੇ-
1.ਇਸ ਨਾਲ ਮਿੱਟੀ ਦਾ ਤਾਪਮਾਨ ਅਤੇ ਮਿੱਟੀ ਵਿੱਚ ਨਮੀ ਸਹੀ ਰਹਿੰਦੀ ਹੈ।
2.ਇਸ ਨਾਲ ਮਿੱਟੀ ਵਿੱਚ ਨਦੀਨ ਪੈਦਾ ਨਹੀਂ ਹੁੰਦੇ।
3.ਇਸ ਦੀ ਵਰਤੋਂ ਨਾਲ ਪੁੰਗਰੇ ਹੋਏ ਬੀਜ ਅਤੇ ਛੋਟੇ ਬੂਟਿਆਂ ਨੂੰ ਸਿੱਧੀ ਧੁੱਪ ਅਤੇ ਤੇਜ ਮੀਹ ਤੋਂ ਬਚਾਅ ਹੁੰਦਾ ਹੈ।
4.ਇਸ ਦੀ ਮਦਦ ਨਾਲ ਪੰਛੀਆਂ ਅਤੇ ਕੀੜਿਆਂ ਤੋਂ ਪੌਦੇ ਅਤੇ ਬੀਜ ਨੂੰ ਬਚਾਇਆ ਜਾ ਸਕਦਾ ਹੈ।
5.ਜੈਵਿਕ ਖ਼ਾਦ ਦੀ ਵਰਤੋਂ ਜੇਕਰ ਮਲਚ ਲਈ ਕੀਤੀ ਜਾਵੇ ਤਾਂ ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ।
ਨਰਸਰੀ ਵਿੱਚ ਬੂਟੇ ਦਾ ਪ੍ਰਬੰਧਨ: ਜਦੋਂ ਛੋਟੇ-ਛੋਟੇ ਚਿੱਟੇ ਧਾਗੇ ਦੀ ਤਰ੍ਹਾਂ ਬੈੱਡ ਉੱਤੇ ਬੀਜ ਪੁੰਗਰਦੇ ਦਿਖਣ ਤਾਂ ਪਰਾਲੀ ਨੂੰ ਹਟਾ ਦਿਓ। ਦਸੰਬਰ ਅਤੇ ਜਨਵਰੀ ਮਹੀਨੇ ਦੀਆਂ ਠੰਢੀਆਂ ਰਾਤਾਂ ਵਿੱਚ ਠੰਢ ਤੋਂ ਬਚਾਉਣ ਲਈ ਮਿਰਚ, ਬੈਂਗਣ ਅਤੇ ਟਮਾਟਰ ਦੀ ਪਨੀਰੀ ਨੂੰ ਸ਼ੀਟ ਨਾਲ ਢੱਕ ਦਿਓ।
ਪਾਣੀ ਦੇਣਾ- ਨਰਸਰੀ ਬੈੱਡ ਨੂੰ ਫੁਹਾਰੇ ਨਾਲ ਗਰਮੀਆਂ ਵਿੱਚ ਦੋ ਵਾਰ ਅਤੇ ਸਰਦੀਆਂ ਵਿੱਚ ਇੱਕ ਵਾਰ ਪਾਣੀ ਦਿਓ। ਬੀਜ ਦੇ ਪੁੰਗਰਨ ਤੱਕ ਬੈੱਡ ਨੂੰ ਨਮੀ ਵਾਲਾ ਰੱਖੋ। ਬੀਜ਼ ਬੀਜਣ ਤੋਂ ਬਾਅਦ ਪਾਣੀ ਘੱਟ ਮਾਤਰਾ ਵਿੱਚ ਦੇਣਾ ਚਾਹੀਦਾ ਹੈ ਤਾਂ ਜੋ ਬੀਜ਼ ਦਾ ਅੰਗੂਕਰਣ ਸਹੀ ਹੋ ਸਕੇ, ਉਸ ਤੋਂ ਬਾਅਦ ਵੀ ਹਲਕਾ ਪਾਣੀ ਹੀ ਲਾਉਣਾ ਚਾਹੀਦਾ ਹੈ ਕਿਉਂਕਿ ਛੋਟੇ ਬੂਟੇ ਬਹੁਤ ਕੋਮਲ ਅਤੇ ਨਾਜ਼ੁਕ ਹੁੰਦੇ ਹਨ। ਨਰਸਰੀ ਵਾਲੀ ਜਗ੍ਹਾਂ ਮੀਂਹ ਦਾ ਪਾਣੀ ਨਹੀਂ ਰੁਕਣਾ ਚਾਹੀਦਾ। ਮੀਂਹ ਵਾਲੇ ਮੌਸਮ ਵਿੱਚ ਨਰਸਰੀ ਬੈੱਡ ਉੱਪਰ ਉੱਠੇ ਹੋਣੇ ਚਾਹੀਦੇ ਹਨ। ਪਾਣੀ ਮੌਸਮ ਅਨੁਸਾਰ ਸਮੇਂ ਸਿਰ ਲਾਉਣਾ ਚਾਹੀਦਾ ਹੈ।
ਬੂਟਿਆਂ ਨੂੰ ਵਿਰਲਾ ਕਰਨਾ- ਜਿਹਨਾਂ ਬੂਟਿਆਂ ਉਪੱਰ ਕਿਸੇ ਕੀੜੇ ਅਤੇ ਬਿਮਾਰੀ ਦਾ ਹਮਲਾ ਹੋਇਆ ਹੋਵੇ ਜਾਂ ਜੋ ਬੁੱਟੇ ਸਿਹਤਮੰਦ ਨਾ ਹੋਣ ਉਹਨਾਂ ਨੂੰ ਮਿੱਟੀ ਵਿੱਚੋ ਧਿਆਨ ਨਾਲ ਕੱਢ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਬੀਜ ਜ਼ਿਆਦਾ ਸੰਘਣਾ ਲੱਗ ਗਿਆ ਹੋਵੇ ਤਾਂ ਵੀ ਬੂਟਿਆਂ ਨੂੰ ਵਿਰਲਾ ਕਰ ਦੇਣਾ ਚਾਹੀਦਾ ਹੈ, ਤਾਂ ਜੋ ਬੂਟਿਆਂ ਨੂੰ ਰੋਸ਼ਨੀ, ਹਵਾ, ਪਾਣੀ ਅਤੇ ਖਾਦ ਸਹੀ ਮਾਤਰਾ ਵਿੱਚ ਮਿਲਦਾ ਹੈ।
ਨਦੀਨਾਂ ਦੀ ਰੋਕਥਾਮ- ਨਰਸਰੀ ਵਿੱਚ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜਰੂਰੀ ਹੈ, ਨਦੀਨ ਮੌਸਮ ਅਨੁਸਾਰ ਮਿੱਟੀ ਵਿੱਚ ਪੈਦਾ ਹੋ ਜਾਂਦੇ ਹਨ ਜਿਹਨਾਂ ਨੂੰ ਕਈ ਤਰੀਕਿਆਂ ਨਾਲ ਰੋਕਿਆ ਜਾ ਸਕਦਾ ਹੈ। ਨਦੀਨਾਂ ਨੂੰ ਹੱਥ ਨਾਲ ਜਾਂ ਖੁਰਪੇ ਦੀ ਮਦਦ ਨਾਲ ਕੱਢਿਆ ਜਾ ਸਕਦਾ ਹੈ ਜਾਂ ਫੇਰ ਨਦੀਨਨਾਸ਼ਕਾ ਦੀ ਵਰਤੋਂ ਨਾਲ ਰੋਕਿਆ ਜਾ ਸਕਦਾ ਹੈ।
ਪੌਦ ਸੁਰੱਖਿਆ- ਛੋਟੇ ਬੂਟਿਆਂ ਉੱਪਰ ਕਈ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਹੋ ਜਾਂਦਾ ਹੈ ਜੇਕਰ ਇਹਨਾਂ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਸ ਨਾਲ ਬੁੱਟੇ ਸਿਹਤਮੰਦ ਨਹੀਂ ਰਹਿੰਦੇ ਅਤੇ ਕਾਫ਼ੀ ਨੁਕਸਾਨ ਪਹੁੰਚਦਾ ਹੈ।
ਨਰਸਰੀ ਨੂੰ ਸਖ਼ਤ ਕਰਨਾ: ਜਦੋਂ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ (4 ਤੋਂ 6 ਹਫ਼ਤੇ ਬਾਅਦ) ਤਾਂ 3-4 ਦਿਨ ਪੁੱਟਣ ਤੋਂ ਪਹਿਲਾਂ ਪਨੀਰੀ ਦਾ ਪਾਣੀ ਰੋਕ ਦਿਓ। ਇਸ ਤਰ੍ਹਾਂ ਕਰਨ ਨਾਲ ਪਨੀਰੀ ਸਖ਼ਤ ਹੋ ਜਾਵੇਗੀ ਅਤੇ ਲਗਾਉਣ ਸਮੇਂ ਹੋਣ ਵਾਲੇ ਧੱਕੇ ਨੂੰ ਸਹਿ ਸਕੇਗੀ। ਪਨੀਰੀ ਨੂੰ ਪੁੱਟਣ ਤੋਂ ਪਹਿਲਾਂ ਨਰਸਰੀ ਬੈੱਡ ਨੂੰ ਚੰਗੀ ਤਰ੍ਹਾਂ ਪਾਣੀ ਦਿਓ ਤਾਂ ਜੋ ਪਨੀਰੀ ਹੱਥ ਨਾਲ ਜਾਂ ਖੁਰਪੇ ਨਾਲ ਆਸਾਨੀ ਨਾਲ ਪੁੱਟੀ ਜਾ ਸਕੇ। ਪਨੀਰੀ ਦੀਆਂ ਜੜ੍ਹਾ ਨੂੰ ਮਿੱਟੀ ਅਤੇ ਕਾਗਜ਼ ਨਾਲ ਚੰਗੀ ਤਰ੍ਹਾਂ ਢੱਕ ਕੇ ਧਾਗਾ ਬੰਨ੍ਹ ਦੇਵੋ।
ਪ੍ਰੋ: ਗੁਰਪ੍ਰੀਤ ਸਿੰਘ। (7986444832)
ਖੇਤੀਬਾੜੀ ਵਿਭਾਗ।
ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟ,
ਸੰਗਰੂਰ।
Summary in English: Know the method of how to ready vegetable nursery.